(ਸਮਾਜ ਵੀਕਲੀ)
ਸਤਨਾਮ ਸਿੰਘ ਤੇ ਰਣਦੀਪ ਕੌਰ ਨੇ ਆਪਣੇ ਦੋਹਾਂ ਪੁੱਤਰਾਂ ਸਨੀ ਅਤੇ ਮਨੀ ਨੂੰ ਬੀ.ਏ. ਤੱਕ ਪੜ੍ਹਾਇਆ ਤੇ ਫਿਰ ਅਗਾਂਹ ਬੀ. ਐੱਡ ਵੀ ਕਰਵਾ ਦਿੱਤੀ ਸੀ। ਉਹਨਾਂ ਦੇ ਦੋਵੇਂ ਪੁੱਤਰ ਵੀ ਬਹੁਤ ਲਾਇਕ ਸਨ ਤੇ ਆਪ ਵੀ ਉਹਨਾਂ ਦੇ ਸੁਭਾਅ ਨਰਮ ਸਨ।ਘਰ ਵਿੱਚ ਪਿਆਰ ਅਤੇ ਇਤਫ਼ਾਕ ਬਹੁਤ ਸੀ। ਪੜ੍ਹਾਈ ਪੂਰੀ ਕਰਕੇ ਦੋਵੇਂ ਮੁੰਡੇ ਨੌਕਰੀ ਲਈ ਹੱਥ ਪੈਰ ਮਾਰ ਰਹੇ ਸਨ। ਜਦੋਂ ਨੌਕਰੀ ਲੈਣ ਲਈ ਪੇਪਰ ਸੀ ਤਾਂ ਸਨੀ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੇ ਪੈਰ ਤੇ ਗਹਿਰੀ ਸੱਟ ਲੱਗੀ।ਉਹ ਪੇਪਰ ਨਾ ਦੇ ਸਕਿਆ ਪਰ ਮਨੀ ਨੇ ਪੇਪਰ ਦੇ ਦਿੱਤਾ ਤੇ ਸਾਲ ਦੇ ਅੰਦਰ ਅੰਦਰ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ। ਸਨੀ ਤੋਂ ਉਹ ਮੌਕਾ ਖੁੰਝ ਗਿਆ ਸੀ। ਬਾਅਦ ਵਿੱਚ ਵੀ ਉਹ ਬਹੁਤ ਵਾਰ ਕੋਸ਼ਿਸ਼ ਕਰਦਾ ਰਿਹਾ ਪਰ ਉਸ ਨੂੰ ਸਰਕਾਰੀ ਨੌਕਰੀ ਨਾ ਮਿਲੀ। ਉਸ ਨੇ ਨੇੜੇ ਹੀ ਮਾਰਕੀਟ ਵਿੱਚ ਇੱਕ ਦੁਕਾਨ ਖੋਲ੍ਹ ਲਈ ਕਿਉਂ ਕਿ ਉਹ ਸੋਚਦਾ ਸੀ ਕਿ ਵਿਹਲੇ ਫ਼ਿਰਨ ਨਾਲੋਂ ਕੰਮ ਵਿੱਚ ਰੁੱਝੇ ਰਹਿਣਾ ਹੀ ਚੰਗਾ ਹੁੰਦਾ ਹੈ। ਘਰ ਵਿੱਚ ਚਾਹੇ ਕੋਈ ਕਮੀ ਨਹੀਂ ਸੀ ਕਿਉਂਕਿ ਸਤਨਾਮ ਸਿੰਘ ਆਪ ਵੀ ਸਰਕਾਰੀ ਮਾਸਟਰ ਸੀ ਤੇ ਦੋ ਚਹੁੰ ਸਾਲਾਂ ਤੱਕ ਰਿਟਾਇਰ ਹੋਣ ਵਾਲ਼ਾ ਸੀ । ਹੁਣ ਤਾਂ ਮਨੀ ਨੂੰ ਵੀ ਸਰਕਾਰੀ ਨੌਕਰੀ ਮਿਲ ਗਈ ਸੀ।
ਸਨੀ ਨੂੰ ਕਿਸੇ ਨੇ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਪਰ ਉਹ ਵੀ ਨੌਕਰੀ ਨਹੀਂ ਕਰਦੀ ਸੀ। ਮਨੀ ਨੂੰ ਉਸ ਦੇ ਨਾਲ ਹੀ ਨੌਕਰੀ ਕਰਦੀ ਕੁੜੀ ਦਾ ਰਿਸ਼ਤਾ ਹੋ ਗਿਆ। ਦੋਹਾਂ ਭਰਾਵਾਂ ਦੇ ਵਿਆਹ ਹੋ ਗਏ। ਸਾਰਾ ਪਰਿਵਾਰ ਬਹੁਤ ਪਿਆਰ ਨਾਲ ਰਹਿੰਦਾ। ਵੱਡੀ ਵਹੁਟੀ ਆਪਣੀ ਸੱਸ ਨਾਲ਼ ਘਰ ਦੇ ਸਾਰੇ ਕੰਮ ਕਾਜ ਕਰਦੀ ਤੇ ਛੋਟੀ ਨੂੰਹ ਸਵੇਰੇ ਆਪਣੇ ਪਤੀ ਦੇ ਨਾਲ ਹੀ ਨੌਕਰੀ ਤੇ ਚਲੀ ਜਾਂਦੀ ਤੇ ਸ਼ਾਮ ਨੂੰ ਘਰ ਆਉਂਦੀ। ਵੱਡੀ ਨੂੰਹ ਦੇ ਮੁੰਡਾ ਹੋ ਗਿਆ ਸੀ ਤੇ ਛੋਟੀ ਨੂੰਹ ਦੇ ਕੁੜੀ ਹੋ ਗਈ ਸੀ,ਘਰ ਦੇ ਕੰਮਕਾਜ ਕਰਨ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਸੀ। ਵੱਡੀ ਨੂੰਹ ਬੱਚਿਆਂ ਨੂੰ ਵੀ ਸੰਭਾਲਦੀ,ਘਰ ਦੇ ਰੋਟੀ ਪਾਣੀ, ਸਫ਼ਾਈਆਂ ਤੱਕ ਦੇ ਸਭ ਕੰਮ ਕਰਦੀ। ਸਤਨਾਮ ਸਿੰਘ ਰਿਟਾਇਰ ਹੋ ਗਿਆ ਸੀ। ਉਸ ਨੂੰ ਲੱਗਿਆ ਕਿ ਵੱਡਾ ਨੂੰਹ ਪੁੱਤ ਪੜ੍ਹੇ ਲਿਖੇ ਹਨ ਤਾਂ ਉਹਨਾਂ ਨੂੰ ਵੀ ਛੋਟਿਆਂ ਦੇ ਬਰਾਬਰ ਕਰ ਦਿੱਤਾ ਜਾਏ ਕਿਉਂ ਕਿ ਹਰ ਕੋਈ ਆਖ ਦਿੰਦਾ ਸੀ ਕਿ ਥੋਡੀ ਛੋਟੀ ਨੂੰਹ ਤਾਂ ਮੁੰਡੇ ਦੇ ਬਰਾਬਰ ਕਮਾਈ ਕਰਦੀ ਹੈ। ਉਸ ਨੂੰ ਦੁੱਖ ਲੱਗਦਾ ਸੀ ਕਿ ਵੱਡੀ ਨੂੰਹ ਜੋ ਸਾਰਾ ਘਰ ਸੰਭਾਲੀ ਫਿਰਦੀ ਸੀ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਸੀ। ਉਸ ਨੇ ਰਣਦੀਪ ਨੂੰ ਕਿਹਾ,”…. ਭਾਗਵਾਨੇ…. ਮੈਂ ਚਾਹੁੰਦਾ ਹਾਂ…. ਆਪਣੇ ਸਨੀ ਅਤੇ ਉਸ ਦੀ ਵਹੁਟੀ ਨੂੰ ਰਿਟਾਇਰਮੈਂਟ ਦੇ ਕੁਛ ਪੈਸਿਆਂ ਨਾਲ ਸਕੂਲ ਖੋਲ੍ਹ ਦੇਵਾਂ….. ਤਾਂ ਜੋ ਉਹ ਵੀ ਛੋਟਿਆਂ ਦੇ ਬਰਾਬਰ ਹੋ ਜਾਣ….. ਪੜ੍ਹਾਈ ਲਿਖਾਈ ਵਿੱਚ ਤਾਂ ਉਹ ਵੀ ਉਹਨਾਂ ਦੇ ਬਰਾਬਰ ਹੀ ਹਨ…. ਮੈਨੂੰ ਚੰਗਾ ਨਹੀਂ ਲੱਗਦਾ…. ਉਹ ਸਾਰਾ ਦਿਨ ਰੁਲੇ ਰਹਿੰਦੇ ਹਨ…. !” ਰਣਦੀਪ ਨੇ ਸਤਨਾਮ ਸਿੰਘ ਦੀ ਹਾਂ ਵਿੱਚ ਹਾਂ ਮਿਲਾਈ। ਸਤਨਾਮ ਸਿੰਘ ਨੇ ਉਸੇ ਤਰ੍ਹਾਂ ਕੀਤਾ।ਕੁਝ ਸਾਲਾਂ ਵਿੱਚ ਹੀ ਸਕੂਲ ਚੰਗਾ ਚੱਲ ਪਿਆ ਸੀ। ਵੱਡੇ ਨੂੰਹ ਪੁੱਤ ਵੀ ਹੁਣ ਛੋਟਿਆਂ ਵਾਂਗ ਹੀ ਸਵੇਰੇ ਸਕੂਲ ਚਲੇ ਜਾਂਦੇ ਤੇ ਸ਼ਾਮ ਨੂੰ ਆਉਂਦੇ। ਹੁਣ ਰਣਦੀਪ ਇਕੱਲੀ ਹੀ ਉਹਨਾਂ ਦੇ ਬੱਚੇ ਅਤੇ ਘਰ ਸੰਭਾਲਦੀ। ਜਿੱਥੇ ਚਾਰ ਭਾਂਡੇ ਹੁੰਦੇ ਹਨ ਉਹ ਕਦੇ ਤਾਂ ਖੜਕਦੇ ਹੀ ਹਨ ਪਰ ਸਤਨਾਮ ਸਿੰਘ ਦਾ ਸਾਰਾ ਟੱਬਰ ਐਨਾ ਸਿਆਣਾ ਸੀ ਕਿ ਜੇ ਕੋਈ ਗੱਲ ਬਾਤ ਹੋ ਵੀ ਜਾਂਦੀ ਤਾਂ ਅੰਦਰੋ ਅੰਦਰੀ ਸੁਲਝਾ ਲੈਂਦੇ ,ਬਾਹਰ ਕਿਸੇ ਨੂੰ ਭਾਫ਼ ਤੱਕ ਨਾ ਲੱਗਦੀ।ਉਂਝ ਉਹ ਘਰ ਵਿੱਚ ਸਭ ਅੱਡ ਅੱਡ ਹੋ ਗਏ ਸਨ ਪਰ ਬਾਹਰ ਕਿਸੇ ਨੂੰ ਨਹੀਂ ਪਤਾ ਸੀ। ਇੱਥੋਂ ਤੱਕ ਕਿ ਜੇ ਕਿਤੇ ਗਲੀ ਮੁਹੱਲੇ ਦੇ ਵਿਆਹ ਸ਼ਾਦੀ ਤੇ ਵੀ ਜਾਣਾ ਹੁੰਦਾ ਤਾਂ ਦੋਵੇਂ ਨੂੰਹ ਪੁੱਤ ਇਕੱਠੇ ਹੋ ਕੇ ਜਾਂਦੇ।
ਸਮਾਂ ਬੀਤਦਾ ਗਿਆ, ਉਹਨਾਂ ਦੇ ਬੱਚੇ ਵੀ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਚਲੇ ਗਏ ਸਨ। ਰਣਦੀਪ ਜਦੋਂ ਵੀ ਗੁਰਦੁਆਰੇ ਜਾਂਦੀ ਜਾਂ ਬਾਹਰ ਔਰਤਾਂ ਨੂੰ ਮਿਲਦੀ ਤਾਂ ਆਖਦੀ,” ….. ਮੇਰੇ ਬੱਚਿਆਂ ਵਰਗੇ ਲਾਇਕ ਬੱਚੇ…..ਤਾਂ ਬਹੁਤ ਕਰਮਾਂ ਵਾਲਿਆਂ ਦੇ ਹੀ ਹੁੰਦੇ ਹਨ….. ਆਪਣੇ ਬੱਚਿਆਂ ਦੇ ਸਿਰ ਤੇ ਸਾਨੂੰ ਕੋਈ ਫ਼ਿਕਰ ਨਹੀਂ ਹੈ…. ਸਾਨੂੰ ਸਭ ਤੋਂ ਪਹਿਲਾਂ ਖਾਣਾ ਡਾਈਨਿੰਗ ਟੇਬਲ ਤੇ ਪਰੋਸ ਕੇ ਖਵਾਉਂਦੇ ਹਨ….. ਬਾਅਦ ਵਿੱਚ….ਉਹ ਆਪ ਖਾਣਾ ਖਾਂਦੇ ਹਨ…..!” ਸਾਰੀਆਂ ਔਰਤਾਂ ਵੀ ਉਸ ਦੀ ਹਾਂ ਵਿੱਚ ਹਾਂ ਮਿਲਾ ਕੇ ਉਸ ਨੂੰ ਆਖਦੀਆਂ,” …. ਭੈਣ ਜੀ….. ਤੁਸੀਂ ਤਾਂ ਪਿਛਲੇ ਜਨਮ ਵਿੱਚ…… ਕੋਈ ਮੋਤੀ ਪੁੰਨ ਕੀਤੇ ਹੋਣੇ….. ਜੋ ਐਨੀ ਲਾਇਕ ਔਲਾਦ ਪੈਦਾ ਹੋਈ ਹੈ….!”
ਉਹਨਾਂ ਦੀ ਕੋਠੀ ਦੇ ਸਾਹਮਣੇ ਇੱਕ ਕੋਨੇ ਵਿੱਚ ਛੋਟੇ ਜਿਹੇ ਚੁਬਾਰੇ ਵਿੱਚ ਇੱਕ ਗ਼ਰੀਬ ਜਿਹੀ ਔਰਤ ਆਪਣੇ ਪਤੀ ਤੇ ਜਵਾਕਾਂ ਨਾਲ ਸਾਲ ਕੁ ਤੋਂ ਕਿਰਾਏ ਤੇ ਆਈ ਸੀ।ਉਸ ਨੂੰ ਉਹਨਾਂ ਦੀ ਕੋਠੀ ਵਿੱਚ ਸਭ ਕੁਝ ਦਿਖਾਈ ਦਿੰਦਾ ਸੀ।ਉਹ ਦੇਖਦੀ ਕਿ ਉਸ ਦੇ ਦੋਵੇਂ ਨੂੰਹਾਂ ਪੁੱਤ ਸਵੇਰੇ ਤਿਆਰ ਹੋ ਕੇ ਚਲੇ ਜਾਂਦੇ। ਬੁੱਢੀ ਰਣਦੀਪ ਕੌਰ ਹੌਲ਼ੀ ਹੌਲ਼ੀ ਆਪਣੇ ਵਾਲੇ ਪਾਸੇ ਆਪਣੇ ਘਰ ਦੀ ਸਫ਼ਾਈ ਆਪ ਕਰਦੀ,ਆਪ ਰੋਟੀ ਬਣਾ ਕੇ ਹੌਲ਼ੀ ਹੌਲ਼ੀ ਖਾਣਾ ਸਤਨਾਮ ਸਿੰਘ ਨੂੰ ਦਿੰਦੀ ਮਗਰੋਂ ਵਿਹੜੇ ਵਿੱਚ ਕੱਪੜੇ ਲੀੜੇ ਧੋ ਕੇ ਸੁੱਕਣੇ ਪਾਉਂਦੀ ਹੌਲ਼ੀ ਹੌਲ਼ੀ ਤੁਰੀ ਫਿਰਦੀ। ਜਦ ਉਸ ਗ਼ਰੀਬ ਔਰਤ ਨੇ ਉਹਨਾਂ ਔਰਤਾਂ ਨੂੰ ਦੱਸਿਆ ਤਾਂ ਸਾਰੀਆਂ ਹੈਰਾਨ ਹੋ ਗਈਆਂ। ਵਿੱਚੋਂ ਹੀ ਇੱਕ ਸਿਆਣੀ ਔਰਤ ਬੋਲੀ,”…..ਭੈਣੇ….. ਹੁੰਦਾ ਤਾਂ ਘਰੋ ਘਰੀ ਇਹੀ ਕੁਛ ਹੈ…… ਜਿਹੜਾ ਰੌਲ਼ਾ ਪਾ ਦੇਵੇ….. ਉਹ ਨੰਗਾ ਹੋ ਜਾਂਦਾ…… ਜਿਹੜਾ ਪਰਦਾ ਕੱਜ ਲਵੇ…. ਉਹ ਆਪਣੀ ਤੇ ਆਪਣਿਆਂ ਦੀ ਇੱਜ਼ਤ ਬਣੀ ਰਹਿਣ ਦਿੰਦਾ…..!”
ਇੱਕ ਹੋਰ ਔਰਤ ਬੋਲੀ,”….. ਭੈਣ ਜੀ….. ਤੁਸੀਂ ਠੀਕ ਈ ਕਿਹਾ…. ਨਹੀਂ ਤਾਂ ਕਈਆਂ ਦੇ ਘਰ ਵਿੱਚ….. ਲੜਾਈ ਘੱਟ ਹੁੰਦੀ ਐ…..ਤੇ ਥਾਂ ਥਾਂ ਤੇ ਖੜ੍ਹ ਕੇ ਆਪਣੇ ਘਰ ਦੀਆਂ ਗੱਲਾਂ ਕਰੀ ਜਾਣਗੇ….. ਐਵੇਂ ਤਾਂ ਨੀ ਸਿਆਣਿਆਂ ਨੇ ਆਖਿਆ….. ਬੰਦ ਮੁੱਠੀ ਲੱਖ ਦੀ ਤੇ ਖੁੱਲ੍ਹ ਗਈ ਤਾਂ ਕੱਖ ਦੀ….. ਵੱਡਿਆਂ ਦੀ ਸਿਆਣਪ ਕਰਕੇ ਹੀ ਤਾਂ…..ਸਾਰੇ ਪਰਿਵਾਰ ਦੀ ਮੁਹੱਲੇ ਵਿੱਚ ਐਨੀ ਇੱਜ਼ਤ ਬਣੀ ਹੋਈ ਹੈ….!”
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly