ਕਿੰਨਾ ਚਿਰ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਖੇਡੇਗੀ ਸਿਆਸਤ ?
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਸਿਆਸਤ ‘ਚ ਵੜਿਆ ਬੰਦਾ ਆਪਣੇ ਸਮਾਜ ਲਈ, ਆਪਣੀ ਧਰਤੀ ਲਈ, ਆਪਣੀ ਕੌਮ ਲਈ , ਆਪਣੇ ਇਰਦ ਗਿਰਦ ਲਈ ਚੰਗੇ ਤੇ ਸੁਚੱਜੇ ਯਤਨ ਕਰਦਾ ਹੈ ਪ੍ਰੰਤੂ ਜਦੋਂ ਸਿਆਸਤ ਬੰਦੇ ‘ਚ ਵੜ ਜਾਵੇ ਤਾਂ ਉਹ ਬੰਦਾ ਸਮਾਜ ਲਈ, ਦੇਸ਼ ਲਈ ਘਾਤਕ ਤੇ ਘਟੀਆ ਸਾਬਿਤ ਹੁੰਦਾ ਹੈ। ਅਜੋਕੀ ਸਿਆਸਤ ਬਹੁਤ ਹੀ ਨੀਵੇਂ ਪੱਧਰ ‘ਤੇ ਜਾ ਪਹੁੰਚੀ ਹੈ। ਪੰਜਾਬ ‘ਤੇ ਰਾਜ ਕਰ ਰਹੀ ਮੌਜੂਦ ਸਰਕਾਰ ਦੇ ਕੁਝ ਲੀਡਰਾਂ ‘ਤੇ ਲੋਕ ਸਿੱਧੀਆਂ ਉਂਗਲਾਂ ਚੁੱਕ ਰਹੇ ਹਨ। ਉਨ੍ਹਾਂ ਨੂੰ ਨੌਜਵਾਨਾਂ ਨਾਲ ਵਧੀਕੀਆਂ ਕਰਨ ਦੇ ਇਲਜ਼ਾਮਾਂ ਵਿਚ ਘੇਰਿਆ ਜਾ ਰਿਹਾ ਹੈ। ਕਿਤੇ ਸਚਮੁੱਚ ਹੀ ਬਦਲਾਅ ਦੀ ਹਨੇਰੀ ਪੰਜਾਬ ਦੇ ਜੰਮਿਆਂ ਲਈ ਕਹਿਰ ਤਾਂ ਨਹੀਂ ਬਣ ਗਈ ? ਇਹ ਸਵਾਲ ਬਹੁਤੇ ਪੰਜਾਬੀਆਂ ਦੇ ਸੀਨਿਆਂ ‘ਚ ਉਬਾਲੇ ਮਾਰ ਰਿਹਾ ਹੈ। ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਸਿੰਘ ਨੂੰ ਪੁਲਿਸ ਹਿਰਾਸਤ ਵਿਚ ਕਰੰਟ ਨਾਲ ਮਾਰਨ ਦੀ ਦਰਦਨਾਕ ਖ਼ਬਰ ਨੇ ਸਾਰੇ ਪੰਜਾਬ ਨੂੰ ਝੰਜੋੜ ਰੱਖਿਆ ਹੈ। ਦੂਜੇ ਪਾਸੇ ਗੁਰੂਹਰਸਹਾਏ ਦੇ ਪਿੰਡ ਤਰਿੰਡ ਦੇ ਨੌਜਵਾਨ ਸਰਪੰਚ ਜਸ਼ਨਦੀਪ ਬਾਵਾ ਦੀ ਬੇਵਕਤੀ ਮੌਤ ਨੇ ਹਰ ਪਾਸੇ ਗੁੱਸੇ ਦੀ ਲਹਿਰ ਖੜ੍ਹੀ ਕਰ ਦਿੱਤੀ ਹੈ। ਲੋਕ ਬੜੇ ਦੁਖੀ ਮਾਹੌਲ ਚੋਂ ਲੰਘ ਰਹੇ ਹਨ। ਉਹ ਚੀਕ ਚੀਕ ਆਖ ਰਹੇ ਹਨ ਕਿ ਸਬੰਧਤ ਐੱਮ ਐੱਲ ਏ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਨੌਜਵਾਨ ਸਰਪੰਚ ਜਸ਼ਨਦੀਪ ਬਾਵਾ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ। ਇੱਥੇ ਸੋਚਣ ਵਾਲੀ ਤੇ ਪੜਤਾਲੀਆ ਗੱਲ ਇਹ ਹੈ ਕਿ ਲੀਡਰ ਆਪਣੀ ਪਾਰਟੀ ਦੇ ਸਰਪੰਚ ਨਾਲ ਹੀ ਵਿਤਕਰਾ ਕਰਦਾ ਆ ਰਿਹਾ ਸੀ , ਅਜਿਹਾ ਕਿਉਂ ? ਇਹ ਬਦਲਾਅ ਦੀ ਹਨੇਰੀ ਦਾ ਕਹਿਰ ਨਹੀਂ ਤਾਂ ਹੋਰ ਕੀ ਹੈ ? ਕਿਤੇ ਇਹ ਬਦਲਾਅ ਪੰਜਾਬ ਲਈ ਖ਼ਤਰਨਾਕ ਸੋਚ ਲੈ ਕੇ ਤਾਂ ਨਹੀਂ ਪੈਦਾ ਹੋਇਆ ? ਕਿਤੇ ਦਿੱਲੀ ‘ਬਦਲਾਅ’ ਦੇ ਜ਼ਰੀਏ ਪੰਜਾਬ ਤੋਂ ਬਦਲਾ ਲੈਣ ਦੀ ਖੇਡ ਤਾਂ ਨਹੀਂ ਖੇਡ ਰਹੀ ? ਪੰਜਾਬੀਆਂ ਨੂੰ ਇਕਮੁੱਠਤਾ ਨਾਲ ਤੁਰਨ ਦੀ ਲੋੜ ਹੈ। ਸਮਾਂ ਨਾਜ਼ੁਕ ਤੇ ਮੌਸਮ ਵਿਗੜਿਆ ਤਿਗੜਿਆ ਲੱਗਦਾ ਹੈ। ਬਦਲਾਅ ਦੇ ਸਰੀਰ ‘ਚ ਸਿਆਸਤ ਪ੍ਰਵੇਸ਼ ਕਰ ਗਈ ਹੈ। ਇਹ ਸਿਆਸਤ ਪੰਜਾਬ ਦਾ ਭਲਾ ਚਾਹੁਣ ਵਾਲੀ ਲੱਗ ਨਹੀਂ ਰਹੀ। ਅਸਲ ਵਿਚ ਇਹ ਸਿਆਸਤ ਹੀ ਪੰਜਾਬ ਦੀ ਨਹੀਂ ਹੈ। ਇਸ ਸਿਆਸਤ ਦਾ ਰੰਗ ਰੂਪ ਹੀ ਪੰਜਾਬ ਦਾ ਨਹੀਂ। ਬੇਗਾਨੀ ਤਾਂ ਫਿਰ ਥੋਨੂੰ ਮਾਰ ਕੇ ਰਾਜ ਕਰੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



