ਏਹੁ ਹਮਾਰਾ ਜੀਵਣਾ ਹੈ -555

ਬਰਜਿੰਦਰ ਕੌਰ ਬਿਸਰਾਓ...
 (ਸਮਾਜ ਵੀਕਲੀ)-  ਸਾਡੇ ਸਮਾਜ ਵਿੱਚ ਔਰਤ ਦੀ ਸਥਿਤੀ ਵਿੱਚ ਚਾਹੇ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ । ਉਹ ਵੀ ਆਪਣੀ ਅਜ਼ਾਦੀ ਦੇ ਪੰਖ ਖਿਲਾਰਨ ਲੱਗ ਪਈ ਹੈ। ਉਹ ਘਰ ਦੀ ਚਾਰਦੀਵਾਰੀ ਵਿੱਚੋਂ ਨਿਕਲ ਕੇ ਮਰਦ ਦੇ ਬਰਾਬਰ ਕੰਮਕਾਜ ਕਰਨ ਲੱਗ ਪਈ ਹੈ,ਉੱਚੇ ਅਹੁਦੇ ਹਾਸਲ ਕਰ ਰਹੀ ਹੈ। ਅੱਜ ਦੇ ਜ਼ਮਾਨੇ ਵਿੱਚ ਕੋਈ ਖੇਤਰ ਇਹੋ ਜਿਹਾ ਨਹੀਂ ਜਿੱਥੇ ਲੜਕੀਆਂ ਆਪਣੇ ਹੁਨਰ ਦਾ ਕਮਾਲ ਦਿਖਾ ਕੇ ਨਾਮਣਾ ਨਾ ਖੱਟ ਰਹੀਆਂ ਹੋਣ।ਪਰ ਸੋਚਣ ਦੀ ਗੱਲ ਇਹ ਹੈ ਕਿ ਸਾਡੇ ਸਮਾਜ ਦੇ ਮਰਦ ਔਰਤ ਨੂੰ ਕਿੰਨਾ ਕੁ ਸਤਿਕਾਰ ਦੀ ਨਿਗਾਹ ਨਾਲ ਦੇਖਦੇ ਹਨ,ਇਸ ਗੱਲ ਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਹੈ।

ਇੱਕ ਔਰਤ ਦੀ ਕੁੱਖ ਤੋਂ ਜਨਮ ਲੈਣ ਵਾਲਾ ਮਰਦ ਔਰਤ ਪ੍ਰਤੀ ਕਿਹੋ ਜਿਹੀ ਸੋਚ ਰੱਖਦਾ ਹੈ। ਉਹ ਉਸ ਨੂੰ ਵੱਖ ਵੱਖ ਥਾਵਾਂ ਤੇ ਵੱਖ ਵੱਖ ਨਜ਼ਰੀਏ ਨਾਲ ਵੇਖਦਾ ਹੈ ਤੇ ਉਸ ਦਾ ਦਰਜਾ ਨਿਸ਼ਚਿਤ ਕਰਦਾ ਹੈ। ਘਰ ਦੀ ਚਾਰਦੀਵਾਰੀ ਅੰਦਰ ਸਿਰਫ਼ ਮਾਂ ਅਤੇ ਭੈਣ ਨੂੰ ਹੀ ਉਹ ਇੱਜ਼ਤ ਦੀ ਨਿਗਾਹ ਨਾਲ ਵੇਖਦਾ ਹੈ ਤੇ ਉਹਨਾਂ ਦੀ ਇੱਜ਼ਤ ਦੀ ਰਾਖੀ ਦੀ ਪੂਰੀ ਜ਼ਿੰਮੇਵਾਰੀ ਸਮਝਦਾ ਹੈ। ਇੱਕ ਔਰਤ ਜਦ ਉਸ ਦੀ ਪਤਨੀ ਬਣ ਕੇ ਆਉਂਦੀ ਹੈ ਤਾਂ ਉਸ ਨੂੰ ਉਹੀ ਔਰਤ ਦੂਜੇ ਦਰਜੇ ਦੀ ਨਜ਼ਰ ਆਉਣ ਲੱਗਦੀ ਹੈ।ਉਸ ਦੀ ਉਸ ਪ੍ਰਤੀ ਸੋਚ ਕੁਝ ਹੋਰ ਹੋ ਜਾਂਦੀ ਹੈ, ਉਸ ਨੂੰ ਪੈਰ ਦੀ ਜੁੱਤੀ ਜਾਂ ਫਿਰ ਸਿਰਫ਼ ਉਸ ਦੀ ਕਾਮਵਾਸਨਾ ਦੀ ਪੂਰਤੀ ਦਾ ਸਾਧਨ, ਘਰ ਵਿੱਚ ਕੰਮ ਕਰਨ ਵਾਲੀ ਮਸ਼ੀਨ ਜਾਂ ਉਸ ਦੇ ਵੰਸ਼ ਨੂੰ ਅਗਾਂਹ ਤੋਰਨ ਲਈ ਲਿਆਂਦੀ ਵਸਤੂ ਸਮਝਿਆ ਜਾਂਦਾ ਹੈ,ਜੇ ਕਿਤੇ ਇਹਨਾਂ ਵਿਚੋਂ ਕਿਸੇ ਇੱਕ ਕੰਮ ਤੇ ਉਹ ਖਰੀ ਨਹੀਂ ਉਤਰਦੀ ਤਾਂ ਉਸ ਨੂੰ ਦੁਰਕਾਰਿਆ ਤੇ ਫਿਟਕਾਰਿਆ ਜਾਂਦਾ ਹੈ। ਚਾਹੇ ਜ਼ਮਾਨਾ ਬਦਲ ਗਿਆ ਹੈ ਪਰ ਫਿਰ ਵੀ ਔਰਤ ਦੇ ਦਰਜੇ ਦਾ ਅੰਤਰ ਜਾਰੀ ਹੈ। ਜਦੋਂ ਉਹੀ ਮਰਦ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ਼ਦਾ ਹੈ ਤਾਂ ਉਸ ਦੀ ਸੋਚ ਹੋਰਾਂ ਔਰਤਾਂ ਜਾਂ ਲੜਕੀਆਂ ਪ੍ਰਤੀ ਹੋਰ ਵੀ ਘਟੀਆ ਹੋ ਕੇ ਤੀਜੇ ਦਰਜੇ ਦੀ ਹੋ ਜਾਂਦੀ ਹੈ। ਉਹ ਉਸ ਨੂੰ ਇੱਕ ਵਸਤੂ ਵਾਂਗ ਪਰਖ਼ਣ ਲੱਗਦਾ ਹੈ। ਰਾਹ ਜਾਂਦੀਆਂ ਕੁੜੀਆਂ ਜਾਂ ਔਰਤਾਂ ਉਸ ਨੂੰ ਸ਼ੋਅ ਰੂਮਾਂ ਵਿੱਚ ਸਜੀਆਂ ਵਸਤਾਂ ਵਾਂਗ ਲੱਗਦੀਆਂ ਹਨ ਜਿਨ੍ਹਾਂ ਨੂੰ ਉਹ ਲਲਚਾਈਆਂ ਅੱਖਾਂ ਨਾਲ ਵੇਖਦਾ ਹੈ। ਉਸ ਸਮੇਂ ਉਸ ਅੰਦਰੋਂ ਔਰਤ ਪ੍ਰਤੀ ਮਾਂ ਅਤੇ ਭੈਣ ਵਾਲੀ ਭਾਵਨਾ ਖ਼ਤਮ ਹੋ ਜਾਂਦੀ ਹੈ। ਸਭ ਤੋਂ ਘਟੀਆ ਅਤੇ ਚੌਥੇ ਦਰਜੇ ਦੀ ਸੋਚ ਉਦੋਂ ਵੇਖਣ ਨੂੰ ਸਾਹਮਣੇ ਆਉਂਦੀ ਹੈ ਜਦੋਂ ਵੱਡੇ ਛੋਟੇ ਖ਼ਾਨਦਾਨਾਂ ਦੇ ਨੌਜਵਾਨਾਂ ਤੋਂ ਲੈਕੇ ਬੁੱਢਿਆਂ ਤੱਕ ਵਿਆਹਾਂ ਵਿੱਚ ਜਾਂ ਅਖਾੜਿਆਂ ਵਿੱਚ ਸਟੇਜਾਂ ਤੇ ਨੱਚ ਗਾ ਰਹੀਆਂ ਔਰਤਾਂ ਦੇ ਆਲ਼ੇ ਦੁਆਲ਼ੇ ਇਸ ਤਰ੍ਹਾਂ ਝੂਮਦੇ ਹੋਏ ਨੋਟਾਂ ਦੀ ਵਰਖਾ ਕਰਦੇ ਨਜ਼ਰ ਆਉਂਦੇ ਹਨ ਜਿਵੇਂ ਗੁੜ ਦੀ ਡਲੀ ਦੁਆਲੇ ਮੱਖੀਆਂ ਘੁੰਮਦੀਆਂ ਹੋਣ।

               ਔਰਤ ਪ੍ਰਤੀ ਮਰਦ ਦੇ ਇਸ ਰਵੱਈਏ ਦੀ  ਗੱਲ ਕਰੀਏ ਤਾਂ ਇਸ ਲਈ ਸਾਡਾ ਸਾਰਾ ਸਮਾਜ ਜ਼ਿੰਮੇਵਾਰ ਹੈ ਜਿਸ ਵਿੱਚ ਉਹਨਾਂ ਮਰਦਾਂ ਦੇ ਘਰ ਦੀਆਂ ਔਰਤਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹੁੰਦੀਆਂ ਹਨ। ਇਹੋ ਜਿਹੇ ਸਮਾਗਮ ਸਮਾਜਿਕ ਪੱਧਰ ਦੇ ਸਮਾਗਮ ਹੁੰਦੇ ਹਨ ਜਿਸ ਵਿੱਚ ਮਰਦ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਹਨ। ਆਮ ਕਰਕੇ ਇਹ ਨਜ਼ਾਰਾ ਵਿਆਹਾਂ ਵਿੱਚ ਸਟੇਜਾਂ ਤੇ ਡੀ ਜੇ ਤੇ ਨੱਚ ਰਹੇ ਕੁੜੀਆਂ ਮੁੰਡਿਆਂ ਵੇਲੇ ਵੇਖਣ ਨੂੰ ਵੱਧ ਮਿਲਦਾ ਹੈ। ਜਿਹੜੇ ਮਰਦ ਸਟੇਜ ਤੇ ਜਾਂ ਡਾਂਸ ਫਲੋਰ ਤੇ ਨੱਚਣ ਵਾਲੀਆਂ ਕੁੜੀਆਂ ਦੇ ਆਲ਼ੇ ਦੁਆਲ਼ੇ ਨੱਚਦੇ ਹੋਏ ਉਹਨਾਂ ਨੂੰ ਭੱਦੇ ਇਸ਼ਾਰੇ ਕਰਦੇ ਹੋਏ ਉਨ੍ਹਾਂ ਤੇ ਨੋਟ ਲੁਟਾ ਰਹੇ ਹੁੰਦੇ ਹਨ, ਉਸੇ ਸਮਾਗਮ ਵਿੱਚ ਹੀ ਉਹਨਾਂ ਦੀਆਂ ਮਾਵਾਂ, ਭੈਣਾਂ, ਭਰਜਾਈਆਂ, ਤਾਈਆਂ,ਚਾਚੀਆਂ, ਮਾਸੀਆਂ ਵੀ ਹੁੰਦੀਆਂ ਹਨ। ਨਾ ਤਾਂ ਮਰਦਾਂ ਨੂੰ ਉਹਨਾਂ ਦੀ ਕੋਈ ਸ਼ਰਮ ਹਯਾ ਹੁੰਦੀ ਹੈ ਤੇ ਔਰਤਾਂ ਵੱਲੋਂ ਵੀ ਇਸ ਕਰਕੇ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ ਕਿਉਂ ਕਿ ਉਹ ਮਰਦ ਹੁੰਦੇ ਹਨ ਤੇ ਉਹਨਾਂ ਨੂੰ ਇਹ ਸਭ ਕੁਝ ਕਰਨ ਦਾ ਹੱਕ ਹੁੰਦਾ ਹੈ। ਮਾਵਾਂ ਤੇ ਭੈਣਾਂ ਆਪਣੇ ਲਾਡਲਿਆਂ ਨੂੰ ਉੱਥੇ ਨੱਚਦਿਆਂ ਨੂੰ ਵੇਖ ਕੇ ਖ਼ੁਸ਼ ਹੁੰਦੀਆਂ ਹਨ। ਅਫਸੋਸ ਦੀ ਗੱਲ ਇਹ ਹੈ ਕਿ ਔਰਤਾਂ ਦੀ ਸੋਚ ਵੀ ਉਹਨਾਂ ਔਰਤਾਂ ਪ੍ਰਤੀ ਘਟੀਆ ਹੁੰਦੀ ਹੈ ਜਿਸ ਕਰਕੇ ਉਹ ਆਪਣੇ ਘਰ ਦੇ ਮਰਦਾਂ ਨੂੰ ਇਹੋ ਜਿਹੀਆਂ ਹਰਕਤਾਂ ਕਰਨ ਦੀ ਇਜਾਜ਼ਤ ਦਿੰਦੀਆਂ ਹਨ। ਸਟੇਜ ਤੇ ਨੱਚਣ ਵਾਲੀਆਂ ਔਰਤਾਂ ਲੋਕਾਂ ਦਾ ਮਨੋਰੰਜਨ ਕਰ ਰਹੀਆਂ ਹੁੰਦੀਆਂ ਹਨ, ਉਹ ਵੀ ਬਾਕੀ ਕੰਮਾਂ ਵਾਂਗ ਆਪਣਾ ਕੰਮ ਕਰ ਰਹੀਆਂ ਹੁੰਦੀਆਂ ਹਨ। ਉਹਨਾਂ ਦੀ ਇੱਜ਼ਤ ਨਾਲ਼ ਖਿਲਵਾੜ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਾਡੇ ਸਮਾਜ ਦੇ ਲੋਕਾਂ ਦੀ ਘਟੀਆ ਸੋਚ ਕਾਰਨ ਹੀ ਆਏ ਦਿਨ ਨੱਚਣ ਵਾਲੀਆਂ ਕੁੜੀਆਂ ਨਾਲ ਵਾਪਰਨ ਵਾਲੀਆਂ ਮਾੜੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਕਿਤੇ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੇ ਬਰਾਤੀਆਂ ਦੀ ਮਰਜ਼ੀ ਮੁਤਾਬਕ ਨਾ ਚੱਲਣ ਤੇ ਕਿਤੇ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ, ਕਿਤੇ ਉਹਨਾਂ ਨੂੰ ਭਰੀ ਮਹਿਫ਼ਲ ਵਿੱਚ ਜ਼ਲੀਲ ਕੀਤਾ ਜਾਂਦਾ ਹੈ। ਜੇ ਇਹ ਮਸਲਾ ਕਿਤੇ ਮੀਡੀਆ ਤੱਕ ਪਹੁੰਚ ਜਾਵੇ ਤਾਂ ਘਟੀਆ ਸੋਚ ਵਾਲੇ ਮਰਦਾਂ ਦੁਆਰਾ ਕੁਮੈਂਟਾਂ ਰਾਹੀਂ ਉਹਨਾਂ ਨੂੰ ਗੰਦੀ ਸ਼ਬਦਾਵਲੀ ਵਰਤ ਕੇ ਹੋਰ ਜ਼ਲੀਲ ਕੀਤਾ ਜਾਂਦਾ ਹੈ। ਜੇ ਮਰਦ ਸੱਚਮੁੱਚ ਹੀ ਅਜ਼ਾਦ ਸੋਚ ਦੇ ਧਾਰਨੀ ਹਨ ਤਾਂ ਉਨ੍ਹਾਂ ਨੂੰ ਸਾਰੀਆਂ ਔਰਤਾਂ ਪ੍ਰਤੀ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਪਵੇਗਾ। ਜਿਹੜਾ ਸਤਿਕਾਰ ਉਹ ਆਪਣੇ ਘਰ ਅੰਦਰਲੀਆਂ ਔਰਤਾਂ ਪ੍ਰਤੀ ਰੱਖਦੇ ਹਨ ਉਹੀ ਸਤਿਕਾਰ ਹਰ ਥਾਂ ਔਰਤਾਂ ਪ੍ਰਤੀ ਬਰਕਰਾਰ ਰੱਖਣ ਤਾਂ ਔਰਤਾਂ ਨਾਲ ਕਿਤੇ ਵੀ ਦੁਰਵਿਹਾਰ ਨਹੀਂ ਹੋ ਸਕਦਾ। ਔਰਤਾਂ ਨੂੰ ਸਤਿਕਾਰ ਦਿਵਾਉਣ ਲਈ ਮਰਦਾਂ ਦੇ ਨਾਲ ਨਾਲ ਔਰਤਾਂ ਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ ਕਿਉਂਕਿ ਦੂਜਿਆਂ ਦਾ ਸਤਿਕਾਰ ਬਰਕਰਾਰ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article    ਏਹੁ ਹਮਾਰਾ ਜੀਵਣਾ ਹੈ -554
Next articleਰੱਬਾ.