ਏਹੁ ਹਮਾਰਾ ਜੀਵਣਾ ਹੈ -564

ਬਰਜਿੰਦਰ ਕੌਰ ਬਿਸਰਾਓ
 (ਸਮਾਜ ਵੀਕਲੀ) – ਸਤਨਾਮ ਆਪਣੇ ਦੋਵੇਂ ਜਵਾਕਾਂ ਨਾਲ਼ ਕਦੇ ਪੇਕੇ ਤੇ ਕਦੇ ਸਹੁਰੇ ਰਹਿ ਕੇ ਆਪਣਾ ਵਕਤ ਕੱਢਦੀ ਸੀ। ਉਸ ਦੀ ਧੀ ਬੱਬੀ ਸੋਲ੍ਹਾਂ ਕੁ ਸਾਲਾਂ ਦੀ ਹੋ ਗਈ ਸੀ। ਬੱਬੀ ਦਾ ਰੰਗ ਰੂਪ ਤੇ ਕੱਦ ਕਾਠ ਜਮ੍ਹਾਂ ਈ ਪਿਓ ਤੇ ਗਿਆ ਸੀ,ਰੱਜ ਕੇ ਸੁਨੱਖੀ ਸੀ। ਜੇ ਕਿਤੇ ਉਹ ਸੁੰਦਰਤਾ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਜਾਂਦੀ ਤਾਂ ਉਹ ਜਿੱਤ ਕੇ ਹੀ ਆਉਂਦੀ ਪਰ ਕਈ ਵਾਰ ਘਰਾਂ ਦੀਆਂ ਮਜ਼ਬੂਰੀਆਂ ਮਾਰ ਜਾਂਦੀਆਂ ਨੇ । ਬੱਬੀ ਮਸਾਂ ਸਾਢੇ ਕੁ ਤਿੰਨ ਸਾਲਾਂ ਦੀ ਸੀ ਜਦ ਉਸ ਦੇ ਪਾਪਾ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਸੀ। ਉਸ ਸਮੇਂ ਉਸ ਦਾ ਛੋਟਾ ਭਰਾ ਜੋਧਾ ਤਾਂ ਹਜੇ ਮਾਂ ਦਾ ਦੁੱਧ ਹੀ ਚੁੰਘਦਾ ਸੀ, ਮਸਾਂ ਛੇ ਕੁ ਮਹੀਨਿਆਂ ਦਾ ਸੀ। ਸਤਨਾਮ ਵੀ ਤਾਂ ਆਪਣੀ ਵਿਧਵਾ ਸੱਸ ਦੀ ਇਕਲੌਤੀ ਨੂੰਹ ਸੀ। ਭਰ ਜਵਾਨੀ ਵਿੱਚ ਸਿਰੋਂ ਨੰਗੀ ਹੋ ਜਾਣ ਨਾਲ ਇਕੱਲੀ ਉਹ ਵਿਧਵਾ ਹੀ ਨਹੀਂ ਹੋਈ ਸੀ ਸਗੋਂ ਨਾਲ ਹੀ ਜ਼ਿੰਮੇਵਾਰੀਆਂ ਦੀ ਭਾਰੀ ਪੰਡ ਵੀ ਉਸ ਦੇ ਸਿਰ ਤੇ ਆ ਪਈ ਸੀ। ਸਹੁਰੇ ਘਰ ਵਿੱਚ ਬੁੱਢੀ ਸੱਸ ਤੇ ਜ਼ਮੀਨ ਜਾਇਦਾਦ ਦੀ ਸਾਂਭ ਸੰਭਾਲ ਦਾ ਸਭ ਜ਼ਿੰਮਾ ਉਸ ਦੇ ਸਿਰ ਤੇ ਆ ਪਿਆ ਸੀ। ਇਹ ਸਭ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਉਸ ਨੂੰ ਪੇਕਿਆਂ ਦੇ ਸਿਰ ਤੇ ਕੋਈ ਔਕੜ ਨਹੀਂ ਆਈ ਕਿਉਂ ਕਿ ਉਸ ਦੇ ਛੇ ਭਰਾ ਤੇ ਬੇਬੇ ਬਾਪੂ ਉਸ ਦੇ ਨਾਲ ਥੰਮ੍ਹ ਬਣ ਕੇ ਖੜ੍ਹੇ ਸਨ। ਸਾਰੀਆਂ ਭਰਜਾਈਆਂ ਵੀ ਬਹੁਤ ਚੰਗੀਆਂ ਸਨ ਪਰ ਸਾਰਿਆਂ ਤੋਂ ਵੱਡੀ ਭਰਜਾਈ ਤੋਂ ਛੋਟੇ ਵਾਲ਼ੀ ਭਰਜਾਈ, ਜੀਤੀ ਸੁਭਾਅ ਪੱਖੋਂ ਖਿਝੀ ਖਿਝੀ ਤੇ ਸੜੀਅਲ ਸੀ। ਉਹ ਨਾ ਤਾਂ ਕਦੇ ਸਤਨਾਮ ਨੂੰ ਸਿੱਧੇ ਮੂੰਹ ਬੁਲਾਉਂਦੀ ਸੀ ਤੇ ਨਾ ਹੀ ਉਸ ਦੇ ਜਵਾਕਾਂ ਨੂੰ ਪਿਆਰ ਕਰਦੀ ਸੀ। ਵੈਸੇ ਜੀਤੀ ਦਾ ਰਵੱਈਆ ਸਾਰਿਆਂ ਨਾਲ਼ ਹੀ ਇਹੋ ਜਿਹਾ ਸੀ । ਘਰ ਦੀਆਂ ਬਾਕੀ ਨੂੰਹਾਂ ਦੇ ਪਿਆਰ ਅਤੇ ਏਕੇ ਅੱਗੇ ਉਸ ਦੀ ਕੋਈ ਵਾਹ ਨਹੀਂ ਚੱਲਦੀ ਸੀ।

            ਬੱਬੀ ਦਾ ਰੰਗ ਰੂਪ ਦੇਖ ਕੇ ਤਾਂ ਜੀਤੀ ਸੜ ਮੱਚ ਜਾਂਦੀ ਸੀ। ਜਿਵੇਂ ਹੀ ਸਤਨਾਮ ਨੇ ਬੱਬੀ ਤੇ ਜੋਧੇ ਨੂੰ ਨਾਲ ਲੈਕੇ ਮਿਲ਼ਣ ਆਉਣਾ ਤਾਂ ਬੱਬੀ ਦੀਆਂ ਪੰਜੇ ਮਾਮੀਆਂ ਨੇ ਉਸ ਨੂੰ ਜੱਫੀ ਵਿੱਚ ਲੈ ਲੈ ਕੇ ਘੁੱਟ ਘੁੱਟ ਕੇ ਬਹੁਤ ਪਿਆਰ ਕਰਨਾ, ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੋਣਾ, ਉਹਨਾਂ ਦਾ ਚਾਅ ਨਾ ਚੱਕਿਆ ਜਾਣਾ। ਪਰ ਜੀਤੀ ਨੇ ਚੌਂਕੇ ਵਿੱਚ ਬੈਠੀ ਨੇ ਈ ਆਖ ਦੇਣਾ,” ਜੈ ਵੱਢੀ….. ਹਜੇ ਤਾਂ ਪਿਓ ਬਾਹਰੀ ਆ…. ਕਿੰਨੇ ਅਛਨੇ ਪਛਨੇ ਲਾਏ ਨੇ…… ਜੇ ਕਿਤੇ ਪਿਓ ਜਿਉਂਦਾ ਹੁੰਦਾ ਤਾਂ ਅਸਮਾਨੀਂ ਟਾਕੀਆਂ ਲਾਉਣੀਆਂ ਸੀ…… ਮੈਂ ਤਾਂ ਕਹਿਨੀਂ ਆਂ ਸਹੁਰੇ ਜਾਂਦੀਓ ਈ ਮਾਂ ਵਰਗੀ ਹੋਜੇ……!” ਬਾਕੀ ਭਰਜਾਈਆਂ ਨੇ ਜੀਤੀ ਨੂੰ ਬਹੁਤ ਸਮਝਾਉਣਾ ,”ਜੀਤੀਏ…. ਦੋਹਤਮਾਨ ਨੂੰ ਐਦਾਂ ਨਹੀਂ ਆਖੀਦਾ…..ਉਹ ਵਿਚਾਰੀ ਸਾਡਾ ਕੀ ਲੈਂਦੀ ਆ…. ਅਸੀਂ ਐਨੇ ਜੋਗੇ ਵੀ ਨੀ ਕਿ ਦੋ ਪਿਆਰ ਭਰੇ ਬੋਲਾਂ ਨਾਲ ਅਸੀਸਾਂ ਦੇ ਕੇ ਉਸ ਦੀ ਆਉਣ ਵਾਲੀ ਜ਼ਿੰਦਗੀ ਲਈ ਰੱਬ ਤੋਂ ਕੁਛ ਚੰਗਾ ਮੰਗੀਏ…..।” ਉਂਝ ਵੀ ਉਹ ਸਾਰੀਆਂ ਸਿਆਣੀਆਂ ਸਨ,ਘਰ ਵਿੱਚ ਏਕਾ ਇਤਫ਼ਾਕ ਬਣਾਈ ਰੱਖਣਾ ਚਾਹੁੰਦੀਆਂ ਸਨ। ਜੇ ਉਹ ਚਾਹੁੰਦੀਆਂ ਤਾਂ ਇਹ ਗੱਲ ਘਰ ਦੇ ਬੰਦਿਆਂ ਕੋਲ ਜਾਂ ਬੇਬੇ ਬਾਪੂ ਕੋਲ ਦੱਸ ਕੇ ਗੱਲ ਵਧਾ ਸਕਦੀਆਂ ਸਨ ਕਿਉਂਕਿ ਇਹ ਗੱਲ ਕਿਹੜਾ ਓਹਨੇ ਪਹਿਲੀ ਵਾਰੀ ਆਖੀ ਸੀ। ਉਹ ਤਾਂ ਹਰ ਵੇਲੇ ਈ ਬੱਬੀ ਨੂੰ ਆਖਦੀ ਸੀ ਕਿ ‘ਜੈ ਵੱਢੀ ਜਾਂਦੀਓ ਮਾਂ ਵਰਗੀ ਹੋਜੇ ‘। ਅਸਲ ਵਿੱਚ ਉਸ ਨੂੰ ਆਪਣੇ ਪੇਕਿਆਂ ਦਾ ਬਹੁਤ ਘੁਮੰਡ ਸੀ। ਉਹ ਬੱਬੀ ਤੇ ਜੋਧੇ ਦਾ ਮੁਕਾਬਲਾ ਆਪਣੀ ਸਾਰਿਆਂ ਤੋਂ ਵੱਡੀ ਭੈਣ ਦੇ ਦੋਹਤੇ ਦੋਹਤੀਆਂ ਨਾਲ਼ ਅਤੇ ਬਾਕੀ ਭੈਣਾਂ ਅਤੇ ਭਰਾਵਾਂ ਦੇ ਜਵਾਕਾਂ ਨਾਲ ਕਰਦੀ ਸੀ ਜੋ ਬਾਹਰ ਰਹਿੰਦੇ ਸਨ। ਗੱਲ ਗੱਲ ਤੇ ਉਹਨਾਂ ਦੀਆਂ ਵਡਿਆਈਆਂ ਕਰ ਕਰ ਕੇ ਕੁਛ ਨਾ ਕੁਛ ਸੁਣਾਉਂਦੀ ਰਹਿੰਦੀ ਜਿਵੇਂ ਕਿ ਉਹ ਆਮ ਇਨਸਾਨ ਨਹੀਂ ਬਲਕਿ ਦੁਨੀਆਂ ਦੇ ਸਭ ਤੋਂ ਅਮੀਰ ਅਤੇ ਅਲੱਗ ਜਿਹੇ ਲੋਕ ਹੋਣ।
      ਜੀਤੀ ਦੀ ਸਭ ਤੋਂ ਵੱਡੀ ਭੈਣ ਦੀ ਦੋਹਤੀ ਦਾ ਵਿਆਹ ਆ ਗਿਆ। ਉਸ ਦਾ ਭੈਣ ਅਤੇ ਜੀਜਾ ਬਾਹਰਲੇ ਮੁਲਕ ਆਪਣੀ ਦੋਹਤੀ ਦੇ ਵਿਆਹ ਤੇ ਚਲੇ ਗਏ। ਐਧਰ ਜੀਤੀ ਉਹਨਾਂ ਦੀਆਂ ਵਡਿਆਈਆਂ ਕਰਦੀ ਨਾ ਥੱਕਦੀ। ਇੱਕ ਦਿਨ ਸਵੇਰੇ ਸਵੇਰੇ ਉਸ ਨੂੰ ਫ਼ੋਨ ਆਇਆ ਤਾਂ ਉਸ ਦਾ ਮੁੰਡਾ ਅੰਦਰੋਂ ਫ਼ੋਨ ਉਸ ਨੂੰ ਫੜਾਉਣ ਆਉਂਦਾ ਹੋਇਆ ਦੱਸਦਾ ਹੈ ਕਿ ਉਸ ਦੀ ਮਾਸੀ ਦਾ ਫ਼ੋਨ ਹੈ…. ਤਾਂ ਚੌਂਕੇ ਵਿੱਚ ਬੈਠੀ ਉਹ ਬੜੇ ਚਾਈਂ ਚਾਈਂ ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਆਖਣ ਲੱਗੀ,” ਲੈ….. ਮਸਾਂ ਤੜਕਾ ਹੋਣ ਦਿੱਤਾ….. ਫੋਨ ਵੀ ਵੱਜਣ ਲੱਗ ਪਿਆ……ਕੋਈ ਸਲਾਹ ਲੈਣੀ ਹੋਣੀ ਆ ਮੇਰੀ ….. ।” ਫ਼ੋਨ ਦਾ ਬਟਨ ਦੱਬ ਕੇ ਜਿਵੇਂ ਈ ‘ਹੈਲੋ ‘ ਕਿਹਾ ਤਾਂ ਗੱਲ ਕਰਦੇ ਸਾਰ ਬੇਹੋਸ਼ ਹੋ ਕੇ ਡਿੱਗ ਪਈ। ਸਾਰੇ ਟੱਬਰ ਨੇ ਉਸ ਦੇ ਮੂੰਹ ਵਿੱਚ ਪਾਣੀ ਪਾਇਆ,ਉਸ ਨੂੰ ਪੱਖੀ ਨਾਲ ਝੱਲ ਮਾਰੀ ਤੇ ਹੱਥ ਪੈਰ ਮਲ਼ ਮਲ਼ ਕੇ ਉਸ ਨੂੰ ਹੋਸ਼ ਵਿੱਚ ਲਿਆਂਦਾ। ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਜੀਜੇ ਨੂੰ ਹਾਰਟ ਅਟੈਕ ਹੋ ਕੇ ਉਸ ਦੀ ਮੌਤ ਹੋ ਗਈ ਹੈ।
             ਉਸ ਦੀ ਜਠਾਣੀ ਨੇ ਉਸ ਨੂੰ ਆਖਿਆ,” ਚੱਲ ਕੋਈ ਨਾ….. ਤੂੰ ਹੌਸਲਾ ਰੱਖ……. ਸੁੱਖ ਨਾਲ ਉਹਨੇ ਤਾਂ ਆਪਣੀ ਉਮਰ ਹੰਢਾਈ ਹੋਈ ਆ…… ਸੁੱਖ ਨਾਲ ਦੋਹਤੇ ਪੋਤੇ ਵੀ ਵਿਆਹੁਣ ਵਾਲੇ ਨੇ…… ਤੇਰੀ ਤਾਂ ਆਪਣੀ ਕਬੀਲਦਾਰ ਵੀ ਸਾਰੀ ਸਿਰ ਤੇ ਪਈ ਆ……।” ਜਦ ਸਾਰੇ ਟੱਬਰ ਦੇ ਜੀਅ ਬਾਹਰ ਚਲੇ ਗਏ ਤਾਂ ਉਸ ਨੇ ਫਿਰ ਕਿਹਾ,” ਦੇਖ਼ ਜੀਤੀਏ….. ਤੂੰ ਚਾਹੇ ਗੁੱਸਾ ਈ ਕਰਲੀਂ….. ਪਰ ਦੇਖ਼….. ਤੈਨੂੰ ਆਪਣੇ ਬਜ਼ੁਰਗ ਭਣੋਈਏ ਦੀ ਮੌਤ ਦਾ ਕਿੰਨਾ ਦੁੱਖ ਹੋਇਆ….. ਆਪਣੀ ਬੱਬੀ ਨੇ ਵਿਚਾਰੀ ਨੇ….. ਤਾਂ ਆਪਣੇ ਪਿਓ ਦਾ ਸੁਖ ਵੀ ਨੀ ਦੇਖਿਆ…. ਤੇ ਤੂੰ ਓਹਨੂੰ ਹਰ ਵੇਲੇ ‘ਮਾਂ ਵਰਗੀ ਹੋਜੇ ‘ ਕਹਿੰਦੀ ਰਹਿੰਦੀ ਆਂ…… ਉਹਦੀ ਸਾਰੀ ਜ਼ਿੰਦਗੀ ਹਜੇ ਮੂਹਰੇ ਪਈ ਆ…..ਜੇ ਤੂੰ ਓਹਨੂੰ ਕੁਛ ਚੰਗਾ ਨੀ ਆਖ ਸਕਦੀ ਤਾਂ ਮਾੜਾ ਵੀ ਕਿਉਂ ਬੋਲਦੀ ਐਂ …..ਕੀ ਸਿਰਫ਼ ਆਪਣਾ ਦੁੱਖ਼ ਈ ਦੁੱਖ਼ ਹੁੰਦਾ…. ?…. ਕਦੇ ਬੱਬੀ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖ਼ ਤਾਂ……ਓਹਦੇ ਕਿੰਨੇ ਲਾਡ ….ਕਿੰਨੇ ਚਾਅ…. ਅੰਦਰੋਂ ਅੰਦਰ ਮਰ ਗਏ ਹੋਣੇ ਨੇ…ਜੋ ਓਹਨੇ ਆਪਣੇ ਪਿਓ ਨਾਲ ਲਡਾਉਣੇ ਸੀ…..!” ਕਹਿਕੇ ਉਸ ਦੀ ਜਠਾਣੀ ਕਮਰੇ ਵਿੱਚੋਂ ਬਾਹਰ ਚਲੀ ਗਈ। ਉਹ ਕਿੰਨਾ ਚਿਰ ਬੈਠੀ ਸੋਚਦੀ ਰਹੀ ਜਿਵੇਂ ਉਸ ਦੀ ਜਠਾਣੀ ਉਸ ਦੇ ਕੰਨ ਵਿੱਚ ਚੰਗਿਆਈ ਦਾ ਮੰਤਰ ਦੱਸ ਗਈ ਹੋਵੇ। ਉਹ ਸੋਚ ਰਹੀ ਸੀ ਕਿ ਗੱਲ ਤਾਂ ਠੀਕ ਹੈ ਕਿਉਂਕਿ ਬਿਨਾਂ ਮਤਲਬ ਕਿਸੇ ਨੂੰ ਵੀ ਕੁਝ ਬੋਲਣ ਤੋਂ ਪਹਿਲਾਂ ਉਸ ਦੇ ਦੁੱਖ ਨੂੰ ਸਮਝਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟ ਕਰੋ ਪਰ  ਬਦਲਾਅ ਲਈ- ਲੋਕਤੰਤਰ ਲਈ
Next articleSamaj Weekly = 17/04/2024