ਏਹੁ ਹਮਾਰਾ ਜੀਵਣਾ ਹੈ -581

ਬਰਜਿੰਦਰ ਕੌਰ ਬਿਸਰਾਓ‘
(ਸਮਾਜ ਵੀਕਲੀ)- ਅੱਜ ਕੱਲ੍ਹ ਕਣਕ ਦੀ ਵਾਢੀ ਹੋ ਚੁੱਕੀ ਹੈ,ਪਰ ਕਣਕ ਦੀ ਨਾੜ ਸਾੜਨਾ ਆਮ ਲੋਕਾਂ ਜਾਂ ਰਾਹਗੀਰਾਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਤੋਂ ਉੱਠਣ ਵਾਲੇ ਧੂੰਏਂ ਤੋਂ ਪ੍ਰਭਾਵਿਤ ਹੋ ਕੇ ਰੋਜ਼ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਆਖਰ ਇਹ ਕਦ ਤੱਕ ਹੁੰਦਾ ਰਹੇਗਾ? ਇਸ ਦਾ ਹੱਲ ਕਿਸਾਨਾਂ ਨੂੰ ਆਪ ਹੀ ਸੋਚਣਾ ਪਵੇਗਾ। ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵੀ ਉਹਨਾਂ ਵਰਗੇ ਆਮ ਲੋਕ ਹੀ ਹੁੰਦੇ ਹਨ, ਉਨ੍ਹਾਂ ਦੇ ਰਿਸ਼ਤੇਦਾਰ ,ਜਾਣ ਪਛਾਣ ਵਾਲੇ ਜਾਂ ਉਨ੍ਹਾਂ ਦਾ ਆਪਣਾ ਕੋਈ ਵੀ ਇਸ ਦਾ ਸ਼ਿਕਾਰ ਹੋ ਸਕਦਾ ਹੈ।
               ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪੰਜਾਬ ਵਿੱਚ ਸਾਢੇ ਬਾਰਾਂ ਹਜ਼ਾਰ ਤੋਂ ਵੱਧ ਪਿੰਡ ਹਨ ਜਿੱਥੇ ਲੋਕ ਖੇਤੀਬਾੜੀ ਨਾਲ ਸਬੰਧਤ ਹੀ ਕਿੱਤਾਕਾਰ ਹਨ ਜਿਨ੍ਹਾਂ ਨੂੰ ਕਿਸਾਨ ਕਿਹਾ ਜਾਂਦਾ ਹੈ। ਇਹਨਾਂ ਵਿੱਚ ਵੱਡੀ ਖੇਤੀ ਕਰਨ ਵਾਲੇ ਥੋੜ੍ਹੇ ਕਿਸਾਨ ਹੁੰਦੇ ਹਨ ਜਦਕਿ ਘੱਟ ਜ਼ਮੀਨ ਦੀ ਖੇਤੀ ਕਰਨ ਵਾਲੇ ਬਹੁਤੇ ਕਿਸਾਨ ਹੁੰਦੇ ਹਨ। ਛੋਟੀ ਖੇਤੀ ਵਾਲ਼ੇ ਕਿਸਾਨਾਂ ਦਾ ਜੀਵਨ ਬਹੁਤ ਮੁਸ਼ਕਲਾਂ ਭਰਿਆ ਹੁੰਦਾ ਹੈ। ਖ਼ੇਤੀਬਾੜੀ ਵਿੱਚ ਕਿਸਾਨਾਂ ਨੂੰ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਮੌਸਮ ਦੀਆਂ ਵਿਪਰੀਤ ਸਥਿਤੀਆਂ, ਬਿਜਲੀ ਸੰਕਟ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਹੜਾਂ, ਗੜੇਮਾਰੀ ਜਾਂ ਜ਼ਿਆਦਾ ਬਰਸਾਤਾਂ ਕਾਰਨ ਨਸ਼ਟ ਹੋ ਜਾਂਦੀਆਂ ਹਨ ਜਾਂ ਬਿਜਲੀ ਨਾ ਮਿਲਣ ਕਾਰਨ ਡੀਜ਼ਲਾਂ ਦੇ ਵਾਧੂ ਖ਼ਰਚਿਆਂ ਕਰਕੇ ਅਕਸਰ ਹੀ ਉਹਨਾਂ ਨੂੰ ਆਰਥਿਕ ਸੰਕਟ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹਨਾਂ ਸਭ ਤੋਂ ਇਲਾਵਾ ਕਿਸਾਨਾਂ ਲਈ ਸਾਲ ਵਿੱਚ ਦੋ ਵਾਰ ਫ਼ਸਲਾਂ ਦੀ ਰਹਿੰਦ ਖੂਹੰਦ ਭਾਵ ਨਾੜ ਤੇ ਪਰਾਲੀ ਨੂੰ ਸਾੜਨਾ ਜਾਂ ਵਾਹੁਣਾ ਵੀ ਸਿਰਦਰਦ ਬਣਿਆ ਹੋਇਆ ਹੈ।
                  ਸਰਕਾਰਾਂ ਅਤੇ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਖੇਤਾਂ ਵਿੱਚ ਕਣਕ ਦੀ ਨਾੜ  ਨੂੰ ਸਾੜਨ ਬਾਰੇ ਅਤੇ ਇਸਦੇ ਵਾਤਾਵਰਨ ਤੇ ਬਹੁਤ ਸਾਰੇ ਹਾਨੀਕਾਰਕ ਪ੍ਰਭਾਵ ਬਾਰੇ ਜਿਵੇਂ ਪੌਸ਼ਟਿਕ ਤੱਤਾਂ ਦਾ ਨੁਕਸਾਨ, ਧੂੰਏਂ ਤੋਂ ਪ੍ਰਦੂਸ਼ਣ ,ਫਲੈਟਿੰਗ ਥ੍ਰੈਡਸ ਤੋਂ ਬਿਜਲੀ ਅਤੇ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਨੂੰ ਨੁਕਸਾਨ, ਨਿਯੰਤਰਣ ਤੋਂ ਬਾਹਰ ਫੈਲਣ ਵਾਲੀਆਂ ਅੱਗਾਂ ਦਾ ਜੋਖਮ ਆਦਿ ਤੇ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਜਾਂਦਾ ਹੈ। ਆਮ ਤੌਰ ਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਸੁਝਾਅ ਦੇ ਦਿੱਤਾ ਜਾਂਦਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਕਿਉਂਕਿ ਝੋਨੇ ਦੀ ਬੀਜਾਈ ਦਾ ਸਮਾਂ ਲਗਭਗ ਡੇਢ ਕੁ ਮਹੀਨਾ ਹੁੰਦਾ ਹੈ। ਇਸੇ ਦੌਰਾਨ ਉਹ ਖੇਤਾਂ ਨੂੰ ਚੰਗੀ ਤਰ੍ਹਾਂ ਵਾਹ ਕੇ ਦੋ ਤਿੰਨ ਵਾਰ ਪਾਣੀ ਲਾਉਣ ਤੇ ਫਿਰ ਖੇਤਾਂ ਨੂੰ ਵਾਹੁਣ ਅਤੇ ਸੁਹਾਗਾ ਮਾਰਨ ਅਤੇ ਫਿਰ ਪਾਣੀ ਦੇਣ।ਇਸ ਤਰ੍ਹਾਂ ਇਕ ਵਾਰ ਖੇਤ ਵਾਹੁਣ ਨਾਲ ਹੀ ਨਾੜ ਖੇਤ ਵਿਚ ਰਲ ਜਾਵੇਗੀ। ਜਦੋਂ ਝੋਨੇ ਦੀ ਫਸਲ ਲਾਉਣੀ ਹੈ ਤਾਂ ਇਹ ਖਾਦ ਉਪਜਾਊ ਫਸਲ ਪੈਦਾ ਕਰੇਗੀ।ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਐਨੀ ਵਾਰੀ ਵਾਹੁਣ, ਸੁਹਾਗਾ ਮਾਰਨ ਅਤੇ ਪਾਣੀ ਛੱਡਣ ਦਾ ਖ਼ਰਚ ਕਿਸਾਨ ਉੱਪਰ ਵਾਧੂ ਭਾਰ ਹੈ।ਕਿਸਾਨ ਤਾਂ ਪਹਿਲਾਂ ਹੀ ਕਰਜ਼ਿਆਂ ਦੇ ਭਾਰ ਹੇਠ ਦੱਬੇ ਹੋਏ ਖੁਦਕਸ਼ੀਆਂ ਕਰ ਰਹੇ ਹਨ। ਇਸ ਤੋਂ ਇਲਾਵਾ ਜੇ ਕਿਸਾਨ ਮਸ਼ੀਨੀ ਕਟਾਈ ਦੀ ਥਾਂ ਕਾਮੇ ਲਾ ਕੇ ਹੱਥੀਂ ਫ਼ਸਲ ਕਟਵਾਉਂਦਾ ਹੈ ਤਾਂ ਵੀ ਕਿਸਾਨਾਂ ਉੱਤੇ ਵੱਧ ਸਮਾਂ ਲੱਗਣ ਦੇ ਨਾਲ ਨਾਲ ਵਿੱਤੀ ਭਾਰ ਪੈਂਦਾ ਹੈ। ਜੇ ਕਿਸਾਨ ਨਾੜ ਜਾਂ ਪਰਾਲ਼ੀ ਨੂੰ ਸਾੜਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਜੁਰਮਾਨਾ ਵੀ ਲਗਾਇਆ ਜਾਂਦਾ ਹੈ।ਇਸ ਤਰ੍ਹਾਂ ਇਸ ਮਸਲੇ ਤੇ ਕਿਸਾਨ ਹੀ ਹਰ ਪਾਸਿਉਂ ਘੇਰਿਆ ਜਾਂਦਾ ਹੈ।
          ਕਣਕ ਦੇ ਨਾੜ ਨੂੰ ਸਾੜਨ ਨਾਲ ਖੇਤਾਂ ਵਿਚਲੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ । ਇਸ ਨਾਲ ਧਰਤੀ ਹੇਠਲੇ ਜਾਂ ਦਰਖ਼ਤਾਂ ਤੇ ਰਹਿਣ ਵਾਲੇ ਨਿਰਦੋਸ਼ ਜੀਵ ਅਨਿਆਈ ਮੌਤ ਮਾਰੇ ਜਾਂਦੇ ਹਨ। ਦੂਜੀ ਗੱਲ ਇਖ਼ਲਾਕੀ ਤੌਰ ਤੇ ਵਿਚਾਰਨਯੋਗ ਹੈ ਕਿ ਜਿਹੜੇ ਖੇਤ ਸਾਨੂੰ ਖਾਣ ਲਈ ਅੰਨ ਦਿੰਦੇ ਹਨ। ਉਨ੍ਹਾਂ ਖੇਤਾਂ ਨੂੰ ਹੀ ਸਾਡੇ ਵੱਲੋਂ ਅੱਗ ਦੀ ਲਪੇਟ ‘ਚ ਦੇਣਾ ਇੱਕ ਗ਼ੈਰ-ਜ਼ਿੰਮੇਦਾਰਾਨਾ ਕੰਮ ਹੈ। ਤੀਜਾ ਵੱਡਾ ਨੁਕਸਾਨ ਪ੍ਰਕ੍ਰਿਤੀ ਨੂੰ ਨੁਕਸਾਨ ਪਹੁੰਚਦਾ ਹੈ,ਕਈ ਕਈ ਸਾਲਾਂ ਵਿੱਚ ਵਧੇ ਫੁੱਲੇ ਰੁੱਖ ਝੁਲਸੇ ਜਾਂਦੇ ਹਨ। ਪੰਛੀਆਂ ਦੇ ਰੈਣ ਬਸੇਰੇ ਖ਼ਤਮ ਹੋਣ ਨਾਲ ਪੰਛੀਆਂ ਅਤੇ ਜਾਨਵਰਾਂ ਦੀਆਂ ਕਈ ਜਾਤੀਆਂ ਤਾਂ ਧਰਤੀ ਤੋਂ ਅਲੋਪ ਹੋ ਰਹੀਆਂ ਹਨ ਜੋ ਬਨਸਪਤੀ ਦੇ ਖ਼ਾਤਮੇ ਪ੍ਰਤੀ ਮਨੁੱਖ ਵੱਲੋਂ ਸਭ ਤੋਂ ਘਾਤਕ ਅਲਾਮਤ ਹੈ। ਧੂੰਏਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਵੀ ਬਨਸਪਤੀ ਅਤੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਦੂਜੇ ਪਾਸੇ ਦੇਖਿਆ ਜਾਵੇ ਤਾਂ ਕਣਕ ਦੇ ਨਾੜ ਦਾ ਨਿਪਟਾਰਾ ਕਰਨਾ ਵੀ ਅਤਿ ਜਰੂਰੀ ਹੈ, ਪਰੰਤੂ ਇਸ ਲਈ ਅੱਗ ਲਗਾਉਣਾ ਹੀ ਇੱਕ ਸਾਧਨ ਨਹੀਂ ਹੈ। ਜਿਸ ਤਰ੍ਹਾਂ ਉੱਪਰ ਦੱਸਿਆ ਗਿਆ ਹੈ ਕਿ ਇਸ ਦੇ ਬਦਲ ਵਜੋਂ ਚਾਹੇ ਖੇਤਾਂ ਵਿੱਚ ਪਾਣੀ ਲਗਾ ਕੇ ਇਸ ਨੂੰ ਵਾਹ ਕੇ ਵੀ ਨਾੜ ਦਾ ਸੁਚੱਜਾ ਨਿਪਟਾਰਾ ਕੀਤਾ ਜਾ ਸਕਦਾ ਹੈ , ਜਿਸ ਨਾਲ ਨਾ ਤਾਂ ਕਿਸੇ ਪ੍ਰਕਾਰ ਦਾ ਕੋਈ ਪ੍ਰਦੂਸ਼ਣ ਫੈਲੇਗਾ ਅਤੇ ਨਾ ਹੀ ਖੇਤੀ ਦੇ ਤੱਤ ਨਸ਼ਟ ਹੋਣਗੇ ਪਰ ਇਸ ਸਭ ਲਈ ਸਰਕਾਰਾਂ ਨੂੰ ਹੀ ਪਹਿਲ ਕਰਨੀ ਪਵੇਗੀ।ਇਸ ਦੇ ਨਿਪਟਾਰੇ ਲਈ ਕਿਸਾਨਾਂ ਦਾ ਸਾਥ ਦੇਣ ਲਈ ਸਰਕਾਰ ਨੂੰ ਹੀ ਵਿੱਢਣ ਵਿੱਢਣਾ ਪਵੇਗਾ।
                    ਨਾੜ ਜਾਂ ਪਰਾਲ਼ੀ ਨੂੰ ਸਾੜਨ ਤੇ ਕਿਸਾਨਾਂ ਉੱਤੇ ਜੁਰਮਾਨੇ ਥੋਪਣ ਦੀ ਬਜਾਏ ਕਿਸਾਨਾਂ ਨੂੰ ਸਬਸਿਡੀ, ਕਿਸਾਨਾਂ ਲਈ ਇਸ ਰਹਿੰਦ ਖੂਹੰਦ ਦੀ ਸਾਂਭ ਸੰਭਾਲ ਵਾਲੀ ਮਸ਼ੀਨਰੀ ਮੁਹੱਈਆ ਕਾਰਵਾਈ ਜਾਵੇ। ਸਰਕਾਰ ਵੱਲੋਂ ਫ਼ਸਲੀ ਰਹਿੰਦ ਖੂਹੰਦ ਨਸ਼ਟ ਕਰਨ ਵਾਲੀਆਂ ਸੁਪਰ ਸੀਡਰ ਮਸ਼ੀਨਾਂ ਲਈ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਮਸ਼ੀਨਾਂ ਉਪਲੱਬਧ ਕਰਵਾਉਣ ਅਤੇ ਮਸ਼ੀਨਰੀ ਸੇਵਾ ਸੈਂਟਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਨਾੜ ਜਾਂ ਪਰਾਲੀ ਦੀ ਸਿਰਦਰਦੀ ਤੋਂ ਬੋਝ ਮੁਕਤ ਹੋਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਲਾਭਦਾਇਕ ਸਿੱਧ ਹੋ ਸਕੇਗਾ। ਉਂਝ ਤਾਂ ਹੁਣ ਸਰਕਾਰ ਵੱਲੋਂ ਇਸ ਸਬੰਧੀ ਉਚਿਤ ਕਦਮ ਉਠਾਏ ਵੀ ਜਾਂਦੇ ਹਨ।ਹਰੇਕ ਪਿੰਡ ਉੱਪਰ ਨਾੜ ਨੂੰ ਅੱਗ ਲਾਉਣ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਇੱਕ ਨਜ਼ਰਸਾਨੀ ਕਰਨ ਲਈ ਕਰਮਚਾਰੀ ਨਿਯੁਕਤ ਕੀਤਾ ਜਾਵੇ ,ਤਾਂ ਜੋ ਕਾਰਵਾਈ ਦੇ ਡਰ ਤੋਂ ਕਿਸਾਨ ਨਾੜ ਨੂੰ ਅੱਗ ਲਗਾਉਣੀ ਬੰਦ ਕਰਨ। ਇਸ ਤਰ੍ਹਾਂ ਕਰਨ ਨਾਲ ਪ੍ਰਕਿਰਤੀ ਅਤੇ ਬਨਸਪਤੀ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇਗਾ ਅਤੇ ਨਿੱਤ ਦਿਹਾੜੇ ਗਹਿਰੇ ਧੂੰਏਂ ਕਾਰਨ ਵਾਪਰ ਰਹੀਆਂ ਦਰਦਨਾਕ ਘਟਨਾਵਾਂ ਨੂੰ ਠੱਲ੍ਹ ਪਵੇਗੀ। ਕਈ ਕਈ ਜਗ੍ਹਾ ਤੇ ਕਿਸਾਨਾਂ ਵੱਲੋਂ ਵੀ ਲਾਪਰਵਾਹੀ ਵਰਤੀ ਜਾਂਦੀ ਹੈ ਤੇ ਜਾਣ ਬੁੱਝ ਕੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਜੇ ਕਿਤੇ ਉਹਨਾਂ ਨੂੰ ਰੋਕਣ ਲਈ ਕੋਈ ਸਰਕਾਰੀ ਕਰਮਚਾਰੀ ਆਉਂਦਾ ਹੈ ਤਾਂ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਜੋ ਸਰਾਸਰ ਗ਼ਲਤ ਗੱਲ ਹੈ। ਅੱਜ ਦਾ ਕਿਸਾਨ ਪੜ੍ਹਿਆ ਲਿਖਿਆ ਹੋਇਆ ਹੈ।ਉਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕਈ ਕਿਸਾਨਾਂ ਨੇ ਨਾੜ ਜਾਂ ਪਰਾਲ਼ੀ ਨੂੰ ਅੱਗ ਨਾ ਲਗਾ ਕੇ ਮਿਸਾਲ ਵੀ ਕਾਇਮ ਕੀਤੀ ਹੈ। ਪਰ ਸਰਕਾਰ ਵੱਲੋਂ ਵੀ ਛੋਟੇ ਕਿਸਾਨਾਂ ਦੀ ਆਰਥਿਕ ਮਦਦ ਕਰਕੇ ਅਤੇ ਯੋਗ ਮਸ਼ੀਨਰੀ ਮੁੱਹਈਆ ਕਰਵਾ ਕੇ ਇਸ ਕੰਮ ਵਿੱਚ ਪਹਿਲ ਕਰਨੀ ਚਾਹੀਦੀ ਹੈ। ਛੋਟਾ ਕਿਸਾਨ ਪੱਕੀਆਂ ਫ਼ਸਲਾਂ ਤੇ ਕੁਦਰਤ ਦੀ ਮਾਰ ਦਾ ਪਹਿਲਾਂ ਹੀ ਪ੍ਰਕੋਪ ਝੱਲ ਰਿਹਾ ਹੁੰਦਾ ਹੈ,ਜਿਸ ਕਰਕੇ ਉਹ ਇਹ ਫਾਲਤੂ ਦਾ ਖ਼ਰਚਾ ਝੱਲਣ ਦੇ ਸਮਰੱਥ ਨਹੀਂ ਹੁੰਦਾ। ਨਾੜ ਜਾਂ ਪਰਾਲ਼ੀ ਨੂੰ ਸਾੜਨ ਤੋਂ ਰੋਕਣਾ ਸਰਕਾਰ ਅਤੇ ਕਿਸਾਨਾਂ ਦੀ ਸਾਂਝੀ ਜਿੰਮੇਵਾਰੀ ਹੈ ਤੇ ਇਹ ਸਭ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦਾ ਹੈ। ਆਪਣੇ ਆਲੇ ਦੁਆਲੇ ਦੇ ਵਾਤਾਵਰਨ,ਜੀਵ ਜੰਤੂਆਂ ਅਤੇ ਲੋਕਾਈ ਦੀ ਸਿਹਤ ਦੀ ਸੰਭਾਲ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOperational Excellence Summit
Next articleਏਹੁ ਹਮਾਰਾ ਜੀਵਣਾ – 582