(ਸਮਾਜ ਵੀਕਲੀ)- ਹਰਚੰਦ ਸਿਓਂ ਨੂੰ ਜਦੋਂ ਤੋਂ ਬੀਮਾਰੀ ਨੇ ਜ਼ਿਆਦਾ ਦਬੋਚ ਲਿਆ ਸੀ ਉਸ ਨੇ ਕੰਮ ਕਾਰ ਕਰਨਾ ਬੰਦ ਕਰ ਦਿੱਤਾ ਸੀ। ਉੰਝ ਤਾਂ ਉਸ ਕੋਲ ਕੋਈ ਕਮੀ ਨਹੀਂ ਸੀ , ਵੈਸੇ ਵੀ ਸਾਰੀ ਉਮਰ ਮਿਹਨਤ ਵੀ ਤਾਂ ਦੇਹ ਤੋੜ ਕੇ ਕੀਤੀ ਸੀ । ਹੁਣ ਪੈਸੇ ਵੱਲੋਂ ਤਾਂ ਉਸ ਨੂੰ ਕੋਈ ਕਮੀ ਨਹੀਂ ਸੀ। ਉਂਝ ਬੁਢਾਪੇ ਵਿੱਚ ਅਰਾਮ ਦੀ ਲੋੜ ਵੀ ਹੁੰਦੀ ਹੈ। ਉਸ ਦੀ ਕਬੀਲਦਾਰੀ ਵੀ ਨਜਿੱਠੀ ਗਈ ਸੀ। ਦੋਵੇਂ ਕੁੜੀਆਂ ਵਿਆਹੀਆਂ ਗਈਆਂ ਸਨ,ਉਹ ਆਪੋ ਆਪਣੇ ਘਰੀਂ ਸੌਖੀਆਂ ਸਨ। ਉਹਨਾਂ ਤੋਂ ਵੱਡੇ ਮੁੰਡੇ ਦੇ ਤਾਂ ਸੁੱਖ ਨਾਲ ਨਿਆਣੇ ਵੀ ਜਵਾਨੀ ਵਿੱਚ ਪੈਰ ਰੱਖਣ ਲੱਗ ਪਏ ਸਨ । ਉਹ ਜਲੰਧਰ ਵਧੀਆ ਸਰਕਾਰੀ ਅਫ਼ਸਰ ਲੱਗਿਆ ਹੋਇਆ ਸੀ। ਪਰ ਆਪਣੇ ਮਾਪਿਆਂ ਨੂੰ ਤਾਂ ਘੱਟ ਈ ਪੁੱਛਦਾ ਸੀ। ਬੁਢਾਪੇ ਵਿੱਚ ਮਾਪਿਆਂ ਦਾ ਔਲਾਦ ਤੇ ਜ਼ੋਰ ਵੀ ਤਾਂ ਨਹੀਂ ਚੱਲਦਾ। ਇਹ ਤਾਂ ਉਹਨਾਂ ਦੀ ਮਰਜ਼ੀ ਹੁੰਦੀ ਹੈ ਕਿ ਆਪਣੇ ਪਰਿਵਾਰ ਦੇ ਨਾਲ ਨਾਲ ਮਾਪਿਆਂ ਪ੍ਰਤੀ ਕਿਵੇਂ ਜ਼ਿੰਮੇਵਾਰੀ ਨਿਭਾਉਣੀ ਹੈ।
ਹਰਚੰਦ ਸਿਓਂ ਬਿਨਾਂ ਨਾਗਾ ਸ਼ਾਮ ਨੂੰ ਸੈਰ ਕਰਨ ਨਿਕਲ਼ ਜਾਂਦਾ ਸੀ। ਘਰ ਤੋਂ ਦੋ ਕੁ ਕਿਲੋਮੀਟਰ ਦੀ ਵਿੱਥ ਤੇ ਸਰਕਾਰੀ ਪਾਰਕ ਸੀ। ਉੱਥੇ ਉਸ ਵਰਗੇ ਹੋਰ ਬਜ਼ੁਰਗ ਵੀ ਨਿੱਤਾਪ੍ਰਤੀ ਸੈਰ ਕਰਨ ਆਉਂਦੇ ਸਨ। ਉੱਥੇ ਗੱਲਾਂ ਬਾਤਾਂ ਕਰਦਿਆਂ ਦੋ ਘੰਟੇ ਸੋਹਣੇ ਨਿਕਲ ਜਾਂਦੇ ਸਨ। ਕਦੇ ਕਦੇ ਕਿਸੇ ਬਜ਼ੁਰਗ ਨੇ ਨਾ ਆਉਣਾ ਤਾਂ ਪਤਾ ਲੱਗਣਾ ਕਿ ਫਲਾਣਾ ਆਪਣੇ ਵੱਡੇ ਪੁੱਤ ਕੋਲ਼ ਪੰਦਰਾਂ ਦਿਨਾਂ ਲਈ ਰਹਿਣ ਗਿਆ ਹੈ, ਫਲਾਣਾ ਅਗਲੇ ਮਹੀਨੇ ਆਊਗਾ।ਇਸ ਤਰ੍ਹਾਂ ਜਿਸ ਨੇ ਵੀ ਆਪਣੇ ਪੁੱਤ ਕੋਲ਼ ਜਾ ਕੇ ਆਉਣਾ ਆਪਣੀਆਂ ਆਪਣੀਆਂ ਗੱਲਾਂ ਸੁਣਾਉਣੀਆਂ। ਸ਼ਾਮ ਸਿੰਘ ਜੋ ਆਪਣੇ ਵੱਡੇ ਪੁੱਤਰ ਕੋਲ ਬਠਿੰਡੇ ਜਾ ਕੇ ਰਹਿ ਕੇ ਆਇਆ ਸੀ ,ਕਹਿਣ ਲੱਗਿਆ,” ਮੈਂ ਆਪਣੇ ਪੁੱਤ ਕੋਲ਼ ਬਠਿੰਡੇ ਗਿਆ….. ਨਿਆਣੇ ਬਾਹਲ਼ਾ ਈ ਚਾਅ ਕਰਦੇ ਨੇ…… ਆਉਣ ਈ ਨੀ ਦਿੰਦੇ ਸੀ…… ਮੈਂ ਤਾਂ ਪਿਛਲੇ ਹਫ਼ਤੇ ਈ ਆ ਜਾਣਾ ਸੀ….. ਬੱਸ…. ‘ਪਾਪਾ ਜੀ ਇੱਕ ਦਿਨ ਹੋਰ’….. ‘ਇੱਕ ਦਿਨ ਹੋਰ’…. ਕਰ ਕਰ ਕੇ ਸਹੁਰੀ ਦਿਆਂ ਨੇ ਇੱਕ ਹਫ਼ਤਾ ਹੋਰ ਲੰਘਾ ਦਿੱਤਾ।” ਨੇਕ ਸਿੰਘ ਉਸ ਦੀ ਗੱਲ ਸੁਣ ਕੇ ਆਪਣੀ ਗੱਲ ਕਰਨ ਲੱਗਿਆ,” ਮੇਰਾ ਛੋਟਾ ਮੁੰਡਾ……ਜਿਹੜਾ ਪਟਿਆਲੇ ਨੌਕਰੀ ਕਰਦਾ….. ਰੋਜ਼ ਈ ਫੋਨ ਕਰ ਦਿੰਦਾ ….. ਅਖੇ ਭਾਪਾ ਜੀ ਤੁਸੀਂ ਆਪ ਆਓਂਗੇ ਜਾਂ ਅਸੀਂ ਲੈਣ ਆਈਏ….?….. ਮੈਂ ਹੱਸ ਕੇ ਟਾਲ਼ ਛੱਡਦਾਂ…..ਪਰ ਜਿੱਦਣ ਲੈਣ ਆ ਗਏ…… ਫੇਰ ਜਾਣਾ ਈ ਪੈਣਾ….. ਮਹੀਨੇ ਤੋਂ ਪਹਿਲਾਂ ਨੀ ਭੇਜਦੇ ਵਾਪਸ ਫਿਰ ਮੈਨੂੰ……!” ਕਹਿ ਕੇ ਨੇਕ ਸਿੰਘ ਮੁਸਕਰਾ ਪਿਆ।
“ਮੈਂ ਵੀ ਪਿਛਲੇ ਮਹੀਨੇ….. ਚੰਡੀਗੜ੍ਹ ਤੋਂ ਬਹੁਤ ਔਖਾ ਮੁੜਿਆਂ…… ਨਿਆਣੇ ਸਹੁਰੀ ਦੇ ਤਿਓ ਈ ਐਨਾ ਕਰਦੇ ਆ…. ਸ਼ਾਮ ਨੂੰ ਤਾਂ ਜਾਣੀ ਉਹਨਾਂ ਦਾ ਦਿਨ ਚੜ੍ਹਨ ਲੱਗਦਾ….. ਜਿਓਂ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਉਂਦੇ ਆ….. ਸ਼ਾਮ ਨੂੰ ਘੁੰਮਣ ਨਿਕਲ਼ ਜਾਂਦੇ ਸੀ…… ਡੈਡੀ ਜੀ ਤੁਹਾਨੂੰ ਅਸੀਂ ਆਹ ਦਿਖਾ ਕੇ ਲਿਆਉਣਾ……. ਤੁਹਾਨੂੰ ਐਥੇ ਘੁੰਮਾ ਕੇ ਲਿਆਉਣਾ….. ਕਦੇ ਬਾਹਰ ਡਿਨਰ ਕਰਕੇ ਆਉਣਾ….. ਬਈ ਸੱਚ ਦੱਸਾਂ ਮੇਰਾ ਤਾਂ ਉੱਥੋਂ ਆਉਣ ਨੂੰ ਜੀਅ ਨੀ ਕਰਦਾ…… ਪਰ ….. ਫਿਰ ਇੱਥੇ ਵਾਲੇ ਜਵਾਕ ਓਦਰ ਜਾਂਦੇ ਨੇ……!” ਗੁਰਮੇਲ ਸਿੰਘ ਬੋਲਿਆ।
ਹਰਚੰਦ ਸਿਓਂ ਕੋਲ਼ ਬੈਠਾ ਸਾਰਿਆਂ ਦੀਆਂ ਗੱਲਾਂ ਦਾ ਅਨੰਦ ਮਾਣ ਰਿਹਾ ਸੀ ਪਰ ਉਸ ਕੋਲ ਦੱਸਣ ਲਈ ਕੁਝ ਨਹੀਂ ਸੀ ਕਿਉਂਕਿ ਉਸ ਦੇ ਪੁੱਤ ਨੇ ਨਾ ਤਾਂ ਕਦੇ ਉਸ ਨੂੰ ਆਪਣੇ ਕੋਲ ਜਾਣ ਲਈ ਕਿਹਾ ਸੀ ਤੇ ਨਾ ਹੀ ਉਸ ਦੇ ਜਵਾਕ ਕਦੇ ਇੱਥੇ ਆਉਂਦੇ ਸਨ , ਤਿਓ ਪਿਆਰ ਤਾਂ ਦੂਰ ਦੀ ਗੱਲ ਸੀ। ਪਰ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਥੋੜ੍ਹਾ ਨਾ ਦੱਸੀਆਂ ਜਾਂਦੀਆਂ ਨੇ… ਇਹ ਤਾਂ ਆਪਣਾ ਪੱਲਾ ਚੁੱਕ ਕੇ ਆਪਣਾ ਢਿੱਡ ਨੰਗਾ ਕਰਨ ਵਾਲ਼ੀ ਗੱਲ ਹੋਵੇਗੀ। ਉਂਝ ਜਦ ਉਸ ਦੀਆਂ ਧੀਆਂ ਤੇ ਦੋਹਤੇ ਦੋਹਤੀਆਂ ਛੁੱਟੀਆਂ ਵਿੱਚ ਚਾਰ ਦਿਨ ਰਹਿਣ ਆਉਂਦੇ ਸਨ ਤਾਂ ਉਹ ਆਪਣੇ ਦੋਹਤੇ ਦੋਹਤੀਆਂ ਨੂੰ ਪਾਰਕ ਵਿੱਚ ਨਾਲ਼ ਲੈ ਜਾਂਦਾ। ਜਦੋਂ ਨਿੱਕੇ ਬੱਚਿਆਂ ਨੇ ਆਪਣੇ ਨਾਨਾ ਜੀ ਦੇ ਦੋਸਤਾਂ ਨੂੰ ਹੱਥ ਜੋੜ ਜੋੜ ਕੇ ਸਤਿ ਸ੍ਰੀ ਆਕਾਲ ਬੁਲਾਉਣੀ ਤਾਂ ਸਾਰਿਆਂ ਨੇ ਆਖਣਾ,” ਹਰਚੰਦ ਸਿੰਘਾ….. ਭਾਈ….. ਆਹ ਤੁਹਾਡੇ ਨਿਆਣੇ ਤਾਂ ਬਹੁਤੇ ਈ ਪਿਆਰੇ ਆ….. ਕਿੰਨੇ ਅਕਲ ਵਾਲ਼ੇ ਨੇ….. ਕਿੰਨੀ ਸੋਹਣੀ ਤਰ੍ਹਾਂ ਵੱਡਿਆਂ ਦਾ ਸਤਿਕਾਰ ਕਰਦੇ ਨੇ….!” ਹਰਚੰਦ ਸਿਓਂ ਦਾ ਐਨੀ ਗੱਲ ਸੁਣ ਕੇ ਸੀਨਾ ਚੌੜਾ ਹੋ ਜਾਣਾ।
ਇੱਕ ਦਿਨ ਹਰਚੰਦ ਸਿਓਂ ਦਾ ਪੁੱਤਰ ਉਸ ਨੂੰ ਮਿਲ਼ਣ ਆਇਆ ਤਾਂ ਆਪਣੇ ਮਿੱਤਰਾਂ ਵਾਂਗ ਉਸ ਦਾ ਮਨ ਵੀ ਕਰ ਆਇਆ ਕਿ ਉਹ ਵੀ ਕੁਝ ਦਿਨ ਆਪਣੇ ਪੁੱਤ ਤੇ ਉਸ ਦੇ ਪਰਿਵਾਰ ਵਿੱਚ ਰਹਿ ਕੇ ਆਵੇ। ਹਰਚੰਦ ਸਿਓਂ ਦੀ ਪਤਨੀ ਨੇ ਤਾਂ ਜਾਣ ਲਈ ਹਾਮੀ ਨਹੀਂ ਭਰੀ ਕਿਉਂ ਕਿ ਉਸ ਨੂੰ ਉਹਨਾਂ ਦੇ ਸੁਭਾਅ ਦਾ ਪਤਾ ਸੀ। ਹਰਚੰਦ ਸਿਓਂ ਨੇ ਫਟਾਫਟ ਆਪਣੇ ਕੱਪੜਿਆਂ ਦੇ ਪੰਜ ਸੱਤ ਜੋੜੇ ਥੈਲੇ ਵਿੱਚ ਪਾ ਕੇ ਉਸ ਦੀ ਕਾਰ ਵਿੱਚ ਰੱਖ ਲਏ ਕਿਉਂ ਕਿ ਉਸ ਕੋਲ ਕਈ ਦਿਨ ਰਹਿ ਕੇ ਆਉਣ ਦਾ ਮਨ ਬਣਾਇਆ ਹੋਇਆ ਸੀ। ਜਿਵੇਂ ਹੀ ਉਹ ਉੱਥੇ ਗਿਆ ਤਾਂ ਉਸ ਦੇ ਬੱਚਿਆਂ ਨੂੰ ਆਪਣੇ ਦਾਦੇ ਦੇ ਆਉਣ ਦਾ ਕੋਈ ਚਾਅ ਨਹੀਂ ਸੀ। ਉਸ ਦੇ ਮੁੰਡੇ ਨੇ ਆਪਣੇ ਆਪ ਹੀ ਘਰ ਵਿੱਚ ਮਹਿਮਾਨਾਂ ਵਾਲ਼ੇ ਕਮਰੇ ਵਿੱਚ ਉਸ ਦੇ ਕੱਪੜਿਆਂ ਦਾ ਥੈਲਾ ਰੱਖ ਕੇ ਆਖਿਆ,”ਪਾਪਾ ਜੀ….. ਤੁਸੀਂ ਇਸ ਕਮਰੇ ਵਿੱਚ ਰਹੋਗੇ…. ਆਹ ਅਲਮਾਰੀ ਵਿੱਚ ਤੁਹਾਡੇ ਕੱਪੜੇ ਪਏ ਨੇ….!” ਉਸ ਨੇ ਸਿਰ ਹਿਲਾ ਕੇ ‘ਹਾਂ’ ਦਾ ਹੁੰਗਾਰਾ ਤਾਂ ਦੇ ਦਿੱਤਾ,’ਪਰ ਪਰਿਵਾਰ ਵਿੱਚ ਕਿਉਂ ਨਹੀਂ’ ,ਇਹ ਗੱਲ ਪੁੱਛਦਾ ਪੁੱਛਦਾ ਰੁਕ ਗਿਆ।
ਹਰਚੰਦ ਸਿਓਂ ਨੂੰ ਚਾਹ ਜ਼ਿਆਦਾ ਪੀਣ ਦੀ ਆਦਤ ਸੀ।ਉਸ ਨੇ ਆਪਣੀ ਨੂੰਹ ਨੂੰ ਦੂਜੇ ਦਿਨ…. ਸਵੇਰੇ ਦਸ ਕੁ ਵਜੇ ਚਾਹ ਬਣਾ ਕੇ ਦੇਣ ਲਈ ਆਖਿਆ ਤਾਂ ਉਹ ਆਖਣ ਲੱਗੀ,”ਪਾਪਾ ਜੀ….. ਤੁਹਾਡੀਆਂ ਤਾਂ ਆਦਤਾਂ ਬੜੀਆਂ ਖ਼ਰਾਬ ਨੇ….. ਹਜੇ ਸਵੇਰੇ ਚਾਹ ਪੀਤੀ ਏ… ਤੇ ਹੁਣ ਦਸ ਵਜੇ ਫੇਰ ਮੰਗਣ ਲੱਗ ਪਏ….. ਅਸੀਂ ਤਾਂ ਇੱਕ ਵਾਰ ਸਵੇਰੇ ਤੇ ਇੱਕ ਵਾਰ ਸ਼ਾਮ ਨੂੰ ਪੀਂਦੇ ਆਂ…..!” ਹਰਚੰਦ ਸਿਓਂ ਸੁਣ ਕੇ ਚੁੱਪ ਹੋ ਗਿਆ। ਹਰਚੰਦ ਸਿਓਂ ਇਕੱਲਾ ਬੈਠਾ ਬੋਰ ਹੋ ਰਿਹਾ ਸੀ ਕਿ ਉਸ ਨੇ ਆਪਣੀ ਪਤਨੀ ਨੂੰ ਫ਼ੋਨ ਕਰਕੇ ਉਸ ਦਾ ਹਾਲ ਚਾਲ ਪੁੱਛਣ ਲਈ ਗੱਲ ਕਰ ਲਈ। ਸ਼ਾਮ ਨੂੰ ਮੁੰਡਾ ਆਖਣ ਲੱਗਿਆ,” ਪਾਪਾ ਜੀ…. ਹਜੇ ਤੁਸੀਂ ਕੱਲ੍ਹ ਆਏ ਓਂ…… ਅੱਜ ਬੀਬੀ ਜੀ ਨੂੰ ਫ਼ੋਨ ਕਰਨ ਦੀ ਕੀ ਲੋੜ ਪੈ ਗਈ ਸੀ…… ਨਹੀਂ ਸਰਦਾ ਤਾਂ ਆਉਣਾ ਈ ਨੀ ਸੀ…. ਫੋਨ ਦਾ ਬਿਲ ਪਤਾ ਕਿੰਨਾ ਆਉਂਦਾ ….?” ਹਰਚੰਦ ਸਿਓਂ ਦਾ ਦਿਲ ਕਰੇ ਕਿ ਹੁਣੇ ਉੱਥੋਂ ਭੱਜ ਜਾਵੇ,ਪਰ ਕੁਝ ਕਰ ਵੀ ਤਾਂ ਨੀ ਸਕਦਾ ਸੀ। ਉਸ ਦਾ ਪੋਤਾ ਤੇ ਪੋਤੀ ਜੋ ਜੁਆਨ ਸਨ, ਉਹਨਾਂ ਨੂੰ ਤਾਂ ਦਾਦੇ ਦੇ ਆਉਣ ਨਾਲ ਕੋਈ ਮਤਲਬ ਈ ਨਹੀਂ ਸੀ ਕਿਉਂਕਿ ਉਹ ਤਾਂ ਆਪਣੀ ਹੀ ਦੁਨੀਆਂ ਵਿੱਚ ਮਸਤ ਸਨ। ਜਾਂ ਤਾਂ ਉਹ ਆਪਣੇ ਆਪਣੇ ਕਮਰੇ ਵਿੱਚ ਬੈਠੇ ਰਹਿੰਦੇ ਸਨ ਜਾਂ ਆਪਣੇ ਦੋਸਤਾਂ ਨਾਲ਼ ਘੁੰਮਣ ਫਿਰਨ ਨਿਕਲ਼ ਜਾਂਦੇ ਸਨ।
ਰਾਤ ਨੂੰ ਸਾਰੇ ਜਣੇ ਡਾਈਨਿੰਗ ਟੇਬਲ ਤੇ ਰੋਟੀ ਖਾਣ ਲਈ ਬੈਠਣ ਲੱਗ ਪਏ ਤਾਂ ਹਰਚੰਦ ਸਿਓਂ ਵੀ ਹੱਥ ਧੋ ਕੇ ਡਾਈਨਿੰਗ ਟੇਬਲ ਵੱਲ ਨੂੰ ਵਧਣ ਲੱਗਿਆ ਤਾਂ ਰਸੋਈ ਵਿੱਚੋਂ ਹੀ ਉਸ ਦੀ ਨੂੰਹ ਨੇ ਆਪਣੀ ਧੀ ਨੂੰ ਹਾਕ ਮਾਰੀ,” ਸੋਨੀਆ….. ਆਹ…… ਪਾਪਾ ਜੀ ਦੀ ਰੋਟੀ ਦੀ ਥਾਲੀ ਉਹਨਾਂ ਨੂੰ ਫੜਾ ਆ…… ਉਹ ਆਪਣੇ ਕਮਰੇ ਵਿੱਚ ਬਹਿ ਕੇ ਈ ਰੋਟੀ ਖਾ ਲੈਣਗੇ।” ਇਹ ਸੁਣ ਕੇ ਹਰਚੰਦ ਸਿਓਂ ਆਪਣੇ ਆਪ ਨੂੰ ਐਥੇ ਆਉਣ ਲਈ ਲਾਹਣਤਾਂ ਪਾ ਰਿਹਾ ਸੀ।
ਅਗਲੀ ਸਵੇਰੇ ਜਦ ਮੁੰਡਾ ਆਫਿਸ ਜਾਣ ਲੱਗਿਆ ਤਾਂ ਹਰਚੰਦ ਸਿਓਂ ਨੇ ਦਵਾਈ ਦਾ ਇੱਕ ਖਾਲੀ ਪੱਤਾ ਦਿੰਦੇ ਹੋਏ ਕਿਹਾ,” ਪੁੱਤ…… ਮੇਰੀ ਦਵਾਈ ਦੀਆਂ ਆਹ ਗੋਲੀਆਂ ਮੁੱਕੀਆਂ ਹੋਈਆਂ ਨੇ……ਵਾਪਸੀ ਆਉਂਦਾ ਹੋਇਆ, ਚਾਰ ਗੋਲੀਆਂ ਇਹਦੇ ਨਾਲ ਦੀਆਂ ਲਿਆ ਦੇਈਂ…..!”
“ਪਾਪਾ ਜੀ…… ਜਦ ਆਪਣੇ ਕੱਪੜੇ ਫਟਾਫਟ ਬੈਗ ਵਿੱਚ ਪਾਏ ਸੀ…… ਓਦੋਂ ਦਵਾਈ ਦਾ ਵੀ ਧਿਆਨ ਕਰ ਲੈਣਾ ਸੀ….. ਜਦ ਤਾਂ ਕਾਰ ਵਿੱਚ ਬੈਠਣ ਦੀ ਕਾਹਲੀ ਸੀ….!” ਹਰਚੰਦ ਸਿਓਂ ਦਾ ਮੁੰਡਾ ਖਿੱਝ ਕੇ ਗੁੱਸੇ ਵਿੱਚ ਬੋਲਿਆ। ਕੋਲ਼ ਖੜ੍ਹੇ ਉਸ ਦੇ ਨਿਆਣੇ ਮਜ਼ਾਕ ਉਡਾਉਂਦੇ ਹੋਏ ਇੱਕ ਦਮ ਹੱਸ ਪਏ। ਹਰਚੰਦ ਸਿਓਂ ਨੇ ਆਪਣੀ ਬਹੁਤ ਹੱਤਕ ਮੰਨੀ। ਹੁਣ ਉਹ ਉੱਥੇ ਹੋਰ ਰਹਿ ਕੇ ਆਪਣੀ ਹੋਰ ਬੇਜ਼ਤੀ ਨਹੀਂ ਕਰਵਾਉਣੀ ਚਾਹੁੰਦਾ ਸੀ।
ਉਸ ਨੇ ਉੱਥੋਂ ਆਪਣੇ ਘਰ ਆਉਣ ਵਿੱਚ ਹੀ ਭਲਾਈ ਸਮਝੀ….ਆਪਣਾ ਸਮਾਨ ਇਕੱਠਾ ਕਰਕੇ, ਇੱਕ ਹੱਥ ਵਿੱਚ ਆਪਣੀ ਖੁੰਡੀ ਫੜੀ ਤੇ ਦੂਜੇ ਹੱਥ ਵਿੱਚ ਆਪਣੇ ਕੱਪੜਿਆਂ ਦਾ ਥੈਲਾ ਫੜੀ ਬਿਨਾਂ ਕਿਸੇ ਨੂੰ ਦੱਸੇ ਉੱਥੋਂ ਨਿਕਲ਼ ਪਿਆ। ਅੰਦਰੋਂ ਉਸ ਦੇ ਕੰਨੀਂ ਅਵਾਜ਼ ਪਈ,” ਮੰਮਾ….. ਮੈਨੂੰ ਲੱਗਦਾ…..
ਦਾਦਾ ਜੀ ਜਾ ਰਹੇ ਨੇ…..!”
“ਜਾਣ ਦੇ ਪਰ੍ਹੇ …… ਅਸੀਂ ਕੀ ਇਹਦੇ ਤੋਂ ਕੋਹਲੂ ਗਿੜਵਾਉਣਾ….!” ਆਪਣੀ ਨੂੰਹ ਦੇ ਇਹ ਬੋਲ ਸੁਣ ਕੇ ਉਹ ਆਪਣੇ ਆਪ ਨਾਲ ਅੰਦਰੋਂ ਅੰਦਰੀ ਲੜਦਾ ਹੋਇਆ ਬੱਸ ਚੜ੍ਹ ਕੇ ਘਰ ਵਾਪਸ ਆ ਗਿਆ । ਉਹ ਉਸ ਵੇਲੇ ਨੂੰ ਯਾਦ ਕਰ ਕੇ ਪਛਤਾ ਰਿਹਾ ਸੀ ਜਦੋਂ ਉਸ ਨੇ ਆਪਣੀ ਹੀ ਜਵਾਕਾਂ ਵਰਗੀ ਜ਼ਿੱਦ ਅੱਗੇ ਝੁਕ ਕੇ ਉਸ ਕੋਲ ਜਾਣ ਦਾ ਫੈਸਲਾ ਕੀਤਾ ਸੀ । ਹਰਚੰਦ ਸਿੰਘ ਦੀ ਪਤਨੀ ਉਸ ਦੇ ਤੀਜੇ ਦਿਨ ਹੀ ਘਰ ਮੁੜ ਆਉਣ ਦਾ ਕਾਰਨ ਸਮਝ ਜਾਂਦੀ ਹੈ ਤੇ ਉਸ ਨੂੰ ਚੁੱਪ ਚਾਪ ਬੈਠੇ ਨੂੰ ਕਹਿੰਦੀ ਹੈ,” ਚੱਲੋ ਕੋਈ ਨਾ….. ਤੁਹਾਨੂੰ ਹੁਣ ਪਛਤਾਉਣ ਦੀ ਲੋੜ ਨਹੀਂ….. ਬਹੁਤ ਦੇਰ ਤੋਂ ਤੁਹਾਡਾ ਉਸ ਕੋਲ ਜਾ ਕੇ ਰਹਿਣ ਦਾ ਬਹੁਤ ਮਨ ਸੀ….. ਤੁਸੀਂ ਉਸ ਕੋਲ ਰਹਿ ਕੇ ਆਪਣੇ ਮਨ ਦਾ ਭਰਮ ਦੂਰ ਕਰ ਲਿਆ….. ਸੁਣੋ!ਆਪਣੇ ਕੋਲ ਰੱਬ ਦਾ ਦਿੱਤਾ ਹੋਇਆ ਸਭ ਕੁਝ ਹੈ….. ਜੇ ਉਹਨਾਂ ਨੂੰ ਲੋੜ ਹੋਊ ….. ਆਪੇ ਆ ਕੇ ਮਿਲ ਜਾਇਆ ਕਰਨਗੇ… !” ਹਰਚੰਦ ਸਿਓਂ ਆਪਣੀ ਪਤਨੀ ਦੇ ਦੋ ਪਿਆਰ ਭਰੇ ਬੋਲ ਸੁਣ ਕੇ, ਉਸ ਵੱਲ ਤੱਕ ਕੇ ਮੁਸਕਰਾ ਪੈਂਦਾ ਹੈ ਤੇ ਉਸ ਨੂੰ ਉਹਨਾਂ ਦੁਆਰਾ ਕੀਤੀ ਸਾਰੀ ਬੇਜ਼ਤੀ ਭੁੱਲ ਜਾਂਦੀ ਹੈ ਤੇ ਸੋਚਦਾ ਹੈ ਕਿਸੇ ਤੋਂ ਬਹੁਤੀ ਆਸ ਨਾ ਰੱਖ ਕੇ ਜਿਊਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly