ਏਹੁ ਹਮਾਰਾ ਜੀਵਣਾ ਹੈ -552

ਬਰਜਿੰਦਰ ਕੌਰ ਬਿਸਰਾਓ

 (ਐਪਰਿਲ ਫੂਲ ਦਿਵਸ ਤੇ ਵਿਸ਼ੇਸ਼)

                   ਐਪਰਿਲ ਫੂਲ ਭਾਵ ਮੂਰਖ਼ ਦਿਵਸ ਜਾਂ ਫੂਲਜ਼ ਡੇ ਬਾਰੇ ਤਾਂ ਆਪਾਂ ਸਭ ਬਚਪਨ ਤੋਂ ਹੀ ਭਲੀਭਾਂਤ ਜਾਣੂ ਹਾਂ। ਅੰਗਰੇਜ਼ੀ ਕੈਲੰਡਰ ਅਨੁਸਾਰ ਅਪ੍ਰੈਲ ਮਹੀਨੇ ਦੀ ਪਹਿਲੀ ਤਰੀਕ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਵੈਸੇ ਇਸ ਦੀ ਕੋਈ ਖਾਸ ਇਤਿਹਾਸਕ ਮਹੱਤਤਾ ਤਾਂ ਨਹੀਂ ਹੈ ਪਰ ਫਿਰ ਵੀ ਸਾਰੇ ਪੱਛਮੀ ਮੁਲਕਾਂ ਵਿੱਚ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ। ਵਿਸ਼ਵੀਕਰਨ ਹੋਣ ਕਾਰਨ ਹੌਲ਼ੀ ਹੌਲ਼ੀ ਵਿਸ਼ਵ ਭਰ ਦੇ ਲੋਕਾਂ ਵਿੱਚ ਮਨਾਇਆ ਜਾਣ ਲੱਗਾ।ਪਰ ਫਿਰ ਵੀ ਪ੍ਰਚਲਿਤ ਜਾਣਕਾਰੀਆਂ ਵਿੱਚੋਂ ਇੱਕ ਜਾਣਕਾਰੀ ਮੁਤਾਬਕ ਇਹ ਮਜ਼ਾਕ ਕਰਨ ਦਾ ਰਿਵਾਜ਼ ਫਰਾਂਸ ਵਿੱਚ 1582 ਤੋਂ ਪਿੱਛੋਂ ਸ਼ੁਰੂ  ਹੋਇਆ| ਸਾਲ 1582 ਤੋਂ ਪਹਿਲਾਂ ਸਾਰੇ ਯੂਰਪ ਨੇ ਜੂਲੀਅਨ ਕੈਲੰਡਰ ਅਪਣਾਇਆ ਹੋਇਆ ਸੀ, ਜਿਸ ਵਿੱਚ ਨਵਾਂ ਸਾਲ ਇੱਕ ਅਪ੍ਰੈਲ ਤੋਂ ਸੁਰੂ ਹੁੰਦਾ ਸੀ ਅਤੇ ਨਵੇਂ ਸਾਲ ਦੀ ਆਮਦ ਵਿੱਚ ਲੋਕ ਆਪਣੇ ਸਕੇ-ਸੰਬੰਧੀਆਂ ਨੂੰ ਤੋਹਫ਼ੇ ਭੇਂਟ ਕਰਦੇ ਸਨ ਤੇ ਜਸ਼ਨ ਮਨਾਉਂਦੇ ਸਨ| ਪਰ ਸਾਲ 1582 ਵਿੱਚ ਰੋਮ ਦੇ ਵੱਡੇ ਪਾਦਰੀ ਪੌਪ ਗਰਿਗੋਰੀ-ਤੇਰਵੇਂ ਨੇ ਜੂਲੀਅਨ ਕਲੰਡਰ ਨੂੰ ਸੋਧ ਕੇ ਨਵਾਂ ਕਲੰਡਰ ਜਾਰੀ ਕੀਤਾ, ਜਿਸ ਵਿੱਚ ਨਵਾਂ ਸਾਲ ਇੱਕ ਜਨਵਰੀ ਤੋਂ ਸ਼ੁਰੂ ਹੋਣਾ ਤੈਅ ਕੀਤਾ ਗਿਆ ਸੀ| ਇਸ ਕਲੰਡਰ ਨੂੰ ਗਰਿਗੋਰੀਅਨ ਕਲੰਡਰ ਨਾਂ ਵਜੋਂ ਜਾਣਿਆ ਜਾਂਦਾ  ਹੈ| ਬਹੁਗਿਣਤੀ ਲੋਕਾਂ ਨੇ ਪੌਪ ਦੀ ਸੋਧ ਨੂੰ ਰੱਬ ਦਾ ਫੁਰਮਾਨ ਮੰਨ ਕੇ ਨਵੇਂ ਸਾਲ ਦਾ ਜਸ਼ਨ ਇੱਕ ਜਨਵਰੀ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ| ਪਰ ਕੁਝ ਰੂੜ੍ਹੀਵਾਦੀ ਲੋਕ ਵੀ ਸਨ ਜਿਨ੍ਹਾਂ ਨੇ ਇਸ ਤਬਦੀਲੀ ਨੂੰ ਨਹੀਂ ਅਪਣਾਇਆ ਅਤੇ ਪਹਿਲਾਂ ਵਾਂਗ ਹੀ ਨਵੇਂ ਸਾਲ ਦਾ ਜਸ਼ਨ ਇੱਕ ਅਪ੍ਰੈਲ ਨੂੰ ਹੀ ਮਨਾਉਣਾ ਜਾਰੀ ਰੱਖਿਆ| ਇਸ ਤਰ੍ਹਾਂ ਉਹ ਬਹੁਗਿਣਤੀਆਂ ਵਿੱਚ ਮਜ਼ਾਕ ਦਾ ਪਾਤਰ ਬਣ ਗਏ ਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਨੇ ਉਨ੍ਹਾਂ ਨੂੰ ਜਾਅਲੀ ਤੋਹਫੇ ਅਤੇ ਝੂਠੀਆਂ ਪਾਰਟੀਆਂ ਦੇ ਸੱਦੇ ਭੇਜਕੇ ਖੂਬ ਮਜ਼ਾਕ ਉਡਾਇਆ ਭਾਵ ਉਹ ਅਪ੍ਰੈਲ ਦੇ ਮੂਰਖ ਮੰਨੇ ਗਏ ਸਨ| ਇਸੇ ਤਰ੍ਹਾਂ ਹੀ ਇਸ ਦਿਨ ਨੂੰ ਮਨਾਉਣ ਪਿੱਛੇ ਹੋਰ ਵੀ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ ਪਰ ਇਹ ਤਾਂ ਪੱਕਾ ਹੈ ਕਿ ਇਹ ਤਿਉਹਾਰ ਪੱਛਮੀ ਸੱਭਿਅਤਾ ਦੀ ਪਰਤ ਵਿੱਚ ਲਿਪਟਿਆ ਹੋਇਆ ਸਾਡੇ ਦੇਸੀਆਂ ਤੇ ਵੀ ਰੰਗ ਚੜ੍ਹਾ ਦਿੰਦਾ ਹੈ।ਇਸ ਦਿਨ ਕੋਈ ਵੀ ਸਹਿਣਯੋਗ ਮਜ਼ਾਕ ਉਡਾ ਕੇ ਉਸ ਨੂੰ “ਐਪਰਿਲ ਫੂਲ” ਕਹਿ ਕੇ ਹਾਸੇ ਠੱਠੇ ਵਾਲ਼ਾ ਮਾਹੌਲ ਬਣਾ ਸਕਦਾ ਹੈ। ਇਸ ਤਿਉਹਾਰ ਵਿੱਚ ਕੋਈ ਰੀਤੀ ਰਿਵਾਜ ਤਾਂ ਨਿਭਾਉਣ ਵਾਲੇ ਹੁੰਦੇ ਨਹੀਂ ਪਰ ਦੂਜੇ ਨੂੰ ਮੂਰਖ਼ ਬਣਾਉਣ ਦੀਆਂ ਨਵੀਆਂ ਨਵੀਆਂ ਤਰਕੀਬਾਂ ਜ਼ਰੂਰ ਸੋਚੀਆਂ ਜਾਂਦੀਆਂ ਹਨ। ਸਰੋਤਾਂ ਅਨੁਸਾਰ ਸੰਸਾਰ ਵਿੱਚ ਸਿਰਫ਼ ਇੱਕੋ ਇੱਕ ਦੇਸ਼ ਯੂਕਰੇਨ  ਵਿੱਚ ਇਸ ਦਿਨ ਦੀ ਛੁੱਟੀ ਮਨਾਈ ਜਾਂਦੀ ਹੈ ਹੋਰ ਕਿਤੇ ਜਨਤਕ ਛੁੱਟੀ ਨਹੀਂ ਹੁੰਦੀ। ਕੁਝ ਦੇਸ਼ਾਂ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਬ੍ਰਿਟੇਨ ਵਿਚ ਅਪ੍ਰੈਲ ਫੂਲ ਡੇਅ ਸਿਰਫ ਦੁਪਹਿਰ ਤੱਕ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੇ ਤਰੀਕੇ ਵੀ ਵੱਖ-ਵੱਖ ਹਨ। ਫਰਾਂਸ, ਇਟਲੀ, ਬੈਲਜੀਅਮ ਵਿਚ ਕਾਗਜ਼ ਦੀ ਮੱਛੀ ਬਣਾ ਕੇ ਲੋਕਾਂ ਦੇ ਪਿੱਛੇ ਚਿਪਕਾ ਦਿੱਤੀ ਜਾਂਦੀ ਹੈ ਅਤੇ ਮਜ਼ਾਕ ਬਣਾਇਆ ਜਾਂਦਾ ਹੈ। ਈਰਾਨੀ ਫਾਰਸੀ ਨਵੇਂ ਸਾਲ ਦੇ 13ਵੇਂ ਦਿਨ ਇਕ-ਦੂਜੇ ‘ਤੇ ਤਾਨਾ ਮਾਰਦੇ ਹਨ। ਇਹ 1 ਜਾਂ 2 ਅਪ੍ਰੈਲ ਦਾ ਦਿਨ ਹੁੰਦਾ ਹੈ। ਡੈਨਮਾਰਕ ਵਿਚ 1 ਮਈ ਨੂੰ ਇਹ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਮਜ-ਕਟ ਕਹਿੰਦੇ ਹਨ। ਉੱਥੇ ਸਪੇਨਿਸ਼ ਬੋਲਣ ਵਾਲੇ ਦੇਸ਼ਾਂ ਵਿਚ 28 ਦਸੰਬਰ ਨੂੰ ਅਪ੍ਰੈਲ ਫੂਲ ਮਨਾਇਆ ਜਾਂਦਾ ਹੈ ਜਿਸ ਨੂੰ ਡੇਅ ਆਫ ਹੋਲੀ ਇਨੋਸੈਂਟਸ ਕਿਹਾ ਜਾਂਦਾ ਹੈ।
                     ਆਮ ਤੌਰ ਤੇ ਇਸ ਦਿਨ ਦਾ ਉਦੇਸ਼ ਚੰਗੇ ਸੁਭਾਅ ਦੀ ਸਿਰਜਣਾ ਕਰਨਾ ਹੁੰਦਾ ਹੈ। ਜੋ ਲੋਕ “ਫੂਲਜ਼ ਡੇ”ਨੂੰ ਮਨਾਉਂਦੇ ਹਨ, ਉਹ ਦੋਸਤਾਂ ਅਤੇ ਪਰਿਵਾਰਾਂ ਵਿੱਚ ਚੰਗੇ ਹੱਸਣ ਹਸਾਉਣ ਵਾਲੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਦਿਲ ਵਿੱਚ ਦੂਜਿਆਂ ਨੂੰ ਖੁਸ਼ ਕਰਦੇ ਰਹਿਣਾ ਅਤੇ ਕਿਸੇ ਨੂੰ ਦਿਲੋਂ ਨੁਕਸਾਨ ਨਾ ਪਹੁੰਚਾਉਣਾ ਜਾਂ ਨਾਰਾਜ਼ ਨਾ ਕਰਨ ਦੀ ਕੋਸ਼ਿਸ਼ ਕਰਨਾ ਆਦਿ ਦੀਆਂ ਭਾਵਨਾਵਾਂ ਪੈਦਾ ਕਰਦੇ ਹਨ।ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਹਾਂ ਪੱਖੀ ਹੁੰਗਾਰੇ ਦੇ ਦਿਨ ਵਜੋਂ ਮੰਨਿਆ ਜਾ ਸਕਦਾ ਹੈ। ਇਸ ਨਾਲ ਮਨੁੱਖਤਾ ਅੰਦਰ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ।ਅੱਜ ਦੇ ਜ਼ਮਾਨੇ ਵਿੱਚ ਮਨੁੱਖ ਪ੍ਰੇਸ਼ਾਨੀਆਂ ਅਤੇ ਤਣਾਵਾਂ ਵਿੱਚ ਘਿਰਿਆ ਹੋਇਆ ਹੱਸਣ ਹਸਾਉਣ ਨੂੰ ਵੀ ਤਰਸਿਆ ਪਿਆ  ਹੈ ,ਉਸ ਲਈ ਇਹ ਦਿਨ ਬਹੁਤ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ  ਮੂਰਖ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ ਅਤੇ ਉਸ ਲਈ “ਕਿਆ ਗਮ ਔਰ ਕਿਆ ਖੁਸ਼ੀ” । ਮੂਰਖ ਨਾਲ ਚੰਗਾ ਹੋਵੇ ਜਾਂ ਮਾੜਾ ਪਰ ਉਸ ਲਈ ਤਾਂ ਜ਼ਿੰਦਗੀ ਸਿਰਫ ਹੱਸਣ ਤੇ ਹੀ ਟਿਕੀ ਹੁੰਦੀ ਹੈ। ਇਸ ਲਈ ਹੋ ਸਕਦਾ ਹੈ ਕਿ ਮੂਰਖਾਂ ਦੀ ਜ਼ਿੰਦਗੀ ਨੂੰ ਵਧੀਆ ਮੰਨਦੇ ਹੋਏ ਸਿਆਣੇ ਲੋਕਾਂ ਨੇ ਇੱਕ ਦਿਨ ਲਈ ਮੂਰਖ ਬਣਨ ਵਾਲ਼ਾ ਤੱਤ ਕੱਢਿਆ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਸਾ ਪਰਮਾਤਮਾ ਵੱਲੋਂ ਮਿਲੀ ਇੱਕ ਬਹੁਤ ਵੱਡੀ ਸੌਗਾਤ  ਹੈ । ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਹਨ। ਜੇ ਇਹ ਮੰਨ ਲਿਆ ਜਾਵੇ ਕਿ ਮਨਾਉਣ ਵਾਲ਼ਿਆਂ ਦੁਆਰਾ ਇਸ ਦਿਨ ਨੂੰ ਖੁੱਲ੍ਹ ਕੇ ਮਨਾਇਆ ਜਾਂਦਾ ਹੈ ਅਤੇ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਨੂੰ ਇਸ ਤਰ੍ਹਾਂ ਲਾਹ ਕੇ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਦੁੱਧ ਤੋਂ ਮੱਖੀ ਲਾਹ ਕੇ ਸੁੱਟ ਦਿੱਤੀ ਜਾਂਦੀ ਹੈ,ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
                  ਇਸ ਦਿਨ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਨਵੀਆਂ ਨਵੀਆਂ ਤਰਕੀਬਾਂ ਲਾ ਕੇ ਕੁਝ ਇਹੋ ਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਕਿ ਕੁਝ ਪਲਾਂ ਲਈ ਉਹਨਾਂ ਨੂੰ ਮੂਰਖ ਬਣਾ ਕੇ ਹਾਸੇ-ਠੱਠੇ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਿਵਸ ਪਿੱਛੇ ਲੋਕਾਂ ਨੂੰ ਕੁਝ ਪਲਾਂ ਲਈ ਸਕੂਨ ਦੇਣਾ ਅਤੇ ਦਿਲੋਂ ਖੁਸ਼ ਕਰਨ ਦੀ ਸੋਚ ਕੰਮ ਕਰਦੀ ਹੈ, ਜਿਸ ਨਾਲ ਲੋਕਾਂ ਦੀ ਚਿੰਤਾਵਾਂ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਸੇ ਟਹਿਕਦੇ ਹਨ। ਇੱਕ ਦੂਜੇ ਨੂੰ ਭੁਲੇਖੇ ਪਾਉਣ ਦੀਆਂ ਗੱਲਾਂ ,ਚਕਮਾ ਦੇ ਕੇ ਕੁਝ ਅਚਨਚੇਤੀ ਮੂਰਖ਼ ਬਣਾਉਣ ਦੀਆਂ ਗੱਲਾਂ ਕਰ ਕੇ ਇੱਕ-ਦੂਜੇ ਨਾਲ ਕੀਤੇ ਜਾਂਦੇ ਮਜ਼ਾਕਾਂ ਅਤੇ ਵਿਵਹਾਰਿਕ ਨਟਖਟੀ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ।ਇਸ ਤਰ੍ਹਾਂ ਇਹ ਵਿਲੱਖਣ ਕਿਸਮ ਦਾ ਤਿਉਹਾਰ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇੱਕ ਨਿਆਮਤ ਬਣ ਕੇ ਆਉਂਦਾ ਹੈ। ਹਰ ਕਿਸੇ ਨੂੰ ਆਪਣੇ ਆਲੇ ਦੁਆਲੇ ਹਾਨੀ ਰਹਿਤ ਮਰਿਆਦਾ ਸਹਿਤ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਮਰਿਆਦਾ ਵਿੱਚ ਰਹਿ ਕੇ ਖ਼ਾਸ ਦਿਨ ਮਨਾਉਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਰਾ ਹੱਕ ਪੁੱਤ ਨੂੰ ਕਿਉਂ ਧੀ ਨੂੰ ਕਿਉਂ ਨਹੀਂ 
Next articleਅੰਬੇਡਕਰ ਜੈਯੰਤੀ ਦਾ ਮੁੱਖ ਸਮਾਗਮ ਅੰਬੇਡਕਰ ਭਵਨ ਜਲੰਧਰ ਵਿਖੇ ਮਨਾਇਆ ਜਾਵੇਗਾ