ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ

ਮੋਹ, ਮੁਹੱਬਤ, ਪਿਆਰ, ਸੁੱਚਮਤਾ, ਇਮਾਨਦਾਰੀ, ਦਿਆਨਤਦਾਰੀ, ਸਮਝਦਾਰੀ ਤੇ ਵਿਲੱਖਣਤਾ ਦਾ ਮੁਜੱਸਮਾ ਸੀ ਬਲਵਿੰਦਰ ਸਿੰਘ ਖ਼ਾਲਸਾ
ਮੋਗਾ/ਭਲੂਰ (ਬੇਅੰਤ ਗਿੱਲ) –ਪਿੰਡ ਭਲੂਰ ਦੀ ਅਗਾਂਹਵਧੂ ਸ਼ਖ਼ਸੀਅਤ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਉਰਫ਼ ਗੋਗੀ ਕਲੇਰ ਪਿਛਲੇ ਦਿਨੀਂ 19 ਫਰਵਰੀ ਦੀ ਰਾਤ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਜਿੱਥੇ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਕੁਲਵੰਤ ਕੌਰ ਕਲੇਰ, ਉਨ੍ਹਾਂ ਦੇ ਭਾਰਾਤਾ ਸਰਦਾਰ ਜਸਵਿੰਦਰ ਸਿੰਘ ਕਲੇਰ, ਸਪੁੱਤਰ ਬਲਕਰਨ ਸਿੰਘ ਕਲੇਰ, ਨੂੰਹ ਰਾਣੀ ਨਵਨੀਤ ਕੌਰ ਕਲੇਰ, ਸਪੁੱਤਰੀ ਮਨਪ੍ਰੀਤ ਕੌਰ, ਭਤੀਜਾ ਹਰਚਰਨ ਸਿੰਘ ਕਲੇਰ, ਭਤੀਜੀ ਜਸਕਰਨ ਕੌਰ ਅਤੇ ਸਮੂਹ ਕਲੇਰ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ, ਉੱਥੇ ਹੀ ਸਮੁੱਚੇ ਭਲੂਰ ਨਗਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਕਿਉਂਕਿ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਪਿੰਡ ਭਲੂਰ ਦੀ ਉਹ ਹਸਤੀ ਸਨ,ਜਿਸ ਨੇ ਪਿੰਡ ਦੇ ਅਨੇਕਾਂ ਸਾਂਝੇ ਕਾਰਜਾਂ  ਨੂੰ ਅੱਗੇ ਲੱਗ ਕੇ ਨੇਪਰੇ ਚੜ੍ਹਾਉਣ ਵਿੱਚ ਪਹਿਲਕਦਮੀ ਕੀਤੀ ਅਤੇ ਛੋਟੀ ਉਮਰ ਤੋਂ ਲੈ ਕੇ ਲਗਾਤਾਰ ਹੁਣ ਤੱਕ ਪਿੰਡ ਲਈ ਹਮੇਸ਼ਾ ਤਤਪਰ ਰਹੇ। ਉਨ੍ਹਾਂ ਕੋਲ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਤੌਰ ‘ਤੇ ਵੀ ਡੂੰਘੀ ਸਮਝ ਦਾ ਖਜ਼ਾਨਾ ਸੀ। ਇਸੇ ਕਰਕੇ ਉਨ੍ਹਾਂ ਨੂੰ ਪਿੰਡ ਦੇ ਅੜੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਦਾ ਵੀ ਵੱਲ ਸੀ।  ਪਿੰਡ ਦੇ ਸਾਂਝੇ ਕੰਮਾਂ ਲਈ ਕਾਰਜਸ਼ੀਲ ਰਹਿਣ ਦਾ ਨਾਂਅ ਹੀ ਬਲਵਿੰਦਰ ਸਿੰਘ ਖ਼ਾਲਸਾ ਹੈ। ਪਿਛਲੇ ਛੇ ਸੱਤ ਸਾਲਾਂ ਤੋਂ ਉਹ ‘ਸ੍ਰੀ ਗੁਰੂ ਹਰਕ੍ਰਿਸ਼ਨ ਐਜ਼ੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ (ਰਜਿ:) ਭਲੂਰ’ ਦੇ ਬਤੌਰ ਚੇਅਰਮੈਨ ਹੋਣ ਵਜੋਂ ਬਾਖੂਬੀ ਸੇਵਾਵਾਂ ਨਿਭਾਅ ਰਹੇ ਸਨ। ਬੀਤੇ ਦਿਨੀਂ ਮਿਤੀ 19 ਫਰਵਰੀ 2024 ਨੂੰ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਉਰਫ਼ ਗੋਗੀ ਕਲੇਰ ਦਾ ਅਚਾਨਕ ਤੁਰ ਜਾਣਾ ਭਲੂਰ ਪਿੰਡ ਦੀ ਫ਼ਿਜ਼ਾ ਨੂੰ ਉਦਾਸ ਕਰ ਗਿਆ। 29 ਫਰਵਰੀ ਦਿਨ ਵੀਰਵਾਰ ਨੂੰ ਪਿੰਡ ਭਲੂਰ ਦੇ ਗੁਰਦੁਆਰਾ ਸੁਖਸਾਗਰ ਸਾਹਿਬ ਵਿਖੇ ਬਲਵਿੰਦਰ ਸਿੰਘ ਖ਼ਾਲਸਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਹੋਈ। ਇਸ ਮੌਕੇ ਭਾਈ ਚਮਕੌਰ ਸਿੰਘ ਮਾਹਲਾ ਕਲਾਂ ਵਾਲਿਆਂ ਦੇ ਕੀਰਤਨੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕਰਦਿਆਂ ਬਲਵਿੰਦਰ ਸਿੰਘ ਖ਼ਾਲਸਾ ਨਾਲ ਆਪਸੀ ਸਾਂਝ ਦਾ ਜ਼ਿਕਰ ਕੀਤਾ ਗਿਆ। ਭਾਈ ਚਮਕੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲੀ ਵਿਲੱਖਣ ਸ਼ਖ਼ਸੀਅਤ ਸਨ। ਉਨ੍ਹਾਂ ਦਾ ਸੁਭਾਅ ਰਿਸ਼ਤਿਆਂ ਨੂੰ ਨਿਭਾਉਣ ਵਾਲਾ ਮਿਲਾਪੜਾ ਸੁਭਾਅ ਸੀ। ਇਸ ਉਪਰੰਤ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਗਮ ਦੀ ਸਟੇਜ ਤੋਂ ਬੋਲਦਿਆਂ ਸਮਾਜ ਸੇਵੀ ਸੰਸਥਾ ਦੇ ਸਾਂਝੀ ਮਿੱਤਰ ਸਰਦਾਰ ਹਰਮੇਲ ਸਿੰਘ ਲੈਕਚਰਾਰ ਨੇ ਕਿਹਾ ਕਿ ਖ਼ਾਲਸਾ ਵਰਗੀ ਸ਼ਖ਼ਸੀਅਤ ਦਾ ਰੁਖ਼ਸਤ ਹੋ ਜਾਣਾ ਸਾਨੂੰ ਇਕੱਲਿਆਂ ਕਰ ਜਾਣਾ ਹੈ। ਇਹ ਖ਼ਲਾਅ ਸਾਨੂੰ ਸੰਸਥਾ ਦੇ ਸਾਰੇ ਨੁਮਾਇੰਦਿਆਂ ਨੂੰ ਖਾਣ ਨੂੰ ਆਉਂਦਾ ਹੈ। ਇਹ ਖ਼ਲਾਅ ਪਿੰਡ ਦੀਆਂ ਗਲੀਆਂ ਨੂੰ ਉਦਾਸ ਕਰਦਾ ਹੈ। ਇਹ ਖ਼ਲਾਅ ਸਾਨੂੰ ਯਾਦਾਂ ਦੀਆਂ ਘੁੰਮਣਘੇਰੀਆਂ ਪਾਉਂਦਾ ਹੈ। ਇਸ ਦੌਰਾਨ ਲੈਕਚਰਾਰ ਹਰਮੇਲ ਸਿੰਘ ਵੱਲੋਂ ਜਿੱਥੇ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਦੇ ਸੰਘਰਸ਼ਮਈ ਜੀਵਨ ਦਾ ਜ਼ਿਕਰ ਕੀਤਾ ਗਿਆ, ਉੱਥੇ ਹੀ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਵੱਖ- ਵੱਖ ਸੰਸਥਾਵਾਂ ਵੱਲੋਂ ਭੇਜੇ ਗਏ ਸ਼ੋਕ ਸੁਨੇਹੇ ਵੀ ਪੜ੍ਹੇ ਗਏ। ਇਸ ਦੇ ਬਾਅਦ ਉਨ੍ਹਾਂ ਆਪਣੇ ਸ਼ਬਦਾਂ ਨੂੰ ਵਿਸਰਾਮ ਦਿੰਦਿਆਂ ਪਿੰਡ ਭਲੂਰ ਦੀ ਮਾਣਮੱਤੀ ਸ਼ਖ਼ਸੀਅਤ ਸਰਦਾਰ ਮਿਹਰ ਸਿੰਘ ਸੰਧੂ ਰਿਟਾਇਰਡ ਪ੍ਰਿੰਸੀਪਲ ਹੋਰਾਂ ਨੂੰ ਆਪਣੇ ਵਿਦਿਆਰਥੀ ਅਤੇ ਸਾਥੀ ਬਲਵਿੰਦਰ ਸਿੰਘ ਖ਼ਾਲਸਾ ਲਈ ਕੁਝ ਸ਼ਬਦਾਂ ਦੀ ਸਾਂਝ ਪਾਉਣ ਦੀ ਬੇਨਤੀ ਕੀਤੀ। ਵੱਡੀ ਗਿਣਤੀ ਵਿੱਚ ਦੂਰ ਨੇੜੇ ਤੋਂ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਵੀ ਉਸ ਸਮੇਂ ਭਾਵੁਕ ਹੋ ਗਈਆਂ ਜਦ ਪ੍ਰਿੰਸੀਪਲ ਮਿਹਰ ਸਿੰਘ ਸੰਧੂ ਹੋਰਾਂ ਨੇ ਗੰਭੀਰਤਾ ਭਰੇ ਲਹਿਜ਼ੇ ਨਾਲ ਕਿਹਾ ਕਿ ਬਲਵਿੰਦਰ ਸਿੰਘ ਖ਼ਾਲਸਾ ਸਾਡੇ ਪੱਲੇ ਸਿਰਫ਼ ‘ਵਿਛੋੜਾ’  ਹੀ ਨਹੀਂ, ਮਣਾਂ- ਮੂੰਹੀਂ ਯਾਦਾਂ ਵੀ ਪਾ ਗਿਆ ਹੈ, ਉਹ ਯਾਦਾਂ ਜਿਹੜੀਆਂ ਮੋਹ, ਪਿਆਰ, ਮੁਹੱਬਤ, ਸੁੱਚਮਤਾ, ਇਮਾਨਦਾਰੀ, ਦਿਆਨਤਦਾਰੀ ਤੇ ਸਮਝਦਾਰੀ ਦੇ ਰੰਗਾਂ ਵਿਚ ਗੜੁੱਚ ਹਨ। ਉਹ ਯਾਦਾਂ ਜਿਹੜੀਆਂ ਕਦੇ ਚੇਤਿਆਂ ਦੇ ਵਰਕਿਆਂ ਤੋਂ ਲੱਥ ਹੀ ਨਹੀਂ ਸਕਦੀਆਂ। ਉਨ੍ਹਾਂ ਨੇ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਦੀ ਸ਼ਖ਼ਸੀਅਤ ਨੂੰ ਕਿੰਨੇ ਹੀ ਭਾਵਪੂਰਤ ਸ਼ਬਦਾਂ ਵਿਚ ਬਿਆਨ ਕਰਦਿਆਂ ਵਰ੍ਹਿਆਂ ਪੁਰਾਣੀਆਂ ਸਾਂਝਾਂ ਦਾ ਖੂਬਸੂਰਤ ਜ਼ਿਕਰ ਕੀਤਾ। ਪ੍ਰਿੰਸੀਪਲ ਮਿਹਰ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਸਾਡੀ ਬਲਵਿੰਦਰ ਸਿੰਘ ਖ਼ਾਲਸਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਸ੍ਰੀ ਗੁਰੂ ਹਰਕ੍ਰਿਸ਼ਨ ਐਜ਼ੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਰਾਹੀਂ ਉਨ੍ਹਾਂ ਦੇ ਵਿੱਢੇ ਸਾਰੇ ਕਾਰਜਾਂ ਨੂੰ ਅੱਗੇ ਤੋਰਨਾ ਹੈ। ਉਨ੍ਹਾਂ ਦੀ ਸੋਚ ਨੂੰ ਸੂਰਜ ਵਾਂਗੂੰ ਜਗਦੀ ਰੱਖਣਾ ਹੈ। ਉਨ੍ਹਾਂ ਦੀ ਵਿਲੱਖਣਤਾ ਨੂੰ ਮਹਿਕਦੀ ਰੱਖਦਿਆਂ ਸੰਸਥਾਵਾਂ ਦੇ ਕੰਮਾਂ ਕਾਰਜਾਂ ਨੂੰ ਕਰਦੇ ਜਾਣਾ ਹੈ। ਇਸ ਤਰ੍ਹਾਂ ਸਰਦਾਰ ਮਿਹਰ ਸਿੰਘ ਸੰਧੂ ਹੋਰਾਂ ਨੇ ਬੜੇ ਹੀ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਉਰਫ਼ ਗੋਗੀ ਕਲੇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੇ ਮਿਲਾਪੜੇ ਪਰਿਵਾਰ ਦਾ ਵੀ ਜ਼ਿਕਰ ਕੀਤਾ, ਜਿੰਨ੍ਹਾਂ ਨੇ ਹਰ ਸਮੇਂ ‘ਖ਼ਾਲਸਾ’ ਜੀ ਦਾ ਸਾਂਝੇ ਕੰਮਾਂ ਵਿੱਚ ਵੀ ਰੱਜਵਾਂ ਸਾਥ ਦਿੱਤਾ। ਇੱਥੇ ਇਕ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਨਮਿੱਤ ਪਾਏ ਪਾਠ ਦੇ ਭੋਗ ਦੌਰਾਨ ਸਾਦੇ ਦਾਲ ਫੁਲਕੇ ਦੀ ਰੀਤ ਨੂੰ ਪਿੰਡ ਅੰਦਰ ਮੁੜ ਬਹਾਲ ਕਰਕੇ ਪਰਿਵਾਰ ਨੇ ਵਿਲੱਖਣ ਤੇ ਖ਼ੂਬਸੂਰਤ ਸੁਨੇਹਾ ਦਿੱਤਾ ਹੈ। ਉਮੀਦ ਕਰਦੇ ਹਾਂ ਕਿ ਇਹ ਰੀਤ ਸਮੁੱਚੇ ਭਲੂਰ ਨਗਰ ਲਈ ਰਾਹ ਦੁਸੇਰਾ ਬਣੇਗੀ। ਕਿਉਂਕਿ ਸ਼ੋਕ ਸਮਾਗਮਾਂ ਵਿਚ ਵੰਨ ਸੁਵੰਨੀਆਂ ਮਠਿਆਈਆਂ ਦੇ ਟੇਬਲ ਸਜਾਉਣ ਵਾਲੇ ਲੋਕ ਸਮਾਜ ਦੇ ਅਗਾਂਹਵਧੂ ਲੋਕ ਨਹੀਂ, ਸਗੋਂ ਸਮਾਜ ਨੂੰ ‘ਤਬਾਹਕਰੂ ਲੋਕ’ ਹੁੰਦੇ ਹਨ। ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਵੀ ਸਾਦਾ ਜੀਵਨ ਤੇ ਸਾਦੇ ਕਾਰ ਵਿਹਾਰਾਂ ਦਾ ਸਮਾਜ ਹੀ ਤਾਂ ਮਜ਼ਬੂਤ ਕਰਨਾ ਲੋਚਦੇ ਸਨ। ਇਸ ਦੌਰਾਨ ਇਲਾਕੇ ਦੀਆਂ ਧਾਰਮਿਕ, ਸਮਾਜਿਕ, ਵਿੱਦਿਅਕ ਸੰਸਥਾਵਾਂ ਅਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮਾਸਟਰ ਬਿੱਕਰ ਸਿੰਘ ਹਾਂਗਕਾਂਗ, ਲਖਵਿੰਦਰ ਸਿੰਘ ਸੁੱਖੀ,  ਸਰਪੰਚ ਪਾਲਾ ਸਿੰਘ, ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ, ਪੰਚ ਵੀਰਪਾਲ ਸਿੰਘ ਵੀਰੂ, ਜਗਦੀਪ ਸਿੰਘ, ਮਾਸਟਰ ਗੁਰਦੀਪ ਸਿੰਘ ਢੁੱਡੀ, ਮੱਖਣ ਸਿੰਘ ਬਰਾੜ, ਬਾਬੂ ਸਿੰਘ ਬਰਾੜ, ਕੰਵਲਜੀਤ ਸਿੰਘ ਖੋਸਾ ਅਮਰੀਕਾ, ਠਾਣਾ ਸਿੰਘ ਹਰੀਏਵਾਲਾ, ਕਿਸਾਨ ਯੂਨੀਅਨ ਖੋਸਾ ਇਕਾਈ ਭਲੂਰ ਦੇ ਪ੍ਰਧਾਨ ਬੋਹੜ ਸਿੰਘ, ਕਿਸਾਨ ਯੂਨੀਅਨ ਕਾਦੀਆਂ ਗਰੁੱਪ ਭਲੂਰ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ, ਗੁਰਦੁਆਰਾ ਸਰੋਵਰ ਸਾਹਿਬ ਅਤੇ ਗੁਰਦੁਆਰਾ ਸੁਖਸਾਗਰ ਸਾਹਿਬ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ, ’35 ਅੱਖਰ ਲੇਖਕ ਮੰਚ ਭਲੂਰ’ ਅਤੇ  ‘ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਬੇਅੰਤ ਗਿੱਲ, ਅਨੰਤ ਗਿੱਲ, ਲਖਵੀਰ ਸਿੰਘ ਬਰਾੜ ਭੱਠੇ ਵਾਲੇ, ਅਮਨਦੀਪ ਕੌਰ,  ਰਣਜੀਤ ਸਿੰਘ ਬਰਾੜ, ਇੰਦਰਜੀਤ ਸਿੰਘ ਗਿੱਲ ਉਰਫ਼ ਛਿੰਦਾ ਸਿੰਘ ਲੰਢੇ ਕੇ, ਛਿੰਦਰ ਸਿੰਘ ਸੰਧੂ, ਮਨਜੀਤ ਸਿੰਘ ਕਾਕੂ, ਪ੍ਰਧਾਨ ਬਚਿੱਤਰ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਇਕਬਾਲ ਸਿੰਘ ਬਰਾੜ, ਸ਼ੇਰ ਸਿੰਘ ਬਰਾੜ, ਐਨ ਆਰ ਆਈ ਭੋਲਾ ਸਿੰਘ ਬਰਾੜ, ਐਨ ਆਰ ਆਈ ਸਰਬਜੀਤ ਸਿੰਘ, ਕੈਨੇਡੀਅਨ ਅਵਤਾਰ ਸਿੰਘ ਨਹਿਰੂ, ਕੁਲਦੀਪ ਸਿੰਘ ਬਰਾੜ, ਕੈਨੇਡੀਅਨ ਰਣਜੀਤ ਸਿੰਘ ਬਰਾੜ, ਛਿੰਦਾ ਸਿੰਘ ਢਿੱਲੋਂ, ਬਿੰਦਾ ਸਿੰਘ ਢਿੱਲੋਂ, ਗਗਨ ਸਿੰਘ ਬਰਾੜ, ਲਖਵਿੰਦਰ ਸਿੰਘ ਲੱਕੀ, ਜੀ ਐੱਨ ਕਾਨਵੈਂਟ ਸਕੂਲ ਭਲੂਰ ਦੇ ਟੀਚਰ ਸਾਹਿਬਾਨ , ਪਿੰਡ ਮਾਹਲਾ ਕਲਾਂ, ਹਰੀਏਵਾਲਾ, ਨਾਥੇਵਾਲਾ, ਨੱਥੂਵਾਲਾ ਗਰਬੀ, ਵੱਡਾ ਘਰ, ਡੇਮਰੂ, ਲੰਗੇਆਣਾ, ਔਲਖ, ਧੂੜਕੋਟ, ਮੰਡਵਾਲਾ, ਜਿਉਣਵਾਲਾ, ਘਣੀਏਵਾਲਾ ਆਦਿ ਗੁਆਂਡੀ ਪਿੰਡਾਂ ਦੇ ਮੋਹਤਬਰ ਲੋਕਾਂ ਤੋਂ ਇਲਾਵਾ ਸ੍ਰੀ ਗੁਰੂ ਹਰਕ੍ਰਿਸ਼ਨ ਐਜ਼ੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਦੇ ਸਮੂਹ ਨੁਮਾਇੰਦੇ ਮਾਸਟਰ ਜਗਰੂਪ ਸਿੰਘ, ਪਰਸ਼ਨ ਸਿੰਘ ਫੌਜੀ, ਜਗਦੇਵ ਸਿੰਘ ਢਿੱਲੋਂ, ਡਾ ਜਸਵੀਰ ਸਿੰਘ ਸੀਰਾ, ਬਲਜਿੰਦਰ ਸਿੰਘ ਬਿੰਦਾ, ਮਨਜੀਤ ਸਿੰਘ ਬੈਂਕ ਮੈਨੇਜਰ, ਬਲਵਿੰਦਰ ਸਿੰਘ ਪਿੰਦਾ, ਕੁਲਵਿੰਦਰ ਸਿੰਘ ਉਰਫ ਕਿੰਦਾ ਖੋਸਾ, ਕਮਲਪ੍ਰੀਤ ਸਿੰਘ ਗਿੱਲ, ਬੇਅੰਤ ਗਿੱਲ ਅਤੇ ਪਿੰਡ ਭਲੂਰ ਦੇ ਵੱਡੀ ਗਿਣਤੀ ਵਿਚ ਹਾਜ਼ਿਰ ਲੋਕਾਂ ਨੇ ਸਰਦਾਰ ਬਲਵਿੰਦਰ ਸਿੰਘ ਖ਼ਾਲਸਾ ਨੂੰ ਉਚੇਚਾ ਯਾਦ ਕਰਦਿਆਂ ਉਨ੍ਹਾਂ ਦੇ ਵਿਲੱਖਣ ਕੰਮਾਂ ਕਾਜਾਂ ਦੀਆਂ ਗੱਲਾਂ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article     ਏਹੁ ਹਮਾਰਾ ਜੀਵਣਾ ਹੈ – 524
Next articleਰੁੱਖ ਲਗਾਈਏ