ਏਹੁ ਹਮਾਰਾ ਜੀਵਣਾ ਹੈ -548

ਬਰਜਿੰਦਰ-ਕੌਰ-ਬਿਸਰਾਓ-
(ਸਮਾਜ ਵੀਕਲੀ)–  ਹੋਲੇ ਮਹੱਲੇ ਨੂੰ ਸਮਰਪਿਤ ਵਿਸ਼ੇਸ਼   
            ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਅਤੇ ਪਵਿੱਤਰ ਤਿਉਹਾਰ ਹੈ। ਹੋਲੀ ਤੋਂ ਅਗਲੇ ਦਿਨ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹੋਲੇ ਮਹੱਲੇ ਦਾ ਵਿਸ਼ੇਸ਼ ਸਮਾਗਮ  ਅਤੇ ਖਾਲਸਾਈ ਜਾਹੋ ਜਲਾਲ ਦੇਖਣ ਲਈ ਪਹੁੰਚਦੀਆਂ ਹਨ। ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਅਤੇ ਉਤਸ਼ਾਹ ਦਾ ਪ੍ਰਤੀਕ ਹੈ ।ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਵਾਲੇ ਦਿਨ ਅਮ੍ਰਿਤ ਛਕਾ ਕੇ  ਉਸ ਸਮੇਂ ਦੇ ਜ਼ਾਲਮ ਰਾਜਿਆਂ ਦੇ ਜ਼ੁਲਮ ਨੂੰ ਖਤਮ ਕਰਨ ਲਈ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ।
                ਹੋਲੀ ਦੇ ਤਿਉਹਾਰ ਨੂੰ ਸਿਰਫ਼ ਰੰਗਾਂ ਨਾਲ ਖੇਡਦੇ ਹੋਏ ਮਨਾਇਆ ਜਾਂਦਾ ਸੀ। ਉਸ ਨੂੰ ਅਧਿਆਤਮਕ ਰੰਗ ਦੇਣ ਲਈ ਅਤੇ ਉਸ ਸਮੇਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਜ਼ੁਲਮ ਦੂਰ ਕਰਨ ਲਈ ਮੁਰਦਾ ਹੋ ਚੁੱਕੀਆਂ ਰੂਹਾਂ ਦੇ ਅੰਦਰ ਜੋਸ਼ ਅਤੇ ਉਤਸ਼ਾਹ ਪੈਦਾ ਕਰਨ ਲਈ  ਹੋਲਾ ਮਹੱਲਾ ਮਨਾਉਣਾ ਆਰੰਭਿਆ ਗਿਆ।ਉਸ ਸਮੇਂ ਦੇ  ਜਾਲਮ ਹਾਕਮਾਂ ਦੇ ਜਬਰ ਖਿਲਾਫ ਸੰਘਰਸ਼ ਕਰਨ ਤੇ ਕੌਮ ‘ਚ ਜੋਸ਼ ਪੈਦਾ ਕਰਨ ਲਈ ਹੋਲੀ  ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ‘ਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ। ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਦਲਾਂ ਵਿੱਚ ਸਾਸ਼ਤਰ ਵਿੱਦਿਆ ਦੇ ਜੌਹਰ ਦਿਖਾਉਂਦੇ ਹੋਏ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ  ਜੇਤੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਪਰੰਪਰਾ ਅਨੁਸਾਰ ਹੋਲਾ ਮਹੱਲਾ ਮਨਾਇਆ ਜਾਂਦਾ ਹੈ।
            ਜਦੋਂ ਹੋਲੇ ਮਹੱਲੇ ਦੇ ਇਕੱਠ ਨੂੰ ਜਲੂਸ ਦੇ ਰੂਪ ਵਿੱਚ ਕੱਢਿਆ ਜਾਂਦਾ ਹੈ ਤਾਂ ਉਸਦੇ ਅੱਗੇ-ਅੱਗੇ ਯੁੱਧ ਕਲਾ ਅਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਸਮੇਂ ਦੀ ਮੰਗ ਅਨੁਸਾਰ ਦਬੇ ਕੁਚਲੇ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਉਹਨਾਂ ਅੰਦਰ ਸਰੀਰਕ ਤੌਰ ‘ਤੇ ਵੀ ਜੋਸ਼ ਪੈਦਾ ਕਰਨ ਲਈ  ਨਵੇਂ ਸਾਧਨ ਅਪਣਾਏ ਗਏ।ਇਸ ਵਿੱਚ ਉਹਨਾਂ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਪ੍ਰਦਰਸ਼ਨ ਤੇ ਜ਼ੋਰ ਦਿੱਤਾ।ਇਸ ਆਦਰਸ਼ ਲਈ ਸ਼ਸਤਰਾਂ ਦਾ ਸਤਿਕਾਰ ਅਤੇ ਸਦਉਪਯੋਗ ਕਰਨ ਉੱਪਰ ਜ਼ੋਰ ਦਿੱਤਾ ਗਿਆ। ਇਸ ਬਦਲਾਅ ਤਰਕ ਨਾਲ ਹੀ ਖ਼ਾਲਸਾ ਪੰਥ ਵਿੱਚ ਹੋਲੇ ਮਹੱਲੇ ਦਾ ਪੁਰਬ ਮਨਾਇਆ ਜਾਣ ਲੱਗਾ।ਇਸ ਦਾ ਮੰਤਵ ਅਤੇ ਉਦੇਸ਼ ਸਿੱਖ ਕੌਮ ਵਿੱਚ ਬਹੁਤ ਉਸਾਰੂ ਅਤੇ ਸਾਰਥਕ ਸੇਧ ਦੇਣਾ ਸੀ ।
                         ਹਰੇਕ ਰੁੱਤ ਦੇ ਬਦਲਣ ‘ਤੇ ਆਪਣੇ ਦਿਲ ਦੇ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਭਾਰਤ ਵਿੱਚ ਸ਼ੁਰੂ ਤੋਂ ਹੀ ਕਈ ਤਿਉਹਾਰ ਨਿਸ਼ਚਿਤ ਕੀਤੇ ਹੋਏ ਹਨ। ਪਰ ਸਿੱਖ ਗੁਰੂਆਂ ਨੇ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿੱਚ ਨਵਾਂ ਪਰਿਵਰਤਨ ਲਿਆਉਣ ਲਈ ਗੁਰਮਤਿ ਸੱਭਿਆਚਾਰ ਸਿਰਜਿਆ ਤਾਂ ਜੋ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਹੋਲਾ ਮਹੱਲਾ ਵੀ ਇਸੇ ਦੀ ਸੂਚਕ ਹੈ। ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਮਨਾਉਣ ਆਈਆਂ ਸੰਗਤਾਂ ਦਾ ਉਤਸ਼ਾਹ ਵੇਖਣ ਵਾਲ਼ਾ ਹੁੰਦਾ ਹੈ।
               ਹੋਲੇ ਮਹੱਲੇ ਦੀਆਂ ਤਿਆਰੀਆਂ ਕਿੰਨਾਂ ਕਿੰਨਾਂ ਚਿਰ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਹਫ਼ਤਾ ਭਰ ਪੰਜਾਬ ਦੀਆਂ ਸਾਰੀਆਂ ਸੜਕਾਂ ਦੇ ਕਿਨਾਰਿਆਂ ਤੇ ਟੈਂਟ ਲਗਾ ਕੇ ਵੱਖ ਵੱਖ ਪਿੰਡਾਂ ਅਤੇ ਨਗਰਾਂ ਵੱਲੋਂ ਹੋਲੇ ਮੁਹੱਲੇ ਤੇ ਜਾਣ-ਆਉਣ ਵਾਲੀਆਂ ਸੰਗਤਾਂ ਦੀ ਸੁੱਖ ਸਹੂਲਤ ਲਈ ਵੱਖ ਵੱਖ ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਲੰਗਰ ਲਗਾਏ ਜਾਂਦੇ ਹਨ। ਲੰਗਰ ਵਰਤਾਉਣ ਵਾਲਿਆਂ ਵਿੱਚ ਉਤਸ਼ਾਹ ਵੇਖਣ ਵਾਲ਼ਾ ਹੁੰਦਾ ਹੈ।ਉਹ ਰਸਤੇ ਵਿੱਚ ਜਾਂਦੀਆਂ ਸੰਗਤਾਂ ਨੂੰ ਰੋਕ ਰੋਕ ਕੇ ਨਿਮਰਤਾ ਅਤੇ ਸ਼ਰਧਾ ਭਾਵਨਾ ਨਾਲ ਲੰਗਰ ਛਕਾਉਂਦੇ ਹਨ।ਹੋਲੇ ਮਹੱਲੇ ਦੇ ਮੇਲੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ।ਉੱਥੇ ਤਿਲ ਸੁੱਟਣ ਦੀ ਥਾਂ ਨਹੀਂ ਹੁੰਦੀ। ਲੋਕਾਂ ਨੂੰ ਆਪਣੇ ਵਾਹਨ ਕਿੰਨੀ ਕਿੰਨੀ ਦੂਰ ਖੜੇ ਕਰਕੇ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਜਾਣਾ ਪੈਂਦਾ ਹੈ।ਮੱਥਾ ਟੇਕਣ ਲਈ ਵੀ ਕਈ ਕਈ ਘੰਟੇ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈਂਦਾ ਹੈ। ਸੰਗਤਾਂ ਦੋ ਤਿੰਨ ਦਿਨ ਪਹਿਲਾਂ ਤੋਂ ਹੀ ਉੱਥੇ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਢਾਡੀ ਵਾਰਾਂ ਨਾਲ ਸਾਰਾ ਵਾਤਾਵਰਣ ਬੀਰ ਰਸ ਭਰਪੂਰ ਹੋ ਜਾਂਦਾ ਹੈ।ਹੋਲੇ ਮਹੱਲੇ ਵਾਲੇ ਦਿਨ ਪਰੰਪਰਾਗਤ ਤਰੀਕੇ ਨਾਲ ਗੱਤਕਾ, ਨੇਜ਼ੇ ਅਤੇ ਤਲਵਾਰਾਂ ਦੇ ਕਰਤੱਬ ਦਿਖਾਉਂਦੇ ਹੋਏ ਨਿਹੰਗ ਸਿੰਘ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਜਲੁਸ ਦੇ ਰੂਪ ਵਿੱਚ ਰੰਗ ਸੁੱਟਦੇ ਹਨ।ਇਸ ਤਰ੍ਹਾਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਹਰ ਸਾਲ ਹੋਲੇ ਮਹੱਲੇ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ ਜਾਂਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕਾਂ  ਅਤੇ ਐੱਸ ਐਮ ਸੀ ਕਮੇਟੀ ਦੇ ਮੈਂਬਰਾਂ ਵੱਲੋਂ  ਸ਼ਾਇਰ ਕੰਵਰ ਇਕਬਾਲ ਸਿੰਘ ਦਾ  ਵਿਸ਼ੇਸ਼ ਸਨਮਾਨ ਕੀਤਾ ਗਿਆ
Next articleਐੱਸ ਡੀ ਕਾਲਜ ਫਾਰ ਵੂਮੈਨ ‘ਚ ਵਿਸ਼ੇਸ਼ ਲੈਕਚਰ ਕਰਵਾਇਆ