(ਸਮਾਜ ਵੀਕਲੀ)
ਬਲਵੰਤ ਸਿੰਘ ਸ਼ਹਿਰ ਦਾ ਇੱਕ ਚੰਗਾ ਅਮੀਰ ਵਿਅਕਤੀ ਸੀ। ਉਹ ਸ਼ਹਿਰ ਦਾ ਕੱਪੜੇ ਦਾ ਇੱਕ ਵੱਡਾ ਵਪਾਰੀ ਸੀ। ਪਤਨੀ ਮਨਜੀਤ ਵੀ ਪੜੀ ਲਿਖੀ ਚੰਗੇ ਅਮੀਰ ਘਰ ਦੀ ਧੀ ਸੀ। ਲੋਕੀ ਕਹਿੰਦੇ ਸਨ ਕਿ ਪਹਿਲਾਂ ਤਾਂ ਬਲਵੰਤ ਸਿੰਘ ਦੀ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਰ ਜਦੋਂ ਤੋਂ ਮਨਜੀਤ ਨੇ ਉਸ ਘਰ ਵਿੱਚ ਪੈਰ ਪਾਇਆ ਸੀ ਬਲਵੰਤ ਦਾ ਕੰਮ ਦਿਨ ਬ ਦਿਨ ਚੜ੍ਹਦਾ ਹੀ ਗਿਆ ਸੀ। ਉਹਨਾਂ ਦੇ ਔਲਾਦ ਦੋ ਕੁੜੀਆਂ ਤੇ ਇੱਕ ਪੁੱਤਰ ਸੀ। ਪਰਿਵਾਰ ਬਹੁਤ ਸੋਹਣਾ ਅਤੇ ਖੁਸ਼ਹਾਲ ਸੀ। ਘਰ ਵਿੱਚ ਕੰਮ ਕਰਨ ਲਈ ਨੌਕਰ ਚਾਕਰ ਸਨ। ਉਹਨਾਂ ਦਾ ਪੁੱਤਰ ਬਾਰ੍ਹਵੀਂ ਕਰਕੇ ਵਿਦੇਸ਼ ਪੜ੍ਹਾਈ ਕਰਨ ਚਲਿਆ ਗਿਆ। ਉਸ ਤੋਂ ਵੱਡੀਆਂ ਦੋਵੇਂ ਧੀਆਂ ਇੱਥੇ ਹੀ ਕਾਲਜ ਵਿੱਚ ਬੀ ਏ ਦੀ ਪੜ੍ਹਾਈ ਕਰ ਰਹੀਆਂ ਸਨ। ਉਹਨਾਂ ਨੂੰ ਕਾਲਜ ਛੱਡਣ ਅਤੇ ਲਿਆਉਣ ਲਈ ਕਾਰ ਅਤੇ ਡਰਾਈਵਰ ਅਲੱਗ ਤੋਂ ਰੱਖਿਆ ਹੋਇਆ ਸੀ। ਉਹਨਾਂ ਦਾ ਨਾਂ ਸ਼ਹਿਰ ਦੇ ਅਮੀਰ ਘਰਾਣਿਆਂ ਵਿੱਚ ਸ਼ਾਮਿਲ ਸੀ।
ਉਹਨਾਂ ਦਾ ਪੁੱਤਰ ਕਰਨ ਦੋ ਸਾਲ ਬਾਅਦ ਆਪਣੀਆਂ ਭੈਣਾਂ ਦੇ ਵਿਆਹਾਂ ਵਿੱਚ ਸ਼ਾਮਲ ਹੋਣ ਲਈ ਆਇਆ। ਭੈਣਾਂ ਦੇ ਵਿਆਹਾਂ ਤੋਂ ਬਾਅਦ ਉਸ ਦੇ ਦੋਸਤਾਂ ਨੇ ਉਸ ਨਾਲ਼ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ ਤੇ ਉਹ ਦੋਸਤਾਂ ਨਾਲ ਘੁੰਮਣ ਚਲਿਆ ਗਿਆ। ਰੱਬ ਦੀ ਕਰਨੀ ਐਸੀ ਹੋਈ ਕਿ ਉਹ ਅਤੇ ਉਸ ਦੇ ਦੋਸਤ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਮਾਰੇ ਗਏ। ਬਲਵੰਤ ਸਿੰਘ ਤੇ ਮਨਜੀਤ ਕੌਰ ਬੁਰੀ ਤਰ੍ਹਾਂ ਟੁੱਟ ਗਏ ਸਨ। ਇਕਲੌਤੇ ਪੁੱਤ ਦੀ ਮੌਤ ਦੇ ਸਦਮੇ ਕਾਰਨ ਮਨਜੀਤ ਨੇ ਤਾਂ ਮੰਜੀ ਹੀ ਫੜ ਲਈ ਸੀ। ਛੇ ਕੁ ਮਹੀਨੇ ਬਾਅਦ ਉਹ ਵੀ ਚੱਲ ਵਸੀ। ਬਲਵੰਤ ਇਕੱਲਾ ਰਹਿ ਗਿਆ ਸੀ ਪਰ ਕੁੜੀਆਂ ਉਸ ਦਾ ਧਿਆਨ ਰੱਖਦੀਆਂ ਸਨ। ਉਹ ਵਾਰੀ ਵਾਰੀ ਆ ਕੇ ਆਪਣੇ ਪਿਓ ਕੋਲ਼ ਰਹਿ ਜਾਂਦੀਆਂ ਸਨ। ਇਸੇ ਤਰ੍ਹਾਂ ਦੋ ਸਾਲ ਬੀਤ ਗਏ ਸਨ।
ਦੋ ਸਾਲ ਬਾਅਦ ਇੱਕ ਦਿਨ ਬਲਵੰਤ ਨੇ ਆਪਣੀਆਂ ਦੋਹਾਂ ਧੀਆਂ ਨੂੰ ਬੁਲਾਇਆ ਤੇ ਕਿਹਾ,”ਪੁੱਤਰ…. ਤੁਸੀਂ ਦੋਵਾਂ ਨੇ ਆਪਣੇ ਆਪਣੇ ਘਰ ਵੀ ਦੇਖਣੇ ਹਨ…… ਪਰ ਤੁਸੀਂ ਮੇਰੀ ਚਿੰਤਾ ਵਿੱਚ ਕਦੇ ਇਧਰ ਨੂੰ ਭੱਜਦੀਆਂ ਹੋ ਕਦੇ ਆਪਣੇ ਘਰ ਨੂੰ……ਇਸ ਲਈ ਮੈਂ ਮੀਨਾ ( ਇੱਕ ਪ੍ਰਵਾਸੀ ਔਰਤ ਜੋ ਉਸ ਦੇ ਸ਼ੋਅ ਰੂਮ ਵਿੱਚ ਨੌਕਰਾਣੀ ਸੀ) ਨਾਲ਼ ਵਿਆਹ ਕਰਨ ਦਾ ਫੈਸਲਾ ਲਿਆ ਹੈ। ” ਇਹ ਸੁਣ ਕੇ ਦੋਵੇਂ ਧੀਆਂ ਨੇ ਵਿਰੋਧ ਜਤਾਇਆ ਪਰ ਬਲਵੰਤ ਦੀ ਤਾਂ ਮੱਤ ਮਾਰੀ ਗਈ ਸੀ।ਉਸ ਨੇ ਤਾਂ ਆਪਣਾ ਫ਼ੈਸਲਾ ਸੁਣਾਇਆ ਸੀ। ਘਰ ਵਿੱਚ ਮੀਨਾ ਆ ਗਈ ਤੇ ਧੀਆਂ ਦਾ ਆਉਣਾ ਬੰਦ ਹੋ ਗਿਆ। ਨਾ ਮੀਨਾ ਧੀਆਂ ਨੂੰ ਚੰਗਾ ਸਮਝਦੀ ਸੀ ਤੇ ਨਾ ਦੋਵੇਂ ਕੁੜੀਆਂ ਨੂੰ ਮੀਨਾ ਦਾ ਆਪਣੀ ਮਾਂ ਦੀ ਜਗ੍ਹਾ ਲੈ ਲੈਣਾ ਪਸੰਦ ਸੀ।
ਰੱਬ ਦੀ ਕਰਨੀ ਐਸੀ ਹੋਈ ਕਿ ਮਹੀਨੇ ਬਾਅਦ ਹੀ ਰਾਤ ਨੂੰ ਉਸ ਦੇ ਸ਼ੋਅ ਰੂਮ ਵਿੱਚ ਚੋਰੀ ਹੋ ਗਈ।ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਉਹ ਹਜੇ ਉਸ ਨੁਕਸਾਨ ਤੋਂ ਉਭਰਿਆ ਵੀ ਨਹੀਂ ਸੀ ਕਿ ਦੋ ਕੁ ਮਹੀਨਿਆਂ ਬਾਅਦ ਇੱਕ ਦਿਨ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਤੇ ਕਰੋੜਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ। ਉਸ ਨੇ ਮੀਨਾ ਨਾਲ ਵਿਆਹ ਕੀ ਕਰਵਾਇਆ ਸੀ ਕਿ ਉਸ ਦੇ ਦਿਨ ਹੀ ਪੁੱਠੇ ਆ ਗਏ ਸਨ। ਉਸ ਨੇ ਆਪਣੀ ਜਾਇਦਾਦ ਵੇਚ ਕੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੀਤਾ ਉਸ ਵਿੱਚ ਵੀ ਉਸ ਨੂੰ ਘਾਟਾ ਹੀ ਪੈਂਦਾ ਗਿਆ। ਇੱਕ ਸਾਲ ਦੇ ਅੰਦਰ ਅੰਦਰ ਉਸ ਦੀਆਂ ਕਾਰਾਂ ਕੋਠੀਆਂ ਸਭ ਕੁਝ ਵਿਕ ਗਿਆ। ਹੁਣ ਸਿਰਫ਼ ਰਿਹਾਇਸ਼ ਵਾਲ਼ਾ ਘਰ ਹੀ ਰਹਿ ਗਿਆ ਸੀ। ਸਭ ਕੁਝ ਉਸ ਦਾ ਬਰਬਾਦ ਹੋ ਚੁੱਕਿਆ ਸੀ। ਮੀਨਾ ਨੇ ਵਿਆਹ ਤਾਂ ਅਮੀਰੀ ਕਰਕੇ ਕਰਵਾਇਆ ਸੀ ਜਦ ਉਹ ਅਮੀਰੀ ਨਾ ਰਹੀ ਤਾਂ ਮੀਨਾ ਨੇ ਵੀ ਕਿੱਥੇ ਰਹਿਣਾ ਸੀ। ਉਸ ਨੇ ਰਿਹਾਇਸ਼ ਵਾਲੀ ਕੋਠੀ ਵਿੱਚੋਂ ਅੱਧੀ ਕੋਠੀ ਲੈ ਕੇ ਵੇਚ ਕੇ ਤੁਰਦੀ ਬਣੀ।
ਬਲਵੰਤ ਵਿਹੜੇ ਵਿੱਚ ਬੈਠਾ ਮਨਜੀਤ ਬਾਰੇ ਸੋਚ ਰਿਹਾ ਸੀ ਕਿ ਜਦ ਉਹ ਵਿਆਹੀ ਆਈ ਸੀ ਤਾਂ ਕਿਵੇਂ ਉਹ ਇੱਕ ਛੋਟੇ ਜਿਹੇ ਕਾਰੋਬਾਰੀ ਤੋ ਦੇਖਦੇ ਹੀ ਦੇਖਦੇ ਧਨਾਢ ਸੇਠ ਬਣ ਗਿਆ ਸੀ ਤੇ ਮੀਨਾ ਉਸ ਦੀ ਜ਼ਿੰਦਗੀ ਵਿੱਚ ਹਨੇਰੀ ਵਾਂਗ ਆਈ ਜੋ ਉਸ ਦਾ ਭਰਿਆ ਭਰਾਇਆ ਕਾਰੋਬਾਰ ਸਵਾਹ ਕਰਕੇ ਚਲੀ ਗਈ ਸੀ। ਉਹ ਮਨਜੀਤ ਦੀ ਫੋਟੋ ਮੂਹਰੇ ਹੱਥ ਬੰਨ੍ਹ ਕੇ ਖੜ੍ਹਾ ਉਸ ਤੋਂ ਮੁਆਫ਼ੀ ਮੰਗ ਰਿਹਾ ਸੀ,”ਮਨਜੀਤ….. ਮੈਂ ਤੇਰੀ ਕਿਸਮਤ ਬਹੁਤ ਦੇਰ ਖਾਧੀ ਹੈ….. ਪਰ ਮੈਂ ਤਾਂ ਮੀਨਾ ਦੇ ਆਉਂਦਿਆਂ ਹੀ ਤੈਨੂੰ ਤੇ ਤੇਰੇ ਪੁੱਤ ਧੀਆਂ ਨੂੰ ਭੁੱਲ ਗਿਆ ਸੀ….. ਮਨਜੀਤ ਮੈਨੂੰ ਮੁਆਫ਼ ਕਰ ਦੇ….।” ਉਸ ਨੂੰ ਜਾਪਿਆ ਜਿਵੇਂ ਮਨਜੀਤ ਦੀ ਫੋਟੋ ਮੁਸਕਰਾ ਕੇ ਉਸ ਦਾ ਮਜ਼ਾਕ ਉਡਾ ਰਹੀ ਹੋਵੇ….। ਫਿਰ ਉਹ ਆਪਣੀਆਂ ਧੀਆਂ ਨੂੰ ਫ਼ੋਨ ਲਗਾ ਕੇ ਉਹਨਾਂ ਤੋਂ ਮੁਆਫ਼ੀ ਮੰਗਣੀ ਚਾਹੁੰਦਾ ਸੀ ਪਰ ਉਸ ਦੀ ਹਿੰਮਤ ਨਾ ਪਈ। ਉਸ ਨੇ ਉਹ ਕੋਠੀ ਵੇਚ ਕੇ ਦੋਹਾਂ ਧੀਆਂ ਦੇ ਨਾਂਅ ਅੱਧਾ ਅੱਧਾ ਪੈਸਾ ਕਰਵਾ ਕੇ ਆਪ ਕਿਸੇ ਨੂੰ ਵੀ ਦੱਸੇ ਬਿਨਾਂ ਕਿਸੇ ਗੁੰਮਨਾਮ ਜਗ੍ਹਾ ਚਲਿਆ ਗਿਆ।
ਜੇ ਉਹ ਪਹਿਲਾਂ ਹੀ ਸਦਾਚਾਰਕ ਜੀਵਨ ਬਤੀਤ ਕਰਦਾ ਹੋਇਆ ਸਬਰ ਨਾਲ ਜ਼ਿੰਦਗੀ ਬਸਰ ਕਰਦਾ ਤਾਂ ਉਸ ਨੂੰ ਇਹ ਜ਼ਹਾਲਤ ਭਰੀ ਜ਼ਿੰਦਗੀ ਜਿਊਣ ਤੇ ਮਜਬੂਰ ਨਾ ਹੋਣਾ ਪੈਂਦਾ। ਸਬਰ ਸਿਦਕ ਨਾਲ ਜ਼ਿੰਦਗੀ ਬਤੀਤ ਕਰਨਾ ਹੀ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ ਤੇ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly