ਏਹੁ ਹਮਾਰਾ ਜੀਵਣਾ ਹੈ -462

ਬਰਜਿੰਦਰ ਕੌਰ ਬਿਸਰਾਓ
  (ਸਮਾਜ ਵੀਕਲੀ) – ਦਵਿੰਦਰ ਜਦੋਂ ਸਕੂਲ ਗਿਆ ਸੀ ਤਾਂ ਅੱਜ ਉਹ ਬਹੁਤ ਖ਼ੁਸ਼ ਸੀ ਕਿਉਂਕਿ ਉਸ ਨੇ ਅੱਜ ਆਪਣੇ ਸਕੂਲ ਦੇ ਲੋਹੜੀ ਮੌਕੇ ਕਰਵਾਏ ਜਾ ਰਹੇ ਸਮਾਗਮ ਵਿੱਚ ਭਾਗ ਲੈਣਾ ਸੀ। ਉਹ ਕੱਲ੍ਹ ਦਾ ਹੀ ਇਸ ਲਈ ਬਹੁਤ ਉਤਾਵਲਾ ਸੀ। ਉਸ ਨੇ ਲੋਹੜੀ ਦਾ ਗੀਤ ਵੀ ਚੰਗੀ ਤਰ੍ਹਾਂ ਯਾਦ ਕਰ ਲਿਆ ਸੀ ਜੋ ਉਸ ਨੇ ਗਾਉਣਾ ਸੀ ।

ਜਦ ਉਹ ਵਾਪਸ ਆਇਆ ਤਾਂ ਆਪਣੀ ਮਾਂ ਸਰਗੀ ਨੂੰ ਸਮਾਗਮ ਬਾਰੇ ਦੱਸਣ ਲਈ ਐਨਾ ਉਤਾਵਲਾ ਨਹੀਂ ਸੀ। ਉਸ ਦੀ ਛੋਟੀ ਭੈਣ ਬੱਬਲ ਉਸ ਨਾਲ ਲਾਡ ਕਰਦੀ ਹੋਈ ਕੁਝ ਕਹਿਣ ਲੱਗਦੀ ਹੈ ਤਾਂ ਉਹ ਉਸ ਨੂੰ ਖਿੱਝ ਕੇ ਪੈਂਦਾ ਹੈ।ਸਰਗੀ ਸੋਚਦੀ ਹੈ ਕਿ ਇਹ ਤਾਂ ਅੱਜ ਤੱਕ ਕਦੇ ਬੱਬਲ ਉੱਤੇ ਨਹੀਂ ਖਿਝਿਆ ਸੀ , ਅੱਜ ਇਸ ਨੂੰ ਕੀ ਹੋ ਗਿਆ ਹੈ?
ਸਰਗੀ ਕੁਝ ਦੇਰ ਉਸ ਦੇ ਚਿਹਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਰਹੀ। ਆਖ਼ਰ ਉਸ ਨੇ ਦਵਿੰਦਰ ਨੂੰ ਪੁੱਛ ਈ ਲਿਆ,”ਬੇਟਾ … ਫੰਕਸ਼ਨ ਵਿੱਚ ਤੇਰੀ ਪ੍ਰਫਾਰਮੈਂਸ ਕਿਵੇਂ ਰਹੀ….?”
“ਮੰਮਾ ਵਧੀਆ ਰਹੀ….. ਸਾਰਿਆਂ ਨੂੰ ਮੇਰਾ ਗਾਣਾ ਬਹੁਤ ਵਧੀਆ ਲੱਗਿਆ…,”ਦਵਿੰਦਰ ਬੋਲਿਆ।
“ਬਾਕੀ ਸਾਰਾ ਫੰਕਸ਼ਨ ਕਿਵੇਂ ਰਿਹਾ……?”ਸਰਗੀ ਨੇ ਫਿਰ ਪੁੱਛਿਆ।
“ਠੀਕ ਸੀ…. ਐਨਾ ਵੀ ਕੁਛ ਖ਼ਾਸ ਨਹੀਂ ਸੀ…..!” ਦਵਿੰਦਰ ਖਿਝਿਆ ਜਿਹਾ ਮੂੰਹ ਜਿਹਾ ਬਣਾ ਕੇ ਜਵਾਬ ਦਿੰਦਾ ਹੈ।
“ਕੀ ਗੱਲ ਹੋਈ….. ਪਹਿਲਾਂ ਤਾਂ ਤੂੰ ਕਹਿੰਦਾ ਸੀ…..ਕਿ ਤਿਆਰੀ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ….. ਅਸੀਂ ਬੜਾ ਇਨਜੁਆਏ ਕਰਾਂਗੇ….।” ਸਰਗੀ ਉਸ ਦੇ ਨਾ ਖੁਸ਼ ਹੋਣ ਵਾਲੀ ਅਸਲੀ ਗੱਲ ਜਾਨਣਾ ਚਾਹੁੰਦੀ ਸੀ।
“ਮੰਮਾ ਮੈਨੂੰ ਇੱਕ ਗੱਲ ਸੱਚੀ ਸੱਚੀ ਦੱਸੋਗੇ….?” ਦਵਿੰਦਰ ਨੇ ਗੰਭੀਰਤਾ ਨਾਲ ਆਪਣੀ ਮਾਂ ਨੂੰ ਪੁੱਛਿਆ।
ਸਰਗੀ ਵੀ ਦਵਿੰਦਰ ਦੀ ਗੱਲ ਨੂੰ ਥੋੜ੍ਹਾ ਜਿਹਾ ਗੰਭੀਰਤਾ ਨਾਲ ਲੈਂਦੀ ਹੋਈ ਉਸ ਨੂੰ ਯਕੀਨ ਦਿਵਾਉਂਦੇ ਹੋਏ ਕਹਿੰਦੀ ਹੈ,” ਹਾਂ ਬੇਟਾ……ਪੁੱਛੋ ਕੀ ਪੁੱਛਣਾ ਹੈ…… ਮੈਂ ਤਾਂ ਹਮੇਸ਼ਾ ਹੀ ਤੈਨੂੰ ਹਰ ਗੱਲ ਸੱਚੀ ਸੱਚੀ ਹੀ ਦੱਸਦੀ ਹਾਂ….।” ਸਰਗੀ ਨੇ ਗੱਲ ਨੂੰ ਥੋੜ੍ਹਾ ਹਾਸੇ ਵਿੱਚ ਪਾਉਣ ਲਈ ਮੁਸਕਰਾਉਂਦੇ ਹੋਏ ਕਿਹਾ।
“ਮੰਮਾ…….ਕੀ ਮੁੰਡਾ ਹੋਣਾ ਕੋਈ ਗੁਨਾਹ ਹੈ? ” ਦਵਿੰਦਰ ਨੇ ਖਿੱਝ ਕੇ ਪੁੱਛਿਆ।
“ਨਹੀਂ ਤਾਂ……ਬੇਟਾ ਇਹ ਤੂੰ ਕਿਹੋ ਜਿਹਾ ਸਵਾਲ ਪੁੱਛਦਾਂ ਹੈਂ…..? ਸਰਗੀ ਨੇ ਦਵਿੰਦਰ ਨੂੰ ਪੁੱਛਿਆ।
“ਮੰਮਾ ਤੁਸੀਂ ਮੈਨੂੰ ਅਖ਼ਬਾਰ ਪੜ੍ਹਨ ਦੀ ਆਦਤ ਪਾਈ ਹੈ….. ਮੈਂ ਰੋਜ਼ ਅਖ਼ਬਾਰ ਪੜ੍ਹਦਾ ਹਾਂ…… ਉਸ ਵਿੱਚ ਰੋਜ਼ ਵੱਖ ਵੱਖ ਸ਼ਹਿਰਾਂ ਜਾਂ ਕਲੱਬਾਂ ਜਾਂ ਸਰਕਾਰਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀਆਂ ਖ਼ਬਰਾਂ ਆਉਂਦੀਆਂ ਹਨ ਕਿ ਕਦੇ ਕਿਤੇ ਤੇ ਕਦੇ ਕਿਤੇ ‘ਧੀਆਂ ਦੀ ਲੋਹੜੀ ‘ ਮਨਾਈ …..।” ਦਵਿੰਦਰ ਲਗਾਤਾਰ ਬੋਲੀ ਜਾ ਰਿਹਾ ਸੀ।
ਸਰਗੀ ਵਿੱਚੋਂ ਹੀ ਟੋਕ ਕੇ ਆਖਦੀ ਹੈ,” ਹਾਂ ਬੇਟਾ ……ਇਹ ਦੇ ਵਿੱਚ ਕਿਹੜੀ ਕੋਈ ਬੁਰਾਈ ਐ…… ਧੀਆਂ ਦੀਆਂ ਲੋਹੜੀਆਂ ਤਾਂ ਅੱਜਕਲ੍ਹ ਸਾਰੇ ਈ ਮਨਾਉਂਦੇ ਹਨ…..!”
ਦਵਿੰਦਰ ਭਰਿਆ ਪੀਤਾ ਆਪਣੀ ਗੱਲ ਨੂੰ ਹੀ ਅਗਾਂਹ ਤੋਰਦਾ ਹੋਇਆ ਬੋਲਿਆ,” ਤੁਸੀਂ ਵੀ ਹਰੇਕ ਲੋਹੜੀ ਦੇ ਤਿਉਹਾਰ ਵੇਲੇ ਬੱਬਲ ਦੀ ਲੋਹੜੀ ਵਾਲੀਆਂ ਫੋਟੋਆਂ ਫੇਸਬੁੱਕ ਤੇ ਸਾਂਝੀਆਂ ਕਰਦੇ ਰਹਿੰਦੇ ਹੋ…… ਤੁਹਾਨੂੰ ਵੀ ਧੀ ਦੀ ਲੋਹੜੀ ਮਨਾਉਣ ਤੇ ਇਨਾਮ ਮਿਲਿਆ ਸੀ…..!”
“ਹਾਂ…. ਹਾਂ….. ਪਰ ਤੂੰ ਇਹ ਸਭ ਗੱਲਾਂ ਕਿਉਂ ਕਰ ਰਿਹੈ….. ਅੱਜ ਕੱਲ੍ਹ ਸਾਰੇ ਲੋਕ ਧੀਆਂ ਦੀਆਂ ਲੋਹੜੀਆਂ ਮਨਾਉਣ ਲੱਗ ਪਏ ਹਨ…..।” ਸਰਗੀ ਫੇਰ ਉਸ ਦਾ ਜਵਾਬ ਦਿੰਦੀ ਹੈ।
” ਸਰਕਾਰ ਵੱਲੋਂ ਵੀ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ….. ਕਲੱਬਾਂ ਵਿੱਚ ਵੀ ਧੀਆਂ ਦੀਆਂ ਲੋਹੜੀਆਂ ਬਾਲੀਆਂ ਜਾਂਦੀਆਂ ਹਨ…… ਧੀਆਂ ਦੀਆਂ ਲੋਹੜੀਆਂ ਨੂੰ ਸਮਰਪਿਤ ਕਵਿਤਾ, ਭਾਸ਼ਣ ਅਤੇ ਨਾਟਕ ਮੁਕਾਬਲੇ ਕਰਵਾਏ ਜਾਂਦੇ ਹਨ……..!”
ਦਵਿੰਦਰ ਹਜੇ ਬੋਲ ਈ ਰਿਹਾ ਸੀ ਕਿ ਸਰਗੀ ਨੇ ਖਿਝ ਕੇ ਪੁੱਛਿਆ,” …… ਤੂੰ ਇਹ ਸਭ ਕਿਉਂ ਬੋਲ ਰਿਹਾ ਹੈਂ…….ਇਸ ਦਾ ਤੇਰੇ ਫੰਕਸ਼ਨ ਨਾਲ ਕੀ ਲੈਣਾ ਦੇਣਾ ਹੈ…….?”
“ਮੰਮਾ …… ਪੂਰੇ ਫੰਕਸ਼ਨ ਵਿੱਚ ਸਿਰਫ਼ ਧੀਆਂ ਦੀਆਂ ਲੋਹੜੀਆਂ ਦੀ ਹੀ ਗੱਲ ਕੀਤੀ ਗਈ ਸੀ……. ਮੁੱਖ ਮਹਿਮਾਨ ਤੋਂ ਲੈਕੇ ਬੱਚਿਆਂ ਦੇ ਭਾਸ਼ਣ……. ਕਵਿਤਾਵਾਂ,ਗੀਤ,ਸਕਿਟ…… ਸਭ ਕੁਝ ਧੀਆਂ ਦੀਆਂ ਲੋਹੜੀਆਂ ਨੂੰ ਹੀ ਸਮਰਪਿਤ ਸੀ….. ਲੋਹੜੀ ਦੇ ਤਿਉਹਾਰ ਨਾਲ ਸਬੰਧਤ ਫੰਕਸ਼ਨ ਉੱਪਰ ਇੱਕ ਵਿਅਕਤੀ ਨੇ ਵੀ ਪੁੱਤਰਾਂ ਦੀਆਂ ਲੋਹੜੀਆਂ ਦੀ ਗੱਲ ਨਹੀਂ ਕੀਤੀ…. ਚਾਹੇ ਸਾਰੇ ਲੋਕ ਹਰੇਕ ਆਈਟਮ ਤੇ ਵਾਹ ਵਾਹ ਕਰ ਰਹੇ ਸਨ…….ਪਰ ਸਾਨੂੰ ਲੜਕਿਆਂ ਨੂੰ ਇੰਝ ਲੱਗਦਾ ਸੀ ਕਿ ਜਿਵੇਂ ਹੁਣ ਸਾਡੀ ਇਸ ਧਰਤੀ ਉੱਤੇ ਲੋੜ ਹੀ ਨਹੀਂ ਹੈ……. ਅਸੀਂ ਫ਼ਾਲਤੂ ਦੇ ਹਾਂ……… ਸਾਨੂੰ ਆਪਣੇ ਆਪ ਵਿੱਚ ਹੱਤਕ ਮਹਿਸੂਸ ਹੋ ਰਹੀ ਸੀ….. ਮੰਮਾ…… ਮੈਂ ਐਨਾ ਛੋਟਾ ਵੀ ਨਹੀਂ…… ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਹਾਂ…….. ਤੁਸੀਂ ਦੱਸੋ…… ਜਿਵੇਂ ਪੁਰਾਣੇ ਲੋਕ ਕੁੜੀਆਂ ਨੂੰ ਅਣਦੇਖਿਆ ਕਰਕੇ ਸਿਰਫ਼ ਪੁੱਤਾਂ ਨੂੰ ਹੀ ਤਰਜੀਹ ਦਿੰਦੇ ਸਨ……..ਕੀ ਹੁਣ ਉਹੀ ਸਭ ਕੁਝ ਉਲਟਾ ਨਹੀਂ ਹੋ ਰਿਹਾ…?…….. ਕੀ ਇਸ ਨੂੰ ਤੁਸੀਂ ਸਮਾਜਿਕ ਕ੍ਰਾਂਤੀ ਆਖਦੇ ਹੋ…….?…..ਕਦੇ ਧੀਆਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ…….ਕਦੇ ਪੁੱਤਰਾਂ ਨੂੰ…….!”
ਸਰਗੀ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਸੰਜਮਤਾ ਨਾਲ ਜਵਾਬ ਦਿੰਦੀ ਹੈ,” ਬੇਟਾ ਇਹੋ ਜਿਹੀ ਕੋਈ ਗੱਲ ਨਹੀਂ……. ਇਹ ਮੁੰਡਿਆਂ ਨੂੰ ਨੀਵਾਂ ਦਿਖਾਉਣ ਜਾਂ ਅਣਗੌਲਿਆ ਕਰਨ ਵਾਲ਼ੀ ਗੱਲ ਨਹੀਂ ਹੈ…….. ਇਹ ਸਾਰੇ ਫੰਕਸ਼ਨ ਧੀਆਂ ਦੀਆਂ ਲੋਹੜੀਆਂ ਨੂੰ ਸਮਰਪਿਤ ਇਸ ਲਈ ਕੀਤੇ ਜਾਂਦੇ ਹਨ ਕਿਉਂਕਿ ਪਛੜੇ ਵਰਗ ਦੇ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾ ਸਕੇ…… ਬਹੁਤੇ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਸਨ……. ਕਈ ਲੋਕ ਧੀਆਂ ਦਾ ਜੰਮਣਾ ਮਨਹੂਸ ਸਮਝਦੇ ਸਨ…… ਲੋਕਾਂ ਨੇ ਧੀਆਂ ਨੂੰ ਜੰਮਣਾ ਬੰਦ ਕਰ ਦਿੱਤਾ ਸੀ…….ਜਿਸ ਕਰਕੇ ਧੀਆਂ ਅਤੇ ਪੁੱਤਰਾਂ ਦੇ ਜਨਮ ਅਨੁਪਾਤ ਵਿੱਚ ਬਹੁਤ ਫ਼ਰਕ ਪੈ ਗਿਆ ਸੀ….. ਧੀਆਂ ਪ੍ਰਤੀ ਲੋਕਾਂ ਦੀ ਸੋਚ ਬਦਲਣ ਲਈ ਹੀ ਧੀਆਂ ਦੀਆਂ ਲੋਹੜੀਆਂ ਅਲੱਗ ਤੋਂ ਮਨਾਈਆਂ ਜਾਣ ਲੱਗੀਆਂ…… ਕਿਉਂ ਕਿ ਜੇ ਧੀਆਂ ਜਨਮ ਨਹੀਂ ਲੈਣਗੀਆਂ ਤਾਂ ਪੁੱਤਰ ਵੀ ਕਿੱਥੋਂ ਆਉਣਗੇ…..?”
ਸਰਗੀ ਦੀ ਗੱਲ ਸੁਣ ਕੇ ਦਵਿੰਦਰ ਚਾਹੇ ਥੋੜ੍ਹਾ ਜਿਹਾ ਸੰਤੁਸ਼ਟ ਹੋ ਗਿਆ ਲੱਗਦਾ ਸੀ ਪਰ ਸਰਗੀ ਆਪਣੇ ਆਪ ਨੂੰ ਬੇਚੈਨ ਮਹਿਸੂਸ ਕਰ ਰਹੀ ਸੀ। ਉਹ ਸੋਚ ਰਹੀ ਸੀ ਕਿ ਮੈਂ ਆਪਣੇ ਬੱਚੇ ਨੂੰ ਸਮਝਾ ਦਿੱਤਾ ਹੈ ਪਰ ਜ਼ਰੂਰੀ ਨਹੀਂ ਕਿ ਹਰ ਲੜਕੇ ਦੀ ਮਾਂ ਇਸ ਤਰ੍ਹਾਂ ਸਮਝਾ ਸਕਦੀ ਹੋਵੇ।
        ਸਰਗੀ ਸੋਚ ਰਹੀ ਸੀ ਕਿ ਇਸ ਗੱਲ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪੁੱਤਰ ਅਤੇ ਧੀਆਂ ਦੋਹਾਂ ਸੰਤਾਨਾਂ ਵਿੱਚ ਕਦੇ ਵੀ ਇੱਕ ਨਾਲ ਵੱਧ ਪੱਖਪਾਤੀ ਦਾਇਰੇ ਨਾ ਨਿਸ਼ਚਿਤ ਕੀਤੇ ਜਾਣ ਕਿਉਂ ਕਿ ਇਸ ਨਾਲ ਦੂਜੀ ਧਿਰ ਉੱਤੇ ਭਾਰੂ ਪੈ ਕੇ ਅਸੰਜਮਤਾ ਪੈਦਾ ਹੋ ਜਾਂਦੀ ਹੈ। ਕਿਉਂ ਨਾ ਧੀਆਂ ਅਤੇ ਪੁੱਤਰਾਂ ਦੀਆਂ ਸਾਂਝੀਆਂ ਲੋਹੜੀਆਂ ਮਨਾ ਕੇ ਧੀਆਂ ਅਤੇ ਪੁੱਤਰਾਂ ਵਾਲ਼ੇ ਲਿੰਗ ਪੱਖਪਾਤ ਮਿਟਾਏ ਜਾਣ। ਉਹ ਸੋਚ ਰਹੀ ਸੀ ਕਿ ਜੇ ਅਸੀਂ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਦਾ ਦਰਜਾ ਦੇਣਾ ਹੈ ਤਾਂ ਸਾਨੂੰ ਹਰ ਕੰਮ ਅਤੇ ਖ਼ੇਤਰ ਵਿੱਚ ਇੱਕ ਦੂਜੇ ਦੇ ਬਰਾਬਰ ਖੜ੍ਹੇ ਕਰਨਾ ਪੈਣਾ ਹੈ। ਲੋਹੜੀਆਂ ਦੇ ਸਮਾਗਮਾਂ ਦੇ ਨਾਂ ਹੁਣ ਕਿਉਂ ਨਾ ਧੀਆਂ ਪੁੱਤਰਾਂ ਦੀਆਂ ਲੋਹੜੀਆਂ ਕਰਕੇ ਰੱਖੇ ਜਾਣ ਤਾਂ ਜੋ ਕੋਈ ਹੋਰ ਦਵਿੰਦਰ ਅੱਗੇ ਤੋਂ ਕਿੰਨੇ ਸਾਰੇ ਸਵਾਲ ਮਨ ਵਿੱਚ ਇਕੱਠੇ ਨਾ ਕਰ ਸਕੇ।  ਔਲ਼ਾਦ ਚਾਹੇ ਧੀ ਹੋਵੇ ਜਾਂ ਪੁੱਤਰ ,ਉਸ ਨੂੰ ਘਰ , ਪਰਿਵਾਰ ਅਤੇ ਸਮਾਜ ਵਿੱਚ ਬਰਾਬਰ ਦਾ ਹੱਕ ਹੀ ਦੇਣਾ ਚਾਹੀਦਾ ਹੈ ਤਾਂ ਜੋ ਉਹ ਕਦੇ ਵੀ ਆਪਣੇ ਆਪ ਨੂੰ ਨੀਵਾਂ ਜਾਂ ਘਟੀਆ ਨਾ ਸਮਝਣ। ਇਸ ਗੱਲ ਦਾ ਧਿਆਨ ਰੱਖਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਮਾਰਚ ਚ ਮੋਗਾ ਜਿਲ੍ਹੇ ਤੋਂ 25 ਗੱਡੀਆਂ ਲੈਕੇ ਰਵਾਨਾਂ ਹੋਵਾਂਗੇ-ਗਿੱਲ,ਵਿਰਕ,ਵਾਰਿਸਵਾਲਾ
Next articleਰਹਿਮਤ