ਸ਼ਰਮਸਾਰ ਹੋਣ ਮਗਰੋਂ ਅਸਥੀਆਂ ਲੈਣ ਪੁੱਜਾ ਕਰੋਨਾ ਪੀੜਤ ਔਰਤ ਦਾ ਪਰਿਵਾਰ

ਲੁਧਿਆਣਾ (ਸਮਾਜਵੀਕਲੀ)ਕਰੋਨਾ ਪੀੜਤ ਬਿਰਧ ਔਰਤ ਦੀ ਲਾਸ਼ ਲੈਣ ਤੋਂ ਇਨਕਾਰ ਕਰਨ ਤੇ ਸਸਕਾਰ ਨਾ ਕਰਨ ਵਾਲੇ ਪਰਿਵਾਰ ਦੀ ਅੱਜ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋਈ। ਲੋਕਾਂ ਵੱਲੋਂ ਸ਼ਰਮਸਾਰ ਕਰਨ ਤੋਂ ਬਾਅਦ ਅੱਜ ਬਿਰਧ ਔਰਤ ਦਾ ਪਰਿਵਾਰ ਉਸ ਦੀਆਂ ਅਸਥੀਆਂ ਲੈਣ ਪੁੱਜਾ। ਸ਼ਮਸ਼ਾਨਘਾਟ ਵਿੱਚ ਸਵੇਰੇ ਬਿਰਧ ਔਰਤ ਦਾ ਪੁੱਤਰ ਤੇ ਨੂੰਹ ਪੁੱਜੇ ਜਿਨ੍ਹਾਂ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਬਿਰਧ ਔਰਤ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਤੇ ਬਾਅਦ ਵਿਚ ਗੁਰਦੁਆਰਾ ਫਲਾਹੀ ਸਾਹਿਬ ਜਾ ਕੇ ਜਲ ਪ੍ਰਵਾਹ ਕੀਤੀਆਂ।

ਸਨਅਤੀ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿਚ ਰਹਿਣ ਵਾਲੀ ਔਰਤ ਸੁਰਿੰਦਰ ਕੌਰ 23 ਮਾਰਚ ਨੂੰ ਚੰਡੀਗੜ੍ਹ ਵਿਚ ਰਿਸ਼ਤੇਦਾਰਾਂ ਦੇ ਘਰ ਗਈ ਸੀ, ਉਥੇ ਹੀ ਉਸ ਨੂੰ ਕਰੋਨਾਵਾਇਰਸ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਬੀਤੇ ਐਤਵਾਰ ਉਸ ਦੀ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਲਾਸ਼ ਲੈ ਕੇ ਸ਼ਮਸ਼ਾਨਘਾਟ ਪੁੱਜੇ।

ਸਸਕਾਰ ਦੌਰਾਨ ਕੋਈ ਵੀ ਪਰਿਵਾਰ ਵਾਲਾ ਅੱਗੇ ਨਹੀਂ ਆਇਆ ਤੇ ਸ਼ਮਸ਼ਾਨਘਾਟ ਅੰਦਰ ਪਰਿਵਾਰ ਵਾਲੇ ਆਪਣੀਆਂ ਕਾਰਾਂ ’ਚ ਬੈਠੇ ਰਹੇ ਪਰ ਕਿਸੇ ਨੇ ਬਿਰਧ ਔਰਤ ਨੂੰ ਅਗਨੀ ਨਹੀਂ ਦਿੱਤੀ। ਆਖਰ ਪ੍ਰਸ਼ਾਸਨ ਨੇ ਸ਼ਮਸ਼ਾਨਘਾਟ ਦੇ ਚੌਕੀਦਾਰ ਤੋਂ ਮੁੱਖ ਅਗਨੀ ਦਿਵਾਈ। ਇਹ ਵੀ ਪਤਾ ਲੱਗਾ ਹੈ ਕਿ ਅੱਜ ਸਵੇਰੇ ਮ੍ਰਿਤਕਾ ਸੁਰਿੰਦਰ ਕੌਰ ਦੇ ਪੁੱਤਰ ਨੇ ਪੁਲੀਸ ਨਾਲ ਸੰਪਰਕ ਕਰ ਕੇ ਅਸਥੀਆਂ ਇਕੱਠੀਆਂ ਕੀਤੀਆਂ।

Previous articleਅਮਿਤਾਭ ਨੇ ਘਰ ਅੰਦਰ ਰਹਿਣ ਬਾਰੇ ਲਘੂ ਫਿਲਮ ‘ਫੈਮਿਲੀ’ ਬਣਾਈ
Next articleਕਰੋਨਾ ਹਸਪਤਾਲਾਂ ਦੀ ਨਜ਼ਰਬੰਦੀ ਕੈਂਪਾਂ ਨਾਲ ਤੁਲਨਾ ਵਿਧਾਇਕ ਨੂੰ ਮਹਿੰਗੀ ਪਈ