ਏਹੁ ਹਮਾਰਾ ਜੀਵਣਾ ਹੈ -507

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-ਸਮੇਂ ਦੇ ਨਾਲ ਨਾਲ ਪੰਜਾਬ ਦੇ ਵਿਆਹਾਂ ਦੀ  ਰੂਪ ਰੇਖਾ ਵੀ ਬਦਲਦੀ ਜਾ ਰਹੀ ਹੈ। ਕਿੱਥੇ ਪਹਿਲਾਂ ਮੁੰਡੇ ਦੇ ਮਾਂ ਪਿਓ ਆਪਣੇ ਮੁੰਡੇ ਦੀ ਪੜ੍ਹਾਈ, ਜ਼ਮੀਨ ਜਾਇਦਾਦ, ਖਾਨਦਾਨ ਜਾਂ ਨੌਕਰੀ ਨੂੰ ਮੁੱਖ ਰੱਖ ਕੇ ਆਪਣੇ ਮੁੰਡੇ ਲਈ ‘ਯੋਗ’ ਰਿਸ਼ਤਾ ਲੱਭਦੇ ਸਨ ਭਾਵ ਇਹ ਕਿ ਜਾਂ ਤਾਂ ਬਰਾਬਰ ਦੀ ਪੜ੍ਹੀ ਲਿਖੀ ਕੁੜੀ, ਜਾਂ ਨੌਕਰੀ ਕਰਦੀ ਕੁੜੀ ਜਾਂ ਫਿਰ ਉੱਚੇ ਖ਼ਾਨਦਾਨ ਦੀ ਲੜਕੀ ਲੱਭੀ ਜਾਂਦੀ ਸੀ। ਦਾਜ ਦਹੇਜ ਵੀ ਖੂਬ ਮੰਗਿਆ ਜਾਂਦਾ ਸੀ ਜਾਂ ਫਿਰ ਦਿੱਤਾ ਜਾਂਦਾ ਸੀ। ਦਹੇਜ ਵਰਗੀ ਸਮਾਜਿਕ ਬੁਰਾਈ ਨੇ ਵੀ ਇਹਨਾਂ ਗੱਲਾਂ ਕਰਕੇ ਹੀ ਇੱਕ ਕੋਹੜ ਦਾ ਰੂਪ ਧਾਰਨ ਕਰ ਲਿਆ ਸੀ। ਜਿਸ ਕਰਕੇ ਦਹੇਜ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ ਵੀ ਬਣੇ ਜਿਸ ਦੀ ਲੋਕ ਵਰਤੋਂ ਜਾਂ ਦੁਰਵਰਤੋਂ ਆਪਣੇ ਆਪਣੇ ਹਿਸਾਬ ਨਾਲ ਕਰਨ ਲੱਗੇ। ਹੌਲ਼ੀ ਹੌਲ਼ੀ ਸੁਨੱਖੀਆਂ ਕੁੜੀਆਂ ਨਾਲ ਵਡੇਰੀ ਉਮਰ ਦੇ ਵਿਦੇਸ਼ੀ ਲਾੜਿਆਂ ਵੱਲੋਂ ਵਿਆਹ ਕਰਵਾ ਕੇ ਬਾਹਰ ਲਿਜਾਣ ਦਾ ਰਿਵਾਜ ਚੱਲ ਪਿਆ। ਕਈ ਵਾਰ ਤਾਂ ਪਿਓ ਦੀ ਉਮਰ ਦੇ ਲਾੜਿਆਂ ਨਾਲ਼  ਕੁੜੀਆਂ ਦੇ ਵਿਆਹ ਕਰ ਦਿੱਤੇ ਜਾਣ ਲੱਗੇ। ਇਸ ਪਿੱਛੇ ਮਕਸਦ ਸਿਰਫ਼ ਵਿਦੇਸ਼ ਜਾ ਕੇ ਵਸਣਾ ਹੀ ਹੁੰਦਾ ਸੀ। ਵਿਦੇਸ਼ੀ ਚਮਕ ਦਮਕ ਅਤੇ ਚੰਗੀ ਕਮਾਈ ਕਰਕੇ ਵਿਦੇਸ਼ ਵਿੱਚ ਵਸਣ ਦੀ ਚਾਹਤ ਨੇ ਪੰਜਾਬੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਸਾਡੇ ਸਮਾਜ ਵਿੱਚ ਵਿਆਹਾਂ ਦੇ ਮਾਇਨੇ ਹੀ ਬਦਲ ਗਏ। ਵਿਦੇਸ਼ ਜਾਣ ਲਈ ਜਿੰਨਾਂ ਕਾਹਲਾ ਸਾਡਾ ਪੰਜਾਬੀ ਨੌਜਵਾਨ ਹੈ ਉਸ ਤੋਂ ਵੀ ਵੱਧ ਉਸ ਦੇ ਮਾਂ ਬਾਪ ਉਸ ਨੂੰ ਵਿਦੇਸ਼ ਭੇਜਣ ਲਈ ਕਾਹਲ਼ੇ ਦਿਸਦੇ ਹਨ।

              ਪੰਜਾਬ ਵਿੱਚ ਜੇ ਕਿਤੇ ਪਿੰਡਾਂ ਵਿੱਚ ਜਾ ਕੇ ਕਿਸੇ ਦੇ ਨੌਜਵਾਨ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਮੁੰਡੇ ਦੇ ਮਾਪਿਆਂ ਵੱਲੋਂ  ‘ਆਈਲੈਟਸ’ ਵਾਲ਼ੀ ਕੁੜੀ ਲੱਭਣ ਬਾਰੇ ਆਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਲਈ ਵਿਦੇਸ਼ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈ। ਜਾਂ ਫਿਰ ਦੂਜੇ ਪਾਸੇ ਅੱਜ ਕੱਲ੍ਹ ਗਰੀਬ ਜਾਂ ਸਰਦੇ ਪੁੱਜਦੇ ਘਰਾਂ ਵਿੱਚ ਕੁੜੀਆਂ ਨੂੰ ਬਾਰਵੀਂ ਪਾਸ ਕਰਵਾ ਕੇ ਆਈਲੈਟਸ ਕਰਵਾ ਦਿੱਤੀ ਜਾਂਦੀ ਹੈ ਤੇ ਉਸ ਉੱਤੇ ਪੱਚੀ ਤੀਹ ਲੱਖ ਰੁਪਏ ਖ਼ਰਚ ਕਰਕੇ ਕੁੜੀ ਨੂੰ ਬਾਹਰ ਭੇਜਣ ਤੇ ਵਿਦੇਸ਼ ਵਿੱਚ ਉਸ ਦੀ ਪੜ੍ਹਾਈ ਤੇ ਖ਼ਰਚ ਕਰਨ ਵਾਲਾ ਮੁੰਡਾ ਲੱਭ ਕੇ ਸਿੱਧਾ ਸਿੱਧਾ ਸੌਦਾ ਕੀਤਾ ਜਾਂਦਾ ਹੈ। ਵਿਆਹ ਕਰਵਾ ਕੇ ਸਹੁਰਿਆਂ ਵੱਲੋਂ ਆਪਣੀ ਆਈਲੈਟਸ ਵਾਲ਼ੀ ਨੂੰਹ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਤੋਰ ਦਿੱਤਾ ਜਾਂਦਾ ਹੈ,ਉਸ ਦੇ ਡਾਲਰਾਂ ਪੌਂਡਾਂ ਵਿੱਚ ਹੋਣ ਵਾਲੇ ਵਿਦੇਸ਼ੀ ਖ਼ਰਚੇ ਉਸ ਦੇ ਸਹੁਰਿਆਂ ਵੱਲੋਂ ਜ਼ਮੀਨਾਂ ਵੇਚ ਕੇ ਜਾਂ ਫਿਰ ਕਰਜ਼ਾ ਚੁੱਕ ਕੇ ਪੂਰੇ ਕੀਤੇ ਜਾਂਦੇ ਹਨ। ਪੜ੍ਹਾਈ ਕਰਦੇ ਕਰਦੇ ਬਹੁਤ ਸਾਰੀਆਂ ਕੁੜੀਆਂ  ਉੱਥੇ ਹੋਰ ਵਿਆਹ ਕਰਵਾ ਕੇ ਇੱਥੇ ਵਾਲੇ ਸਹੁਰਿਆਂ ਨੂੰ ਠੇਂਗਾ ਦਿਖਾ ਦਿੰਦੀਆਂ ਹਨ। ਆਏ ਦਿਨ ਇਸ ਤਰ੍ਹਾਂ ਦੇ ਧੋਖਿਆਂ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ।
            ਆਈਲੈਟਸ ਵਾਲ਼ੇ ਵਿਆਹ ਦੀ ਜੋ ਲਾਗ ਸਾਡੇ ਸਮਾਜ ਨੂੰ ਲੱਗ ਗਈ ਹੈ ਇਸ ਨਾਲ ਸਿੱਧੇ ਤੌਰ ਤੇ ਸਾਡੇ ਪੰਜਾਬੀ ਸੱਭਿਆਚਾਰ ਦਾ ਘਾਣ ਹੋ ਰਿਹਾ ਹੈ। ਵਿਆਹਾਂ ਦੇ ਰੀਤੀ ਰਿਵਾਜਾਂ ਨਾਲ ਰਿਸ਼ਤਿਆਂ ਵਿੱਚ ਆਪਸੀ ਪਿਆਰ, ਤਾਲਮੇਲ ਅਤੇ ਸਾਂਝ ਵਾਲ਼ੀ ਗੱਲ ਖ਼ਤਮ ਹੁੰਦੀ ਜਾ ਰਹੀ ਹੈ। ਵਿਆਹ ਦਾ ਸਾਰਾ ਖ਼ਰਚਾ, ਪੈਲੇਸਾਂ ਦਾ ਖ਼ਰਚਾ ਕਰਕੇ ਮੁੰਡੇ ਵਾਲਿਆਂ ਵੱਲੋਂ ਕੁਝ ਦਿਨਾਂ ਬਾਅਦ ਹੀ ਕੁੜੀ ਦੀਆਂ ਫੀਸਾਂ ਭਰ ਕੇ  ਕੁੜੀ ਨੂੰ ਵਿਦੇਸ਼ ਤੋਰ ਦਿੱਤਾ ਜਾਂਦਾ ਹੈ। ਵੇਖਣ ਵਾਲੇ ਰਿਸ਼ਤੇਦਾਰ ਤੇ ਸਾਕ ਸਬੰਧੀ ਵੀ ਮਨ ਹੀ ਮਨ ਵਿੱਚ ਉਸ ਵਿਆਹ ਨੂੰ ਇੱਕ ਵਿਆਹ ਦੀ ਤਰ੍ਹਾਂ ਮਾਣਨ ਦੀ ਬਜਾਏ ਇੱਕ ਵਪਾਰ ਦੀ ਨਜ਼ਰ ਨਾਲ ਹੀ ਵੇਖਦੇ ਹਨ ਕਿਉਂਕਿ ਹਰ ਕੋਈ ਕੁੜੀਆਂ ਵੱਲੋਂ ਕੀਤੇ ਜਾਣ ਵਾਲੇ ਧੋਖਾ ਧੜੀ ਦੀਆਂ ਖਬਰਾਂ ਤੋਂ ਜਾਣੂ ਹੁੰਦਾ ਹੈ। ਸਮਾਜ ਵੀ ਇਹੋ ਜਿਹੇ ਵਿਆਹ ਨੂੰ ਉਦੋਂ ਹੀ ਪ੍ਰਵਾਨ ਸਮਝਦਾ ਹੈ ਜਦੋਂ ਲੜਕਾ ਆਪਣੀ ਪਤਨੀ ਕੋਲ ਵਿਦੇਸ਼ ਪਹੁੰਚ ਜਾਂਦਾ ਹੈ। ਮੁੰਡੇ ਵਾਲਿਆਂ ਵੱਲੋਂ ਜ਼ਿਆਦਾ ਦਹੇਜ ਲੈਣ ਵਾਲੇ ਵਿਆਹ ਅਤੇ ਕੁੜੀ ਵਾਲਿਆਂ ਵੱਲੋਂ ਆਈਲੈਟਸ ਦੇ ਬਦਲੇ ਖਰਚਾ ਕਰਵਾਉਣ ਵਾਲੇ ਵਿਆਹਾਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਲੱਗਦਾ।
            ਸਭ ਤੋਂ ਵੱਡੀ ਸੋਚਣ ਦੀ ਗੱਲ ਇਹ ਹੈ ਕਿ ਮੁੰਡੇ ਵਾਲਿਆਂ ਵੱਲੋਂ ਆਈਲੈਟਸ ਵਾਲੀਆਂ ਕੁੜੀਆਂ ਕਿਉਂ ਲੱਭੀਆਂ ਜਾਂਦੀਆਂ ਹਨ? ਮੁੰਡੇ ਵਾਲਿਆਂ ਵੱਲੋਂ ਐਨੇ ਲੱਖਾਂ ਰੁਪਏ ਕਿਉਂ ਖ਼ਰਚੇ ਜਾਂਦੇ ਹਨ। ਮੁੰਡੇ ਆਪ ਆਈਲੈਟਸ ਕਿਉਂ ਨਹੀਂ ਕਰ ਸਕਦੇ? ਕੀ ਉਹਨਾਂ ਨੂੰ ਆਪਣੇ ਆਪ ਉੱਤੇ ਐਨਾ ਭਰੋਸਾ ਨਹੀਂ ਹੈ ਕਿ ਉਹ ਆਈਲੈਟਸ ਵਰਗੀ ਕੁਛ ਮਹੀਨਿਆਂ ਦੀ ਪੜ੍ਹਾਈ ਬਦਲੇ ਮਾਪਿਆਂ ਦੇ ਲੱਖਾਂ ਰੁਪਏ ਖਰਚਾਉਂਦੇ ਹਨ। ਜਾਂ ‌ਫਿਰ ਇਸ ਦਾ ਦੂਜਾ ਕਾਰਨ ਇਹ ਹੈ ਕਿ ਨਸ਼ਿਆਂ ਦੀ ਲਤ ਕਾਰਨ ਜਾਂ ਵਿਹਲੜ ਰਹਿਣ ਦੀ ਆਦਤ ਕਾਰਨ ਆਈਲੈਟਸ ਵਾਲੀਆਂ ਕੁੜੀਆਂ ਨੂੰ ਸਹਾਰਾ ਬਣਾ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ। ਆਈਲੈਟਸ ਵਾਲ਼ੇ ਵਿਆਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੋ ਸਕਦੇ ਸਗੋਂ ਇਹ ਤਾਂ ਸਿੱਧੇ ਤੌਰ ਤੇ ਇੱਕ ਵਪਾਰ ਬਣ ਚੁੱਕਿਆ ਹੈ। ਜਿਵੇਂ ਦਹੇਜ ਪ੍ਰਥਾ ਨੂੰ ਰੋਕਣ ਲਈ ਕਾਨੂੰਨ ਬਣੇ ਹੋਏ ਹਨ ਇਸੇ ਤਰ੍ਹਾਂ ਆਈਲੈਟਸ ਦੇ ਵਿਆਹਾਂ ਤੇ ਹੋਣ ਵਾਲੀ ਸੌਦੇਬਾਜ਼ੀ ਦੇ ਖ਼ਿਲਾਫ਼ ਵੀ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਹਨਾਂ ਵਿਆਹਾਂ ਦਾ ਪ੍ਰਭਾਵ ਸਿੱਧੇ ਤੌਰ ਤੇ ਸਾਡੀ ਉੱਠ ਰਹੀ ਨੌਜਵਾਨੀ ਤੇ ਪੈ ਰਿਹਾ। ਉਹਨਾਂ ਵਿੱਚ ਵੀ ਦੇਖਾ ਦੇਖੀ ਸੌਖੇ ਤਰੀਕੇ ਨਾਲ਼ ਵਿਦੇਸ਼ ਪਹੁੰਚਣ ਦੀ ਕਾਹਲ਼ ਅਤੇ ਨਿਕੰਮਾਪਨ ਪੈਦਾ ਕਰਦੀ ਹੈ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮੇਂ ਸਿਰ ਜਾਗਰੂਕ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਨਵੀਂ ਬਣੀ ਜੱਜ ਸੋਨਾਲੀ ਕੌਲ ਨੂੰ ਕੀਤਾ ਗਿਆ ਸਨਮਾਨਿਤ
Next articleਸਾਡੇ ਦੋ ਪੈਰੋਕਾਰ