
(ਸਮਾਜ ਵੀਕਲੀ) ਇਹ ਤਸਵੀਰ ਸਿਰਫ਼ ਤਸਵੀਰ ਨਹੀਂ, ਇਹ ਤਸਵੀਰ ਪੰਜਾਬ ਦੀ ਲਲਕਾਰ ਹੈ, ਪੰਜਾਬ ਦੀ ਚੜ੍ਹਤ ਹੈ, ਪੰਜਾਬ ਦਾ ਮਾਣ ਹੈ, ਪੰਜਾਬ ਦਾ ਪੰਥਕ ਜਜ਼ਬਾ ਹੈ। ਇਹ ਤਸਵੀਰ ਇਕ ਸੋਚ ਹੈ। ਇਹ ਤਸਵੀਰ ਪੰਜਾਬ ਦੀ ‘ਖ਼ਾਲਸਾ ਫੌਜ’ ਹੈ। ਇਹ ਤਸਵੀਰ ਸੱਚ ਦੇ ਸੰਘਰਸ਼ ਦਾ ਪ੍ਰਤੀਕ ਹੈ। ਇਹ ਤਸਵੀਰ ‘ਸਿੰਘ ਦੀ ਗਰਜ’ ਹੈ। ਇਹ ਤਸਵੀਰ ਸਿੱਖਾਂ ਦੀ ਹਿੰਮਤ, ਦ੍ਰਿੜਤਾ , ਜੁਅੱਰਤ ਤੇ ਦਲੇਰੀ ਦਾ ਬੈਂਕ ਹੈ । ਇਹ ਤਸਵੀਰ ਡਰ, ਭੈਅ ਤੇ ਮੁਸ਼ਕਿਲਾਂ ਦਾ ਹੱਲ ਹੈ। ਇਹ ਤਸਵੀਰ ‘ਮੌਤ ਨੂੰ ਮਖੌਲਾਂ’ ਕਰਨ ਦਾ ਜਿਗਰਾ ਹੈ। ਇਹ ਤਸਵੀਰ ਅਕਾਲ ਪੁਰਖ ਦੀ ਮਿਹਰ ਹੈ। ਇਹ ਤਸਵੀਰ ਕਲਗ਼ੀਧਰ ਦਾ ‘ਲਾਡਲਾ ਪੁੱਤ’ ਹੈ। ਇਹ ਤਸਵੀਰ ਹੈਂਕੜਬਾਜਾਂ ਨੂੰ ਸਿਖਾਇਆ ਗਿਆ ਸਬਕ ਹੈ। ਇਹ ਤਸਵੀਰ ਸਰਹੰਦ ਦਾ ਬੁਰਜ ਤੇ ਚਮਕੌਰ ਦੀ ਗੜ੍ਹੀ ਹੈ। ਇਹ ਤਸਵੀਰ ਇਨਕਲਾਬ ਦਾ ਸਿਖ਼ਰ ਹੈ। ਇਹ ਤਸਵੀਰ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਭਰ ਵਹਿੰਦਾ ਦਰਿਆ ਹੈ। ਇਹ ਤਸਵੀਰ ਕੁਰਬਾਨੀਆਂ ਦਾ ਇਸ਼ਕ ਹੈ। ਇਹ ਤਸਵੀਰ ਸੁੱਚਮਤਾ ਦੀ ਅਗਵਾਈ ਦਾ ਥੰਮ੍ਹ ਹੈ। ਇਹ ਤਸਵੀਰ ਵੱਚਨਬੱਧਤਾ ਦੀ ਤਸਵੀਰ ਹੈ। ਇਹ ਤਸਵੀਰ ਕਹਿਣੀ ਤੇ ਕਰਨੀ ਦੀ ਪ੍ਰਪੱਕਤਾ ਹੈ। ਇਹ ਤਸਵੀਰ ਆਉਣ ਵਾਲੀਆਂ ਪੀੜ੍ਹੀਆਂ ਲਈ ਜੜ੍ਹਾਂ ਨਾਲ ਜੁੜਨ ਦਾ ਸੁਨੇਹਾ ਹੈ। ਇਹ ਤਸਵੀਰ ਖ਼ਾਲਸਾਈ ਨਿਸ਼ਾਨ ਸਾਹਿਬ ਦੀ ਮੂਰਤ ਹੈ। ਇਹ ਤਸਵੀਰ ‘ਸ਼ੇਰ ਦੀ ਦਹਾੜ’ ਹੈ। ਇਹ ਤਸਵੀਰ ਸਮੇਂ ਸਮੇਂ ‘ਤੇ ਪੰਜਾਬ ਦੇ ਹੱਕ ਹਕੂਕਾਂ ਲਈ ਉੱਠਣ ਵਾਲੀ ‘ਡਾਂਗ’ ਹੈ। ਇਹ ਤਸਵੀਰ ਕਿਰਤੀਆਂ, ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ ਤੇ ਲਿਤਾੜੇ ਲੋਕਾਂ ਦੀ ਆਵਾਜ਼ ਹੈ। ਇਸ ਤਸਵੀਰ ਨੂੰ ਗ਼ੌਰ ਨਾਲ ਦੇਖੋ, ਇਸ ਤਸਵੀਰ ‘ਚੋਂ ‘ਸਿੱਖ ਰਾਜ ਦਾ ਨਕਸ਼ਾ’ ਚਿੱਟੇ ਦਿਨ ਵਾਂਗ ਸਾਫ ਦਿਖਦਾ ਹੈ। ਇਹ ਤਸਵੀਰ ਪੰਜਾਬੀਆਂ ਦਾ ‘ਖ਼ਾਲਸਾ ਰਾਜ’ ਹੈ। ਇਹ ਤਸਵੀਰ ਸਿੱਖ ਪੰਨਿਆਂ ਦਾ ਸੁਨਹਿਰੀ ਇਤਿਹਾਸ ਹੈ। ਇਹ ਤਸਵੀਰ ਅਣਖ ਤੇ ਗ਼ੈਰਤ ਦਾ ਰੰਗ ਹੈ। ਇਹ ਤਸਵੀਰ ਪੰਜਾਬ ਦੇ ਪਾਣੀਆਂ ਦਾ ‘ਬੰਨ੍ਹ’ ਹੈ। ਇਸ ਤਸਵੀਰ ਨੂੰ ਗ਼ੌਰ ਨਾਲ ਦੇਖੋ, ਇਸ ਤਸਵੀਰ ‘ਚ ਸਮੁੱਚਾ ‘ਪੰਜਾਬ’ ਸਮਾਇਆ ਨਜ਼ਰ ਆਉਂਦਾ ਹੈ, ਇਸ ਤਸਵੀਰ ਤੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਰੰਗ ਮਹਿਕਦਾ ਹੈ। ਇਹ ਤਸਵੀਰ ਪੰਜਾਬ ਦੀ ਮਿੱਟੀ ਦੀ ‘ਖ਼ੁਸ਼ਬੋ ਦੀ ਤਸਵੀਰ’ ਹੈ। ਇਹ ਤਸਵੀਰ ਖ਼ਾਲਸਾ ਪੰਥ ਹੈ। ਇਹ ਤਸਵੀਰ ਗ਼ੁਲਾਮੀ ਦੀ ਕਾਲਖ਼ ਨੂੰ ਭਜਾਉਣ ਵਾਲਾ ਚਾਨਣ ਹੈ। ਇਹ ਤਸਵੀਰ ਜਾਗ੍ਰਿਤੀ ਦਾ ਸੋਮਾ ਹੈ। ਇਹ ਤਸਵੀਰ ਸ਼ਹਾਦਤ ਦਾ ਰਣ-ਤੱਤਾ ਹੈ। ਇਹ ਤਸਵੀਰ ਖ਼ਾਲਸਾਈ ਰਵਾਇਤਾਂ ਦਾ ਪਹਾੜਾ ਹੈ।ਇਹ ਤਸਵੀਰ ਸਿੱਖਾਂ ਦਾ ਸੂਰਜ ਹੈ। ਇਹ ਤਸਵੀਰ ਸਿੱਖਾਂ ਨੂੰ ਪਾਖੰਡੀ ਸਾਧਾਂ, ਵਹਿਮਾਂ ਭਰਮਾਂ ਤੇ ਮਟੀ- ਮਸਾਣਾਂ ਤੋਂ ਵਰਜਣ ਵਾਲਾ ‘ਡੰਡਾ’ ਹੈ। ਇਹ ਤਸਵੀਰ ਇਮਾਨਦਾਰੀ, ਦਿਆਨਤਦਾਰੀ ਤੇ ਸਮਝਦਾਰੀ ਦੀ ਲਾਇਬ੍ਰੇਰੀ ਹੈ। ਇਹ ਤਸਵੀਰ ਨੌਜਵਾਨ ਦਿਲਾਂ ਦੀ ਧੜਕਣ ਹੈ। ਇਹ ਤਸਵੀਰ ਕੌਮ ਦਾ ਸਿਦਕ ਹੈ। ਇਹ ਤਸਵੀਰ ਆਨੰਦਪੁਰ ਦਾ ਮਤਾ ਹੈ। ਇਹ ਤਸਵੀਰ ‘ਆਜ਼ਾਦੀ’ ਦਾ ਅੰਬਰ ਹੈ। ਇਹ ਤਸਵੀਰ ਸਿਧਾਂਤਾਂ, ਆਦਰਸ਼ਾਂ ਤੇ ਪਰੰਪਰਾਵਾਂ ਦੀ ਭਾਸ਼ਾ ਹੈ। ਇਹ ਤਸਵੀਰ ਸਦੀਵੀ ਉਮਰਾ 37 ਵਰ੍ਹਿਆਂ ਦੀ ਜੋਬਨ ਜਵਾਨ ਰਹਿਣ ਵਾਲੀ ਤਸਵੀਰ ਹੈ। ਇਹ ਤਸਵੀਰ ਹਿੰਦੋਸਤਾਨ ਦੇ ਹਰ ਸਵਾਲ ਦਾ ਜਵਾਬ ਦੇਣ ਵਾਲੀ ਯੂਨੀਵਰਸਿਟੀ ਹੈ। ਇਹ ਤਸਵੀਰ ਪੰਜਾਬ ਲਈ ‘ਥਾਪੜਾ’ ਹੈ। ਇਹ ਤਸਵੀਰ ਗੁਰੂ ਘਰਾਂ ਵੱਲ ਟੀਰੀ ਅੱਖ ਰੱਖਣ ਵਾਲੇ ਲੋਕਾਂ ਲਈ ਏ.ਕੇ.ਸੰਤਾਲੀ ਹੈ। ਇਹ ਤਸਵੀਰ ‘ਸਰਬ ਲੋਹ ਦਾ ‘ਕੜਾ’ ਹੈ । ਇਹ ਤਸਵੀਰ ਯੋਧਿਆਂ, ਸੂਰਬੀਰਾਂ ਤੇ ਬਹਾਦਰਾਂ ਦਾ ਹੌਂਸਲਾ ਹੈ। ਇਹ ਤਸਵੀਰ ਸਬਰ, ਸੰਤੋਖ,ਸਿਦਕ ਤੇ ਮੁਹੱਬਤ ਦੀ ਤਸਵੀਰ ਹੈ। ਇਹ ਤਸਵੀਰ ਗੁਰੂ ਬਾਣੀ ਦਾ ਪ੍ਰੇਮ ਹੈ। ਇਹ ਤਸਵੀਰ ਧੀਆਂ- ਧਿਆਣੀਆਂ, ਲੁੱਟ- ਖਸੁੱਟ ਤੇ ਜ਼ਬਰ- ਜ਼ੁਲਮ ਦੇ ਸਤਾਏ ਲੋਕਾਂ ਲਈ ‘ਸੱਚ ਦੀ ਅਦਾਲਤ’ ਹੈ। ਇਹ ਤਸਵੀਰ ‘ਚੰਡੀ ਦੀ ਵਾਰ’ ਹੈ।



