(ਸਮਾਜ ਵੀਕਲੀ)- ਬਿੰਦਰ ਨੂੰ ਅਮਰੀਕਾ ਗਈ ਨੂੰ ਕਈ ਸਾਲ ਹੋ ਗਏ ਸਨ। ਉਹ ਪੰਤਾਲੀ ਵਰ੍ਹਿਆਂ ਦੀ ਹੋ ਗਈ ਸੀ ਪਰ ਉਸ ਨੇ ਵਿਆਹ ਨਹੀਂ ਕਰਵਾਇਆ ਸੀ। ਉਸ ਦੇ ਤਿੰਨ ਵੱਡੇ ਭਾਈ ਪਿੰਡ ਹੀ ਡੇਢ ਡੇਢ ਕਿੱਲੇ ਦੀ ਖੇਤੀ ਕਰਕੇ ਆਪਣੇ ਆਪਣੇ ਪਰਿਵਾਰਾਂ ਨੂੰ ਮੁਸ਼ਕਲ ਨਾਲ ਪਾਲਦੇ ਸਨ ।ਪਰ ਸਮੇਂ ਸਮੇਂ ਤੇ ਬਿੰਦਰ ਉਹਨਾਂ ਦੀ ਵੀ ਮਾੜੀ ਮੋਟੀ ਆਰਥਿਕ ਮਦਦ ਕਰਦੀ ਰਹਿੰਦੀ ਸੀ। ਉਸ ਦਾ ਵਡੇਰੀ ਉਮਰ ਤੱਕ ਵਿਆਹ ਨਾ ਕਰਵਾਉਣ ਦਾ ਕਾਰਨ ਵੀ ਉਸ ਦਾ ਅਮਰੀਕਾ ਜਾਣਾ ਹੀ ਸੀ ਕਿਉਂਕਿ ਪਹਿਲਾਂ ਉੱਥੇ ਉਸ ਦੀ ਮਾਂ ਆਪਣੀ ਵੱਡੀ ਧੀ ਕੋਲ ਚਲੇ ਗਈ ਸੀ ਤੇ ਉਸ ਨੇ ਆਪਣੀ ਸਾਰਿਆਂ ਤੋਂ ਛੋਟੀ ਧੀ ਬਿੰਦਰ ਦੇ ਕਾਗਜ਼ ਆਪਣੇ ਕੋਲ ਬੁਲਾਉਣ ਲਈ ਭਰ ਦਿੱਤੇ ਸਨ। ਕਈ ਸਾਲਾਂ ਦੀ ਉਡੀਕ ਤੋਂ ਬਾਅਦ ਉਹ ਅਮਰੀਕਾ ਗਈ ਸੀ। ਫ਼ਿਰ ਉੱਥੇ ਪੱਕੀ ਹੋਣ ਨੂੰ ਕਈ ਵਰ੍ਹੇ ਲੱਗ ਗਏ ਸਨ।
ਆਪਣੇ ਭੈਣਾਂ ਭਰਾਵਾਂ ਦੇ ਪਰਿਵਾਰਾਂ ਨੂੰ ਦੇਖ ਕੇ ਉਸ ਦਾ ਵੀ ਮਨ ਕਰਦਾ ਕਿ ਉਸ ਦਾ ਵੀ ਆਪਣਾ ਹੱਸਦਾ ਖੇਡਦਾ ਪਰਿਵਾਰ ਹੋਵੇ ਕਦ ਤੱਕ ਉਹ ਆਪਣੇ ਸਾਰੇ ਚਾਅ ਲਾਡ ਆਪਣੇ ਭੈਣਾਂ ਭਾਈਆਂ ਦੇ ਜਵਾਕਾਂ ਨੂੰ ਚੀਜ਼ਾਂ ਭੇਜ ਭੇਜ ਕੇ ਪੂਰੇ ਕਰੀ ਜਾਵੇਗੀ । ਉਸ ਨੇ ਜੇਰਾ ਵੱਡਾ ਕਰਕੇ ਇੰਡੀਆ ਵਿੱਚ ਆਪਣੇ ਲਈ ਮੁੰਡਾ ਪਸੰਦ ਕਰ ਲਿਆ ਤੇ ਆਪਣੇ ਭਰਾ ਭਰਜਾਈਆਂ ਨੂੰ ਇੱਥੇ ਆ ਕੇ ਵਿਆਹ ਕਰਵਾਉਣ ਦੀ ਗੱਲ ਆਖੀ। ਉਸ ਦੀਆਂ ਛੋਟੀਆਂ ਦੋਵੇਂ ਭਰਜਾਈਆਂ ਦੇ ਸੌ ਘੜਾ ਸਿਰ ਪਾਣੀ ਦਾ ਪੈ ਗਿਆ ਕਿ ਹੁਣ ਉਹਨਾਂ ਦਾ ਖਾਣ ਮਰ ਜਾਏਗਾ। ਉਹ ਦੋਵੇਂ ਹਰ ਕਿਸੇ ਕੋਲ ਮਜ਼ਾਕ ਉਡਾਉਂਦੀਆਂ,”….. ਲੈ…. ਬਿੰਦਰ ਨੂੰ ਹੁਣ ਬੁੜੀ ਹੋ ਕੇ…..ਵਿਆਹ ਕਰਵਾਉਣ ਦਾ ਚਾਅ ਚੜ੍ਹਿਆ….!”
ਕੁਝ ਦਿਨਾਂ ਬਾਅਦ ਬਿੰਦਰ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਇੰਡੀਆ ਆ ਗਈ। ਵਿਆਹ ਦੀ ਤਰੀਕ ਪੱਕੀ ਹੋਣ ਤੇ ਉਸ ਨੇ ਆਪਣੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਕਿਉਂਕਿ ਸਾਰਾ ਖ਼ਰਚਾ ਤਾਂ ਉਸ ਨੇ ਆਪ ਹੀ ਕਰਨਾ ਸੀ। ਉਸ ਨੇ ਆਪਣੇ ਦਾਜ ਵਿੱਚ ਲਿਜਾਣ ਲਈ ਜੋ ਸਮਾਨ ਖਰੀਦਿਆ ਸੀ ਉਹ ਵੀ ਉਸ ਨੇ ਆਪਣੇ ਭਰਾਵਾਂ ਦੀ ਇੱਜ਼ਤ ਬਣਾਉਣ ਲਈ ਹੀ ਖਰੀਦਿਆ ਸੀ। ਬਿੰਦਰ ਦੀ ਵੱਡੀ ਭਰਜਾਈ ਨੇ ਆਪਣਾ ਫਰਜ਼ ਸਮਝਦੇ ਹੋਏ ਵਿਆਹ ਤੇ ਪਾਉਣ ਲਈ ਉਸ ਲਈ ਇੱਕ ਸੋਨੇ ਦਾ ਸੈੱਟ ਖਰੀਦਿਆ। ਵਿਆਹ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ ਤੇ ਵਿਆਹ ਵਾਲੇ ਦਿਨ ਬਿੰਦਰ ਨੇ ਆਪਣੇ ਸਾਰਿਆਂ ਤੋਂ ਛੋਟੇ ਭਰਾ ਨੂੰ ਮੋਟਰਸਾਈਕਲ ਦੀ ਚਾਬੀ ਸਟੇਜ ਤੇ ਪ੍ਰਾਹੁਣੇ ਨੂੰ ਦੇਣ ਲਈ ਆਖਿਆ ਤੇ ਉਸ ਤੋਂ ਵੱਡੇ ਭਰਾ ਨੂੰ ਪ੍ਰਾਹਣੇ ਦੇ ਕੜਾ ਅਤੇ ਮੁੰਦੀ ਪਾਉਣ ਲਈ ਦੇ ਦਿੱਤੀ। ਆਪਣੇ ਸਭ ਤੋਂ ਵੱਡੇ ਭਰਾ ਨੂੰ ਬਰਾਤ ਦੇ ਆਉਂਦੇ ਹੀ ਪ੍ਰਾਹੁਣੇ ਦੇ ਤਿਲਕ ਲਗਾ ਕੇ ਸਵਾਗਤ ਕਰਨ ਦੀ ਡਿਊਟੀ ਲਗਾ ਦਿੱਤੀ।
ਵਿਆਹ ਵਾਲੇ ਦਿਨ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਜਿਵੇਂ ਬਿੰਦਰ ਨੇ ਆਪਣੇ ਭਰਾਵਾਂ ਨੂੰ ਆਖਿਆ ਸੀ ਬਿੰਦਰ ਨੇ ਆਪਣੀ ਵੱਡੀ ਭਰਜਾਈ ਵੱਲੋਂ ਦਿੱਤਾ ਸੋਨੇ ਦਾ ਸੈੱਟ ਤਿਆਰ ਹੋਣ ਲੱਗੀ ਨੇ ਹੀ ਪਾ ਲਿਆ ਸੀ। ਇਸ ਤਰ੍ਹਾਂ ਵਿਆਹ ਦਾ ਕਾਰਜ ਬਹੁਤ ਸੋਹਣੇ ਢੰਗ ਨਾਲ ਨਿੱਬੜ ਗਿਆ। ਅਗਲੇ ਦਿਨ ਬਿੰਦਰ ਮੁੜਦੀ ਗੱਡੀ ਆਈ ਤਾਂ ਸਾਰਾ ਪ੍ਰਬੰਧ ਵੱਡੇ ਭਰਾ ਭਰਜਾਈ ਨੇ ਕੀਤਾ। ਛੋਟੇ ਭਰਾ ਤੇ ਦੋਵੇਂ ਭਰਜਾਈਆਂ ਵੱਡਿਆਂ ਨੂੰ ਕੰਮ ਵਿੱਚ ਮਦਦ ਕਰਨ ਲਈ ਤਾਂ ਬਹੁੜਦੀਆਂ ਨਾ,ਪਰ ਜਦ ਮਹਿਮਾਨ ਆ ਜਾਂਦੇ ਤੇ ਖਾਣ ਪੀਣ ਦਾ ਮੌਕਾ ਹੁੰਦਾ ਤਾਂ ਪਰਿਵਾਰਾਂ ਸਮੇਤ ਆ ਕੇ ਬੈਠ ਜਾਂਦੇ। ਬਿੰਦਰ ਦਾ ਵਿਆਹ ਤੋਂ ਬਾਅਦ ਜਿੰਨੀ ਵਾਰੀ ਵੀ ਪੇਕੇ ਗੇੜਾ ਲੱਗਦਾ ਤਾਂ ਉਹ ਇਸੇ ਤਰ੍ਹਾਂ ਕਰਦੇ। ਇੱਕ ਦਿਨ ਉਹਨਾਂ ਦੇ ਜਾਣ ਤੋਂ ਬਾਅਦ ਬਿੰਦਰ ਦੀ ਵੱਡੀ ਭਰਜਾਈ ਨੇ ਆਪਣੇ ਦਿਲ ਦੀ ਗੱਲ ਉਸ ਨਾਲ ਸਾਂਝੀ ਕਰਦਿਆਂ ਕਿਹਾ,”….. ਬਿੰਦਰ… ਦੇਖ ਲੈ…. ਤੇਰੀਆਂ ਛੋਟੀਆਂ ਭਰਜਾਈਆਂ ਨੂੰ ਪਤਾ ਨੀ ਤਾਂ….ਅਕਲ ਨੀ ਹੈਗੀ ਜਾਂ….. ਚਲਾਕੀ ਕਰਦੀਆਂ ਨੇ….. ਮੇਰੀ ਮਦਤ ਕਰਨ ਲਈ ਕੋਈ ਨੀ ਆਉਂਦੀ …..ਤੇ….. ਖਾਣ ਪੀਣ ਨੂੰ…. ਚਾਉਣਾ ਲੈ ਕੇ ਆ ਬਹਿੰਦੀਆਂ ਨੇ….. ਸਾਡੀ ਖੇਤੀ ਵੀ ਇਹਨਾਂ ਜਿੰਨੀ ਓ ਆ…… ਸਾਡੇ ਕਿਹੜਾ ਦਰਖਤਾਂ ਨੂੰ ਨੋਟ ਲੱਗਦੇ ਨੇ……!”
“ਭਾਬੀ…… ਕਿਉਂ ਤੂੰ ਵਿਚਾਰਿਆਂ ਦੇ ਮਗਰ ਪਈ ਰਹਿੰਦੀ ਆਂ…… ਫ਼ਿਰ ਕੀ ਹੋ ਗਿਆ ਜੇ ਆ ਜਾਂਦੀਆਂ ਨੇ….. ਆਏਂ ਨਿੱਕੇ ਨਿੱਕੇ ਖ਼ਰਚੇ ਥੋੜ੍ਹਾ ਗਿਣੀ ਜਾਈਦੇ ਨੇ…..ਮੈਨੂੰ ਤਾਂ ਤੁਸੀਂ ਸਾਰੇ ਇੱਕੋ ਜਿਹੇ ਓਂ…..!” ਬਿੰਦਰ ਬੋਲੀ।
ਇਹ ਸੁਣਦੇ ਸਾਰ ਬਿੰਦਰ ਦੀ ਵੱਡੀ ਭਰਜਾਈ ਨੂੰ ਹਰਖ਼ ਚੜ੍ਹ ਗਿਆ ਤੇ ਉਸ ਨੇ ਵੀ ਫਿਰ ਆਪਣੇ ਦਿਲ ਦੀ ਭੜਾਸ ਕੱਢਦਿਆਂ ਆਖਿਆ,”…… ਆਹੋ! ਤੈਨੂੰ ਤਾਂ ਇੱਕੋ ਜਿਹੇ ਨੇ ਸਾਰੇ….. ਫਿਰ ਤੂੰ ਮੁੜਦੀ ਗੱਡੀ ਵੀ ਉੱਥੇ ਈ ਕਰ ਲੈਣੀ ਸੀ…. ਜੇ ਇੱਕੋ ਜਿਹੇ ਹੁੰਦੇ ਤਾਂ ਤੂੰ ਇਹ ਵੀ ਸੋਚਦੀ ਕਿ ਕੌਣ ਤੇਰੇ ਲਈ ਕੀ ਕਰਦਾ ਤੇ ਕੋਈ ਤੇਰੇ ਲਈ ਕੁਛ ਵੀ ਨੀ ਕਰਦਾ….. ਉਹਨਾਂ ਨੂੰ ਮੂਹਰੇ ਕਰਕੇ ਉਹਨਾਂ ਦੀ ਇੱਜ਼ਤ ਬਣਾਈ….. ਕਿਸੇ ਤੋਂ ਮੋਟਰਸਾਈਕਲ ਦਵਾਇਆ…… ਕਿਸੇ ਤੋਂ ਕੜੇ ਛਾਪਾਂ ਪਵਾਏ….. ਸਾਡਾ ਦਿੱਤਾ ਹੋਇਆ ਸੈੱਟ ਵੀ ਲੁਕੋ ਲਿਆ….. ਤੇਰਾ ਵੱਡਾ ਭਾਈ ਤਾਂ….. ਤਿਲਕ ਲਾਉਣ ਜੋਗਾ ਈ ਰਹਿ ਗਿਆ…….!” ( ਉਹ ਲਗਾਤਾਰ ਬੋਲੀ ਜਾ ਰਹੀ ਸੀ ਤੇ ਬਿੰਦਰ ਦੇ ਕੰਨਾਂ ਵਿੱਚ ਉਸ ਦੀ ਅਵਾਜ਼ ਮੱਧਮ ਪੈ ਗਈ ਸੀ ।)
ਬਿੰਦਰ ਨੇ ਆਪਣੀ ਵੱਡੀ ਭਰਜਾਈ ਨੂੰ ਕਦੇ ਐਨਾ ਤਾਅ ਵਿੱਚ ਆਈ ਨੂੰ ਨਹੀਂ ਸੀ ਦੇਖਿਆ ਪਰ ਉਹ ਸੋਚਣ ਲੱਗਦੀ ਹੈ, “…..ਭਾਬੀ ਜੋ ਬੋਲ ਰਹੀ ਹੈ……ਸੱਚ ਹੀ ਤਾਂ ਬੋਲ ਰਹੀ ਹੈ….. ਮੈਂ ਕੀਤਾ ਤਾਂ ਇਹਨਾਂ ਨਾਲ ਗ਼ਲਤ ਹੀ ਹੈ…. ।” ਬਿੰਦਰ ਨੂੰ ਕੋਈ ਜਵਾਬ ਨਾ ਔੜਿਆ….. ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ReplyReply to allForward
|