ਏਹੁ ਹਮਾਰਾ ਜੀਵਣਾ ਹੈ -536

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)- ਸਾਡੇ ਪੰਜਾਬ ਦੇ ਇਤਿਹਾਸ ਨੂੰ ਗਹੁ ਨਾਲ ਫ਼ਰੋਲ ਕੇ ਦੇਖੀਏ ਤਾਂ ਇਸ ਵਿੱਚ ਪੰਜਾਬੀ ਲੋਕਾਂ ਦੀ ਤਸਵੀਰ ਉੱਦਮੀ, ਕਾਰਜਸ਼ੀਲ,ਹੱਡ ਭੰਨਵੀਂ ਮਿਹਨਤ ਕਰਨ ਵਾਲੇ ਅਤੇ ਰਿਸ਼ਟ ਪੁਸ਼ਟ ਵਜੋਂ ਨਜ਼ਰ ਆਉਂਦੀ ਹੈ। ਵਿਸ਼ਵੀਕਰਨ ਹੋਣ ਕਰਕੇ ਲੋਕਾਂ ਦੇ ਰੁਝਾਨ ਵੀ ਬਦਲ ਰਹੇ ਹਨ। ਪੰਜਾਬੀਆਂ ਉੱਪਰ ਹੋਰ ਰਾਜਾਂ ਅਤੇ ਦੇਸ਼ਾਂ ਦੇ ਲੋਕਾਂ ਅਸਰ ਪੈ ਰਿਹਾ ਹੈ ਜਿਸ ਕਰਕੇ ਪੰਜਾਬੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਤੌਰ ਤਰੀਕੇ ਬਦਲ ਰਹੇ ਹਨ। ਪੁਰਾਣੇ ਪੰਜਾਬੀ ਸਭਿਆਚਾਰ ਉੱਪਰ ਨਵੀਂ ਸੱਭਿਅਤਾ ਦਾ ਬਨਾਵਟੀ ਰੰਗ ਬਹੁਤ ਤੇਜ਼ੀ ਨਾਲ ਚੜ੍ਹ ਰਿਹਾ ਹੈ। ਵੈਸੇ ਤਾਂ ਪੰਜਾਬੀ ਲੋਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਗਏ ਹੋਣ, ਇਹਨਾਂ ਨੇ ਆਪਣੀ ਮਿਹਨਤ ਦੇ ਝੰਡੇ ਬੁਲੰਦ ਕੀਤੇ ਹਨ। ਪਰ ਫਿਰ ਵੀ ਨਜ਼ਰ ਮਾਰੀਏ ਤਾਂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਾਡੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਬਦਲਾਅ ਆਇਆ ਹੈ। ਇਸ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੇ ਅੰਦਰਲੇ ਅਤੇ ਬਾਹਰਲੇ ਕੰਮ ਆਪ ਹੀ ਕਰਦੇ ਸਨ।ਉਹ ਕਿਸੇ ਤੇ ਵੀ ਨਿਰਭਰ ਨਹੀਂ ਰਹਿੰਦੇ ਸਨ।ਪਰ ਅੱਜ ਆਪਾਂ ਆਪਣੇ ਘਰਾਂ ਦੇ ਅੰਦਰਲੇ ਕੰਮਕਾਰ ਕਰਨ ਦੇ ਤੌਰ ਤਰੀਕਿਆਂ ਵਿੱਚ ਹੋ ਰਹੇ ਬਦਲਾਅ ਨੂੰ ਵਿਚਾਰਦੇ ਹਾਂ।

                         ਸਾਡੇ ਪੰਜਾਬੀ ਘਰਾਂ ਵਿੱਚ ਇੱਕ ਸਭਿਆਚਾਰ ਬਹੁਤ ਤੇਜ਼ੀ ਨਾਲ ਫ਼ੈਲਿਆ ਹੈ ਜੋ ਕਿ ‘ਕੰਮ ਵਾਲੀ’  ਰੱਖਣ ਦਾ ਸਭਿਆਚਾਰ। ਪਹਿਲਾਂ ਤਾਂ ਕਿਸੇ ਘਰ ਵਿੱਚ ਕੋਈ ਮਜ਼ਬੂਰੀ ਹੁੰਦੀ ਸੀ ਜਿਵੇਂ ਘਰ ਦੀ ਔਰਤ ਦਾ ਬਿਮਾਰ ਹੋਣਾ ਅਤੇ ਬੱਚੇ ਛੋਟੇ ਹੋਣਾ ਤਾਂ ਬਹੁਤ ਮਜ਼ਬੂਰੀ ਵਸ ਕੰਮ ਵਾਲੀ ਰੱਖਦੇ ਸਨ ਨਹੀਂ ਤਾਂ ਉਹ ਵੀ ਰਿਸ਼ਤੇਦਾਰੀ ਵਿੱਚੋਂ ਨੂੰਹ ਧੀ ਬੁਲਾ ਕੇ ਕੰਮ ਸਾਰ ਲੈਂਦੇ ਸਨ।ਜਾਣ ਲੱਗੀ ਨੂੰ ਉਸ ਨੂੰਹ ਧੀ ਨੂੰ ਝੱਗਾ ਚੁੰਨੀ ਦੇ ਕੇ ਸਤਿਕਾਰ ਸਹਿਤ ਘਰ ਛੱਡ ਕੇ ਆਉਂਦੇ ਸਨ।ਪਰ ਅੱਜ ਕੱਲ੍ਹ ਜੇ ਕਿਤੇ ਕਿਸੇ ਦੇ ਘਰ ਵਿੱਚ ਕੋਈ ਕੰਮ ਵਾਲੀ ਨਾ ਲੱਗੀ ਹੋਵੇ ਤਾਂ ਉਸ ਨੂੰ ਆਂਢ ਗੁਆਂਢ ਜਾਂ ਜਾਣ ਪਛਾਣ ਦੇ ਲੋਕ ਹੀ ਘਟੀਆ ਨਜ਼ਰ ਨਾਲ ਦੇਖਦੇ ਹਨ। ਪਿੰਡਾਂ ਵਿੱਚ ਕੰਮ ਵਾਲ਼ੀਆਂ ਪੰਜਾਬੀ ਮਜ਼ਦੂਰਾਂ ਦੀਆਂ ਔਰਤਾਂ ਹੁੰਦੀਆਂ ਹਨ ਜਦ ਕਿ ਸ਼ਹਿਰਾਂ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਔਰਤਾਂ ਕੰਮ ਕਰਦੀਆਂ ਹਨ। ਗੱਲ ਆਮ ਮੱਧਵਰਗੀ ਪਰਿਵਾਰਾਂ ਦੀ ਹੋ ਰਹੀ ਹੈ ਕਿਉਂਕਿ ਅਮੀਰ ਲੋਕਾਂ ਦਾ ਤਾਂ ਨੌਕਰ ਰੱਖਣ ਦਾ ਸਭਿਆਚਾਰ ਹੁੰਦਾ ਹੈ ਜੋ ਪੁਰਾਣੇ ਸਮਿਆਂ ਤੋਂ ਚਲਿਆ ਆ ਰਿਹਾ ਹੈ।
                       ” ਕੰਮ ਵਾਲੀ” ਰੱਖਣ ਦਾ ਰੁਝਾਨ ਕਦੋਂ ਤੋਂ ਵਧਿਆ ਹੈ? ਜਦੋਂ ਤੋਂ  ਇਕਿਹਰੇ ਪਰਿਵਾਰਾਂ ਦਾ ਰੁਝਾਨ ਵਧਿਆ ਹੈ।ਜਦੋਂ ਤੋਂ ਔਰਤਾਂ ਮਰਦਾਂ ਬਰਾਬਰ ਪੜ੍ਹ ਕੇ ਨੌਕਰੀਆਂ ਕਰਨ ਲੱਗੀਆਂ ਤਾਂ ਉਹਨਾਂ ਲਈ ਬੱਚੇ ਪਾਲਣ ਦੇ ਨਾਲ ਨਾਲ ਘਰ ਦੇ ਕੰਮ ਕਰਨੇ ਔਖੇ ਹੁੰਦੇ ,ਇਸ ਲਈ ਉਹਨਾਂ ਵੱਲੋਂ ਘਰ ਦੀਆਂ ਸਫਾਈਆਂ ਵਗੈਰਾ ਕਰਨ ਲਈ ਕੰਮ ਵਾਲੀ ਲਗਾ ਲਈ ਜਾਂਦੀ। ਦੂਜਾ ਕਾਰਨ ਇਹ ਸੀ ਕਿ ਪੰਜਾਬੀ ਪਰਿਵਾਰਾਂ ਦੇ ਕੁਝ ਮੈਂਬਰ ਵਿਦੇਸ਼ ਜਾ ਕੇ ਖੁੱਲ੍ਹਾ ਪੈਸਾ ਭੇਜਦੇ ਅਤੇ ਉਹਨਾਂ ਦੇ ਪਰਿਵਾਰ ਆਪਣੇ ਆਪ ਨੂੰ ਬਾਕੀ ਲੋਕਾਂ ਨਾਲੋਂ ਉੱਚਾ ਦਿਖਾਉਣ ਲਈ ਘਰਾਂ ਵਿੱਚ ‘ਕੰਮ ਵਾਲੀ’ ਰੱਖਣ ਦਾ ਫੈਸ਼ਨ ਜਿਹਾ ਚੱਲ ਪਿਆ। ਤੀਜਾ ਕਾਰਨ ਇਹ ਹੈ ਕਿ ਜਿਵੇਂ ਜਿਵੇਂ ਪੰਜਾਬੀ ਲੋਕ ਵਿਦੇਸ਼ਾਂ ਵੱਲ ਵਹੀਰਾਂ ਘੱਤਣ ਲੱਗੇ ਤਿਵੇਂ ਤਿਵੇਂ ਬਿਹਾਰ ਅਤੇ ਯੂ ਪੀ ਵਰਗੇ ਰਾਜਾਂ ਤੋਂ ਮਜ਼ਦੂਰ ਪੰਜਾਬ ਵੱਲ ਨੂੰ ਰੁਖ  ਕਰਨ ਲੱਗੇ। ਉਹਨਾਂ ਨਾਲ ਉਹਨਾਂ ਦੇ ਪਰਿਵਾਰ ਵੀ ਆਉਣ ਲੱਗੇ ਤਾਂ ਉਹਨਾਂ ਦੀਆਂ ਔਰਤਾਂ ਸ਼ਹਿਰਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਜ਼ੀ ਰੋਟੀ ਕਮਾਉਣ ਵਿੱਚ ਹੱਥ ਵਟਾਉਣ ਲੱਗੀਆਂ।ਇਸ ਤਰ੍ਹਾਂ ਅਸਾਨੀ ਨਾਲ ਉਪਲਬਧ ਹੋ ਜਾਣ ਕਰਕੇ ਰੀਸੋ ਰੀਸ ਸਾਰੇ ਲੋਕ ਹੌਲੀ ਹੌਲੀ ‘ਕੰਮ ਵਾਲ਼ੀ ‘ ਲਗਾਉਣ ਲੱਗੇ।
                       ਅੱਜ “ਕੰਮ ਵਾਲੀ”  ਸਭਿਆਚਾਰ ਦਾ ਸਾਡੇ ਸਮਾਜ ਉੱਪਰ ਐਨਾ ਗਹਿਰਾ ਅਸਰ ਪੈ ਗਿਆ ਹੈ ਕਿ ਘਰਾਂ ਵਿੱਚ ਪਰਿਵਾਰ ਦੇ ਜੀਆਂ ਨੂੰ  ਐਨਾ ਸਤਿਕਾਰ ਨਹੀਂ ਦਿੱਤਾ ਜਾਂਦਾ ਜਿੰਨਾ ਕੰਮ ਵਾਲੀ ਨੂੰ ਦਿੱਤਾ ਜਾਂਦਾ ਹੈ ,ਐਨਾ ਕਿਸੇ ਮਹਿਮਾਨ ਦਾ ਇੰਤਜ਼ਾਰ ਨਹੀਂ ਕੀਤਾ ਜਾਂਦਾ ਜਿੰਨਾ ਉਸ ਦੇ ਆਉਣ ਦਾ ਕੀਤਾ ਜਾਂਦਾ ਹੈ,ਕਿਉਂ ਕਿ  ਉਹਨਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਕੰਮ ਵਾਲੀ ਜਵਾਬ ਨਾ ਦੇ ਜਾਵੇ। ਘਰ ਵਿੱਚ ਦੋ ਤਿੰਨ ਔਰਤਾਂ ਹੁੰਦੀਆਂ ਹਨ, ਅੱਲੜ ਮੁਟਿਆਰਾਂ ਹੁੰਦੀਆਂ ਹਨ ਪਰ ਫਿਰ ਵੀ ਉਹ ਬੈਠੀਆਂ ਕੰਮ ਵਾਲੀ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ। ਇੱਕ ਦਿਨ ਮੈਂ ਦੁਪਹਿਰ ਨੂੰ ਢਾਈ ਕੁ ਵਜੇ ਆਈ ਤਾਂ ਇੱਕ ਔਰਤ ਨਾਈਟ ਸੂਟ ਵਿੱਚ ਖੜ੍ਹੀ  ਪ੍ਰੇਸ਼ਾਨ ਹੋ ਕੇ ਇੱਧਰ ਉੱਧਰ ਵੇਖ ਰਹੀ ਸੀ। ਮੈਂ ਜਦ ਉਸ ਨੂੰ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ,”ਮੈਂ  ਤੋ ਕਾਮ ਵਾਲੀ ਕੀ ਵੇਟ ਕਰ ਰਹੀ ਹੂੰ,ਅਭੀ ਤੱਕ ਸਾਰੇ ਕਾਮ ਵੈਸੇ ਹੀ ਪੜੇ ਹੂਏ ਹੈਂ।” ਮੈਨੂੰ ਉਸ ਦੀ ਗੱਲ ਸੁਣ ਕੇ ਅਤੇ ਉਸ ਦੀ ਹਾਲਤ ਦੇਖ ਕੇ  ਹਾਸਾ ਵੀ ਆ ਰਿਹਾ ਸੀ ਤੇ ਗੁੱਸਾ ਵੀ। ਆਪਣੇ ਆਪ ਨੂੰ ਕੰਮ ਵਾਲੀ ਦੇ ਐਨਾ ਅਧੀਨ ਕਰ ਦਿੱਤਾ ਕਿ ਘਰ ਦਾ ਕੰਮ ਕਰਨ ਦੀ ਬਜਾਏ ਦੁਪਹਿਰ ਤੱਕ ਉਡੀਕ ਕੀਤੀ ਜਾਂਦੀ ਹੈ।
                     ਕਦੇ ਜ਼ਮਾਨਾ ਹੁੰਦਾ ਸੀ ਕਿ ਘਰ ਵਿੱਚ ਜਵਾਨ ਹੋ ਰਹੀਆਂ ਕੁੜੀਆਂ ਨੂੰ ਮਾਵਾਂ ਨਿੱਕੇ ਮੋਟੇ ਕੰਮਾਂ ਵਿੱਚ ਹੱਥ ਵਟਾਉਣ ਨੂੰ ਕਹਿੰਦੀਆਂ ਸਨ ਤਾਂ ਕਿ ਉਹਨਾਂ ਨੂੰ ਘਰ ਦੇ ਕੰਮ ਸਿਖਾਏ ਜਾਣ ਜਾਂ ਫਿਰ ਮਾਵਾਂ ਘਰ ਦੀ ਨੂੰਹ ਅਤੇ ਧੀ ਨੂੰ ਇਕੱਠੇ ਛੋਟੇ ਮੋਟੇ ਕੰਮ ਕਰਨ ਨੂੰ ਦੇ ਦਿੰਦੀਆਂ ਤਾਂ ਜੋ ਉਹਨਾਂ ਨੂੰ ਰਲ਼ ਕੇ ਬੈਠਣ ਦੀ ਆਦਤ ਪਵੇ ਅਤੇ ਪਿਆਰ ਵਧੇ। ਪੇਕੇ ਘਰ ਵੱਲੋਂ ਕੁੜੀਆਂ ਨੂੰ ਰਲ਼ ਮਿਲ਼ ਕੇ ਰਹਿਣ ਅਤੇ ਪਰਿਵਾਰ ਪ੍ਰਤੀ ਫਰਜ਼ਾਂ ਅਤੇ ਪਿਆਰ ਦੀ ਸਿੱਖਿਆ ਦੇ ਕੇ  ਸਹੁਰੇ ਘਰ ਤੋਰਿਆ ਜਾਂਦਾ ਸੀ। ਅੱਜ ਕੱਲ੍ਹ ਤਾਂ ਮਾਵਾਂ ਪਹਿਲਾਂ ਹੀ ਮੁੰਡਿਆਂ ਦੀਆਂ ਮਾਵਾਂ ਨੂੰ ਕਹਿ ਦਿੰਦੀਆਂ ਹਨ,”ਭੈਣ ਜੀ,ਸਾਡੀ ਕੁੜੀ ਨੇ ਤਾਂ ਕਦੇ ਕੰਮ ਨਹੀਂ ਕੀਤਾ,ਸਾਡੇ ਤਾਂ ਸ਼ੁਰੂ ਤੋਂ ਹੀ ਕੰਮ ਵਾਲੀ ਰੱਖਣ ਦਾ ਮਾਹੌਲ ਹੈ।” ਦੱਸੋ , ਸਹੁਰੇ ਘਰ ਵਾਲੇ ਨੂੰਹ ਤੋਂ ਕੀ ਆਸ ਰੱਖ ਸਕਦੇ ਹਨ।
                  ਪਹਿਲਾਂ ਔਰਤਾਂ ਕਿਸੇ ਕੰਮ ਕਾਜ ਨੂੰ ਲੈਕੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੀਆਂ ਹੁੰਦੀਆਂ ਸਨ ਪਰ ਅੱਜ ਕੱਲ੍ਹ ਤੁਸੀਂ ਗਲ਼  ਵਿੱਚ ਬੈਠੀਆਂ ਚਾਰ ਪੰਜ ਔਰਤਾਂ ਦੀਆਂ ਗੱਲਾਂ ਸੁਣੋਗੇ ਤਾਂ ਉਨ੍ਹਾਂ ਦੀਆਂ ਗੱਲਾਂ ਦਾ ਬਹੁਤਾ ਕਰਕੇ ਮੁੱਖ ਪਾਤਰ”ਕੰਮ ਵਾਲੀ” ਹੀ ਹੁੰਦਾ ਹੈ। ਘਰੇਲੂ ਕੰਮ ਕੰਮਵਾਲ਼ੀਆਂ ਤੋਂ ਕਰਵਾ ਕੇ ਆਪ ਸਿਹਤ ਠੀਕ ਰੱਖਣ ਲਈ ਕਸਰਤ ਕਰਨ ਲਈ,ਸਰੀਰ ਨੂੰ ਪਤਲਾ ਅਤੇ ਨਿਰੋਗ ਰੱਖਣ ਲਈ ਵਰਜ਼ਿਸ਼ ਖਾਨੇ (ਜਿਮ) ਵਿੱਚ ਮੋਟੀਆਂ ਫੀਸਾਂ ਭਰ ਕੇ ਵੱਖ ਤੋਂ ਸਮਾਂ ਕੱਢਦੀਆਂ ਹਨ। ਜੇ ਦੇਖਿਆ ਜਾਵੇ ਤਾਂ ਘਰ ਦੇ ਕੰਮ ਕਰਦੇ ਸਮੇਂ ਨਾਲ ਨਾਲ ਸਰੀਰ ਦੀ ਕਸਰਤ ਹੁੰਦੀ ਰਹਿੰਦੀ ਹੈ ਅਤੇ ਸਰੀਰ ਨਿਰੋਗ ਰਹਿੰਦਾ ਹੈ।ਨਾ ਕੰਮ ਵਾਲੀ ਨੂੰ ਪੈਸੇ ਦੇਣ ਦੀ ਲੋੜ ਨਾ ਵਰਜ਼ਿਸ਼ ਖਾਨੇ ਵਿੱਚ ਪੈਸੇ ਦੇਣ ਦੀ ਲੋੜ।
                    ” ਕੰਮ ਵਾਲੀ” ਰੱਖਣਾ ਕਦੇ ਜ਼ਰੂਰਤ ਤੋਂ ਸ਼ੁਰੂ ਹੋ ਕੇ ਹੌਲ਼ੀ ਹੌਲ਼ੀ ਫੈਸ਼ਨ ਬਣਦਾ ਹੈ। ਫਿਰ ਇਹੀ ਫੈਸ਼ਨ ਇੱਕ ਅਜਿਹੀ ਮਜ਼ਬੂਰੀ ਬਣਦਾ ਹੈ ਕਿ ਉਹ ਅਮਲ ਵਾਂਗ ਲੱਗ ਜਾਂਦਾ ਹੈ।ਜੇ ਅਚਾਨਕ ਕੰਮ ਵਾਲੀ ਜਵਾਬ ਦੇ ਜਾਵੇ ਤਾਂ ਉਸ ਘਰ ਵਿੱਚ ਤਣਾਅ ਭਰਪੂਰ ਮਾਹੌਲ ਬਣ ਜਾਂਦਾ ਹੈ ਅਤੇ ਸਾਰਾ ਟੱਬਰ ਕੰਮਵਾਲੀ ਦੀ ਤਲਾਸ਼ ਕਰਨ ਲੱਗਦਾ ਹੈ। “ਕੰਮ ਵਾਲੀ” ਸਭਿਆਚਾਰ ਦੀ ਭੇਡਚਾਲ ਚੰਗੀਆਂ ਭਲੀਆਂ, ਤੰਦਰੁਸਤ ਔਰਤਾਂ ਨੂੰ ਹੌਲ਼ੀ ਹੌਲ਼ੀ ਨਿਕੰਮੀਆਂ, ਵਿਹਲੜਾਂ ਅਤੇ ਰੋਗੀ ਬਣਾ ਰਹੀ ਹੈ ।ਇਸ ਲਈ ਇਹੋ ਜਿਹੀ ਭੇਡਚਾਲ ਤੋਂ ਬਚਕੇ ਆਪਣੀ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਬਤੀਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਈ ਵੀ ਐੱਮ ਮਸ਼ੀਨਾਂ ਤੇ ਬੇਭਰੋਸਗੀ ਕਿਉਂ…?
Next articleਸਰਕਾਰ ਨੇ ਜੇ ਅੜੀਅਲ ਰਵੱੲਈਆ ਨਾ ਛੱਡਿਆ ਤਾਂ 13 ਮਾਰਚ ਤੋਂ ਕਰਾਂਗੇ ਚੱਕਾ ਜਾਮ :- ਹਰਮਿੰਦਰ ਸਿੰਘ