ਏਹੁ ਹਮਾਰਾ ਜੀਵਣਾ ਹੈ 522

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-   ਪਹਿਲਾਂ- ਪਹਿਲ ਭਾਰਤੀ ਸਮਾਜ ਵਿੱਚ ਔਰਤ ਅਤੇ ਮਰਦ ਦੇ ਰੁਝੇਵਿਆਂ ਵਿੱਚ ਕਾਫ਼ੀ ਵਖਰੇਵਾਂ ਸੀ। ਔਰਤਾਂ ਘੱਟ ਪੜ੍ਹੀਆਂ ਹੋਣ ਕਰਕੇ ਜ਼ਿਆਦਾਤਰ ਘਰੇਲੂ ਕੰਮ-ਕਾਜ ਵਿੱਚ ਰੁੱਝੀਆਂ ਰਹਿੰਦੀਆਂ ਸਨ। ਉਹਨਾਂ ਦੀਆਂ ਨਿੱਜੀ ਲੋੜਾਂ ਬਹੁਤ ਸੀਮਤ ਸਨ। ਉਹਨਾਂ ਦਾ ਘਰ,ਬੱਚੇ ਅਤੇ ਘਰ ਦੇ ਬਾਕੀ ਜੀਅ ਹੀ ਉਹਨਾਂ ਦੀ ਦੁਨੀਆ ਹੁੰਂਦੇ ਸਨ। ਇਸ ਲਈ ਉਹ ਉਹਨਾਂ ਦੇ ਸਾਰੇ ਕੰਮ ਆਪਣੇ ਹੱਥੀਂ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦੀਆਂ ਸਨ। ਉਹ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਣਾ ਆਪਣਾ ਇਖ਼ਲਾਕੀ ਫ਼ਰਜ਼ ਸਮਝਦੀਆਂ ਸਨ। ਬਹੁਤੀਆਂ ਸੁੱਖ-ਸਹੂਲਤਾਂ ਨਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਐਨੇ ਕੁ ਫਰਜ਼ ਨਿਭਾ ਕੇ ਬਹੁਤ ਖੁਸ਼ ਰਹਿੰਦੀਆਂ ਸਨ ਜਦ ਕਿ ਮਰਦ ਦੇ ਜ਼ਿੰਮੇ ਕਮਾਈ ਕਰਨਾ,ਘਰ ਦੇ ਸਾਰੇ ਜੀਆਂ ਦੇ ਪਾਲਣ-ਪੋਸ਼ਣ ਦਾ ਖਰਚਾ ਅਤੇ ਸਾਰੇ ਬਾਹਰਲੇ ਕੰਮ-ਧੰਦੇ ਸਨ, ਜਿਸ ਕਰਕੇ ਸਮਾਜ ਵਿੱਚ ਮਰਦ ਅਤੇ ਔਰਤ ਦੀਆਂ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਤੇ ਸਹਿਯੋਗ ਸਿਰਫ਼ ਘਰ, ਪਰਿਵਾਰ ਅਤੇ ਰਿਸ਼ਤੇਦਾਰਾਂ ਤੱਕ ਹੀ ਸੀਮਤ ਸੀ। ਪ੍ਰੰਤੂ ਹੁਣ ਜੁਗ ਬਦਲ ਗਿਆ ਹੈ। ਵਿਸ਼ਵੀਕਰਨ ਹੋਣ ਕਰਕੇ ਸਾਡੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆ ਗਿਆ ਹੈ।

                ਸਾਡੀ ਸੱਭਿਅਤਾ ਉੱਤੇ ਪੱਛਮੀ ਸੱਭਿਅਤਾ ਦਾ ਗਹਿਰਾ ਪ੍ਰਭਾਵ ਪੈ ਰਿਹਾ ਹੈ। ਪਿਛਲੇ ਦੋ ਦਹਾਕਿਆਂ ਵਿੱਚ ਜਿੱਥੇ ਰਹਿਣ ਸਹਿਣ ਅਤੇ ਖਾਣ-ਪੀਣ ਦੇ ਤੌਰ ਤਰੀਕਿਆਂ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ ਉੱਥੇ ਸਾਡੀ ਸੱਭਿਅਤਾ ਵਿੱਚ ਉਸ ਤੋਂ ਵੀ ਵੱਧ ਤਬਦੀਲੀ ਆਈ ਹੈ। ਇਸ ਕਰਕੇ ਔਰਤਾਂ ਦੀ ਸਮਾਜਿਕ ਸਥਿਤੀ ਵੀ ਪਹਿਲਾਂ ਵਾਲੀ ਨਹੀਂ ਰਹੀ। ਸਾਡੇ ਸਮਾਜ ਵਿੱਚ ਹੁਣ ਔਰਤਾਂ ਬਹੁਤ ਪੜ੍ਹੀਆਂ ਹੋਣ ਕਰਕੇ ਬਹੁਤੀਆਂ ਨੌਕਰੀਆਂ ਕਰਦੀਆਂ ਹਨ।ਇਸ ਲਈ ਉਹ ਵੀ ਮਰਦ ਜਿੰਨਾ ਸਮਾਂ ਘਰ ਤੋਂ ਬਾਹਰ ਹੀ ਬਤੀਤ ਕਰਦੀਆਂ ਹਨ। ਘਰੇਲੂ ਕੰਮਾਂ ਲਈ ਜਾਂ ਬੱਚਿਆਂ ਦੀ ਸੰਭਾਲ ਲਈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਪੇਸ਼ ਆਉਂਦੀਆਂ ਹਨ।ਇਸ ਲਈ ਜੇ ਦੇਖਿਆ ਜਾਵੇ ਤਾਂ ਘਰ ਦੇ ਬਹੁਤੇ ਕੰਮ ਫਿਰ ਵੀ ਔਰਤ ਨੂੰ ਨਾਲ ਨਾਲ ਕਰਨੇ ਹੀ ਪੈਂਦੇ ਹਨ। ਥਕਾਵਟ ਅਤੇ ਕੰਮ ਦੇ ਬੋਝ ਕਾਰਨ ਕਈ ਵਾਰੀ ਪਤੀ ਪਤਨੀ ਵਿੱਚ ਤਣਾਅ ਦਾ ਮਾਹੌਲ ਪੈਦਾ ਹੋਣ ਲੱਗਦਾ ਹੈ। ਤਣਾਅ ਭਰਪੂਰ ਮਾਹੌਲ ਤੋਂ ਬਚਣ ਲਈ ਇਸਤਰੀ ਅਤੇ ਮਰਦ ਨੂੰ ਇੱਕ ਦੂਜੇ ਦੇ ਸਹਿਯੋਗੀ ਬਣਨਾ ਚਾਹੀਦਾ ਹੈ।ਔਰਤ ਨੂੰ ਆਪਣੀ ਕਮਾਈ ਦੀ ਧੌਂਸ ਨਹੀਂ ਦੇਣੀ ਚਾਹੀਦੀ ਤੇ ਹਰ ਵੇਲੇ ਘਰ ਦੇ ਕੰਮਾਂ ਨੂੰ ਬੋਝ ਸਮਝ ਕੇ ਨਹੀਂ ਕਰਨਾ ਚਾਹੀਦਾ ।ਘਰ ਦਾ ਜਿੰਨਾ ਵੀ ਕੰਮ ਔਰਤ ਕਰੇ ਉਸ ਨੂੰ ਖੁਸ਼ੀ ਖੁਸ਼ੀ ਕਰਨਾ ਚਾਹੀਦਾ ਹੈ ਤਾਂ ਜੋ ਉਹ ਕੰਮ ਬੋਝ ਦੀ ਥਾਂ ਵਰਦਾਨ ਬਣ ਜਾਵੇ।ਮਰਦ ਨੂੰ ਵੀ ਪਤਨੀ ਦੀ ਸਥਿਤੀ ਨੂੰ ਸਮਝਣ ਦੀ ਲੋੜ ਹੁੰਦੀ ਹੈ।ਉਸ ਨੂੰ ਆਪਣੀ ਮਰਦ-ਹਉਮੈ ਨੂੰ ਤਿਆਗ ਕੇ ਆਪਣੀ ਪਤਨੀ ਦੇ ਛੋਟੇ ਛੋਟੇ ਕੰਮਾਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਨਾਲ ਹੀ ਇੱਕ ਦੂਜੇ ਨੂੰ ਆਪਣੇ ਆਪਣੇ ਨੌਕਰੀ ਦੌਰਾਨ ਹੋਏ ਤਜਰਬਿਆਂ ਜਾਂ ਆਈਆਂ ਔਕੜਾਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਦੇ ਰਹਿਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਇੱਕ ਦੂਜੇ ਪ੍ਰਤੀ ਵਿਸ਼ਵਾਸ, ਹਮਦਰਦੀ ਅਤੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ।
           ਕਈ ਵਾਰੀ ਘਰੇਲੂ ਵਾਤਾਵਰਨ ਵਿੱਚ ਦੂਜੇ ਰਿਸ਼ਤਿਆਂ ਦੀ ਦਖਲਅੰਦਾਜ਼ੀ ਕਾਰਨ ਪਤੀ-ਪਤਨੀ ਦੇ ਰਿਸ਼ਤੇ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਹੈ।ਆਪਸ ਵਿੱਚ ਕੜਵਾਹਟ ਪੈਦਾ ਕਰਨ ਦੀ ਥਾਂ ਦੋਵਾਂ ਨੂੰ ਆਪਣਾ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਦੀ ਆਪਣੇ ਜੀਵਨ ਸਾਥੀ ਬਾਰੇ ਨਾਕਾਰਾਤਮਕ ਧਾਰਨਾ ਨੂੰ ਬਹੁਤੀ ਤਰਜੀਹ ਨਹੀਂ ਦੇਣੀ ਚਾਹੀਦੀ।  ਇੱਕ ਦੂਜੇ ਦੀਆਂ ਕਮੀਆਂ ਖ਼ਾਮੀਆਂ ਨੂੰ ਗੱਲਾਂ ਬਾਤਾਂ ਰਾਹੀਂ ਆਪਸ ਵਿੱਚ ਹੀ ਸਹਿਜਤਾ ਨਾਲ ਸਮਝਾਉਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ ਬਿਜਾਏ ਕਿ ਕਿਸੇ ਸਾਹਮਣੇ ਇੱਕ ਦੂਜੇ ਦੀਆਂ ਖ਼ਾਮੀਆਂ ਸੁਣਾ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਤਰ੍ਹਾਂ ਕਰਕੇ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਵਿੱਚ ਦੋਂਵੇਂ ਹੀ ਡਿੱਗ ਜਾਂਦੇ ਹਨ ਤੇ ਉਹਨਾਂ ਦੇ ਦਿਲਾਂ ਵਿੱਚ ਤੁਹਾਡੇ ਪ੍ਰਤੀ ਸਤਿਕਾਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ।
                   ਅੱਜ ਕੱਲ੍ਹ ਦਫ਼ਤਰਾਂ ਵਿੱਚ ਵੀ ਔਰਤਾਂ ਅਤੇ ਮਰਦ ਇਕੱਠੇ ਕੰਮ ਕਰਦੇ ਹਨ। ਦੋਵੇਂ ਵਰਗਾਂ ਨੂੰ ਆਪਣੇ ਸਹਿ ਕਰਮਚਾਰੀ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਸ ਰਿਸ਼ਤੇ ਵਿੱਚ ਪਵਿੱਤਰਤਾ ਬਣਾਈ ਰੱਖਣ ਲਈ ਸਮੇਂ-ਸਮੇਂ ਤੇ ਆਪਣੇ ਆਪ ਨੂੰ ਦਿਮਾਗੀ ਤੌਰ ਤੇ ਤਿਆਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਹਰ ਔਰਤ ਅਤੇ ਮਰਦ ਕਰਮਚਾਰੀ ਦਾ ਵੀ ਆਪਣਾ ਆਪਣਾ ਪਰਿਵਾਰਕ ਪਿਛੋਕੜ ਹੁੰਦਾ ਹੈ। ਇਸ ਲਈ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖ ਕੇ ਉਹਨਾਂ ਨੂੰ ਇੱਕ ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ । ਇੱਕ ਦੂਜੇ ਦੇ ਬਹੁਤੇ ਕਰੀਬੀ ਬਣਨ ਦੀ ਥਾਂ ਸਿਰਫ਼ ਦਫ਼ਤਰੀ ਕੰਮ ਕਾਜ ਵਿੱਚ ਹੀ ਸਹਿਯੋਗੀ ਬਣਨਾ ਚਾਹੀਦਾ ਹੈ ਤਾਂ ਜੋ ਕਿਸੇ ਦੇ ਵੀ ਪਰਿਵਾਰਕ ਜੀਵਨ ਉੱਤੇ ਕੋਈ ਬੁਰਾ ਅਸਰ ਨਾ ਪਵੇ।
            ਪਤੀ-ਪਤਨੀ ਇੱਕ ਪਰਿਵਾਰ ਦੇ ਨਿਰਮਾਤਾ ਹੁੰਦੇ ਹਨ, ਟੁੱਟਿਆ ਪਰਿਵਾਰ ਅਪਾਹਜ ਵਿਅਕਤੀ ਵਾਂਗ ਹੋ ਜਾਂਦਾ ਹੈ। ਜਿਸ ਦਾ ਖਮਿਆਜ਼ਾ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ।ਇਸ ਲਈ ਸਮਾਜ ਵਿੱਚ ਇੱਕ ਸੋਹਣਾ ਪਰਿਵਾਰ ਸਿਰਜਣ ਲਈ ਇੱਕ ਦੂਜੇ ਨੂੰ ਸਹਿਯੋਗ ਦੇਣਾ ਜ਼ਰੂਰੀ ਹੁੰਦਾ ਹੈ।ਪਤੀ-ਪਤਨੀ ਇੱਕ ਪਰਿਵਾਰ ਦੇ ਦੋ ਪਹੀਆਂ ਵਾਂਗ ਹੀ ਹੁੰਦੇ ਹਨ ਜਿਨ੍ਹਾਂ ਨੇ ਪਰਿਵਾਰ ਰੂਪੀ ਗੱਡੀ ਨੂੰ ਇੱਕ ਦੂਜੇ ਦੇ ਸਹਿਯੋਗ ਨਾਲ ਰਲ਼ ਕੇ ਚਲਾਉਣਾ ਹੁੰਦਾ ਹੈ। ਅੱਜ ਦੇ ਸਮਾਜ ਵਿੱਚ ਵਿਚਰਦਿਆਂ ਪਤੀ-ਪਤਨੀ ਨੂੰ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਇੱਕ ਇਹੋ ਜਿਹੇ ਪਰਿਵਾਰ ਨੂੰ ਸਿਰਜਣਾ ਚਾਹੀਦਾ ਹੈ ਜੋ ਹੋਰਾਂ ਲਈ ਵੀ ਮਿਸਾਲ ਬਣੇ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁੱਖ ਗਿੱਲ ਮੋਗਾ ਨੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Next articleਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਸਬੰਧੀ ਵਿਚਾਰ-