ਏਹੁ ਹਮਾਰਾ ਜੀਵਣਾ ਹੈ -578

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)–  ਸਾਡੇ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬਹੁਤ ਹੋ ਰਿਹਾ ਹੈ ਚੋਣ ਪ੍ਰਚਾਰ, ਬਹੁਤ ਹੋ ਰਿਹਾ ਹੈ ਪਾਰਟੀਆਂ ਦਾ ਛੱਡਣਾ ਤੇ ਨਵੀਆਂ ਪਾਰਟੀਆਂ ਨਾਲ ਜੁੜਨਾ। ਸਿਆਸੀ ਰੰਗ ਮੰਚ ਦੇ ਕਲਾਕਾਰਾਂ ਨੇ ਇਸ ਵਾਰ ਖੂਬ ਰੰਗ ਬੰਨ੍ਹਿਆ ਹੋਇਆ ਹੈ। ਅਸੀਂ ਜਨਤਾ ਭਾਵ ਆਮ ਲੋਕ ਮੂਕ ਦਰਸ਼ਕ ਬਣ ਕੇ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਇਹਨਾਂ ਦੇ ਡਰਾਮੇ ਦੇਖ ਦੇਖ ਵਾਹਵਾ ਮਨੋਰੰਜਨ ਕਰ ਰਹੇ ਹਾਂ। ਇਸ ਰੰਗ ਮੰਚ ਦੇ ਕਲਾਕਾਰਾਂ ਭਾਵ ਨੇਤਾਵਾਂ ਨੂੰ ਕਿੰਨਾ ਕੰਮ ਹੈ , ਵਿਚਾਰਿਆਂ ਨੇ ਦਿਨ-ਰਾਤ ਇੱਕ ਕਰ ਦਿੱਤਾ ਹੈ। ਇਹਨਾਂ ਦੀ ਐਨੀ ਮਿਹਨਤ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ। ਕਿਸੇ ਨੂੰ ਆਪਣੀ , ਕਿਸੇ ਨੂੰ ਆਪਣੀ ਪਤਨੀ , ਕਿਸੇ ਨੂੰ ਆਪਣੀ ਧੀ , ਕਿਸੇ ਨੂੰ ਨੂੰਹ, ਕਿਸੇ ਨੂੰ ਪੁੱਤ ਜਾਂ ਕਿਸੇ ਨੂੰ ਜਵਾਈ ਦੀ ਟਿਕਟ ਦਾ ਫ਼ਿਕਰ ਹੈ। ਕਿੰਨੇ ਤਤਪਰ ਹਨ ਨੇਤਾਜਨ ਅਤੇ ਉਨ੍ਹਾਂ ਦੇ ਪਰਿਵਾਰ ਸਾਡੀ ਸੇਵਾ ਕਰਨ ਲਈ।ਸਲਾਮ ਹੈ ਇਹਨਾਂ ਦੇ ਜਜ਼ਬੇ ਨੂੰ।
            ਪੰਜਾਬ ਵਿੱਚ ਇਸ ਵਾਰ ਪੂਰੀਆਂ ਸਾਬਤ- ਸਬੂਤੀਆਂ ਚਾਰ ਪਾਰਟੀਆਂ ਚੋਣ ਦੰਗਲ ਵਿੱਚ ਚੋਣਾਂ ਲੜ ਰਹੀਆਂ ਹਨ। ਪਾਰਟੀਆਂਂ ਵੱਲੋਂ ਕਿਸ ਦੀ ਟਿਕਟ ਕੱਟੀ ਗਈ ਅਤੇ ਕਿਸ ਦੀ ਝੋਲੀ ਟਿਕਟ ਪਾਈ ਗਈ।ਜਿਸ ਦੀ ਟਿਕਟ ਕੱਟੀ ਗਈ ਭਾਵ ਜਿਸ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤੀ ਗਈ ਉਹ ਉਸ ਪਾਰਟੀ ਨਾਲ਼ ਰੁੱਸ ਕੇ ਦੂਜੇ ਪਾਸੇ ਗੰਢ-ਤੁੱਪ ਕਰ ਲਈ ਹੈ। ਇੱਕ ਪਾਰਟੀ ਵਿੱਚ ਜਿਸ ਨੇ ਸਾਰੀ ਉਮਰ ਕੱਢੀ ਹੋਵੇ, ਜਿਸ ਨੇ ਹਰੇਕ ਚੋਣਾਂ ਦੌਰਾਨ ਆਪਣੇ ਆਪ ਨੂੰ ਉਸ ਪਾਰਟੀ ਦਾ ਡਟ ਕੇ ਪਹਿਰਾ ਦੇਣ ਵਾਲਾ ਸਿਪਾਹੀ, ਪਾਰਟੀ ਨੂੰ ਆਪਣਾ ਪਰਿਵਾਰ ਤੇ ਹੋਰ ਪਤਾ ਨਹੀਂ ਕੀ ਕੀ ਆਖਿਆ ਹੋਵੇ ਉਹ ਸਿਪਾਹੀ ਦੀ ਅਣਖ, ਪਰਿਵਾਰ ਵਾਲਾ ਆਪਣਾਪਣ ਇੱਕ ਟਿਕਟ ਦੀ ਬਲੀ ਚੜ੍ਹ ਜਾਂਦਾ ਹੈ।ਫਿਰ ਦੂਜੀ ਜਾਂ ਤੀਜੀ ਪਾਰਟੀ ਦੀ ਵਰਦੀ ਪਹਿਨੇ ਕੇ ਓਧਰ ਦਾ ਸਿਪਾਹੀ ਬਣ ਕੇ, ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਬਣ ਕੇ ਡਟ ਕੇ ਖੜ੍ਹ ਜਾਂਦਾ ਹੈ ਜਿਸ ਨੂੰ ਸਾਰੀ ਉਮਰ ਰੱਜ ਰੱਜ ਕੇ ਨਿੰਦ ਦਿਆਂ ਲੰਘਾਈ ਹੋਵੇ। ਫਿਰ ਨਵਾਂ ਜਜ਼ਬਾ, ਨਵਾਂ ਉਤਸ਼ਾਹ ਅਤੇ ਪੁਰਾਣੀ ਪਾਰਟੀ ਦੀਆਂ ਜੀਅ ਜਾਨ ਤੋੜ ਕੇ ਵੋਟਾਂ ਤੋੜਨ ਦਾ ਜਜ਼ਬਾ ਦੇਖਣ ਵਾਲ਼ਾ ਹੁੰਦਾ ਹੈ।
  ਜਿੰਨ੍ਹਾਂ ਨੂੰ ਜਿਹੜੀ ਪਾਰਟੀ ਚੋਂ ਟਿਕਟਾਂ ਮਿਲ਼ ਗਈਆਂ ਉਹਨਾਂ ਦਾ ਚਾਅ ਨੀ ਚੱਕਿਆ ਜਾਂਦਾ। ਜਿਹਨਾਂ ਨੂੰ ਨਹੀਂ ਮਿਲੀਆਂ ਉਹ ਵੀ ਟਿਕ ਕੇ ਨਹੀਂ ਬੈਠ ਰਹੇ , ਉਹਨਾਂ ਵਿੱਚੋਂ ਕੋਈ ਅਜ਼ਾਦ ਲੜੇਗਾ ਜਾਂ ਹੋਰ ਪਾਰਟੀ ਵੱਲ ਆਪਣੇ ਸਾਥੀਆਂ ਸਮੇਤ ਰੁਖ਼ ਕਰ ਰਹੇ ਹਨ। ਇਹ ਭੱਜ ਦੌੜ ਵੇਖਣ ਵਾਲੀ ਹੈ। ਆਮ ਜਨਤਾ ਦੇ ਮੁੱਦੇ ਤਾਂ ਗਏ ਭਾੜ ਵਿੱਚ, ਇਹਨਾਂ ਦੀਆਂ ਲੋੜਾਂ ਦੀ ਕਿਸੇ ਨੂੰ ਕੀ ਪਰਵਾਹ ? ਮੁੱਦਿਆਂ ਦੀ ਕਿਸੇ ਨੂੰ ਕੀ ਪਰਵਾਹ? ਦਰ ਦਰ ਤੇ ਵੋਟਾਂ ਮੰਗਣ ਜ਼ਰੂਰ ਆ ਜਾਣਗੇ। ਫੇਰ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਤੋਂ ਪਹਿਲਾਂ ਆਮ ਲੋਕਾਂ ਨੂੰ ਆਟਾ,ਦਾਲ, ਚੌਲਾਂ ਦੀਆਂ ਸਕੀਮਾਂ ਨਾਲ ਭਰਮਾਇਆ ਜਾਵੇਗਾ।ਜਦ ਇਹ ਸਭ ਕੁਝ ਥੋੜ੍ਹਾ ਘੱਟ ਪੈਂਦਾ ਦਿਸਿਆ ਤਾਂ ਸਿੱਧੇ ਘਰ ਬੈਠਿਆਂ ਨੂੰ ਨੋਟ ਵੰਡਣ ਦੀਆਂ ਸਕੀਮਾਂ ਲਾਈਆਂ ਜਾਣਗੀਆਂ। ਉਮੀਦਵਾਰਾਂ ਦੇ ਨਾਂ ਚੋਣ ਮੈਦਾਨ ਵਿੱਚ ਉਤਾਰਦੇ ਵੇਖਣ ਲਈ ਆਪਾਂ ਵੀ ਬਿਲਕੁਲ ਉਸੇ ਤਰ੍ਹਾਂ ਨਿਗਾਹ ਟਿਕਾਈ ਬੈਠੇ ਹਾਂ ਜਿਵੇਂ ਕਿਤੇ ਬਿੱਗ ਬਾਸ ਦੇ ਸ਼ੋਅ ਦੇ ਪਹਿਲੇ ਦਿਨ ਸਟੇਜ ਉੱਤੇ ਪਹੁੰਚ ਰਹੇ ਕਲਾਕਾਰਾਂ ਨੂੰ ਵੇਖ ਵੇਖ ਕੇ ਖ਼ੁਸ਼ ਹੁੰਦੇ ਹੋਈਏ। ਇੱਕ ਤੋਂ ਬਾਅਦ ਇੱਕ ਸਿਆਸੀ ਰੰਗ ਮੰਚ ਉੱਤੇ ਉਤਰ ਰਹੇ ਕਲਾਕਾਰਾਂ ਬਾਰੇ ਆਪਣੇ ਆਪਣੇ ਅੰਦਾਜ਼ੇ ਅਤੇ ਵਿਚਾਰ ਪੇਸ਼ ਕਰ ਰਹੇ ਹਾਂ।
                ਪਹਿਲਾਂ ਵੀ ਤਾਂ ਜਿਹੜੇ ਨੇਤਾ ਆਮ ਲੋਕਾਂ ਵਿੱਚੋਂ ਉੱਠ ਕੇ ਗਏ ਸੀ,ਆਮ ਜਿਹੇ ਬੰਦੇ ਸਨ, ਅੱਜ ਉਹ ਕਰੋੜਾਂ ਦੇ ਮਾਲਕ ਕਿਵੇਂ ਬਣ ਗਏ? ਜਦ ਉਹ ਦੁਬਾਰਾ ਵੋਟਾਂ ਮੰਗਣ ਆਉਂਦੇ ਹਨ,ਕੀ ਕਦੇ ਉਹਨਾਂ ਤੋਂ ਇਸ ਬਾਰੇ ਕਦੇ ਪੁੱਛਿਆ ਹੈ? ਉਮੀਦਵਾਰ ਚੋਣ ਮੈਦਾਨ ਵਿੱਚ ਆ ਗਏ ਹਨ ‌ਤੇ ਹੁਣ ਫ੍ਰੀ ਸਕੀਮਾਂ,ਨੋਟ ਵੰਡ ਭਾਵ ਪੈਨਸ਼ਨ ਸਕੀਮਾਂ, ਸੜਕਾਂ ਗਲੀਆਂ ਪੱਕੀਆਂ ਕਰਨ ਦੀਆਂ ਸਕੀਮਾਂ ਸਭ ਅੱਧੀਆਂ ਕੁ ਭੁੱਲ-ਭੁਲਾ ਗਈਆਂ ਹਨ। ਹੁਣ ਮਸਲਾ ਸਿਰਫ਼ ਵੋਟਾਂ ਦਾ ਰਹਿ ਗਿਆ ਹੈ। ਨਤੀਜੇ ਵੀ ਆ ਜਾਣਗੇ।ਫਿਰ ਵੋਟਾਂ ਦਾ ਮਸਲਾ ਵੀ ਭੁੱਲ ਭੁਲਾ ਜਾਵੇਗਾ, ਵੋਟਾਂ ਦਾ ਤਿਉਹਾਰ ਲੰਘ ਜਾਵੇਗਾ।ਚਾਰ ਦਿਨ ਜਿੱਤਣ ਵਾਲਿਆਂ ਨਾਲ ਭੰਗੜੇ ਪਾ ਕੇ ਜਸ਼ਨ ਮਨਾਏ ਜਾਣਗੇ ਤੇ ਜਿਹੜਾ ਹਾਰ ਜਾਏਗਾ ਉਸ ਨਾਲ ਮੂੰਹ ਲਟਕਾ ਕੇ ਅਫ਼ਸੋਸ ਕਰ ਲਿਆ ਜਾਵੇਗਾ।ਉਹੀ ਸਲਾਦ ਆਮ ਜਨਤਾ ਮੂਹਰੇ ਪਰੋਸਿਆ ਜਾਵੇਗਾ।ਹੋ ਸਕਦਾ ਇਸ ਵਾਰ ਸਲਾਦ ਵਿੱਚ ਬਹੁਤੀ ਤਰ੍ਹਾਂ ਦੇ ਸਵਾਦ ਰਲ਼ੇ ਮਿਲ਼ੇ ਹੋਣ। ਆਪਾਂ ਫਿਰ ਠੰਡੇ ਜਿਹੇ ਹੋ ਕੇ ਆਪਣੇ ਘਰ ਵੱਲ ਨੂੰ ਮੋੜੇ ਪਾ ਕੇ ਪੰਜ ਸਾਲ ਲਈ ਬੈਠ ਜਾਵਾਂਗੇ। ਦੋਸਤੋ ਹਜੇ ਵੀ ਸਮਾਂ ਆਪਣੇ ਹੱਥ ਵਿੱਚ ਹੈ। ਵੋਟਾਂ ਵਾਲੀ ਚੱਲ ਰਹੀ ਫ਼ਿਲਮ ਵਿੱਚ ਐਨਾ ਨਾ ਰੁੱਝ ਜਾਇਓ ਕਿ ਆਪਣਾ ਪੰਜ ਸਾਲ ਦਾ ਇੰਤਜ਼ਾਰ, ਆਪਣੀਆਂ ਮੰਗਾਂ, ਆਪਣੀਆਂ ਆਸਾਂ ਤੇ ਪਾਣੀ ਹੀ ਫਿਰ ਜਾਵੇ। ਕਿਉਂ ਕਿ ਇੱਕ ਜੂਨ ਤੋਂ ਬਾਅਦ ਫਿਰ ਵੋਟਾਂ ਵਾਲਾ ਉਤਸਵ ਲੰਘ ਜਾਏਗਾ…!
   ਇਸ ਲਈ ਆਪਣੇ ਹੱਕ ਨੂੰ ਸਹੀ ਇਸਤੇਮਾਲ ਕਰਨਾ ਸਾਡਾ ਫ਼ਰਜ਼ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਲੇਬਰ ਡੇਅ”(ਕਹਾਣੀ)
Next articleਕੀ ਕੈਨੇਡਾ ਤਣਾਅਪੂਰਨ ਹੈ? ਸ਼ਾਇਦ! ਟੁੱਟ ਚੁੱਕਾ ਹੈ?