ਏਹੁ ਹਮਾਰਾ ਜੀਵਣਾ ਹੈ – 466

ਬਰਜਿੰਦਰ-ਕੌਰ-ਬਿਸਰਾਓ-
         (ਸਮਾਜ ਵੀਕਲੀ)
    ਰਾਣੋ ਆਪਣੇ ਪਤੀ ਅਤੇ ਨਿੱਕੇ ਨਿੱਕੇ ਜਵਾਕਾਂ ਨਾਲ਼ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਪਤੀ ਨੂੰ ਨੌਕਰੀ ਤੇ ਜਵਾਕਾਂ ਨੂੰ ਸਕੂਲ ਤੋਰ ਕੇ ਮਗਰੋਂ ਘਰ ਦਾ ਕੰਮ ਕਾਜ ਕਰਕੇ ਦਸ ਕੁ ਵਜੇ ਵਿਹਲੀ ਹੋ ਜਾਂਦੀ ਸੀ। ਮਕਾਨ ਮਾਲਕਾਂ ਦੇ ਪਿਛਲੇ ਵਿਹੜੇ ਦਾ ਦਰਵਾਜ਼ਾ ਵੀ ਇਹਨਾਂ ਦੇ ਵਿਹੜੇ ਵਿੱਚ ਖੁੱਲ੍ਹਦਾ ਸੀ।ਕਦੇ ਕਦੇ ਮਕਾਨ ਮਾਲਕਣ ਇਹਦੇ ਕੋਲ ਆ ਜਾਂਦੀ ਤੇ ਕਦੇ ਇਹ ਓਹਦੇ ਕੋਲ ਚਲੀ ਜਾਂਦੀ। ਜਦੋਂ ਤੋਂ ਪਤੀ ਦੀ ਬਦਲੀ ਹੋ ਕੇ ਇੱਥੇ ਆਏ ਸਨ ਉਦੋਂ ਤੋਂ ਹੀ ਐਥੇ ਰਹਿ ਰਹੇ ਸਨ। ਤਿੰਨ ਸਾਲਾਂ ਤੋਂ ਇਵੇਂ ਹੀ ਸਾਰੇ ਪਿਆਰ ਨਾਲ਼ ਰਹਿ ਰਹੇ ਸਨ। ਕੁਝ ਕੁ ਦਿਨ ਪਹਿਲਾਂ ਦੂਜੀ ਗਲ਼ੀ ਵਿੱਚ ਮੰਗਲ ਸਿੰਘ ਨਾਂ ਦੇ ਵਿਅਕਤੀ ਦੇ ਘਰਦੀਆਂ ਨੂੰ ਠੱਗਾਂ ਨੇ ਠੱਗ ਲਿਆ।ਭਲਾ ਉਹ ਕਿਵੇਂ….? ਜਦ ਸਾਰੇ ਮਰਦ ਘਰੋਂ ਗਏ ਹੋਏ ਸਨ ਤਾਂ ਦੋ ਤਿੰਨ ਜਾਣੇ ਗਹਿਣੇ ਸਾਫ਼ ਕਰਨ ਵਾਲੇ ਆਏ। ਉਹਨਾਂ ਨੇ ਘਰ ਦੀਆਂ ਔਰਤਾਂ ਨੂੰ ਮੈਲ਼ੇ ਹੋਏ ਸੋਨੇ ਚਾਂਦੀ ਦੇ ਗਹਿਣੇ ਸਾਫ਼ ਕਰਵਾਉਣ ਨੂੰ ਆਖਿਆ ਤਾਂ ਉਹਨਾਂ ਨੇ ਸਾਰੇ ਗਹਿਣੇ ਦੇ ਦਿੱਤੇ। ਉਹਨਾਂ ਦੇ ਕੁੱਕਰ ਵਿੱਚ ਪਾ ਕੇ ਕੁੱਕਰ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਦਵਾਈ ਲਾਈ ਹੋਈ ਹੈ।ਅੱਧੇ ਘੰਟੇ ਬਾਅਦ ਖੋਲ੍ਹ ਲਿਓ,ਸਾਰੇ ਗਹਿਣੇ ਸਾਫ਼ ਹੋ ਕੇ ਨਵਿਆਂ ਵਰਗੇ ਬਣ ਜਾਣਗੇ। ਉਹਨਾਂ ਨੇ ਜਦ ਅੱਧੇ ਘੰਟੇ ਬਾਅਦ ਕੁੱਕਰ ਖੋਲਿਆ ਤਾਂ ਘਰ ਦੀਆਂ ਸਾਰੀਆਂ ਸੁਆਣੀਆਂ ਦਾ ਪੰਦਰਾਂ ਵੀਹ ਤੋਲੇ਼ ਸੋਨਾ ਗਾਇਬ ਸੀ।ਬਥੇਰਾ ਰੌਲ਼ਾ ਪਾਇਆ…..ਬਥੇਰਾ ਐਧਰ ਓਧਰ ਭੱਜੇ……ਪਰ ਅੱਧੇ ਘੰਟੇ ਬਾਅਦ ਖਬਰੈ ਕਿੱਧਰ ਭੱਜ ਗਏ? ਕਈ ਦਿਨ ਸੁਆਣੀਆਂ ਬਹੁਤ ਸਾਵਧਾਨ ਰਹੀਆਂ…. ਵਿਚਾਰੇ ਪੁਰਾਣੇ ਗਲ਼ੀਆਂ ਵਿੱਚ ਪੱਕੇ ਲੱਗੇ ਹੋਏ ਸਬਜ਼ੀਆਂ ਜਾਂ ਨਿੱਕ ਸੁੱਕ ਵੇਚਣ ਵਾਲੇ ਵੀ ਠੱਗ ਹੀ ਲੱਗ ਰਹੇ ਸਨ। ਹੌਲ਼ੀ ਹੌਲ਼ੀ ਮਾਹੌਲ਼ ਪਹਿਲਾਂ ਵਾਂਗ ਹੋ ਗਿਆ ਸੀ।ਉਹ ਘਟਨਾ ਵੀ ਹੁਣ ਹੌਲੀ ਹੌਲੀ ਫਿੱਕੀ ਜਿਹੀ ਪੈ ਗਈ ਸੀ। ਮਨ ਦਾ ਭੈਅ ਵੀ ਮੱਧਮ ਪੈ ਗਿਆ ਸੀ।
            ਇੱਕ ਦਿਨ ਰਾਣੋ ਦਸ ਕੁ ਵਜੇ ਦਰ ਵਿੱਚ ਖੜ੍ਹੀ ਸੀ ਕਿ ਇੱਕ ਪਤਲਾ ਜਿਹਾ, ਕਾਲ਼ਾ ਜਿਹਾ ਭਾਈ ਭਾਂਡਿਆਂ ਤੇ ਨਾਂ ਲਿਖਵਾਉਣ ਲਈ ਕਹਿਣ ਲੱਗਾ।ਉਸ ਨੇ ਸੋਚਿਆ ਕਈ ਵਾਰ ਆਂਢ ਗੁਆਂਢ ਕੋਈ ਚੀਜ਼ ਦੇਣੀ ਪੈਂਦੀ ਆ ਤਾਂ ਭਾਂਡੇ ਇੱਕੋ ਜਿਹੇ ਹੋਣ ਕਰਕੇ ਕਈ ਵਾਰ ਭਾਂਡੇ ਰਲ਼ ਜਾਂਦੇ ਨੇ।ਉਸ ਨੇ ਫਟਾਫਟ ਦਸ ਕੁ ਕੌਲੀਆਂ ਦਿੱਤੀਆਂ ਨਾਂ ਲਿਖਣ ਲਈ।ਭਾਈ ਗੱਲਾਂ ਵੱਧ ਮਾਰਦਾ ਸੀ । ਐਨੇ ਨੂੰ ਇੱਕ ਹੋਰ ਉਹੇ ਜਿਹਾ ਭਾਈ ਆ ਗਿਆ ਤੇ ਉਹ ਰਾਣੋ ਨੂੰ ਗਹਿਣੇ ਸਾਫ਼ ਕਰਵਾਉਣ ਲਈ ਆਖਣ ਲੱਗਿਆ। ਰਾਣੋ ਨੇ ਇਨਕਾਰ ਕਰ ਦਿੱਤਾ ਕਿਉਂਕਿ ਕਿਰਾਏ ਤੇ ਰਹਿੰਦੇ ਹੋਣ ਕਰਕੇ ਉਸ ਨੇ ਸੱਚੀਂ ਗਹਿਣੇ ਬੈਂਕ ਦੇ ਲੌਕਰ ਵਿੱਚ ਰੱਖੇ ਹੋਏ ਸਨ। ਉਹ ਦੋਵੇਂ ਭਾਈ ਆਪਸ ਵਿੱਚ ਹੋਰ ਈ ਭਾਸ਼ਾ ਵਿੱਚ ਗੱਲ ਕਰਦੇ ਸਨ ਜੋ ਰਾਣੋ ਨੂੰ ਸਮਝ ਨਹੀਂ ਆ ਰਹੀ ਸੀ। ਜਦ ਨੂੰ ਮਕਾਨ ਮਾਲਕਣ ਰਾਣੋ ਦੀ ਅਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਕੇ ਆ ਗਈ। ਉਹ ਦੂਜਾ ਭਾਈ ਮਾਲਕਣ ਨੂੰ ਗਹਿਣੇ ਸਾਫ਼ ਕਰਵਾਉਣ ਲਈ ਆਖਣ ਲੱਗਿਆ ਤਾਂ ਉਸ ਨੇ ਵੀ ਸਾਫ਼ ਮਨ੍ਹਾਂ ਕਰ ਦਿੱਤਾ। ਜਦ ਨੂੰ ਇੱਕ ਤੀਜਾ ਭਾਈ ਜਮਾਂ ਈ ਉਹਨਾਂ ਵਰਗਾ ਆ ਕੇ ਖੜ੍ਹ ਗਿਆ। ਇੱਕ ਕਾਲ਼ਾ ਜਿਹਾ ਰੀਠਾ ਕੱਢ ਕੇ ਆਖਣ ਲੱਗਿਆ,” ਬੀਬੀ ਜੀ ਯੇ ਲੇ ਲੋ, ਕਾਲ਼ੇ ਧਾਗੇ ਮੇਂ ਡਾਲ ਕੇ ਬੱਚੋਂ ਕੇ ਗਲ਼ੇ ਮੇਂ ਡਾਲ ਦੇਨਾ, ਨਜ਼ਰ ਨਹੀਂ ਲਗੇਗੀ।” ਮਕਾਨ ਮਾਲਕਣ ਕਹਿਣ ਲੱਗੀ,” ਸਾਨੂੰ ਨੀ ਲੋੜ ਨਜ਼ਰ ਲਾਹੁਣ ਦੀ,ਸਾਡੇ ਜਵਾਕ ਐਨੇ ਸੋਹਣੇ ਵੀ ਨੀ ਕਿ ਨਜ਼ਰ ਲੱਗੇ।”
               ਉਹ ਤਿੰਨੋਂ ਆਪਣੀ ਭਾਸ਼ਾ ਵਿੱਚ ਕੋਈ ਗੱਲ ਕਰਨ ਲੱਗੇ।ਜਿਹੜਾ ਪਹਿਲਾ ਭਾਈ ਭਾਂਡਿਆਂ ਤੇ ਨਾਂ ਲਿਖਣ ਆਇਆ ਸੀ ਉਸ ਨੇ ਹਜੇ ਤੱਕ ਇੱਕ ਵੀ ਭਾਂਡੇ ਤੇ ਨਾਂ ਨਹੀਂ ਲਿਖਿਆ ਸੀ ਤੇ ਜਿਹੜੀ ਪਿੰਨ ਜਿਹੀ ਨਾਲ਼ ਨਾਂ ਲਿਖਣਾ ਸੀ ਉਸ ਨੂੰ ਧਰਤੀ ਤੇ ਮਾਰ ਕੇ ਹਲਕਾ ਜਿਹਾ ਦੱਬ ਕੇ ਤੋੜ ਦਿੱਤਾ ਤੇ ਲੱਗਿਆ ਬੁੜ ਬੁੜ ਕਰਨ,”ਮੇਰਾ ਤੋ ਨੁਕਸਾਨ ਹੀ ਹੋ ਗਿਆ।ਅਭੀ ਤੋ ਮੈਂਨੇ ਬੋਹਨੀ  ਭੀ ਨਹੀਂ ਕੀ।” ਕਹਿ ਕੇ ਤਿੰਨੇ ਖਿਝੇ ਹੋਏ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਉੱਥੋਂ ਨਿਕਲ ਗਏ। ਮਕਾਨ ਮਾਲਕਣ ਰਾਣੋ ਨੂੰ ਆਖਣ ਲੱਗੀ,” ਦੇਖਿਆ! ਆਏ ਇਹ ਸਾਰੇ ਅੱਡੋ ਅੱਡ ਸੀ,ਤੇ ਗਏ ਇਕੱਠੇ ਨੇ, ਬੋਲੀ ਵੀ ਉਹ ਬੋਲਦੇ ਸੀ ਜਿਹੜੀ ਆਪਾਂ ਨੂੰ ਸਮਝ ਨੀ ਆਉਂਦੀ। ਪਤਾ ਨੀ ਐਸ ਵੇਲੇ ਦੇ ਸਮੇਂ ਕਿੰਨੀਆਂ ਕੁ ਜ਼ਨਾਨੀਆਂ ਨਾਲ ਠੱਗੀਆਂ ਲਾਉਂਦੇ ਨੇ…..।” “ਹਾਂ ਆਂਟੀ…..ਚੰਗਾ ਹੋਇਆ ਤੁਸੀਂ ਆ ਗਏ….. ਨਹੀਂ ਤਾਂ ਕਿਤੇ ਮੰਗਲ ਸਿੰਘ ਹੋਰਾਂ ਵਾਲੀ ਗੱਲ ਈ ਨਾ ਹੋ ਜਾਂਦੀ। ” “ਦੁਨੀਆ ਵਿੱਚ ਠੱਗਾਂ ਦੀ ਕੋਈ ਥੋੜ੍ਹ ਨੀ….ਬਸ ਆਪ  ਈ ਚੌਕੰਨੇ ਹੋ ਕੇ ਰਹਿਣਾ ਪੈਂਦੈ….. ਨਹੀਂ ਤਾਂ ਇਹੋ ਜਿਹੇ ਠੱਗ ਲੋਕਾਂ ਦੇ ਮੂੰਹ ਚੋਂ ਬੁਰਕੀ ਖਿੱਚਣ ਲਈ ਹਰਲ ਹਰਲ ਕਰਦੇ ਫਿਰਦੇ ਐ।”ਮਕਾਨ ਮਾਲਕਣ ਨੇ ਕਿਹਾ।
           ਅੱਡ ਅੱਡ ਤਰੀਕੇ ਨਾਲ ਇਕੱਠੇ ਹੋਏ ਇਹਨਾਂ ਤਿੰਨਾਂ ਠੱਗਾਂ ਤੋਂ ਰਾਣੋ ਆਪਣੇ ਆਪ ਨੂੰ ਬਹੁਤ  ਸੁਰੱਖਿਅਤ ਮਹਿਸੂਸ ਕਰ ਰਹੀ ਸੀ ਤੇ ਸੋਚ ਰਹੀ ਸੀ ਕਿ ਇਹੋ ਜਿਹੇ ਲੋਕ ਘਰਾਂ ਵਿੱਚ ਬੈਠੀਆਂ ਔਰਤਾਂ ਨਾਲ ਠੱਗੀਆਂ ਕਰਕੇ ਜਿੱਥੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਉੱਥੇ ਹੀ ਸਮਾਜ ਉੱਪਰ ਇੱਕ ਕਲੰਕ ਹਨ। ਸਮਝਦਾਰੀ ਵਰਤ ਕੇ ਇਹੋ ਜਿਹਿਆਂ ਦੀਆਂ ਗੱਲਾਂ ਤੋਂ ਬਚਣਾ ਈ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਸਰਦੀਆਂ
Next articleਸ਼ੁਭ ਸਵੇਰ ਦੋਸਤੋ