(ਸਮਾਜ ਵੀਕਲੀ)-ਗਲੀ ਵਿੱਚ ਲੰਘਦੇ ਲਾਊਡਸਪੀਕਰਾਂ ਦਾ ਰੌਲਾ ਹਰ ਦਸ ਮਿੰਟ ਬਾਅਦ ਸੁਣਦਾ ਸੀ। ਕੋਈ ਗਾਣੇ ਗਾ ਕੇ ਲੰਘਦਾ ਸੀ, ਕੋਈ ਉੱਚੀ ਉੱਚੀ ਅਨਾਊਂਸਮੈਂਟ ਕਰਦਾ ਲੰਘਦਾ ਸੀ। ਸਾਰੀਆਂ ਪਾਰਟੀਆਂ ਆਪਣੇ ਆਪਣੇ ਅੰਦਾਜ਼ ਵਿੱਚ ਚੋਣਾਂ ਦਾ ਪ੍ਰਚਾਰ ਕਰ ਰਹੀਆਂ ਸਨ। ਕਈ ਵਾਰੀ ਤਾਂ ਇਸ ਸ਼ੋਰ ਉੱਤੇ ਖਿਝ ਜਿਹੀ ਆ ਜਾਂਦੀ ਸੀ ਤੇ ਰਣਦੀਪ ਸੋਚਦਾ ਸੀ ਕਿ ਕੀ ਤੁਹਾਡੇ ਰੌਲ਼ਾ ਪਾਉਣ ਨਾਲ ਸਾਡੀ ਵੋਟ ਬਦਲ ਜਾਵੇਗੀ? ਜੇ ਸੱਚ ਮੁੱਚ ਇਸ ਰੌਲ਼ੇ ਅਨੁਸਾਰ ਸਾਡੀ ਸੋਚ ਬਦਲਣ ਲੱਗੀ ਤਾਂ ਹਰ ਦਸ ਮਿੰਟ ਬਾਅਦ ਸਾਡੀ ਸੋਚ ਬਦਲੇਗੀ।ਸਾਡਾ ਦਿਮਾਗ ਹਰ ਦਸ ਮਿੰਟ ਬਾਅਦ ਪਾਰਟੀ ਬਦਲ ਦੇਵੇਗਾ। ਹੁਣ ਤਾਂ ਵੈਸੇ ਵੀ ਵੋਟਾਂ ਪੈਣ ਵਿੱਚ ਦਿਨ ਥੋੜ੍ਹੇ ਹੀ ਰਹਿ ਗਏ ਸਨ। ਰੌਲਾ ਹੁਣ ਸ਼ਾਮ ਵੇਲੇ ਘਰਾਂ ਦੀਆਂ ਡੋਰ ਬੈੱਲਾਂ ਤੱਕ ਵੀ ਪਹੁੰਚ ਗਿਆ ਸੀ। ਹੁਣ ਹਰ ਪਾਰਟੀ ਦੇ ਲੀਡਰ ਬਹੁਤ ਨਿਮਰਤਾ ਪੂਰਵਕ ਦਰਵਾਜ਼ਿਆਂ ਉੱਤੇ ਢੁਕਣੇ ਸ਼ੁਰੂ ਹੋ ਗਏ ਸਨ।
ਇੱਕ ਦਿਨ ਨੇਤਾ ਜੀ ਗਲ਼ ਵਿੱਚ ਹਾਰ ਪਾਏ ਹੋਏ ਮੁਹੱਲੇ ਦੇ ਮੋਢੀ ਬੰਦਿਆਂ ਦੇ ਨਾਲ਼ ਨਾਲ਼ ਤੁਰੇ ਆ ਰਹੇ ਸਨ। ਉਹਨਾਂ ਵਿੱਚੋਂ ਇੱਕ ਨੇ ਰਣਦੀਪ ਦੇ ਘਰ ਦੀ ਡੋਰ ਬੈੱਲ ਵਜਾਈ। ਰਣਦੀਪ ਬਾਹਰ ਆਇਆ ਤਾਂ ਦੇਖਿਆ ਕਿ ਪੰਦਰਾਂ ਵੀਹ ਬੰਦੇ ਬੂਹੇ ਅੱਗੇ ਖੜ੍ਹੇ ਸਨ। ਨੇਤਾ ਜੀ ਦੇ ਗਲ਼ ਵਿੱਚ ਪਹਿਲਾਂ ਤੋਂ ਹੀ ਦਸ ਪੰਦਰਾਂ ਗੇਂਦੇ ਦੇ ਫੁੱਲਾਂ ਦੇ ਹਾਰ ਪਾਏ ਹੋਏ ਸਨ। ਮੁਹੱਲੇ ਦੇ ਪ੍ਰਧਾਨ ਨੇ ਇੱਕ ਹਾਰ ਰਣਦੀਪ ਦੇ ਹੱਥ ਵਿੱਚ ਪਕੜਾਉਂਦਿਆਂ ਉਸ ਦੇ ਬੂਹੇ ਤੇ ਆਏ ਨੇਤਾ ਜੀ ਦੇ ਗਲ਼ ਵਿੱਚ ਪਾਉਣ ਲਈ ਕਿਹਾ ਤਾਂ ਜੋ ਉਸ ਵੱਲੋਂ ਵੀ ਉਸ ਦਾ ਨਿੱਘਾ ਸਵਾਗਤ ਹੋ ਜਾਵੇ। ਰਣਦੀਪ ਨੇ ਉਸੇ ਤਰ੍ਹਾਂ ਹੀ ਕੀਤਾ ,ਨਾਲ ਦੋ ਚਾਰ ਫੋਟੋਆਂ ਵੀ ਫੋਨ ਤੇ ਖਿੱਚ ਲਈਆਂ। ਨੇਤਾ ਜੀ ਨੇ ਰਣਦੀਪ ਨੂੰ ਜੱਫੀ ਵਿੱਚ ਘੁੱਟ ਕੇ ਬਹੁਤ ਹੀ ਨਿਮਰ ਹੋਣ ਦਾ ਅਤੇ ਆਪਣੇਪਣ ਦਾ ਸਬੂਤ ਦਿੱਤਾ। ਨੇਤਾ ਜੀ ਦੇ ਐਨੇ ਆਪਣੇਪਣ ਨੇ ਰਣਦੀਪ ਦਾ ਦਿਲ ਹੀ ਜਿੱਤ ਲਿਆ ਸੀ ਚਾਹੇ ਉਹ ਨੇਤਾ ਉਸ ਦੀ ਸੋਚ ਦੀ ਵਿਰੋਧੀ ਧਿਰ ਨਾਲ ਸਬੰਧ ਰੱਖਦਾ ਸੀ।ਉਸ ਨੇ ਰਸਮੀ ਤੌਰ ਤੇ ਘਰ ਅੰਦਰ ਆਉਣ ਲਈ ਕਿਹਾ,”ਆਓ ਜੀ ! ਅੰਦਰ ਲੰਘ ਆਓ।ਜਲ ਪਾਣੀ ਛਕ ਕੇ ਜਾਇਓ।” ਨੇਤਾ ਜੀ ਕਹਿਣ ਲੱਗੇ,”ਹਾ ਹਾ ਹਾ… ਆਪਾਂ ਸਾਰੇ ਤਾਂ ਤੁਹਾਨੂੰ ਆਪਣਾ ਯੋਗਦਾਨ ਪਾਉਣ ਲਈ ਕਹਿਣ ਆਏ ਹਾਂ। ” ਨੇਤਾ ਜੀ ਨੇ ਆਪਣੀ ਬਾਂਹ ਉੱਚੀ ਚੁੱਕ ਕੇ ਪਿੱਛਿਉਂ ਅੱਗੇ ਵੱਲ ਨੂੰ ਉਲਾਰਦੇ ਹੋਏ ਆਖਿਆ,” ਆ ਜਾਓ ਬਈ , ਆਪਾਂ ਕਾਕਾ ਜੀ ਦੀ ਗੱਲ ਨਹੀਂ ਮੋੜਨੀ।” ਸਾਰੇ ਅੰਦਰ ਆ ਗਏ। ਕੁਛ ਨੇਤਾ ਜੀ ਨਾਲ ਸੋਫਿਆਂ ਤੇ ਬੈਠ ਗਏ ਕੁਝ ਖੜ੍ਹੇ ਰਹੇ। ਰਣਦੀਪ ਫਟਾਫਟ ਰਸੋਈ ਵਿੱਚ ਪਤਨੀ ਕੋਲ ਗਿਆ ਅਤੇ ਗਲਾਸਾਂ ਵਿੱਚ ਠੰਡਾ ਲੈ ਕੇ ਆਇਆ ਤੇ ਨਾਲ ਭੁਜੀਆ ਦੋ ਪਲੇਟਾਂ ਚ ਪਾ ਕੇ ਲੈ ਆਇਆ।ਦਸ-ਪੰਦਰਾਂ ਮਿੰਟ ਚ ਸਾਰਾ ਕੁਝ ਨਿਬੜ ਗਿਆ। ਮੁਹੱਲੇ ਦੇ ਪ੍ਰਧਾਨ ਨੇ ਰਣਦੀਪ ਨੂੰ ਵੀ ਨਾਲ ਹੀ ਚੱਲਣ ਲਈ ਕਿਹਾ।ਉਹ ਵੀ ਨਾਲ ਨਾਲ ਤੁਰ ਪਿਆ। ਰਣਦੀਪ ਨੂੰ ਆਪਣਾ ਆਪ ਬੜਾ ਵੱਡਾ ਵੱਡਾ ਜਾਪਿਆ। ਪਹਿਲਾਂ ਦੋ ਵਾਰ ਚੁਣੇ ਜਾ ਚੁੱਕੇ ਨੇਤਾ ਜੀ ਦੀ ਨਿਮਰਤਾ ਦੇਖ ਕੇ ਦੋ ਘੰਟੇ ਨਾਲ ਘੁੰਮਦੇ-ਘੁੰਮਦੇ ਉਸ ਦਾ ਮਨ ਹੀ ਬਦਲ ਗਿਆ।ਉਸ ਨੇ ਘਰ ਜਾ ਕੇ ਪਤਨੀ ਨੂੰ ਵੀ ਇਸ ਵਾਰ ਇਸ ਪਾਰਟੀ ਦੇ ਨੇਤਾ ਜੀ ਨੂੰ ਵੋਟ ਪਾਉਣ ਲਈ ਮਨਾ ਲਿਆ।
ਵੋਟਾਂ ਲੰਘ ਗਈਆਂ ਸਨ। ਉਹੀ ਨੇਤਾ ਜੀ ਜਿੱਤ ਗਏ ਸਨ । ਰਣਦੀਪ ਵੀ ਬੜਾ ਖੁਸ਼ ਹੋਇਆ ਕਿਉਂਕਿ ਉਹ ਨੇਤਾ ਜੀ ਮੰਤਰੀ ਬਣ ਗਏ ਸਨ। ਰਣਦੀਪ ਸਾਰੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਫੋਟੋਆਂ ਦਿਖਾਉਂਦਾ ਤੇ ਦੱਸਦਾ ,”ਇਹ ਮੰਤਰੀ ਜੀ ਸਾਡੇ ਘਰ ਆਏ ਹੋਏ ਹਨ। ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਸਾਡੇ ਘਰ ਕਿੰਨਾਂ ਚਿਰ ਬੈਠੇ ਗੱਲਾਂ ਕਰਦੇ ਰਹੇ ਸਨ। ਇਹਨਾਂ ਦਾ ਸੁਭਾਅ ਬਹੁਤ ਚੰਗਾ ਹੈ,ਲੱਗਦਾ ਈ ਨੀ ਇਹ ਐਨੇ ਵੱਡੇ ਇਨਸਾਨ ਹਨ।”ਰਣਦੀਪ ਜਿੱਥੇ ਬੈਠਦਾ ਮੰਤਰੀ ਜੀ ਦੀ ਨਿਮਰਤਾ ਦੀਆਂ ਤਾਰੀਫਾਂ ਕਰਦਾ ਨਾ ਥੱਕਦਾ।
ਰਣਦੀਪ ਸਰਕਾਰੀ ਅਫ਼ਸਰ ਸੀ। ਇੱਕ ਦਿਨ ਉਸ ਦੀ ਬਦਲੀ ਦੇ ਆਰਡਰ ਦੀ ਚਿੱਠੀ ਆਈ । ਰਣਦੀਪ ਬਹੁਤ ਪ੍ਰੇਸ਼ਾਨ ਸੀ ਕਿਉਂ ਕਿ ਉਸ ਦੀ ਪਤਨੀ ਵੀ ਨੌਕਰੀ ਕਰਦੀ ਸੀ। ਉਸ ਦਾ ਵੱਡਾ ਪੁੱਤਰ ਚੌਥੀ ਜਮਾਤ ਅਤੇ ਛੋਟਾ ਪੁੱਤਰ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਸਾਲ ਦੇ ਵਿੱਚ ਵਿਚਾਲੇ ਸਾਰਾ ਕੁਝ ਕਿਵੇਂ ਹੱਲ ਕਰ ਸਕਦਾ ਸੀ।ਉਸ ਨੇ ਮੁੱਹਲੇ ਦੇ ਪ੍ਰਧਾਨ ਨੂੰ ਨਾਲ ਲਿਜਾ ਕੇ ਮੰਤਰੀ ਜੀ ਨਾਲ ਬਦਲੀ ਰੋਕਣ ਦੀ ਗੱਲ ਕਰਨ ਦੀ ਹਿੰਮਤ ਜੁਟਾਈ। ਜਿਵੇਂ ਹੀ ਪ੍ਰਧਾਨ ਨੇ ਮੰਤਰੀ ਦੇ ਪੀ ਏ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਅਗਲੇ ਦਿਨ ਦਸ ਵਜੇ ਆਉਣ ਲਈ ਕਿਹਾ। ਰਣਦੀਪ ਅਗਲੇ ਦਿਨ ਪ੍ਰਧਾਨ ਨੂੰ ਨਾਲ ਲੈਕੇ ਦਸ ਵਜੇ ਤੋਂ ਪਹਿਲਾਂ ਹੀ ਪਹੁੰਚ ਗਿਆ।ਮੰਤਰੀ ਜੀ ਦੇ ਘਰ ਦੇ ਬਾਹਰ ਬਣੇ ਇੱਕ ਦਫ਼ਤਰ ਵਿੱਚ ਉਹਨਾਂ ਨੂੰ ਬਿਠਾ ਦਿੱਤਾ ਗਿਆ। ਗਿਆਰਾਂ ਕੁ ਵਜੇ ਮੰਤਰੀ ਜੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਸ਼ੁਰੂ ਕੀਤੀਆਂ। ਬਾਰਾਂ ਕੁ ਵਜੇ ਇਹਨਾਂ ਦੀ ਵਾਰੀ ਵੀ ਆ ਗਈ। ਜਿਵੇਂ ਹੀ ਰਣਦੀਪ ਨੇ ਮੰਤਰੀ ਜੀ ਨੂੰ ਸਤਿ ਸ੍ਰੀ ਆਕਾਲ ਬੁਲਾਈ ਤਾਂ ਮੰਤਰੀ ਜੀ ਨੇ ਬਿਨਾਂ ਦੇਖਿਆਂ ਹੀ ਸਿਰ ਹਿਲਾ ਕੇ ਜਵਾਬ ਦਿੱਤਾ। ਰਣਦੀਪ ਨੂੰ ਅਣਦੇਖਿਆਂ ਕਰਦਿਆਂ ਪ੍ਰਧਾਨ ਜੀ ਨੂੰ ਹਾਲ ਚਾਲ ਪੁੱਛਿਆ ਤੇ ਆਉਣ ਦਾ ਕਾਰਨ ਪੁੱਛਿਆ। ਪ੍ਰਧਾਨ ਨੇ ਰਣਦੀਪ ਨੂੰ ਆਪਣੀ ਸਮੱਸਿਆ ਦੱਸਣ ਲਈ ਕਿਹਾ। ਰਣਦੀਪ ਨੇ ਆਪਣੇ ਮਹਿਕਮੇ ਅਤੇ ਅਹੁਦੇ ਦਾ ਨਾਂ ਦੱਸਦਿਆਂ ਆਪਣੀ ਬਦਲੀ ਰੁਕਵਾਉਣ ਬਾਰੇ ਆਖਿਆ।ਨਾਲ ਹੀ ਉਸ ਨੇ ਮੰਤਰੀ ਜੀ ਨੂੰ ਵੋਟਾਂ ਮੰਗਣ ਵਾਲੇ ਦਿਨ ਤੋਂ ਜੁੜਿਆ ਰਿਸ਼ਤਾ ਯਾਦ ਕਰਵਾਇਆ। ਮੰਤਰੀ ਜੀ ਹੱਸਦੇ ਹੋਏ ਬੋਲੇ,” ਕਾਕਾ ਜੀ, ਮੇਰੇ ਕੁਛ ਧਿਆਨ ਵਿੱਚ ਨਹੀਂ ਆ ਰਿਹਾ….. ਤੁਸੀਂ ਮੈਨੂੰ ਕਦੋਂ ਮਿਲੇ ਸੀ? ਦਰਅਸਲ…ਹਾ ਹਾ ਹਾ…… ਬਹੁਤ ਲੋਕ ਮਿਲਦੇ ਰਹਿੰਦੇ ਆ ਵੋਟਾਂ ਦੇ ਦਿਨਾਂ ‘ਚ…….ਬਾਕੀ ਰਹੀ ਬਦਲੀ ਦੀ ਗੱਲ….ਭਲਾ ਕਿਹੜਾ ਮਹਿਕਮਾ ਦੱਸਿਆ ਕਾਕਾ ਤੂੰ?” ਰਣਦੀਪ ਨੇ ਫਿਰ ਆਪਣੇ ਮਹਿਕਮੇ ਤੇ ਅਹੁਦੇ ਦਾ ਨਾਂ ਦੱਸਿਆ।”ਅੱਛਾ !ਅੱਛਾ, ਭਲਾ ….ਉਹ…. ਤੁਹਾਡੀ ਜਗਾਹ ਭੁਪਿੰਦਰ ਸਿੰਘ ਆ ਰਹੇ ਨੇ?” ਨੇਤਾ ਜੀ ਨੇ ਪੁੱਛਿਆ। ਰਣਦੀਪ ਨੇ ਕਾਹਲੀ ਕਾਹਲੀ ਜਵਾਬ ਦਿੱਤਾ,”ਹਾਂਜੀ ਹਾਂਜੀ!” ਨੇਤਾ ਜੀ ਆਖਣ ਲੱਗੇ,”ਉਹ ਵੀ ਆਪਣਾ ਈ ਕਾਕਾ, ਮੇਰੇ ਸਾਲ਼ੇ ਦਾ ਮੁੰਡਾ….. ਕੋਈ ਗੱਲ ਨਹੀਂ, ਫੇਰ ਕਦੇ ਮੌਕਾ ਮਿਲਿਆ ਤਾਂ ਆਪਾਂ ਤੁਹਾਨੂੰ……ਹਾ ਹਾ ਹਾ।” ਰਣਦੀਪ ਨੂੰ ਇਸ ਬਹਿਰੂਪੀਏ ਤੇ ਇੱਕ ਚੜ੍ਹਦੀ ਤੇ ਇੱਕ ਉਤਰਦੀ ਸੀ ਕਿਉਂ ਕਿ ਉਸ ਨੇ ਹੀ ਆਪਣੇ ਸਾਲੇ ਦੇ ਮੁੰਡੇ ਨੂੰ ਇੱਥੇ ਲੈਣ ਕੇ ਆਉਣ ਦੀ ਖਾਤਰ ਉਸ ਦੀ ਬਦਲੀ ਕਰਵਾਈ ਸੀ। ਅੱਜ ਉਸ ਬਹਿਰੂਪੀਏ ਨੂੰ ਮਿਲਣ ਤੋਂ ਬਾਅਦ ਉਹ ਘਰ ਨੂੰ ਨਿਰਾਸ਼ ਪਰਤ ਰਿਹਾ ਸੀ ਅਤੇ ਉਸ ਨੂੰ ਆਪਣਾ ਆਪ ਬਹੁਤ ਛੋਟਾ ਜਾਪ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਕੀ ਏਹੁ ਹਮਾਰਾ ਜੀਵਣਾ ਹੈ?
ਬਰਜਿੰਦਰ ਕੌਰ ਬਿਸਰਾਓ…
9988901324