ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)– ਸੁੱਖੇ ਦੇ ਦੋ ਹੀ ਨਿਆਣੇ ਸਨ। ਵੱਡੀ ਕੁੜੀ ਬਬਲੀ ਸੀ ਤੇ ਉਸ ਤੋਂ ਪੰਜ ਛੇ ਸਾਲ ਛੋਟਾ ਮੁੰਡਾ ਰਾਜਾ ਸੀ। ਕੁੜੀ ਦਸ ਜਮਾਤਾਂ ਪੜ੍ਹ ਕੇ ਹਟ ਗਈ ਸੀ ਤੇ ਸ਼ਹਿਰ ਕੰਪਿਊਟਰ ਦਾ ਕੋਰਸ ਕਰਨ ਲੱਗੀ ਸੀ। ਸ਼ਹਿਰ ਵੀ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ।ਇਸ ਲਈ ਉਹ ਸਕੂਟਰੀ ਤੇ ਹੀ ਜਾਂਦੀ ਆਉਂਦੀ ਸੀ। ਹਜੇ ਉਸ ਨੂੰ ਉਥੇ ਜਾਂਦੀ ਨੂੰ ਦੋ ਕੁ ਮਹੀਨੇ ਹੀ ਹੋਏ ਸਨ ਕਿ ਪਿੰਡ ਵਿੱਚੋਂ ਹੀ ਕਿਸੇ ਨੇ ਬਬਲੀ ਲਈ ਰਿਸ਼ਤੇ ਦੀ ਦੱਸ ਪਾਈ ਤਾਂ ਸੁੱਖਾ ਆਪਣੇ ਦੋਸਤ ਰਣਜੀਤ ਕੋਲ ਉਸ ਮੁੰਡੇ ਬਾਰੇ ਪਤਾ ਕਰਨ ਲਈ ਆਇਆ ਕਿਉਂ ਕਿ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੀ ਮੁੰਡੇ ਵਾਲਿਆਂ ਦੇ ਪਿੰਡ ਆਉਣੀ ਜਾਣੀ ਸੀ। ਰਣਜੀਤ ਨੇ ਪਤਾ ਕਰਕੇ ਦੱਸਿਆ,” ਮੁੰਡਾ ਤਾਂ ਸਾਊ ਹੈ ਤੇ ਹੈ ਵੀ ਇਕੱਲਾ ਹੀ…..ਬੱਸ ਇੱਕ ਛੋਟੀ ਭੈਣ ਹੈ… ਉਹ ਕਿਤੇ ਹੋਸਟਲ ਵਿੱਚ ਪੜ੍ਹਦੀ ਹੈ….ਪਿਓ ਨੂੰ ਮਰੇ ਨੂੰ ਦੋ ਕੁ ਸਾਲ ਹੋ ਗਏ ਨੇ, ਜ਼ਮੀਨ ਵੀ ਛੇ ਕਿੱਲੇ ਨੇ ਤੇ ਘਰੇ ਮਾਂ ਪੁੱਤ ਈ ਨੇ….. ਮੁੰਡਾ ਆਪਣੇ ਛੇ ਕਿੱਲਿਆਂ ਦੀ ਤੇ ਹੋਰ ਦਸ ਕੁ ਕਿੱਲੇ ਜ਼ਮੀਨ ਠੇਕੇ ਤੇ ਲੈ ਕੇ ਪੰਦਰਾਂ ਸੋਲਾਂ ਕਿੱਲਿਆਂ ਦੀ ਖੇਤੀ ਕਰਦਾ ਹੈ….!” ਸੁੱਖੇ ਨੇ ਵਿਚੋਲੇ ਨੂੰ ਹਾਂ ਕਰ ਦਿੱਤੀ ਤੇ ਅਗਲੇ ਐਤਵਾਰ ਨੂੰ ਸ਼ਹਿਰ ਰਣਜੀਤ ਦੇ ਘਰ ਹੀ ਕੁੜੀ ਨੂੰ ਦਿਖਾਉਣ ਦਾ ਪ੍ਰੋਗਰਾਮ ਰੱਖ ਲਿਆ।
ਨਿਸ਼ਚਿਤ ਦਿਨ ਅਨੁਸਾਰ ਐਤਵਾਰ ਨੂੰ ਪਹਿਲਾਂ ਸੁੱਖਾ ਆਪਣੇ ਭਰਾ ਭਰਜਾਈਆਂ ਤੇ ਆਪਣੀ ਪਤਨੀ ਨਾਲ ਦੋ ਤਿੰਨ ਗੱਡੀਆਂ ਵਿੱਚ ਰਣਜੀਤ ਦੇ ਘਰ ਆ ਗਏ। ਮੁੰਡੇ ਵਾਲਿਆਂ ਨੇ ਹਜੇ ਦੋ ਘੰਟੇ ਰੁਕ ਕੇ ਆਉਣਾ ਸੀ। ਰਣਜੀਤ ਦੀ ਪਤਨੀ ਜਿਵੇਂ ਹੀ ਸਭ ਨੂੰ ਚਾਹ ਪਾਣੀ ਪਰੋਸਣ ਲਈ ਤਿਆਰੀ ਕਰ ਰਹੀ ਸੀ, ਬਬਲੀ ਉਸ ਕੋਲ ਆ ਕੇ ਜਾਰ ਜਾਰ ਰੋਣ ਲੱਗੀ ਤੇ ਆਖਣ ਲੱਗੀ,”…. ਚਾਚੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਐਂ….!” ਰਣਜੀਤ ਦੀ ਪਤਨੀ ਵਰਿੰਦਰ ਬਬਲੀ ਨੂੰ ਰੋਂਦੀ ਨੂੰ ਵੇਖ ਕੇ ਬਹੁਤ ਹੈਰਾਨ ਹੋਈ…. ਤੇ ਬਬਲੀ ਨੂੰ ਰਸੋਈ ਵਿੱਚ ਹੀ ਮੂੰਹ ਧੁਆ ਕੇ ਉਸ ਨੂੰ ਅੱਡ ਕਮਰੇ ਵਿੱਚ ਬਿਠਾ ਆਈ। ਸਭ ਨੂੰ ਚਾਹ ਪਾਣੀ ਦੇ ਕੇ ਜਦ ਉਹ ਬਬਲੀ ਕੋਲ ਗਈ ਤੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਬਬਲੀ ਫੇਰ ਰੋਣ ਲੱਗੀ। ਵਰਿੰਦਰ ਨੇ ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਦੇ ਦਿਲ ਦੀ ਗੱਲ ਪੁੱਛੀ ਤਾਂ ਬਬਲੀ ਆਖਣ ਲੱਗੀ,” ਚਾਚੀ ਜੀ….. ਮੈਂ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਆਂ…… ਜਿੱਥੇ ਮੈਂ ਕੰਪਿਊਟਰ ਸਿੱਖਦੀ ਆਂ….!” ਰਣਜੀਤ ਉਸ ਦੀ ਗੱਲ ਸੁਣ ਕੇ ਸੁੰਨ ਜਿਹੀ ਹੋ ਗਈ ਤੇ ਹਜੇ ਹੋਰ ਅਗਾਂਹ ਉਸ ਨਾਲ ਗੱਲ ਤੋਰਨ ਈ ਲੱਗੀ ਸੀ ਕਿ ਜਦ ਨੂੰ ਬਬਲੀ ਦੀ ਮਾਂ ਅੰਦਰ ਆ ਗਈ। ਬਬਲੀ ਨੂੰ ਰੋਂਦੀ ਨੂੰ ਵੇਖ ਕੇ ਆਖਣ ਲੱਗੀ,” …. ਮੈਂ ਤੈਨੂੰ ਘਰੇ ਵੀ ਕਿਹਾ ਸੀ…. ਜੇ ਤੇਰੇ ਪਿਓ ਤੇ ਚਾਚਿਆਂ ਨੂੰ ਪਤਾ ਲੱਗ ਗਿਆ….. ਤੇਰੇ ਤਾਂ ਵੱਢ ਕੇ ਡੱਕਰੇ ਕਰਨਗੇ ਈ…. ਤੇ ਮੈਨੂੰ ਵੀ ਨੀ ਛੱਡਣਾ ਓਹਨਾਂ ਨੇ…. ਕਿਉਂ ਘਰ ਖ਼ਰਾਬ ਕਰਨ ਤੇ ਤੁਲੀ ਹੋਈ ਆਂ…. ਘਰੋਂ ਮੈਂ ਤੈਨੂੰ ਸਮਝਾ ਕੇ ਤੁਰੀ ਆਂ….. ਐਥੇ ਆ ਕੇ ਫਿਰ ਓਹੀ ਲੱਛਣ ਕਰਨ ਲੱਗ ਗਈ…. ਉੱਠ… ਜਾ ਕੇ ਮੂੰਹ ਧੋ ਕੇ ਆ….. ਤੇ ਜੇ ਹੁਣ ਪਖੰਡ ਕੀਤੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ….!” ਬਬਲੀ ਕਮਰੇ ਦੇ ਨਾਲ ਹੀ ਬਾਥਰੂਮ ਅੰਦਰ ਜਾ ਕੇ ਮੂੰਹ ਧੋ ਕੇ ਆਉਂਦੀ ਹੈ।
ਐਨੇ ਨੂੰ ਮੁੰਡੇ ਵਾਲੇ ਵੀ ਆ ਜਾਂਦੇ ਹਨ। ਮੁੰਡਾ ਤਾਂ ਉੱਚਾ ਲੰਮਾ ਬਥੇਰਾ ਸੀ ਪਰ ਖੇਤੀ ਬਾੜੀ ਕਰਦਾ ਹੋਣ ਕਰਕੇ ਉਸ ਨੂੰ ਬਹੁਤਾ ਪਹਿਨਣ ਪਚਰਨ ਦਾ ਸਲੀਕਾ ਨਹੀਂ ਸੀ। ਬਬਲੀ ਨੇ ਜਿਹੋ ਜਿਹੇ ਮੁੰਡੇ ਨਾਲ ਜ਼ਿੰਦਗੀ ਬਿਤਾਉਣ ਦੇ ਸੁਫ਼ਨੇ ਸਜਾਏ ਸਨ ਇਹ ਉਸ ਤੋਂ ਬਿਲਕੁਲ ਉਲਟ ਸੀ। ਬਬਲੀ ਵਾਰ ਵਾਰ ਰੋਂਦੀ ਤੇ ਵਾਰ ਵਾਰ ਮੂੰਹ ਧੋਂਦੀ। ਇਹਨਾਂ ਨੂੰ ਮੁੰਡਾ ਤੇ ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਆ ਗਈ, ਉਸੇ ਸਮੇਂ ਮਠਿਆਈਆਂ ਦੇ ਡੱਬੇ ਲਿਆ ਕੇ ਰੋਕਾ ਹੋ ਗਿਆ। ਪਰ ਵਰਿੰਦਰ ਨੂੰ ਇਸੇ ਗੱਲ ਦੀ ਚਿੰਤਾ ਖਾਈ ਜਾ ਰਹੀ ਸੀ । ਜਦ ਸ਼ਗਨ ਤੋਂ ਬਾਅਦ ਮੁੰਡੇ ਵਾਲੇ ਖੁਸ਼ੀ ਖੁਸ਼ੀ ਚਲੇ ਗਏ ਤੇ ਇਹ ਵੀ ਜਾਣ ਦੀ ਤਿਆਰੀ ਵਿੱਚ ਸਨ ਤਾਂ ਵਰਿੰਦਰ ਨੇ ਬਬਲੀ ਨੂੰ ਇਕੱਲੇ ਦੂਜੇ ਕਮਰੇ ਵਿੱਚ ਲਿਜਾ ਕੇ ਸਾਫ਼ ਸਾਫ਼ ਪੁੱਛਿਆ, “ਬੇਟਾ….. ਕਿਤੇ ਤੂੰ ਉਸ ਮੁੰਡੇ ਨਾਲ਼ ਭੱਜ ਤਾਂ ਨੀ ਜਾਏਂਗੀ….?”
“….. ਨਹੀਂ ਚਾਚੀ ਜੀ…… ਮੈਂ ਐਨੇ ਜੋਗੀ ਨਹੀਂ…. ।” ਬਬਲੀ ਨੇ ਫਿਰ ਰੋਂਦੀ ਹੋਈ ਨੇ ਕਿਹਾ।
ਵਰਿੰਦਰ ਨੇ ਉਸ ਨੂੰ ਆਪਣਾ ਫੋਨ ਨੰਬਰ ਦੇ ਕੇ ਉਸ ਨੂੰ ਘਰ ਜਾ ਕੇ ਗੱਲ ਕਰਨ ਲਈ ਕਿਹਾ ਕਿਉਂਕਿ ਇੱਥੇ ਸਾਰਿਆਂ ਵਿੱਚੋਂ ਅਲੱਗ ਜਾ ਕੇ ਕੁੜੀ ਨਾਲ ਘੁਸਰ ਮੁਸਰ ਕਰਨਾ ਉਚਿਤ ਨਹੀਂ ਸਮਝਿਆ ਸੀ। ਬਬਲੀ ਦੀ ਮਾਂ ਵੀ ਉਸ ਦਾ ਧਿਆਨ ਰੱਖ ਰਹੀ ਸੀ। ਸ਼ਾਮ ਤੱਕ ਸਾਰੇ ਖੁਸ਼ੀ ਖੁਸ਼ੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ।
ਬਬਲੀ ਨੇ ਦੂਜੇ ਦਿਨ ਜਾ ਕੇ ਵਰਿੰਦਰ ਨੂੰ ਫ਼ੋਨ ਕੀਤਾ ਤੇ ਕਿਹਾ,” ਚਾਚੀ ਜੀ…. ਮੈਨੂੰ ਮੁੰਡਾ ਬਿਲਕੁਲ ਚੰਗਾ ਨਹੀਂ ਲੱਗਿਆ…. ਉਸ ਦੇ ਤਾਂ ਕੱਪੜੇ ਵੀ ਦੇਸੀ ਜਿਹੇ ਪਾਏ ਹੋਏ ਸਨ… ਹਾਏ ਮੈਂ ਉਸ ਦੇਸੀ ਜਿਹੇ ਮੁੰਡੇ ਨਾਲ ਕਿਵੇਂ ਜ਼ਿੰਦਗੀ ਕੱਢੂੰਗੀ….?”
ਵਰਿੰਦਰ ਨੇ ਬਬਲੀ ਨੂੰ ਸਮਝਾਉਂਦੇ ਹੋਏ ਕਿਹਾ,” ਦੇਖ ਬੇਟਾ….. ਜੇ ਤੂੰ ਆਪਣੀ ਪਸੰਦ ਦੇ ਲੜਕੇ ਬਾਰੇ ਪਹਿਲਾਂ ਦੱਸ ਦਿੰਦੀ ਤਾਂ ਵਿੱਚ ਕੋਈ ਵਿਚੋਲਾ ਪਾ ਕੇ ਤੇਰਾ ਰਿਸ਼ਤਾ ਉੱਥੇ ਕਰਵਾ ਦਿੰਦੇ….. ਹੁਣ ਤਾਂ ਸਭ ਕੁਝ ਹੱਥੋਂ ਨਿਕਲ ਗਿਆ ਹੈ…. ਹੁਣ ਤੂੰ ਇਹਨਾਂ ਨਾਲ਼ ਮੋਹ ਪਾਉਣ ਦੀ ਕੋਸ਼ਿਸ਼ ਕਰ…. ਤੇ…. ਉਸ ਮੁੰਡੇ ਨੂੰ ਮਿਲਣਾ ਬੰਦ ਕਰ ਦੇ…. ਮੈਂ ਤੇਰੇ ਪਿਆਰ ਦੀ ਵਿਰੋਧੀ ਬਿਲਕੁਲ ਨਹੀਂ ਹਾਂ….. ਪਰ ਹੁਣ ਸਮਾਂ ਨਿਕਲ਼ ਚੁੱਕਿਆ ਹੈ….. ਜੇ ਤੂੰ ਉਸ ਲੜਕੇ ਨੂੰ ਮਿਲਣਾ ਨਾ ਛੱਡਿਆ ਤਾਂ ਤੇਰੀ ਹਾਲਤ ਦੋ ਬੇੜੀਆਂ ਦੇ ਮਲਾਹ ਵਾਲੀ ਹੋ ਜਾਵੇਗੀ…..ਤੂੰ ਆਪਣੇ ਆਪ ਨੂੰ ਉਸ ਘਰ ਦੀ ਨੂੰਹ ਬਣਨ ਲਈ ਮਾਨਸਿਕ ਤੌਰ ਤੇ ਤਿਆਰ ਕਰ…. ਹੁਣ ਤਿੰਨ ਘਰਾਂ ਦੀ ਇੱਜ਼ਤ ਦਾ ਧੁਰਾ ਤੂੰ ਹੈਂ….. ਜੇ ਤੂੰ ਥੋੜ੍ਹਾ ਜਿਹਾ ਵੀ ਉਲਟ ਫੈਸਲਾ ਲੈ ਲਿਆ ਤਾਂ ਤਿੰਨ ਘਰਾਂ ਦੀ ਇੱਜ਼ਤ ਦਾ ਜਨਾਜ਼ਾ ਨਿਕਲ ਜਾਵੇਗਾ….. ਤੂੰ ਇਸ ਲੜਕੇ ਨਾਲ਼ ਗੱਲ ਕਰ…. ਉਸ ਵਿੱਚੋਂ ਪਤੀ ਵਾਲੀਆਂ ਖੂਬੀਆਂ ਤਲਾਸ਼ਣਾ ਸ਼ੁਰੂ ਕਰ… !” ਬਬਲੀ ਵਿੱਚੋਂ ਟੋਕ ਕੇ ਹੀ ਬੋਲੀ,”ਚਾਚੀ ਜੀ…. ਤੁਸੀਂ ਬੇ ਫ਼ਿਕਰ ਰਹੋ…. ਮੇਰਾ ਮਨ ਚਾਹੇ ਸਮੁੰਦਰ ਦੀਆਂ ਲਹਿਰਾਂ ਵਾਂਗ ਉਛਾਲੇ ਮਾਰ ਰਿਹਾ ਪਰ….. ।” ਕੁਛ ਕਹਿੰਦੀ ਕਹਿੰਦੀ ਦਾ ਗਲ਼ ਭਰ ਆਇਆ ਤੇ ਉਹ ਚੁੱਪ ਕਰ ਗਈ ਤੇ ਫੋਨ ਕੱਟ ਦਿੱਤਾ।
ਵਰਿੰਦਰ ਨੂੰ ਬਬਲੀ ਦੀ ਬਹੁਤ ਚਿੰਤਾ ਸੀ ਤੇ ਉਹ ਸੋਚਦੀ ਸੀ ਕਿ ਉਹ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਵਿਆਹ ਲਈ ਤਿਆਰ ਕਰੇਗੀ ਕਿਉਂਕਿ ਦੋ ਮਹੀਨੇ ਬਾਅਦ ਉਸ ਦੇ ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ ਸੀ। ਦੋ ਮਹੀਨੇ ਬਾਅਦ ਉਸ ਦਾ ਧੂੰਮ ਧਾਮ ਨਾਲ ਵਿਆਹ ਹੋ ਗਿਆ।ਰਣਜੀਤ ਤੇ ਵਰਿੰਦਰ ਕਿਸੇ ਕੰਮ ਕਾਰਨ ਦਿੱਲੀ ਗਏ ਹੋਣ ਕਰਕੇ ਉਸ ਦੇ ਵਿਆਹ ਤੇ ਨਹੀਂ ਜਾ ਸਕੇ ਸਨ। ਸੁੱਖਾ ਤੇ ਰਣਜੀਤ ਚਾਹੇ ਬਚਪਨ ਦੇ ਦੋਸਤ ਸਨ ਪਰ ਇੱਕ ਦੂਜੇ ਦੇ ਘਰ ਕਦੇ ਕਦਾਈਂ ਹੀ ਆਉਂਦੇ ਜਾਂਦੇ ਸਨ। ਬਬਲੀ ਦੇ ਦੋ ਕੁ ਸਾਲ ਬਾਅਦ ਸੁੱਖੇ ਨੇ ਆਪਣੇ ਘਰੇ ਆਖੰਡ ਪਾਠ ਕਰਵਾਇਆ ਤਾਂ ਰਣਜੀਤ ਤੇ ਵਰਿੰਦਰ ਵੀ ਗਏ। ਉੱਥੇ ਉਹਨਾਂ ਨੂੰ ਬਬਲੀ ਵੀ ਮਿਲੀ ਤੇ ਉਸ ਦਾ ਪ੍ਰਾਹੁਣਾ ਵੀ…. ਤੇ ਉਹਨਾਂ ਦਾ ਛੋਟਾ ਜਿਹਾ ਪੁੱਤਰ ਜੋ ਬਹੁਤ ਹੀ ਪਿਆਰਾ ਸਾਲ ਕੁ ਦਾ ਬੱਚਾ ਸੀ। ਜਦ ਬਬਲੀ ਦਾ ਪ੍ਰਾਹੁਣਾ ਕੋਲੋਂ ਉੱਠ ਕੇ ਗਿਆ ਤਾਂ ਵਰਿੰਦਰ ਨੇ ਪੁੱਛਿਆ ਕਿ ਉਸ ਦਾ ਘਰ ਕਿਸ ਤਰ੍ਹਾਂ ਚੱਲ ਰਿਹਾ ਹੈ?
“ਚਾਚੀ ਜੀ….. ਸਹੁਰੇ ਘਰ ਵਿੱਚ….ਪਹਿਲਾਂ ਪਹਿਲ ਮੈਨੂੰ ਕਿਸੇ ਦਾ ਮੋਹ ਨੀ ਆਉਂਦਾ ਸੀ …. ਮੈਨੂੰ ਇਹ (ਬਬਲੀ ਦਾ ਪ੍ਰਾਹੁਣਾ)ਬਿਲਕੁਲ ਨਹੀਂ ਚੰਗੇ ਲੱਗਦੇ ਸੀ….. ਪਰ ਇਹ ਐਨੇ ਸ਼ਰੀਫ਼ ਨੇ ਕਿ ਇਹਨਾਂ ਦੀ ਸ਼ਰਾਫ਼ਤ ਨੇ ਹੀ ਮੇਰੇ ਦਿਲ ਨੂੰ ਇਹਨਾਂ ਨਾਲ਼ ਪਿਆਰ ਕਰਨ ਲਈ ਮਜਬੂਰ ਕਰ ਦਿੱਤਾ…. ਇਹ ਮੈਨੂੰ ਐਨਾ ਪਿਆਰ ਕਰਦੇ ਨੇ ਕਿ ਮੈਂ ਕਿਸੇ ਹੋਰ ਬਾਰੇ ਭਲਾ ਕਿਵੇਂ ਸੋਚ ਸਕਦੀ ਆਂ….. !”
ਵਰਿੰਦਰ ਨੇ ਜਿਹੜੀ ਬਬਲੀ ਨੂੰ ਇਸ ਵਿਆਹ ਖ਼ਾਤਰ ਰੋਂਦੀ ਕੁਰਲਾਉਂਦੀ ਹੀ ਦੇਖਿਆ ਸੀ…. ਉਸ ਨੂੰ ਖੁਸ਼ ਵੇਖਕੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਤੇ ਬਬਲੀ ਦੇ ਮੋਢੇ ਤੇ ਹੱਥ ਧਰਕੇ ਆਖਣ ਲੱਗੀ,” ਬੇਟਾ….. ਧੀਆਂ ਨੂੰ ਜਦ ਪਤੀ ਤੋਂ ਸਤਿਕਾਰ ਤੇ ਪਿਆਰ ਮਿਲੇ ਤਾਂ ਉਸ ਵਿੱਚੋਂ ਉਪਜੇ ਇਸ ਜਜ਼ਬੇ ਨੂੰ ਹੀ ਤਾਂ ਵਸੇਬਾ ਕਹਿੰਦੇ ਹਨ…. ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ…!”
ਬਰਜਿੰਦਰ ਕੌਰ ਬਿਸਰਾਓ…
9988901324