ਏਹੁ ਹਮਾਰਾ ਜੀਵਣਾ ਹੈ -386

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ) – ਸਤਿੰਦਰ ਤੇ ਉਸ ਦਾ ਪਤੀ ਜਸਕਰਨ ਦੋਵੇਂ ਸਰਕਾਰੀ ਨੌਕਰੀਆਂ ਕਰਦੇ ਸਨ ਪਰ ਦੋਹਾਂ ਦੇ ਮਹਿਕਮੇ ਅੱਡ ਅੱਡ ਸਨ। ਪਹਿਲਾਂ ਪਹਿਲ ਤਾਂ ਉਹ ਪਿੰਡੋਂ ਆਉਂਦੇ ਪਰ ਕਿਤੇ ਨ੍ਹੇਰੇ ਹੋਏ ਘਰ ਪਹੁੰਚਦੇ। ਘਰਦਿਆਂ ਦੀ ਸਲਾਹ ਨਾਲ ਉਹਨਾਂ ਨੇ ਸ਼ਹਿਰ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈਕੇ ਰਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਨਾਲ਼ ਉਹਨਾਂ ਦੀਆਂ ਦੋਵੇਂ ਪੰਜ ਤੇ ਤਿੰਨ ਸਾਲ ਧੀਆਂ ਅਤੇ ਉਨ੍ਹਾਂ ਨੂੰ ਸਾਂਭਣ ਲਈ ਉਸ ਦੀ ਸੱਸ ਵੀ ਨਾਲ਼ ਆ ਗਈ। ਜਦ ਸੱਸ ਨੂੰ ਪਿੰਡ ਕੰਮ ਹੁੰਦਾ ਤਾਂ ਉਸ ਦੀ ਕੁਆਰੀ ਨਣਦ ਆ ਜਾਂਦੀ। ਮੁੰਡੇ ਦੀ ਚਾਹਤ ਵਿੱਚ ਐਥੇ ਆ ਕੇ ਉਸ ਦੇ ਤੀਜੀ ਕੁੜੀ ਵੀ ਹੋ ਗਈ।ਉਂਝ ਸਰਕਾਰੀ ਨੌਕਰੀਆਂ ਕਰਦੇ ਹੋਣ ਕਰਕੇ ਪੈਸੇ ਧੇਲੇ ਦੀ ਤਾਂ ਕੋਈ ਕਮੀ ਨਹੀਂ ਸੀ ਪਰ ਉੱਪਰੋ ਥਲੀ ਦੀਆਂ ਤਿੰਨ ਧੀਆਂ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਭਾਰੇ ਕਬੀਲਦਾਰੀ ਬਣਾ ਦਿੱਤਾ ਸੀ।
              ਸਤਿੰਦਰ ਦੇ ਸਹੁਰੇ ਪਰਿਵਾਰ ਵੱਲੋਂ ਸਾਰਿਆਂ ਦਾ ਸਾਥ ਮਿਲਣ ਕਰਕੇ ਉਹਨਾਂ ਨੂੰ ਧੀਆਂ ਪਾਲਣ ਵਿੱਚ ਕੋਈ ਔਕੜ ਪੇਸ਼ ਨਹੀਂ ਸੀ ਆਈ ਪਰ ਪੁੱਤਰ ਪ੍ਰਾਪਤੀ ਦੀ ਲਾਲਸਾ ਮਨ ਵਿੱਚ ਉਸੇ ਤਰ੍ਹਾਂ ਬਰਕਰਾਰ ਸੀ। ਜਦ ਛੋਟੀ ਧੀ ਮਸਾਂ ਤਿੰਨ ਸਾਲਾਂ ਦੀ ਹੀ ਹੋਈ ਸੀ ਕਿ ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਦੇ ਕੇ ਘਰ ਵਿੱਚ ਖ਼ੁਸ਼ੀਆਂ ਦਾ ਮਾਹੌਲ ਪੈਦਾ ਕਰ ਦਿੱਤਾ। ਜਿੰਨਾਂ ਚਿਰ ਤੱਕ ਸਤਿੰਦਰ ਦੇ ਮੁੰਡਾ ਨਹੀਂ ਪੈਦਾ ਹੋਇਆ ਸੀ ਸਾਰਾ ਟੱਬਰ ਝੂਰਦਾ ਹੀ ਰਹਿੰਦਾ ਸੀ। ਪਿਆਰ ਤਾਂ ਉਹ ਕੁੜੀਆਂ ਨੂੰ ਵੀ ਬਥੇਰਾ ਕਰਦੇ ਸਨ ਪਰ ਪੁੱਤਰ ਪ੍ਰਾਪਤੀ ਤੋਂ ਬਿਨਾਂ ਉਹ ਆਪਣੇ ਆਪ ਨੂੰ ਅਧੂਰੇ ਜਿਹੇ ਸਮਝਦੇ ਸਨ। ਪੈਂਤੀ ਸਾਲ ਦੀ ਉਮਰ ਵਿੱਚ ਉਹ ਚਾਰ ਬੱਚਿਆਂ ਦੇ ਮਾਪੇ ਬਣਨ ਨਾਲ ਭਾਰੇ ਕਬੀਲਦਾਰ ਬਣ ਗਏ ਸਨ। ਸਤਿੰਦਰ ਦੀ ਕੁਆਰੀ ਨਣਦ ਦਾ ਵਿਆਹ ਹੋ ਗਿਆ ਸੀ ਇਸ ਕਰਕੇ ਹੁਣ ਉਸ ਦੇ ਸੱਸ ਤੇ ਸਹੁਰਾ ਦੋਵੇਂ ਇਹਨਾਂ ਕੋਲ ਰਹਿਣ ਲੱਗ ਪਏ ਸਨ ਕਿਉਂਕਿ ਪਿੰਡ ਵੀ ਉਹਨਾਂ ਦੇ ਦੋਵੇਂ ਵੱਡੇ ਪੁੱਤ ਵਿਆਹੇ ਹੋਣ ਕਰਕੇ ਤੇ ਉਹਨਾਂ ਦੇ ਬੱਚੇ ਵੱਡੇ ਹੋਣ ਕਰਕੇ ਉਹਨਾਂ ਦੇ ਸਿਰ ਤੇ ਪਿੱਛੇ ਦਾ ਕੋਈ ਬਹੁਤਾ ਬੋਝ ਨਹੀਂ ਰਿਹਾ ਸੀ। ਉਹ ਇਹਨਾਂ ਦਾ ਸਾਥ ਦੇ ਕੇ ਬੱਚਿਆਂ ਨੂੰ ਪਾਲਣ ਵਿੱਚ ਮਦਦ ਹੀ ਕਰ ਰਹੇ ਸਨ। ਜਿਸ ਘਰ ਵਿੱਚ ਉਹ ਕਿਰਾਏ ਤੇ ਆਏ ਸਨ ਉਹੀ ਘਰ ਸਤਿੰਦਰ ਤੇ ਜਸਕਰਨ ਨੇ ਖ਼ਰੀਦ ਲਿਆ ਸੀ ਜਿਸ ਕਰਕੇ ਹੁਣ ਬੱਚਿਆਂ ਨੂੰ ਪਾਲਣ ਤੋਂ ਇਲਾਵਾ ਸਿਰ ਤੇ ਕੋਈ ਹੋਰ ਵੱਡਾ ਬੋਝ ਨਹੀਂ ਸੀ।
             ਸਤਿੰਦਰ ਦਾ ਪੁੱਤਰ ਹਜੇ ਮਸਾਂ ਛੇ ਕੁ ਮਹੀਨੇ ਦਾ ਹੋਇਆ ਸੀ ਕਿ ਉਸ ਦੇ ਪਤੀ ਜਸਕਰਨ ਨੂੰ ਪੈਰਾਂ ਤੇ ਹਲਕੀ ਹਲਕੀ ਸੋਜ ਆਉਣ ਲੱਗ ਪਈ। ਡਾਕਟਰਾਂ ਨੇ ਟੈਸਟ ਵਗੈਰਾ ਕੀਤੇ ਤਾਂ ਪਤਾ ਲੱਗਿਆ ਕਿ ਉਸ ਦੇ ਦੋਵੇਂ ਗੁਰਦੇ ਖ਼ਰਾਬ ਹੋ ਗਏ ਸਨ । ਡਾਕਟਰਾਂ ਨੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਅਪਰੇਸ਼ਨ ਕਰਕੇ ਇੱਕ ਗੁਰਦਾ ਨਵਾਂ ਪਵਾਉਣ ਲਈ ਆਖ ਦਿੱਤਾ। ਮਾਂ ਤਾਂ ਅਕਸਰ ਮਾਂ ਹੀ ਹੁੰਦੀ ਹੈ। ਕਈ ਲੱਖਾਂ ਰੁਪਏ ਲਾ ਕੇ ਗੁਰਦਾ ਖ਼ਰੀਦਣ ਨਾਲੋਂ ਜਸਕਰਨ ਦੀ ਮਾਂ ਨੇ ਆਪਣਾ ਇੱਕ ਗੁਰਦਾ ਜਸਕਰਨ ਦੇ ਪਾਉਣ ਲਈ ਦੇ ਦਿੱਤਾ। ਜਸਕਰਨ ਦਾ ਅਪਰੇਸ਼ਨ ਹੋ ਕੇ ਉਹ ਦੋ ਮਹੀਨੇ ਬਾਅਦ ਠੀਕ ਹੋ ਕੇ ਘਰ ਆ ਗਿਆ। ਸਾਰੇ ਬਹੁਤ ਖੁਸ਼ ਸਨ । ਮਾਂ ਨੂੰ ਇਸ ਉਮਰ ਵਿੱਚ ਕਰਵਾਏ ਅਪਰੇਸ਼ਨ ਦਾ ਦੁੱਖ ਵੀ ਭੁੱਲ ਗਿਆ ਸੀ ਜਦ ਉਸ ਦਾ ਜਵਾਨ ਪੁੱਤ ਹੱਸਦਾ ਖੇਡਦਾ ਘਰ ਆ ਗਿਆ ਸੀ। ਪਰ ਉਹ ਖੁਸ਼ੀ ਵੀ ਬਹੁਤੀ ਦੇਰ ਤੱਕ ਨਾ ਰਹੀ। ਹਫ਼ਤੇ ਕੁ ਬਾਅਦ ਜਸਕਰਨ ਨੂੰ ਇਨਫੈਕਸ਼ਨ ਹੋਣ ਕਰਕੇ ਤਕਲੀਫ ਵਧ ਗਈ। ਸਤਿੰਦਰ ਆਪਣੇ ਚਾਰੇ ਬੱਚਿਆਂ ਨੂੰ ਆਪਣੀ ਬੁੱਢੀ ਸੱਸ ਕੋਲ ਛੱਡ ਕੇ ਸਹੁਰੇ ਨੂੰ ਨਾਲ਼ ਲੈ ਕੇ ਗੱਡੀ ਕਿਰਾਏ ਤੇ ਕਰਕੇ ਰਾਤੋ ਰਾਤ ਉਸ ਨੂੰ ਚੰਡੀਗੜ੍ਹ ਹਸਪਤਾਲ ਵੱਲ ਨੂੰ ਲੈ ਤੁਰੀ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜਸਕਰਨ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਸਤਿੰਦਰ ਦੇ ਸਿਰ ਤੇ ਪਹਾੜ ਜਿੱਡਾ ਬੋਝ ਆ ਪਿਆ।
              ਜਸਕਰਨ ਦੇ ਮਹਿਕਮੇ ਵੱਲੋਂ ਉਸ ਨੂੰ ਪੈਨਸ਼ਨ ਲੱਗ ਗਈ ਸੀ ਤੇ ਪੈਸਾ ਧੇਲਾ ਵੀ ਮਿਲ ਗਿਆ ਸੀ ਪਰ ਜਸਕਰਨ ਦੀ ਕਮੀ ਪੂਰੀ ਨਹੀਂ ਹੋ ਸਕਦੀ ਸੀ। ਜਸਕਰਨ ਨੂੰ ਮਰੇ ਨੂੰ ਦੋ ਸਾਲ ਹੋ ਗਏ ਸਨ। ਉਹਨਾਂ ਦੇ ਚਾਰੇ ਬੱਚੇ ਸਕੂਲ ਜਾਣ ਲੱਗ ਪਏ ਸਨ। ਹੁਣ ਸਤਿੰਦਰ ਨੂੰ ਸੱਸ ਸਹੁਰੇ ਦੀ ਬਹੁਤੀ ਲੋੜ ਮਹਿਸੂਸ ਨਹੀਂ ਹੁੰਦੀ ਸੀ। ਵੈਸੇ ਵੀ ਨੂੰਹਾਂ ਪੁੱਤਾਂ ਦੇ ਸਿਰ ਤੇ ਹੀ ਸੱਸ ਸਹੁਰੇ ਦੀ ਸੇਵਾ ਕਰਦੀਆਂ ਹਨ। ਉਸ ਨੇ ਆਪਣੇ ਸੱਸ ਸਹੁਰੇ ਨਾਲ਼ ਪਤਾ ਨਹੀਂ ਕੀ ਇਹੋ ਜਿਹਾ ਸਲੂਕ ਕੀਤਾ ਕਿ ਇਸ ਵਾਰ ਉਹ ਪਿੰਡ ਗਏ ਵਾਪਸ ਨਹੀਂ ਆਏ। ਦਫਤਰ ਨੇੜੇ ਹੀ ਹੋਣ ਕਰਕੇ ਉਹ ਸਕੂਟਰੀ ਤੇ ਬੱਚਿਆਂ ਨੂੰ ਵਿੱਚ ਦੀ ਇੱਕ ਦੋ ਵਾਰ ਆ ਕੇ ਵੇਖ ਜਾਂਦੀ, ਵੈਸੇ ਵੀ ਵੱਡੀਆਂ ਕੁੜੀਆਂ ਥੋੜੀਆਂ ਜਿਹੀਆਂ ਸਮਝਦਾਰ ਹੋ ਰਹੀਆਂ ਸਨ।
                ਜਦ ਸਤਿੰਦਰ ਤਿਆਰ ਹੋ ਕੇ ਸਵੇਰ ਨੂੰ ਦਫ਼ਤਰ ਜਾਂਦੀ ਤਾਂ ਉਸ ਦੇ ਬੁੱਲ੍ਹਾਂ ਤੇ ਲਾਲ ਸੂਹੀ ਸੁਰਖ਼ੀ ਦੇਖ਼ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ। ਕੋਈ ਆਖਦਾ,” ਜਸਕਰਨ ਮਰੇ ਨੂੰ ਹਜੇ ਕਿੰਨਾਂ ਚਿਰ ਹੋਇਆ….. ਨੀ ਇਹਨੂੰ ਤਾਂ ਯਾਦ ਚੇਤੇ ਵੀ ਨਹੀਂ….!” ਕੋਈ ਆਖਦਾ,” ਸੱਸ ਸਹੁਰਾ ਇਹਨੇ ਤਾਂ ਹੀ ਕੱਢ ਦਿੱਤੇ …. ਆਹ ਐਸ਼ਪ੍ਰਸਤੀ ਕਰਨ ਨੂੰ….!” ਇਸ ਤਰ੍ਹਾਂ ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗੀਆਂ। ਹੁਣ ਲੋਕ ਉਸ ਦੀਆਂ ਉਸ ਤੋਂ ਵੀ ਵੱਧ ਗੱਲਾਂ ਕਰਨ ਲੱਗੇ ਜਦ ਉਸ ਦੇ ਦਫ਼ਤਰ ਦਾ ਇੱਕ ਮੁੰਡਾ ਰਾਹੁਲ ਉਸ ਦੇ ਘਰ ਆਉਣ ਲੱਗਿਆ। ਉਹ ਵੀ ਪਹਿਲਾਂ ਕਦੇ ਕਦੇ ਆਉਂਦਾ ਸੀ ਫਿਰ ਰੋਜ਼ ਸ਼ਾਮ ਨੂੰ ਇਸ ਦੀ ਸਕੂਟਰੀ ਦੇ ਨਾਲ ਨਾਲ ਆਪਣਾ ਸਕੂਟਰ ਲੈ ਕੇ ਆ ਜਾਂਦਾ ਤੇ ਰਾਤ ਨੂੰ ਨੌਂ ਦਸ ਵਜੇ ਤੱਕ ਇਸ ਦੇ ਘਰ ਬੈਠਾ ਰਹਿੰਦਾ । ਛੇ ਕੁ ਮਹੀਨੇ ਇਹੀ ਕੁਝ ਚੱਲਦਾ ਰਿਹਾ ਤੇ ਸਤਿੰਦਰ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਹੋਣ ਲੱਗੀ। ਕਿਧਰੇ ਰਾਹੁਲ ਦੇ ਮਾਪਿਆਂ ਨੂੰ ਇਸ ਗੱਲ ਦੀ ਭਿਣਕ ਪੈ ਗਈ ਤਾਂ ਉਨ੍ਹਾਂ ਨੇ ਫਟਾਫਟ ਉਸ ਦਾ ਵਿਆਹ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਹੀ ਮੰਗਿਆ ਹੋਇਆ ਸੀ। ਰਾਹੁਲ ਪਹਿਲਾਂ ਪਹਿਲ ਇੱਕ ਦੋ ਵਾਰ ਆਪਣੀ ਨਵ ਵਿਆਹੀ ਵਹੁਟੀ ਨੂੰ ਇਸ ਦੇ ਘਰ ਲੈ ਕੇ ਆਇਆ ਤਾਂ ਉਹ ਇਹਨਾਂ ਦੇ ਹਾਵ ਭਾਵ ਭਾਂਪ ਗਈ ਸੀ। ਰਾਹੁਲ ਦੇ ਮਾਪਿਆਂ ਨੇ ਕਹਿ ਸੁਣ ਕੇ ਉਸ ਦੀ ਬਦਲੀ ਕਿਸੇ ਹੋਰ ਪਾਸੇ ਦੂਰ ਦੀ ਕਰਵਾ ਦਿੱਤੀ ਸੀ। ਮੁੜਕੇ ਰਾਹੁਲ ਕਦੇ ਨਾ ਆਇਆ। ਚਾਹੇ ਸਤਿੰਦਰ ਦੇ ਕਦਮ ਕੁਛ ਚਿਰ ਲਈ ਭਟਕ ਗਏ ਸਨ ਪਰ ਉਸ ਨੂੰ ਛੇਤੀ ਹੀ ਸਮਝ ਆ ਗਈ ਤੇ ਆਪਣਾ ਸਾਰਾ ਸਮਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਣਾਉਣ ਵਿੱਚ ਲਗਾਉਣ ਲੱਗੀ ਕਿਉਂਕਿ ਹੁਣ ਉਹ ਜ਼ਿੰਦਗੀ ਵਿੱਚ ਇਹੋ ਜਿਹੇ ਬੇਮਾਇਨੇ ਰਿਸ਼ਤਿਆਂ ਨੂੰ ਕੋਈ ਥਾਂ ਨਹੀਂ ਦੇਣਾ ਚਾਹੁੰਦੀ ਸੀ ਜਿਸ ਨਾਲ਼ ਉਸ ਦੇ ਨਾਲ ਨਾਲ ਉਸ ਦੀਆਂ ਜਵਾਨ ਹੋ ਰਹੀਆਂ ਧੀਆ ਵੀ ਬਦਨਾਮ ਹੋਣ। ਉਸ ਨੇ ਹੁਣ ਆਪਣੇ ਥਿੜਕਦੇ ਕਦਮ ਸਮਾਂ ਰਹਿੰਦੇ ਹੀ ਸੰਭਾਲ ਲਏ ਸਨ ਕਿਉਂਕਿ ਉਹ ਸਮਝ ਗਈ ਸੀ ਕਿ ਸਦਾਚਾਰਕ ਜੀਵਨ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ
ਬਰਜਿੰਦਰ ਕੌਰ ਬਿਸਰਾਓ…
9988901324

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKshama Sawant, other Seattle leaders call for action after cop mocks Kandula’s death
Next article*ਸਰਕਾਰੀ ਸਮਾਗਮਾਂ ਵਿੱਚ ਅਧਿਆਪਕਾਂ ਨੂੰ ਝੋਕਣਾ ਗੈਰ ਵਾਜਿਬ:-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*