ਏਹੁ ਹਮਾਰਾ ਜੀਵਣਾ ਹੈ -385

ਬਰਜਿੰਦਰ ਕੌਰ ਬਿਸਰਾਓ‘

 (ਸਮਾਜ ਵੀਕਲੀ)– ਜਸਮੀਤ ਆਪਣੇ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਉਸ ਦਾ ਪਿਤਾ ਸਤਵੰਤ ਸਿੰਘ ਸਰਕਾਰੀ ਨੌਕਰੀ ਕਰਦਾ ਹੋਣ ਕਰਕੇ ਉਹ ਸ਼ੁਰੂ ਤੋਂ ਹੀ ਸ਼ਹਿਰ ਵਿੱਚ ਰਹਿੰਦੇ ਸਨ। ਉਸ ਦੀ ਮਾਂ ਗੁਰਮੀਤ ਕੌਰ ਵੀ ਸਰਕਾਰੀ ਅਧਿਆਪਕਾ ਸੀ। ਬਚਪਨ ਤੋਂ ਹੀ ਜਸਮੀਤ ਨੂੰ ਸਾਰੇ ਟੱਬਰ ਨੇ ਬਹੁਤ ਲਾਡਲੀ ਰੱਖਿਆ ਹੋਇਆ ਸੀ। ਉਸ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਰੱਖੀ ਸੀ। ਉਸ ਦੀ ਪੜ੍ਹਾਈ ਪੂਰੀ ਹੁੰਦੇ ਸਾਰ ਹੀ ਉਸ ਦੇ ਮਾਪਿਆਂ ਨੂੰ ਉਸ ਦੇ ਵਿਆਹ ਦੀ ਫ਼ਿਕਰ ਹੋਣ ਲੱਗੀ। ਉਸ ਦੇ ਭਰਾ ਜੌੜੇ ਸਨ ਪਰ ਉਸ ਤੋਂ ਛੇ ਸਾਲ ਛੋਟੇ ਸਨ।ਉਹ ਤਾਂ ਹਜੇ ਪੜ੍ਹਦੇ ਸਨ। ਜਸਮੀਤ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਹੁਤ ਹੁਸ਼ਿਆਰ ਸੀ। ਇਸ ਕਰਕੇ ਉਹ ਖੁੱਲ੍ਹੇ ਸੁਭਾਅ ਦੀ ਕੁੜੀ ਸੀ।ਉਹ ਹਰ ਕਿਸੇ ਨਾਲ ਖੁੱਲ੍ਹ ਕੇ ਗੱਲਬਾਤ ਕਰ ਲੈਂਦੀ ਸੀ। ਉਸ ਦੇ ਪਿਤਾ ਨੇ ਉਹਨਾਂ ਦੇ ਨੇੜੇ ਲੱਗਦੇ ਪਿੰਡ ਵਿੱਚ ਹੀ ਕਿਸੇ ਦੇ ਦੱਸ ਪਾਉਣ ਤੇ ਰਿਸ਼ਤਾ ਕਰ ਦਿੱਤਾ। ਉਸ ਦੇ ਸਹੁਰਿਆਂ ਦਾ ਰਹਿਣ ਸਹਿਣ ਦੇ ਤੌਰ ਤਰੀਕਿਆਂ ਦਾ ਇਹਨਾਂ ਨਾਲੋਂ ਬਹੁਤ ਫ਼ਰਕ ਸੀ ਪਰ ਫੇਰ ਵੀ ਮੁੰਡਾ ਪੜਿਆ ਲਿਖਿਆ ਹੋਣ ਕਰਕੇ ਸਤਵੰਤ ਸਿੰਘ ਨੇ ਜਸਮੀਤ ਦਾ ਰਿਸ਼ਤਾ ਕਰ ਦਿੱਤਾ। ਜਸਮੀਤ ਦੇ ਸਹੁਰਿਆਂ ਨੂੰ ਲੱਗਿਆ ਕਿ ਇਕਲੌਤੀ ਕੁੜੀ ਹੋਣ ਕਰਕੇ ਉਹ ਦਾਜ ਵਿੱਚ ਕਾਰ ਤਾਂ ਦੇਣਗੇ। ਪਰ ਜਸਮੀਤ ਦਹੇਜ ਲਿਜਾਣ ਦੇ ਬਿਲਕੁਲ ਖਿਲਾਫ ਸੀ।

            ਜਿਵੇਂ ਹੀ ਜਸਮੀਤ ਵਿਆਹੀ ਗਈ ਤਾਂ ਉਸ ਦੇ ਸਹੁਰੇ ਪਰਿਵਾਰ ਦਾ ਤਾਂ ਪਹਿਲੇ ਦਿਨ ਤੋਂ ਹੀ ਰਵੱਈਆ ਬਦਲ ਗਿਆ। ਪਿੰਡ ਵਿੱਚੋਂ ਹੀ ਜੇ ਕੋਈ ਔਰਤ ਉਸ ਨੂੰ ਸ਼ਗਨ ਦੇਣ ਆਉਂਦੀ ਤਾਂ ਜਸਮੀਤ ਦੀ ਸੱਸ ਉਸ ਨਾਲ਼ ਉਸ ਦੀ ਨੂੰਹ ਜਾਂ ਧੀ ਦੀਆਂ ਗੱਲਾਂ ਕਰਕੇ ਉਸ ਨੂੰ ਸੁਣਾਉਣਾ ਸ਼ੁਰੂ ਕਰ ਦਿੰਦੀ ਤੇ ਆਖਦੀ,” ….. ਇੱਜ਼ਤਦਾਰ ਲੋਕ ਤਾਂ ਧੀਆਂ ਦੇ ਘਰ ਆਉਂਦੇ ਦਿਸਦੇ ਹੁੰਦੇ ਨੇ….. ਕਿਵੇਂ ਪੰਡਾਂ ਬੰਨ੍ਹ ਬੰਨ੍ਹ ਕੇ ਧੀਆਂ ਦੇ ਘਰ ਭਰ ਜਾਂਦੇ ਨੇ…… ਚੱਲ ਭੈਣੇ ਤੂੰ ਤਾਂ ਕਿਸਮਤ ਵਾਲ਼ੀ ਆਂ….. ਤੈਨੂੰ ਐਨੇ ਵਧੀਆ ਰਿਸ਼ਤੇਦਾਰ ਮਿਲੇ ਨੇ…… ਜਦ ਆਉਂਦੇ ਨੇ ਤੇਰਾ ਘਰ ਭਰ ਜਾਂਦੇ ਨੇ….. ਮੇਰੇ ਮੁੰਡੇ ਨੂੰ ਹੁਣ ਤੱਕ ਰਿਸ਼ਤੇ ਆਉਂਦੇ ਨੇ….. ਅਗਲੇ ਕਹਿੰਦੇ ਨੇ ਕਾਰ ਦੇਵਾਂਗੇ ਦਾਜ ਵਿੱਚ….. ਪਰ ਸਾਡੀ ਕਿਸਮਤ ਕਿੱਥੇ ਐਨੀ ਚੰਗੀ ਸੀ….!” ਆਖ ਕੇ ਉਹ ਲੰਬਾ ਸਾਰਾ ਹਉਕਾ ਭਰਦੀ। ਜਸਮੀਤ ਪਹਿਲਾਂ ਪਹਿਲ ਤਾਂ ਇਹ ਸਭ ਸੁਣਦੀ ਰਹੀ ਪਰ ਹੁਣ ਉਸ ਨੇ ਮਾੜਾ ਮੋਟਾ ਜਵਾਬ ਦੇ ਦੇਣਾ ਤਾਂ ਘਰ ਵਿੱਚ ਬਹੁਤ ਕਲੇਸ਼ ਪੈਣਾ। ਉਸ ਦਾ ਪਤੀ ਆਪਣੀ ਡਿਊਟੀ ਤੋਂ ਹਫ਼ਤੇ ਬਾਅਦ ਦੋ ਦਿਨ ਲਈ ਘਰ ਆਉਂਦਾ ਤਾਂ ਦੋਵੇਂ ਦਿਨ ਕਲੇਸ਼ ਵਿੱਚ ਹੀ ਨਿਕਲਦੇ ਸਨ। ਉਸ ਦੇ ਸੱਸ,ਸਹੁਰੇ ਤੇ ਦਿਉਰ ਨੇ ਉਸ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ। ਉਸ ਦਾ ਦਿਉਰ ਜੋ ਅੱਠ ਪੜ੍ਹ ਕੇ ਹਟ ਗਿਆ ਸੀ ਤੇ ਖੇਤੀਬਾੜੀ ਕਰਦਾ ਸੀ, ਅਕਸਰ ਆਪਣੀ ਭਾਬੀ ਨੂੰ ਲੜਦਾ ਹੋਇਆ ਮਿਹਣਾ ਮਾਰਦਾ,” …. ਆ ਗੀ ਐਥੇ ਕੱਲੀ ਓ ਈ ਵਿਆਹ ਕੇ…… ਸਾਡੇ ਤੋਂ ਚਾਰ ਚਾਰ ਕਿੱਲੇ ਘੱਟ ਵਾਲਿਆਂ ਦੇ ਵੀ ਦਾਜ ਵਿੱਚ ਗੱਡੀਆਂ ਆਈਆਂ ਨੇ…. ਤੇਰੀ ਹਿੰਡ ਤਾਂ ਮੈਂ ਭੰਨੂ…. ਜਦ ਮੇਰੀ ਘਰਵਾਲੀ ਦਾਜ ਵਿੱਚ ਗੱਡੀ ਲਿਆਊਗੀ…..!” ਜਸਮੀਤ ਦੇ ਸਹੁਰੇ ਪਰਿਵਾਰ ਨੂੰ ਉਸ ਦੀ ਪੜ੍ਹਾਈ ਦੀ ਕੋਈ ਕਦਰ ਨਹੀਂ ਸੀ।
            ਜਸਮੀਤ ਨੇ ਇਸ ਮਾਹੌਲ ਤੋਂ ਤੰਗ ਆ ਕੇ ਸ਼ਹਿਰ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ । ਉਹ ਰੋਜ਼ ਪਿੰਡੋਂ ਬੱਸ ਤੇ ਆਉਂਦੀ ਤੇ ਸ਼ਾਮ ਨੂੰ ਆਖ਼ਰੀ ਬੱਸ ਘਰ ਪਹੁੰਚ ਜਾਂਦੀ। ਉਸ ਦੀ ਸੱਸ ਨੇ ਉਸ ਦੇ ਚਰਿੱਤਰ ਤੇ ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਡਾਉਂਦੀ ਤੇ ਉਸ ਦੇ ਪਤੀ ਦੇ ਕੰਨ ਭਰਦੀ। ਉਸ ਦਾ ਪਤੀ ਜਸਰਾਜ ਵੀ ਪੂਰਾ ਕੰਨਾਂ ਦਾ ਕੱਚਾ ਸੀ। ਉਹ ਵੀ ਉਸ ਨੂੰ ਸਿੱਧੇ ਮੂੰਹ ਨਾ ਬੁਲਾਉਂਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਸਮੀਤ ਬਾਰੇ ਉਸ ਦੀ ਸੱਸ ਤੇ ਦਿਓਰ ਨੇ ਗੱਲ ਉਡਾ ਦਿੱਤੀ ਕਿ ਇਹ ਪਿੰਡ ਦੇ ਕਿਸੇ ਮੁੰਡੇ ਦੇ ਸਕੂਟਰ ਮਗਰ ਬੈਠ ਕੇ ਸ਼ਾਮ ਨੂੰ ਘਰ ਆਈ ਹੈ। ਅਸਲ ਵਿੱਚ ਉਸ ਵਿਹਲੜ ਮੁੰਡੇ ਸੀਤੇ ਨੂੰ ਜਸਮੀਤ ਦੇ ਦਿਓਰ ਨੇ ਹੀ ਕਹਿਕੇ ਗੱਲ ਉਡਵਾਈ ਸੀ ਤਾਂ ਜੋ ਉਸ ਨੂੰ ਪਿੰਡ ਵਿੱਚ ਬਦਨਾਮ ਕੀਤਾ ਜਾ ਸਕੇ। ਪੂਰੇ ਪਿੰਡ ਵਿੱਚ ਸੀਤਾ ਮੰਡੀਹਰ ਨੂੰ ਮਸਾਲੇ ਲਾ ਲਾ ਕੇ ਮਨ ਘੜਤ ਕਹਾਣੀਆਂ ਐਦਾਂ ਦੱਸਦਾ ਕਿ ਜਸਮੀਤ ਦਾ ਨਾਂ ਪੂਰੀ ਤਰ੍ਹਾਂ ਬਦਨਾਮ ਹੋ ਜਾਏ। ਜਸਮੀਤ ਇਹਨਾਂ ਮਨਘੜਤ ਕਹਾਣੀਆਂ ਤੋਂ ਅਣਜਾਣ ਸੀ। ਜਸਮੀਤ ਵੱਲ ਨੂੰ ਪਿੰਡ ਦੀਆਂ ਔਰਤਾਂ ਦੇਖ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਜਦੋਂ ਜਸਮੀਤ ਸ਼ਾਮ ਨੂੰ ਡਿਊਟੀ ਤੋਂ ਬੱਸ ਉਤਰ ਕੇ ਘਰ ਵੱਲ ਨੂੰ ਆਉਂਦੀ ਤਾਂ ਸੀਤਾ ਅੱਡੇ ਤੇ ਖੜ੍ਹਾ ਹੋ ਜਾਂਦਾ। ਜਦ ਜਸਮੀਤ ਘਰ ਨੂੰ ਆਉਂਦੀ ਤਾਂ ਜਾਣ ਬੁੱਝ ਕੇ ਕਦੇ ਉਸ ਨੂੰ ਸਤਿ ਸ੍ਰੀ ਆਕਾਲ ਬੁਲਾ ਦਿੰਦਾ ਤਾਂ ਜਸਮੀਤ ਉਸ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਮੁਸਕਰਾ ਕੇ ਦਿੰਦੀ ਤਾਂ ਲੋਕਾਂ ਨੂੰ ਪੱਕਾ ਹੋ ਗਿਆ ਸੀ ਕਿ ਉਹਨਾਂ ਦੀ ਨੂੰਹ ਦਾ ਚਾਲ ਚਲਣ ਮਾੜਾ ਹੈ। ਸੀਤਾ ਵੀ ਦੁਨੀਆਂ ਨੂੰ ਦਿਖਾਉਣ ਲਈ ਜਾਣ ਬੁੱਝ ਕੇ ਇਸ ਤਰ੍ਹਾਂ ਕਰਦਾ ਸੀ।
        ਇਸ ਸ਼ਨੀਵਾਰ ਜਦ ਜਸਮੀਤ ਦਾ ਪਤੀ ਘਰ ਆਇਆ ਤਾਂ ਲੋਕਾਂ ਕੋਲੋਂ ਉਸ ਨੂੰ ਆਪਣੀ ਪਤਨੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਉਸ ਨੇ ਸਾਰੀ ਭੜਾਸ ਜਸਮੀਤ ਨੂੰ ਕੁੱਟ ਕੇ ਕੱਢੀ। ਹੁਣ ਤਾਂ ਬਰਦਾਸ਼ਤ ਕਰਨ ਦੀ ਹੱਦ ਹੋ ਗਈ ਸੀ। ਜਿਸ ਮੁੰਡੇ ਨੂੰ ਉਹ ਜਾਣਦੀ ਤੱਕ ਨਹੀਂ ਸੀ ਉਸ ਨਾਲ਼ ਉਸ ਨੂੰ ਪੂਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਸੀ। ਇਸੇ ਕਲੇਸ਼ ਵਿੱਚ ਹੀ ਉਸ ਦੇ ਵਿਆਹ ਦਾ ਪਹਿਲਾ ਸਾਲ ਨਿਕਲ ਗਿਆ। ਉਸ ਨੂੰ ਚਰਿੱਤਰਹੀਣ ਕਹਿ ਕੇ ਉਸ ਦਾ ਪਤੀ ਉਸ ਨੂੰ ਪੇਕੇ ਛੱਡ ਆਇਆ। ਮਗਰੋਂ ਦਿਓਰ ਦਾ ਵਿਆਹ ਨਾਲ਼ ਦੇ ਪਿੰਡ ਦੀ ਪੰਜ ਪੜ੍ਹੀ ਕੁੜੀ ਨਾਲ਼ ਹੋ ਗਿਆ। ਉਹ ਦਾਜ ਵਿੱਚ ਕਾਰ ਲੈ ਕੇ ਆਈ ਸੀ। ਦੋ ਚਾਰ ਮਹੀਨੇ ਬਾਅਦ ਪਿੰਡ ਦੀ ਹੀ ਕਿਸੇ ਔਰਤ ਤੋਂ ਜਸਮੀਤ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਜਸਰਾਜ ਹੁਣ ਘਰੋਂ ਹੀ ਨੌਕਰੀ ਤੇ ਜਾਣ ਲੱਗ ਪਿਆ ਸੀ ਤੇ ਕਦੇ ਕਦੇ ਜਸਰਾਜ ਆਪਣੀ ਛੋਟੀ ਭਾਬੀ ਨੂੰ ਸ਼ਹਿਰ ਦਵਾਈ ਬੂਟੀ ਵੀ ਕਰਵਾਉਣ ਗੱਡੀ ਵਿੱਚ ਲੈ ਕੇ ਆਉਂਦਾ ਹੈ ਕਿਉਂਕਿ ਉਸ ਦੇ ਪਤੀ ਨੂੰ ਤਾਂ ਖੇਤਾਂ ਵਿੱਚੋਂ ਵਿਹਲ ਨਹੀਂ ਮਿਲਦੀ ਸੀ।
          ਜਸਮੀਤ ਦਾ ਤਲਾਕ ਦਾ ਕੇਸ ਚੱਲ ਪਿਆ ਸੀ। ਪਿੰਡ ਵਿੱਚ ਜਸਰਾਜ ਤੇ ਉਸ ਦੀ ਛੋਟੀ ਭਰਜਾਈ ਦੇ ਰਿਸ਼ਤੇ ਦੇ ਖੂਬ ਚਰਚੇ ਸਨ। ਜਸਮੀਤ ਨੂੰ ਚਰਿੱਤਰਹੀਣ ਸਾਬਤ ਕਰਨ ਲਈ ਸੀਤੇ ਤੋਂ ਗਵਾਹੀ ਪਵਾ ਕੇ ਸਬੂਤ ਪੇਸ਼ ਕਰ ਦਿੱਤਾ ਸੀ ਕਿ ਜਸਮੀਤ ਦੇ ਉਸ ਨਾਲ ਨਜਾਇਜ਼ ਸਬੰਧ ਹਨ ਜਿਸ ਕਰਕੇ ਉਹ ਇੱਜ਼ਤਦਾਰ ਘਰ ਵਿੱਚ ਵਸਣ ਦੇ ਯੋਗ ਨਹੀਂ ਹੋ ਸਕਦੀ। ਜਸਰਾਜ ਨੂੰ ਉਸ ਦੀ ਛੋਟੀ ਭਰਜਾਈ ਨੇ ਆਪਣੇ ਚਾਚੇ ਦੀ ਵਿਧਵਾ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ ਸੀ ਕਿਉਂਕਿ ਉਹ ਪਿੱਛਿਓਂ ਆਪਣੇ ਮਰੇ ਹੋਏ ਪਤੀ ਦੇ ਹਿੱਸੇ ਦੇ ਦੋ ਕਿੱਲੇ ਜ਼ਮੀਨ ਲੈ ਕੇ ਆਈ ਸੀ ਤੇ ਉਹ ਜ਼ਮੀਨ ਉਸ ਦੇ ਨਾਂ ਸੀ। ਵਿਆਹ ਕਰਨ ਲਈ ਤਲਾਕ ਦਾ ਇੰਤਜ਼ਾਰ ਕਰ ਰਹੇ ਸਨ। ਜਸਮੀਤ ਨੇ ਤਲਾਕ ਦੇ ਦਿੱਤਾ ਤੇ ਇਸ ਕੋਹੜ ਵਰਗੇ ਰਿਸ਼ਤੇ ਤੋਂ ਸੁਰਖ਼ਰੂ ਹੋ ਗਈ ਸੀ। ਇਸ ਤਰ੍ਹਾਂ ਦਾਜ ਦੇ ਲਾਲਚੀਆਂ ਵੱਲੋਂ ਇੱਕ ਇੱਜ਼ਤਦਾਰ ਕੁੜੀ ਨੂੰ ਬੇਇੱਜ਼ਤ ਕਰਕੇ ਕੱਢਿਆ ਗਿਆ ਸੀ ਤੇ ਬੇਇੱਜਤੇ ਲੋਕਾਂ ਦੇ ਘਰ ਦੀ ਚਾਰਦੀਵਾਰੀ ਅੰਦਰ ਮੈਲੇ ਰਿਸ਼ਤੇ ਖੁਸ਼ੀ ਖੁਸ਼ੀ ਪ੍ਰਵਾਨ ਚੜ੍ਹ ਰਹੇ ਸਨ।
        ਜਸਮੀਤ ਕਨੇਡਾ ਵਿੱਚ ਆਪਣੇ ਘਰ ਵਿੱਚ ਬੈਠੀ ਇਹ ਸਭ ਗੱਲਾਂ ਆਪਣੀ ਅਠਾਰਾਂ ਵਰ੍ਹਿਆਂ ਦੀ ਧੀ ਅਨਵੰਤ ਨੂੰ ਇਹ ਸਭ ਦੱਸ ਰਹੀ ਸੀ ਜਿਸ ਨੂੰ ਇਹ ਨਹੀਂ ਪਤਾ ਸੀ ਕਿ ਜਸਮੀਤ ਉਸ ਦੀ ਮਾਂ ਹੈ । ਕਿਉਂ ਕਿ ਉਸ ਨੇ ਕਾਗਜ਼ਾਂ ਵਿੱਚ ਅਨਵੰਤ ਨੂੰ ਆਪਣੀ ਭਰਜਾਈ ਦੇ ਘਰ ਪੈਦਾ ਹੋਈ ਧੀ ਲਿਖਵਾ ਦਿੱਤਾ ਸੀ ਕਿਉਂਕਿ ਜੇ ਉਸ ਦੇ ਸਹੁਰੇ ਪਰਿਵਾਰ ਨੂੰ ਇਸ ਦੀ ਭਣਕ ਲੱਗ ਜਾਂਦੀ ਤਾਂ ਉਹਨਾਂ ਨੇ ਇਸ ਨੰਨੀ ਬੱਚੀ ਨੂੰ ਵੀ ਨਜਾਇਜ਼ ਔਲਾਦ ਦਾ ਨਾਂ ਦੇ ਕੇ ਬਦਨਾਮ ਕਰਨਾ ਸੀ। ਇਸ ਗੱਲ ਦੀ ਕਿਸੇ ਨੂੰ ਭਣਕ ਨਹੀਂ ਸੀ ਲੱਗਣ ਦਿੱਤੀ ਕਿ ਅਨਵੰਤ ਨੂੰ ਜਸਮੀਤ ਨੇ ਹੀ ਜਨਮ ਦਿੱਤਾ ਸੀ। “ਭੂਆ ਜੀ…. ਤੁਸੀਂ ਫੇਰ ਕਦੇ ਨਹੀਂ ਮਿਲੇ ਉਹਨਾਂ ਲੋਕਾਂ ਨੂੰ….?”
 “ਨਹੀਂ…. ਮੰਮੀ ਡੈਡੀ ਦੀ ਰਿਟਾਇਰਮੈਂਟ ਹੁੰਦੇ ਸਾਰ ਆਪਣਾ ਸਾਰਾ ਪਰਿਵਾਰ ਇੱਥੇ ਆ ਗਿਆ….. ਹਾਂ… ਇੱਕ ਵਾਰ ਮੇਰੀ ਸਹੇਲੀ ਦਾ ਫ਼ੋਨ ਆਇਆ ਸੀ…. ਉਹ ਦੱਸਦੀ ਸੀ ਕਿ ਸੀਤੇ ਨੇ ਸਾਰੀ ਸਚਾਈ ਪਿੰਡ ਵਿੱਚ ਤੇ ਜਸਰਾਜ ਨੂੰ ਦੱਸ ਦਿੱਤੀ ਸੀ…..ਦੋਹਾਂ ਭਰਾਵਾਂ ਦੀ ਲੜਾਈ ਹੋ ਗਈ ਸੀ ਤੇ ਜਸਰਾਜ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ਆਪ ਭਗੌੜਾ ਹੋ ਕੇ ਕਿਤੇ ਨੱਸ ਗਿਆ…. ਰੱਬ ਜਾਣੇ ਜਿਊਂਦਾ ਵੀ ਹੈ ਕਿ ਨਹੀਂ….. ਦੋਹਾਂ ਦੀਆਂ ਘਰਵਾਲੀਆਂ ਆਪਣੇ ਪੇਕੇ ਚਲੀਆਂ ਗਈਆਂ…. ਇਕੱਲੇ ਬੁੱਢਾ ਬੁੱਢੀ ਮਰਨ ਕਿਨਾਰੇ ਘਰ ਵਿੱਚ ਰਹਿੰਦੇ ਨੇ….!”
 ” ਭੂਆ ਜੀ…. ਤੁਹਾਡੇ ਲਾਲਚੀ ਪਰਿਵਾਰ ਨਾਲ਼ ਇਸ ਤਰ੍ਹਾਂ ਈ ਹੋਣਾ ਚਾਹੀਦਾ ਸੀ…. ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਮਿਲ ਗਈ….!”
“ਉਹ ਮੇਰਾ ਪਰਿਵਾਰ ਨਹੀਂ….ਮੇਰਾ ਪਰਿਵਾਰ ਤਾਂ ਤੂੰ ਹੈਂ…. ਕਿਉਂ ਕਿ ਤੂੰ ਮੇਰੇ ਕੋਲ ਜੁ ਰਹਿੰਦੀ ਏਂ….!”
ਦੋਵੇਂ ਮਾਵਾਂ ਧੀਆਂ ਇੱਕ ਦੂਜੇ ਨੂੰ ਗਲਵਕੜੀ ਪਾਕੇ ਹੱਸਦੀਆਂ ਹਨ ਤੇ ਜਸਮੀਤ, ਅਨਵੰਤ ਨਾਲ਼ ਆਪਣੇ ਆਂਦਰਾਂ ਦੇ ਰਿਸ਼ਤੇ ਦਾ ਨਿੱਘ ਮਹਿਸੂਸ ਕਰਦੀ ਹੈ ਤੇ ਮਨ ਵਿੱਚ ਸੋਚਦੀ ਹੈ ਹੁਣ ਤਾਂ ਏਹੁ ਹਮਾਰਾ ਜੀਵਣਾ ਹੈ।
  ਬਰਜਿੰਦਰ ਕੌਰ ਬਿਸਰਾਓ …
99889-01324     
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿਸਾਨਾਂ ਨੂੰ ਢੁਕਵਾਂ ਮੁਆਵਜਾ ਨਾ ਮਿਲਣ ਤੱਕ ਲੜਦੇ ਰਹਾਂਗੇ-ਐਸ .ਕੇ .ਐਮ. ਮੋਗਾ
Next articleਮੁਸੀਬਤ ਦਾ ਹੱਲ