ਏਹੁ ਹਮਾਰਾ ਜੀਵਣਾ ਹੈ- 408

ਬਰਜਿੰਦਰ ਕੌਰ ਬਿਸਰਾਓ‘
         (ਸਮਾਜ ਵੀਕਲੀ)
ਜੀਤੇ ਹੋਰੀਂ ਚਾਰ ਭਰਾ ਸਨ।ਘਰ ਦੀ ਜ਼ਮੀਨ ਵੀ ਚੰਗੀ ਸੀ। ਚਾਰੇ ਭਰਾ ਵਿਆਹੇ ਹੋਏ ਸਨ। ਵੱਡੇ ਭਰਾਵਾਂ ਦੇ ਤਾਂ ਬੱਚੇ ਵੀ ਵਿਆਹੇ ਹੋਏ ਸਨ ਜੋ ਵਿਦੇਸ਼ਾਂ ਵਿੱਚ ਵਸਦੇ ਸਨ।ਇਹ ਸਾਰਿਆਂ ਤੋਂ ਛੋਟਾ ਹੋਣ ਕਰਕੇ ਇਸ ਦੇ ਬੱਚੇ ਹਜੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਵਿੱਚ ਹੀ ਪਹੁੰਚੇ ਸਨ। ਜੀਤੇ ਦਾ ਵੱਡਾ ਭਰਾ ਤਾਂ ਸਾਲ ਵਿੱਚ ਦੋ ਵਾਰ ਆਪਣੇ ਜਵਾਕਾਂ ਕੋਲ ਜਾ ਆਉਂਦਾ। ਉਹ ਵਿਦੇਸ਼ ਤੋਂ ਪਰਤ ਕੇ ਪਿੰਡ ਵਿੱਚ ਬਣ ਠਣ ਕੇ ਘੁੰਮਦਾ। ਪਿੰਡ ਵਿੱਚ ਹਿੱਕ‌ ਤਾਣ ਕੇ ਫਿਰਦਾ। ਬਾਹਰਲੇ ਮੁਲਕ ਦੀਆਂ ਗੱਲਾਂ ਸੁਣਾਉਂਦਾ ਨਾ ਥੱਕਦਾ। ਲੋਕ ਵੀ ਉਸ ਦੀ ਆਓ ਭਗਤ ਜ਼ਿਆਦਾ ਕਰਦੇ।ਕਈ ਵਾਰ ਜੀਤਾ ਨਾਲ ਹੁੰਦਾ ਤਾਂ ਉਸ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਲੋਕ ਵੱਡੇ ਭਰਾ ਨੂੰ ਜ਼ਿਆਦਾ ਅਹਿਮੀਅਤ ਦੇ ਕੇ ਤੇ ਇਸ ਨੂੰ ਅਣਗੌਲਿਆਂ ਕਰ ਕੇ ਉਸ ਦਾ ਘਟਾਅ ਕਰਦੇ ਹਨ।ਹੋ ਸਕਦਾ ਹੈ ਕਿ ਇਹ ਉਸ ਦੀ ਆਪਣੀ ਸੋਚਣੀ ਹੋਵੇ। ਪਿੰਡ ਦੇ ਲੋਕ ਜਾਣ ਬੁੱਝ ਕੇ ਤਾਂ ਨਹੀਂ ਕਰਦੇ ਸਨ, ਉਹਨਾਂ ਨੂੰ ਤਾਂ ਵਿਦੇਸ਼ ਦੀਆਂ ਗੱਲਾਂ  ਦਿਲਚਸਪ ਲੱਗਦੀਆਂ ਸਨ ਇਸ ਲਈ ਉਹ ਉਸ ਨਾਲ਼ ਵੱਧ ਕਰਦੇ ਸਨ। ਜੀਤੇ ਦੇ ਦੂਜੇ ਦੋ ਭਰਾ ਤਾਂ ਆਪਣੇ ਆਪਣੇ ਪਰਿਵਾਰਾਂ ਸਮੇਤ ਵਿਦੇਸ਼ਾਂ ਵਿੱਚ ਹੀ ਰਹਿੰਦੇ ਸਨ।

 ਜੀਤਾ ਆਪਣੇ ਆਪ ਨੂੰ ਧਰਵਾਸਾ ਦਿੰਦਾ ਹੋਇਆ ਆਪਣੀ ਪਤਨੀ ਨੂੰ ਆਖਦਾ,” ਆਪਾਂ ਕਿਹੜਾ ਰੱਬ ਦੇ ਮਾਂਹ ਮਾਰੇ ਹੋਏ ਨੇ, ਕਦੇ ਤਾਂ ਰੱਬ ਆਪਣੀ ਵੀ ਸੁਣੂ….।” ਦਰਅਸਲ ਪਹਿਲਾਂ ਪਹਿਲ ਉਸ ਨੇ ਆਪਣੇ ਭਰਾਵਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਬਾਹਰ ਬੁਲਾਉਣ ਲਈ ਕਿਹਾ ਵੀ ਸੀ, ,ਬਾਹਰ ਸਿਰਫ ਘੁੰਮਣ ਜਾਣ ਦੀ ਇੱਛਾ ਪ੍ਰਗਟ ਕਰਦੇ ਹੋਏ, ਪਰ ਲੋਕ ਸੱਚ ਹੀ ਕਹਿੰਦੇ ਹਨ ਕਿ ਸ਼ਰੀਕ ਤਾਂ ਸ਼ਰੀਕ ਹੀ ਹੁੰਦਾ ਹੈ ਉਹ ਤਾਂ  ਮਿੱਟੀ ਦਾ ਵੀ ਮਾਨ ਨਹੀਂ ਹੁੰਦਾ। ਉਹਨਾਂ ਨੇ ਮਜ਼ਾਕ ਦੇ ਲਹਿਜ਼ੇ ਨਾਲ ਕਹਿਣਾ,”ਐਨਾ ਸੌਖਾ ਨੀ ਹੁੰਦਾ ਜੀਤਿਆ ਬਾਹਰ ਜਾਣਾ….ਸੌ ਹੱਥ ਪੱਲੇ ਮਾਰਨੇ ਪੈਂਦੇ ਆ…… ਨਾਲ਼ੇ ਚੰਗੇ ਚਾਰ ਛਿੱਲੜ ਵੀ ਪੱਲੇ ਹੋਣੇ ਚਾਹੀਦੇ ਹਨ।” ਐਨਾ ਕਹਿ ਕੇ ਆਪਣੇ ਆਪ ਤੇ ਲੱਗੇ ਪੈਸੇ ਚਿਤਾਰਨ ਲੱਗ ਜਾਣਾ। ਉਹਨਾਂ ਦੀਆਂ ਗੱਲਾਂ ਸੁਣ ਕੇ ਜੀਤੇ ਦੀ ਬੋਲਤੀ ਬੰਦ ਹੋ ਜਾਣੀ। ਉਹਨਾਂ ਦੇ ਤਾਂ ਬੱਚੇ ਵੀ ਅੱਡ ਹੋਣ ਤੋਂ ਪਹਿਲਾਂ ਇਕੱਠ ਵਿੱਚ ਹੀ ਪੜ੍ਹਾਏ ਅਤੇ ਵਿਆਹੇ ਗਏ ਸਨ। ਇਕੱਠੀ ਜ਼ਮੀਨ ਦੀ ਖੇਤੀ ਹੋਣ ਕਰਕੇ ਕਮਾਈ ਵੀ ਚੰਗੀ ਸੀ।ਪਰ ਜਿਵੇਂ ਹੀ ਜੀਤੇ ਦੇ ਜਵਾਕਾਂ ਦੀ ਪੜ੍ਹਾਈ ਦੇ ਖਰਚੇ ਵਧਣੇ ਸ਼ੁਰੂ ਹੋਏ , ਬਾਪੂ ਦੀ ਮੌਤ ਤੋਂ ਬਾਅਦ ਉਦੋਂ ਤੱਕ ਵੱਡੇ ਭਰਾਵਾਂ ਦੀ ਸਹਿਮਤੀ ਨਾਲ ਘਰ ਤੇ ਜ਼ਮੀਨ ਦਾ ਵੰਡ-ਵੰਡਈਆ ਵੀ ਹੋ ਗਿਆ ਸੀ।
 ਜੀਤਾ ਆਪਣੇ ਆਪ ਨੂੰ ਬੋਝ ਥੱਲੇ ਦਬਿਆ ਦਬਿਆ ਸਮਝਦਾ ਕਿਉਂ ਕਿ ਉਹ ਸੋਚਦਾ ਸੀ ਕਿ ਵੱਡੇ ਭਰਾ ਵੀ ਤਾਂ ਪਿਓਆਂ ਵਰਗੇ ਹੁੰਦੇ ਨੇ।ਚੱਲ ਜੇ ਮੈਨੂੰ ਨਹੀਂ ਬਾਹਰ ਬੁਲਾਉਣਾ ਤਾਂ ਮੇਰੇ ਬੱਚਿਆਂ ਨੂੰ ਹੀ ਬੁਲਾ ਲੈਣ ਪਰ ਕਿੱਥੇ……।ਜੀਤੇ ਦਾ ਸਾਲਾ ਪਰਿਵਾਰ ਸਮੇਤ ਕੈਨੇਡਾ ਵਿੱਚ ਪੱਕਾ ਚਲਿਆ ਗਿਆ।ਉਸ ਨੂੰ ਜੀਤੇ ਦੀ ਖ਼ਵਾਹਿਸ਼ ਦਾ ਪਤਾ ਸੀ ਉਸ ਨੇ ਜਾਣ ਤੋਂ ਦੋ ਸਾਲਾਂ ਦੇ ਵਿੱਚ ਵਿੱਚ ਜੀਤੇ ਦੀ ਫਾਈਲ ਲਗਾ ਦਿੱਤੀ। ਉਹ ਬਹੁਤ ਖੁਸ਼ ਸੀ, ਕਿਉਂਕਿ ਉਹ ਸੋਚਦਾ ਸੀ ਕਿ ਉਹ ਵੀ ਆਪਣੇ ਭਰਾਵਾਂ ਦੇ ਬਰਾਬਰ ਹੋ ਜਾਵੇਗਾ।ਪਰ ਉਸ ਦੀ ਫਾਈਲ ਤੇ ਅੰਬੈਸੀ ਵੱਲੋਂ ਇਹ ਕਹਿ ਕੇ ਨਾਂਹ ਹੋ ਗਈ ਕਿ ਬੁਲਾਉਣ ਵਾਲਾ ਵਿਅਕਤੀ ਆਪਣੀ ਭੈਣ ਨੂੰ ਬੁਲਾਉਣ ਦੀ ਬਜਾਏ ਆਪਣੇ ਭਣੋਈਏ ਨੂੰ ਪਹਿਲਾਂ ਕਿਉਂ ਬੁਲਾ ਰਿਹਾ ਹੈ? ਬਸ ਫਿਰ ਕੀ ਸੀ, ਜੀਤੇ ਦਾ ਹੌਸਲਾ ਜਮ੍ਹਾਂ ਈ ਢਹਿ ਢੇਰੀ ਹੋ ਗਿਆ ਸੀ। ਉੱਪਰੋਂ ਭਰਾ ਦੀ ਮਸ਼ਕਰੀ ਨੇ ਉਸ ਦਾ ਦਿਲ ਤੋੜ ਕੇ ਰੱਖ ਦਿੱਤਾ ਸੀ।
ਜੀਤੇ ਦੇ ਸਾਲ਼ੇ ਨੇ ਉਸ ਨੂੰ ਫ਼ਿਰ ਹੌਸਲਾ ਦਿੰਦੇ ਹੋਏ ਕਿਹਾ ਕੋਈ ਗੱਲ ਨੀ, ਆਪਾਂ ਛੇ ਕੁ ਮਹੀਨੇ ਅਟਕ ਕੇ ਫਿਰ ਸਾਰੇ ਟੱਬਰ ਦੀ ਪੀ ਆਰ ਲਈ ਅਪਲਾਈ ਕਰ ਦੇਣਾ ਹੈ। ਪਰ ਹੁਣ ਜੀਤੇ ਦੀ ਕੁੜੀ  ਪੜ੍ਹਾਈ ਕਰਨ ਲਈ ਵਿਦੇਸ਼ ਚਲੀ ਗਈ ਸੀ, ਉਸ ਦਾ ਚਾਅ ਨੀ ਚੱਕਿਆ ਜਾਂਦਾ ਸੀ।ਉਸ ਦੀ ਅੱਡੀ ਧਰਤੀ ਤੇ ਨਹੀਂ ਸੀ ਲੱਗ ਰਹੀ। ਉਹ ਸੋਚਦਾ ਮੁੰਡੇ ਲਈ ਵੀ ਕੋਈ ਲਾਇਕ ਕੁੜੀ ਦਾ ਰਿਸ਼ਤਾ ਆ ਜਾਏ ਫਿਰ ਮੈਂ ਆਪਣੀ ਧੀ ਨੂੰ ਮਿਲਣ ਵਿਦੇਸ਼ ਜਾਵਾਂਗਾ।ਉਹ ਜਦੋਂ ਵੀ ਆਪਣੀ ਧੀ ਨਾਲ ਫੋਨ ਤੇ ਗੱਲ ਕਰਦਾ ਤਾਂ ਹਮੇਸ਼ਾ ਕਹਿੰਦਾ,”ਜੱਸੀ ਪੁੱਤਰ, ਤੇਰੇ ਵੀਰ ਦੇ ਵਿਆਹ ਤੋਂ ਬਾਅਦ ਮੈਂ ਤਾਂ ਤੇਰੇ ਕੋਲ ਰਹਿਣ ਆ ਜਾਣਾ, ਮੇਰੇ ਕਾਗਜ਼ ਪੱਤਰ ਤਿਆਰ ਕਰ ਲੈ….।” ਜੱਸੀ ਹਮੇਸ਼ਾ ਆਪਣੇ ਪਿਓ ਦੀ ਰੀਝ ਪੂਰੀ ਕਰਨ ਲਈ ਹਾਂ ਵਿੱਚ ਹਾਂ ਮਿਲਾਉਂਦੀ ਹੋਈ ਕਹਿੰਦੀ,”ਪਾਪਾ ਤੁਸੀਂ ਮੈਨੂੰ ਆਪਣੇ ਸਾਰੇ ਕਾਗਜ਼ ਭੇਜ ਦੇਵੋ‌, ਮੈਂ ਪੱਕੀ ਹੁੰਦੇ ਸਾਰ ਪਹਿਲਾਂ ਤੁਹਾਨੂੰ ਹੀ ਬੁਲਾਵਾਂਗੀ।”
ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਜਿਸ ਦਿਨ ਦੀ ਹਰ ਕੋਈ ਉਡੀਕ ਕਰਦਾ ਹੈ।ਉਸ ਦੇ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ। ਐਤਵਾਰ ਨੂੰ ਕੁੜੀ ਨੂੰ ਰੋਕ ਆਏ। ਮੁੰਡੇ ਦਾ ਮੰਗਣਾ ਕਰਕੇ ਸਾਰੇ ਬਹੁਤ ਖੁਸ਼ ਸਨ। ਜੀਤੇ ਦਾ ਚਾਅ ਨਹੀਂ ਚੱਕਿਆ ਜਾਂਦਾ ਸੀ। ਕੁੜੀ ਵਾਲੇ ਤਾਂ ਵਿਆਹ ਇੱਕ ਸਾਲ ਤੱਕ ਕਰਨ ਦੀ ਗੱਲ ਕਰ ਰਹੇ ਸਨ ਪਰ ਜੀਤੇ ਨੇ ਸਾਰਿਆਂ ਦੀ ਸਹਿਮਤੀ ਨਾਲ ਤਿੰਨ ਮਹੀਨੇ ਬਾਅਦ ਹੀ ਪੱਕਾ ਕਰ ਲਿਆ ਕਿਉਂ ਕਿ ਉਸ ਦੀ ਧੀ ਨੇ ਉਸ ਦੀ ਕਨੇਡਾ ਲਈ ਫਾਈਲ ਲਗਾ ਦਿੱਤੀ ਸੀ।ਉਸ ਨੂੰ ਪੂਰਾ ਯਕੀਨ ਸੀ ਕਿ ਹੁਣ ਉਸ ਦੀ ਵਿਦੇਸ਼ ਜਾਣ ਵਾਲੀ ਰੀਝ ਜਲਦ ਹੀ ਪੂਰੀ ਹੋਣ ਵਾਲ਼ੀ ਹੈ।ਉਹ ਮੁੰਡੇ ਦੇ ਵਿਆਹ ਅਤੇ ਆਪਣੇ ਬਾਹਰ ਜਾਣ ਦੇ ਚਾਅ ਵਿੱਚ ਉਡਿਆ ਫ਼ਿਰਦਾ ਸੀ।ਬੁੱਧਵਾਰ ਨੂੰ ਉਹ ਸ਼ਾਮ ਨੂੰ ਮੂੰਹ- ਨ੍ਹੇਰੇ ਜਿਹੇ ਸਕੂਟਰ ‘ਤੇ ਬਜ਼ਾਰੋਂ ਆ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਗੱਡੀ ਉਸ ਨੂੰ ਫੇਟ ਮਾਰ ਕੇ ਸੁੱਟ ਗਈ।ਉਸ ਦਾ ਸਕੂਟਰ ਕਿਧਰੇ ਅਤੇ ਪਗੜੀ ਕਿਧਰੇ,ਸਿਰ ਜਾ ਕੇ ਖੰਬੇ ਵਿੱਚ ਜ਼ੋਰ ਦੀ ਵੱਜਾ ।ਇਹ ਹਾਦਸਾ ਐਨਾ ਭਿਆਨਕ ਸੀ ਕਿ ਦੇਖਣ ਵਾਲੇ ਹਰ ਕਿਸੇ ਦੀ ਰੂਹ ਕੰਬ ਗਈ।ਉਸ ਨੂੰ ਨੇੜੇ ਦੇ ਲੋਕ ਫਟਾਫਟ ਹਸਪਤਾਲ ਲੈ ਕੇ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ। ਹੁਣ ਉਸ ਦੀ ਲਾਸ਼ ਆਪਣੀ ਧੀ ਦੇ ਵਿਦੇਸ਼ ਤੋਂ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਜਿਵੇਂ ਹੀ ਦੋ-ਤਿੰਨ ਦਿਨਾਂ ਵਿੱਚ ਉਸ ਦੀ ਧੀ ਪਹੁੰਚੀ ,ਉਸ ਦੇ ਹੱਥ ਵਿੱਚ ਆਪਣੇ ਪਿਓ ਦੇ ਵੀਜੇ ਦੇ ਕਾਗਜ਼ ਸਨ।ਉਹ ਜੀਤੇ ਦੀ ਛਾਤੀ ਤੇ ਸਿਰ ਰੱਖ ਧਾਹਾਂ ਮਾਰ ਮਾਰ ਕੇ ਰੋ ਰਹੀ ਸੀ ਤੇ ਕਹਿ ਰਹੀ ਸੀ,”ਪਾਪਾ ,ਉੱਠੋ ਮੈਂ ਤੁਹਾਡੀ ਖ਼ਵਾਹਿਸ਼ ਪੂਰੀ ਕਰ ਦਿੱਤੀ ਹੈ, ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗੀ….” ਪਰ …. ਕਿੱਥੇ? ਉਹ ਤਾਂ ਆਪਣੀ ਅਧੂਰੀ ਖ਼ਵਾਹਿਸ਼ ਨਾਲ਼ ਉੱਥੇ ਜਾ ਰਿਹਾ ਸੀ ਜਿੱਥੋਂ ਅੱਜ ਤੱਕ ਕੋਈ ਮੁੜਕੇ ਨਹੀਂ ਆਇਆ। ਜੋ ਇਨਸਾਨ ਸੋਚਦਾ ਹੈ ਜੇ ਕਿਧਰੇ ਉਵੇਂ ਹੀ ਹੋਣ ਲੱਗ ਪਏ ਤਾਂ ਕਦੇ ਵੀ ਕੋਈ ਦੁਖੀ ਨਾ ਹੋਵੇ। ਪਰ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਤਾਂ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleIsraeli forces ‘more or less’ restore full control over border fence with Gaza
Next articleਸ਼ੁਭ ਸਵੇਰ ਦੋਸਤੋ,