ਏਹੁ ਹਮਾਰਾ ਜੀਵਣਾ ਹੈ -503

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ) –ਪਿਆਰਾ ਸਿੰਘ ਸਰਕਾਰੀ ਮਾਸਟਰ ਸੀ। ਉਸ ਦੀ ਪਤਨੀ ਬੰਸ ਕੌਰ ਵੀ ਜੇ ਬੀ ਟੀ ਟੀਚਰ ਸੀ। ਉਸ ਦੇ ਤਿੰਨ ਮੁੰਡੇ ਗੁਰਮੀਤ,ਹਰਮੀਤ ਤੇ ਜਸਮੀਤ ਸਨ। ਉਸ ਦੇ ਵੱਡੇ ਦੋ ਮੁੰਡੇ ਸਰਕਾਰੀ ਨੌਕਰੀ ਕਰਦੇ ਸਨ ਤੇ ਜਸਮੀਤ ਬਹੁਤਾ ਪੜ੍ਹਿਆ ਨਾ ਹੋਣ ਕਰਕੇ ਮਾੜਾ ਮੋਟਾ ਗੁਜ਼ਾਰੇ ਜੋਗਾ ਕੰਮ ਕਰਦਾ ਸੀ । ਉਂਝ ਉਹ ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਉਸੇ ਵਿੱਚ ਘਾਟਾ ਹੀ ਪੈਂਦਾ। ਘਰ ਵਿੱਚ ਸਾਰੇ ਟੱਬਰ ਦਾ ਏਕਾ ਇਤਫ਼ਾਕ ਹੋਣ ਕਰਕੇ ਪਹਿਲਾਂ ਪਹਿਲ ਤਾਂ ਗੁਜ਼ਾਰਾ ਚੱਲੀ ਜਾਂਦਾ ਸੀ। ਪਰ ਹੁਣ ਸਾਰਿਆਂ ਦੇ ਬੱਚੇ ਵੱਡੇ ਹੋ ਰਹੇ ਸਨ ਤੇ ਪਿਆਰਾ ਸਿੰਘ ਤੇ ਬੰਸ ਕੌਰ ਵੀ ਰਿਟਾਇਰ ਹੋਣ ਵਾਲੇ ਸਨ ਇਸ ਕਰਕੇ ਉਸ ਨੇ ਗੁਰਮੀਤ ਤੇ ਹਰਮੀਤ ਨੂੰ ਆਖਿਆ,” ….. ਦੇਖੋ…… ਪਰਮਾਤਮਾ ਨੇ …..ਤੁਹਾਨੂੰ ਦੋਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ…… ਤੁਸੀਂ ਦੋਹਾਂ ਨੇ …….ਆਪਣੀਆਂ ਆਪਣੀਆਂ ਕੋਠੀਆਂ ਵੀ ਸੋਹਣੀਆਂ ਬਣਾ ਲਈਆਂ ਹਨ….. ਮੈਂ ਤੁਹਾਡੇ ਦੋਹਾਂ ਵੱਲੋਂ ਬੇਫ਼ਿਕਰ ਹਾਂ….. ਮੈਂ ਚਾਹੁੰਦਾ ਹਾਂ ਕਿ ਹੁਣ…..ਇਹ ਘਰ ਮੈਂ ਜਸਮੀਤ ਨੂੰ ਦੇ ਦੇਵਾਂ….. ਤੇ ਤੁਸੀਂ ਆਪਣੇ ਆਪਣੇ ਘਰ ਬੱਚਿਆਂ ਨਾਲ਼ ਖ਼ੁਸ਼ੀ ਖ਼ੁਸ਼ੀ ਰਹੋ…… ਹਾਂ ਸੱਚ…… ਜ਼ਮੀਨ ਨੂੰ ਵੀ ਮੈਂ ਪੰਜ ਹਿੱਸਿਆਂ ਵਿੱਚ ਵੰਡ ਕੇ….. ਤੁਹਾਡਾ ਆਪਣਾ ਆਪਣਾ ਹਿੱਸਾ ਥੋਡੇ ਨਾਂ ਲਵਾ ਦੇਵਾਂਗਾ……. ਤੇ…… ਮੇਰਾ ਤੇ ਥੋਡੀ ਬੀਬੀ ਦਾ ਹਿੱਸਾ…… ਜਸਮੀਤ ਦੇ ਨਾਂ ਲਵਾ ਦੇਵਾਂਗੇ…… ਭਰੇ ਹੋਏ ਭਾਂਡੇ ਨੂੰ ਹੋਰ ਭਰਨ ਦਾ ਕੀ ਫਾਇਦਾ….. ਜੇ ਰੱਬ ਨੇ ਈ ਓਹਨੂੰ ਊਣਾ ਕਰਕੇ ਭੇਜ ਦਿੱਤਾ ਹੈ….. ਤਾਂ ਆਪਣਾ ਸਭ ਦਾ ਵੀ ਕੁਛ ਫਰਜ਼ ਬਣਦਾ ਹੈ……ਵੱਡੇ ਭਰਾ ਤਾਂ ਪਿਓ ਵਰਗੇ ਹੁੰਦੇ ਨੇ…… ਸਮੇਂ ਸਮੇਂ ਤੇ ਤੁਸੀਂ ਵੀ ਓਹਦੀ ਮਦਦ ਕਰੀ ਜਾਇਓ…… ਊਂ…. ਤੁਹਾਨੂੰ ਦੋਹਾਂ ਨੂੰ…….ਮੇਰੇ ਇਸ ਫ਼ੈਸਲੇ ਤੇ ਕੋਈ ਇਤਰਾਜ਼ ਤਾਂ ਨਹੀਂ….?” ਕਹਿਕੇ ਪਿਆਰਾ ਸਿੰਘ ਨੇ ਆਪਣੀ ਗੱਲ ਤੇ ਵਿਰਾਮ ਲਾਇਆ। ਗੁਰਮੀਤ ਤੇ ਹਰਮੀਤ ਚਾਹੁੰਦੇ ਹੋਏ ਵੀ ਕੁਛ ਨਹੀਂ ਕਹਿ ਸਕੇ ਤੇ ਉਹਨਾਂ ਨੇ ਪਿਆਰਾ ਸਿੰਘ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ।

               ਅੱਡ ਹੋ ਕੇ ਵੀ ਤਿੰਨੇ ਭਰਾਵਾਂ ਦੇ ਪਿਆਰ ਵਿੱਚ ਕੋਈ ਫ਼ਰਕ ਨਾ ਪਿਆ । ਵੱਡਿਆਂ ਦੇ ਬੱਚੇ ਪੜ੍ਹ ਕੇ ਨੌਕਰੀਆਂ ਤੇ ਵੀ ਲੱਗ ਗਏ ਸਨ ਤੇ ਉਹ ਵਿਆਹੇ ਵੀ ਗਏ ਸਨ ਪਰ ਜਸਮੀਤ ਦਾ ਮੁੰਡਾ ਵੀ ਨਾ ਪੜ੍ਹਿਆ ਤੇ ਕੁੜੀ ਨੇ ਵੀ ਦੋ ਵਾਰ ਵਿੱਚ ਮਸਾਂ ਦਸਵੀਂ ਪਾਸ ਕੀਤੀ ਸੀ। ਪਿਆਰਾ ਸਿੰਘ ਤੇ ਬੰਸ ਕੌਰ ਨੂੰ ਰਿਟਾਇਰ ਹੋਇਆਂ ਨੂੰ ਕਿੰਨੇ ਵਰ੍ਹੇ ਹੋ ਗਏ ਸਨ। ਉਹਨਾਂ ਦੀ ਪੈਨਸ਼ਨ ਦੇ ਸਿਰ ਤੇ ਜਸਮੀਤ ਦਾ ਵਧੀਆ ਗੁਜ਼ਾਰਾ ਚੱਲੀ  ਜਾਂਦਾ ਸੀ। ਪਰ ਹੁਣ ਦੋ ਸਾਲ ਪਹਿਲਾਂ ਪਿਆਰਾ ਸਿੰਘ ਦੁਨੀਆਂ ਤੋਂ ਤੁਰ ਗਿਆ ਸੀ ਤੇ ਸਾਲ ਬੰਸ ਕੌਰ ਨੂੰ ਮੁੱਕਿਆਂ ਨੂੰ ਹੋ ਗਏ ਸਨ। ਜਸਮੀਤ ਦੇ ਇੱਕ ਦੋਸਤ ਨੇ ਉਸ ਨੂੰ ਸਲਾਹ ਦਿੱਤੀ,” …. ਓਏ ਜੱਸਿਆ…… ਤੈਨੂੰ ਜ਼ਮੀਨ ਤੋਂ ਤਾਂ ਠੇਕਾ ਘੱਟ ਆਉਂਦਾ …… ਓਹਦੇ ਨਾਲ ਤਾਂ ਗੁਜ਼ਾਰਾ ਕਰਨਾ ਵੀ ਔਖਾ ਹੋ ਜਾਂਦਾ ਹੋਊ …… ਕੱਲ੍ਹ ਨੂੰ ਤੂੰ ਮੁੰਡੇ ਦਾ ਤੇ ਆਪਣੀ ਕੁੜੀ ਦਾ ਵਿਆਹ ਵੀ ਕਰਨਾ……. ਮੈਂ ਤਾਂ ਕਹਿੰਦਾਂ…… ਤੂੰ ਜ਼ਮੀਨ ਵੇਚ ਕੇ……. ਫਰਨੀਚਰ ਦਾ ਸ਼ੋਅ ਰੂਮ ਖੋਲ੍ਹ ਲੈ….. ਨਾਲ਼ੇ ਮੁੰਡਾ ਕੰਮ ਸਾਂਭੀ ਜਾਊ ਤੇ ਨਾਲ਼ੇ ਤੇਰੀ ਟੌਹਰ ਬਣੂ…..ਫੇਰ ਦੇਖੀਂ ਕਿਵੇਂ ਤੇਰੇ ਦਿਨ ਫ਼ਿਰਦੇ…..!”
             ਜਸਮੀਤ ਨੂੰ ਆਪਣੇ ਦੋਸਤ ਦੀ ਗੱਲ ਦਿਲ ਲੱਗੀ ਉਸ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਵੇਚ ਕੇ ਫਰਨੀਚਰ ਦਾ ਸ਼ੋਅ ਰੂਮ ਖੋਲ੍ਹ ਲਿਆ। ਉਸ ਉੱਤੇ ਕਾਫ਼ੀ ਪੈਸਾ ਖ਼ਰਚ ਹੋਇਆ। ਗੁਰਮੀਤ ਤੇ ਹਰਮੀਤ ਵੀ ਬਹੁਤ ਖੁਸ਼ ਸਨ ਕਿ ਪਰਮਾਤਮਾ ਨੇ ਉਹਨਾਂ ਦਾ ਭਰਾ ਵੀ ਉਹਨਾਂ ਦੇ ਬਰਾਬਰ ਕਰ ਦਿੱਤਾ ਸੀ। ਹਜੇ ਸ਼ੋਅ ਰੂਮ ਖੋਲ੍ਹੇ ਨੂੰ ਚਾਰ ਮਹੀਨੇ ਵੀ ਨਹੀਂ ਹੋਏ ਸਨ ਕਿ ਇੱਕ ਰਾਤ ਉਸ ਨੂੰ ਅੱਗ ਲੱਗ ਕੇ ਸਭ ਕੁਝ ਸੜ ਕੇ ਸੁਆਹ ਹੋ ਗਿਆ। ਉਸ ਦਾ ਲੱਖਾਂ ਦਾ ਲੈਣ ਦੇਣ ਮਾਰਕੀਟ ਵਿੱਚ ਫ਼ਸਿਆ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਕੋਲ ਘਰ ਵੇਚਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਿਹਾ ਸੀ। ਘਰ ਵੇਚ ਕੇ ਉਹ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ। ਜਸਮੀਤ ਤੋਂ ਸਦਮਾ ਬਰਦਾਸ਼ਤ ਨਾ ਹੋਇਆ ਉਹ ਹਉਕੇ ਨਾਲ ਕੁਝ ਕੁ ਮਹੀਨਿਆਂ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਗੁਰਮੀਤ ਤੇ ਹਰਮੀਤ ਨੇ ਉਸ ਦੀ ਕੁੜੀ ਲਈ ਠੀਕ ਘਰ ਦਾ ਮੁੰਡਾ ਦੇਖ ਕੇ ਉਸ ਦੇ ਤਾਂ ਹੱਥ ਪੀਲੇ ਕਰ ਦਿੱਤੇ। ਜਸਮੀਤ ਦੀ ਪਤਨੀ ਦਾ ਅੱਧਾ ਬੋਝ ਲਹਿ ਗਿਆ ਸੀ। ਗੁਰਮੀਤ ਨੇ ਇੱਕ ਦਿਨ ਜਸਮੀਤ ਦੇ ਮੁੰਡੇ ਨੂੰ ਕਿਹਾ,”….. ਬੇਟਾ…… ਤੂੰ ਮਾੜਾ ਮੋਟਾ ਕੰਮ ਕਰਕੇ ਘਰ ਤਾਂ ਚਲਾ ਹੀ ਰਿਹਾ ਹੈਂ….. ਕੋਈ ਕੁੜੀ ਵੇਖ ਕੇ….. ਤੇਰਾ ਵਿਆਹ ਵੀ ਕਰ ਦਿੰਦੇ ਹਾਂ…… ਸਾਡੇ ਭਰਾ ਦਾ ਘਰ ਵਸਦਾ ਹੋ ਜਾਵੇਗਾ….. ।”
ਪਰ ਜਸਮੀਤ ਦਾ ਮੁੰਡਾ ਬੋਲਿਆ,”…. ਤਾਇਆ ਜੀ….. ਤੁਸੀਂ ਮੇਰਾ ਵਿਆਹ ਕਰਨ ਦੀ ਜਗ੍ਹਾ……ਮੈਨੂੰ ਕੋਈ ਬਿਜਨੈਸ ਖੋਲ੍ਹ ਦਵੋ……!”
ਇਹ ਸੁਣ ਕੇ ਗੁਰਮੀਤ ਚੁੱਪ ਹੋ ਗਿਆ ਤੇ ਮਨ ਵਿੱਚ ਸੋਚਣ ਲੱਗਿਆ”…… ਪਾਪਾ ਜੀ ਨੇ ਆਪਣਾ ਸਭ ਕੁਝ ਜਸਮੀਤ ਨੂੰ ਦੇ ਦਿੱਤਾ….. ਘਰ ਦੇ ਦਿੱਤਾ….. ਰਿਟਾਇਰਮੈਂਟ ਦਾ ਪੈਸਾ ਦੇ ਦਿੱਤਾ….. ਅੱਧੀ ਤੋਂ ਵੱਧ ਜ਼ਮੀਨ ਦੇ ਦਿੱਤੀ …… ਪਾਪਾ ਜੀ ਚਾਹੁੰਦੇ ਤਾਂ ਉਸ ਨੂੰ ਆਪਣੀ ਕਿਸਮਤ ਵੀ ਦੇ ਦਿੰਦੇ….. ਪੁੱਤਰਾ ! ਅਸੀਂ ਤਾਂ ਤੁਹਾਡੇ ਨਾਲ ਤੁਹਾਡਾ ਦੁੱਖ਼ ਵੰਡਾ ਸਕਦੇ ਹਾਂ….. ਪਰ ਕਿਸਮਤ ਨਹੀਂ ਲਾ ਸਕਦੇ…..!”
ਇਹ ਸ਼ਬਦ ਉਸ ਦੇ ਕੰਬਦੇ ਬੁੱਲ੍ਹਾਂ ਦੇ ਅੰਦਰ ਹੀ ਰਹਿ ਗਏ ਤੇ ਕੋਲ਼ ਬੈਠਾ ਜਸਮੀਤ ਦਾ ਮੁੰਡਾ ਜਿਵੇਂ ਉਹ ਸਭ ਕੁਝ ਸੁਣ ਰਿਹਾ ਹੋਵੇ…..! ਤੇ ਸੋਚ ਰਿਹਾ ਹੋਵੇਗਾ ਕਿ ਆਪੋ ਆਪਣੇ ਕਰਮਾਂ ਦੀ ਗੱਲ ਹੁੰਦੀ ਹੈ ਕਿਉਂਕਿ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸ੍ਰੀ ਮਨਜੀਤ ਸਿੰਘ ਪੰਜਾਬ ਬੁਧਿੱਸਟ ਸੁਸਾਇਟੀ ਦੇ ਪ੍ਰਧਾਨ ਸ੍ਰੀ ਹਰਭਜਨ ਲਾਲ ਸਾਂਪਲਾ ਜੀ ਦੇ ਨਾਲ
Next articleਇੱਕ ਸ਼ਿਸ਼ਟਾਚਾਰੀ ਵਿਅਕਤੀ ਦੀ ਕਹਾਣੀ