ਏਹੁ ਹਮਾਰਾ ਜੀਵਣਾ ਹੈ -381

ਬਰਜਿੰਦਰ ਕੌਰ ਬਿਸਰਾਓ...

(ਸਮਾਜ ਵੀਕਲੀ)

ਰੂਹੜ ਸਿੰਘ ਦੇ ਦੋ ਧੀਆਂ ਅਤੇ ਦੋ ਪੁੱਤਰ ਸਨ।ਚਾਰੇ ਵਿਆਹੇ ਹੋਏ ਸਨ।ਉਹ ਕਬੀਲਦਾਰੀ ਨਿਬੇੜ ਕੇ ਸੁਰਖ਼ਰੂ ਹੋ ਗਿਆ ਸੀ। ਉਂਝ ਉਹ ਬਹੁਤਾ ਦਿਮਾਗ਼ ਤੇ ਬੋਝ ਲੈਣ ਵਾਲ਼ਾ ਬੰਦਾ ਨਹੀਂ ਸੀ।ਕਦੇ ਕਦਾਈਂ ਜੇ ਉਸ ਦਾ ਜੀਅ ਕਰਦਾ ਤਾਂ ਕੁੜੀਆਂ ਨੂੰ ਮਿਲ਼ ਆਉਂਦਾ ਨਹੀਂ ਤਾਂ ਉਹ ਬਹੁਤੀ ਜ਼ਰੂਰਤ ਨਹੀਂ ਸਮਝਦਾ ਸੀ। ਮੁੰਡਿਆਂ ਨਾਲ ਵੀ ਕਈ ਵਾਰ ਔਖਾ ਭਾਰਾ ਹੋ ਕੇ ਬਿਨਾਂ ਦੱਸੇ ਕਈ ਕਈ ਦਿਨ ਧਾਰਮਿਕ ਸਥਾਨਾਂ ਤੇ ਰਹਿ ਕੇ ਆਪਣੇ ਆਪ ਵਾਪਸ ਆ ਜਾਂਦਾ ਸੀ। ਇਹ ਉਸ ਦੀ ਜਵਾਨੀ ਵੇਲੇ ਤੋਂ ਹੀ ਆਦਤ ਸੀ ਜਿਸ ਕਰਕੇ ਉਸ ਦੇ ਧੀਆਂ ਪੁੱਤਰ ਵੀ ਬਹੁਤੀ ਫ਼ਿਕਰ ਨਹੀਂ ਕਰਦੇ ਸਨ। ਪਰ ਇੱਕ ਦਿਨ ਉਹ ਰਾਤ ਨੂੰ ਚੰਗਾ ਭਲਾ ਸੁੱਤਾ ਤੇ ਸਵੇਰ ਨੂੰ ਉਹ ਉੱਠਿਆ ਈ ਨਹੀਂ। ਉਹ ਹੁਣ ਸਦਾ ਲਈ ਆਪਣੇ ਪਰਿਵਾਰ ਨੂੰ ਛੱਡ ਕੇ ਚਲਿਆ ਗਿਆ ਸੀ। ਉਸ ਦੀ ਘਰਵਾਲ਼ੀ ਚੰਦ ਕੌਰ ਤਾਂ ਉਸ ਤੋਂ ਵੀ ਦਸ ਵਰ੍ਹੇ ਪਹਿਲਾਂ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ।

            ਰੂਹੜ ਸਿੰਘ ਦਾ ਵੱਡਾ ਮੁੰਡਾ ਸ਼ਾਮ ਸਿੰਘ ਸ਼ਹਿਰ ਰਹਿਣ ਲੱਗ ਪਿਆ ਸੀ ਤੇ ਉੱਥੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਸੋਹਣੀ ਕਮਾਈ ਕਰਦਾ ਤੇ ਆਪਣੇ ਟੱਬਰ ਨੂੰ ਵਧੀਆ ਪਾਲ਼ ਰਿਹਾ ਸੀ। ਛੋਟਾ ਮੁੰਡਾ ਰਾਮ ਸਿੰਘ ਪਿੰਡ ਵਿੱਚ ਰਹਿਕੇ ਹੀ ਦੋਹਾਂ ਭਾਈਆਂ ਦੀ ਸਾਂਝੀ ਜ਼ਮੀਨ ਦੀ ਖੇਤੀਬਾੜੀ ਕਰਕੇ ਆਪਣਾ ਟੱਬਰ ਪਾਲ ਰਿਹਾ ਸੀ। ਕੁਦਰਤੀ ਤੌਰ ਤੇ ਵੱਡੀ ਕੁੜੀ ਮੀਤੋ ਦਾ ਆਪਣੇ ਵੱਡੇ ਭਾਈ ਸ਼ਾਮ ਨਾਲ਼ ਬਹੁਤਾ ਪਿਆਰ ਸੀ ਤੇ ਛੋਟੀ ਕੁੜੀ ਅਮਰੋ ਦਾ ਆਪਣੇ ਛੋਟੇ ਭਾਈ ਰਾਮ ਸਿਉਂ ਵੱਲ ਝੁਕਾਅ ਸੀ। ਸ਼ਾਮ ਸਿਉਂ ਵੱਡੀ ਕੁੜੀ ਦੇ ਸਾਰੇ ਕਾਰ ਵਿਹਾਰ ਕਰਦਾ ਤੇ ਭਾਈਆਂ ਦੀ ਥਾਂ ਬਣ ਠਣ ਕੇ ਖੜ੍ਹਦਾ। ਉਸ ਦਾ ਇਹ ਭਣੋਈਆ ਹਰਨਾਮ ਸਿੰਘ ਵੀ ਬਹੁਤ ਬੀਬਾ ਬੰਦਾ ਸੀ। ਓਧਰ ਰਾਮ ਸਿਉਂ ਅਮਰੋ ਦੇ ਘਰ ਦਿਨ ਤਿਹਾਰ ਨੂੰ ਜ਼ਰੂਰ ਅੱਪੜਦਾ। ਉਂਝ ਵਿਆਹ ਸ਼ਾਦੀਆਂ ਨੂੰ ਤਾਂ ਦੋਹਾਂ ਕੁੜੀਆਂ ਦੇ ਜਵਾਕਾਂ ਦੀਆਂ ਨਾਨਕ ਛੱਕਾਂ ਦੋਹਾਂ ਭਰਾਵਾਂ ਨੇ ਰਲ਼ ਕੇ ਭੁਗਤਾਈਆਂ ਸਨ। ਘਰ ਆਈਆਂ ਦਾ ਮਾਣ ਤਾਣ ਵੀ ਦੋਵੇਂ ਭਰਾ ਆਪਣੀ ਆਪਣੀ ਪਹੁੰਚ ਅਨੁਸਾਰ ਕਰਦੇ ਸਨ। ਵੈਸੇ ਵੀ ਮੀਤੋ ਤੇ ਅਮਰੋ ਚੰਗੀ ਜ਼ਮੀਨ ਤੇ ਚੰਗੀ ਖੇਤੀਬਾੜੀ ਵਾਲ਼ੇ ਘਰ ਪਰਿਵਾਰਾਂ ਵਿੱਚ ਵਿਆਹੀਆਂ ਹੋਣ ਕਰਕੇ ਉਹਨਾਂ ਨੂੰ ਕਮੀ ਤਾਂ ਕੋਈ ਨਹੀਂ ਸੀ ਪਰ ਭਰਾਵਾਂ ਵੱਲੋਂ ਭੈਣਾਂ ਦਾ ਕੀਤਾ ਹੋਇਆ ਥੋੜ੍ਹਾ ਜਿਹਾ ਮਾਣ ਤਾਣ ਹੀ ਕੁੜੀਆਂ ਦਾ ਸਹੁਰੇ ਪਰਿਵਾਰ ਵਿੱਚ ਸਿਰ ਉੱਚਾ ਕਰਕੇ ਰੱਖਦਾ ਹੈ। ਇਹਨਾਂ ਦੇ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਦਾ ਸਹੁਰੇ ਪਰਿਵਾਰ ਵਿੱਚ ਸਿਰ ਉੱਚਾ ਰੱਖਣ ਦੀ ਕੋਈ ਕਮੀ ਨਹੀਂ ਰੱਖੀ ਸੀ।
        ਰੂਹੜ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੀ ਜ਼ਮੀਨ ਦੀ ਨਾ ਤਾਂ ਕੋਈ ਵਸੀਅਤ ਕਰਵਾਈ ਸੀ ਤੇ ਨਾ ਮੁੰਡਿਆਂ ਦੇ ਨਾਂ ਸਿੱਧੀ ਕਰਵਾਈ ਸੀ। ਜ਼ਮੀਨ ਜਾਇਦਾਦ ਨੂੰ ਲੈ ਕੇ ਹੌਲ਼ੀ ਹੌਲ਼ੀ ਕਨੂੰਨ ਬਦਲਣ ਦੇ ਨਾਲ ਨਾਲ ਲੋਕਾਂ ਦੀ ਸੋਚ ਵੀ ਬਦਲਣ ਲੱਗ ਪਈ ਸੀ। ਕਿਤੇ ਕਿਤੇ ਸੁਣਨ ਨੂੰ ਮਿਲਣਾ ਕਿ ਫਲਾਣੇ ਪਿੰਡ ਫ਼ਲਾਣਿਆਂ ਦੀ ਕੁੜੀ ਆਪਣੇ ਭਰਾਵਾਂ ਤੋਂ ਜ਼ਮੀਨ ਵਿੱਚੋਂ ਆਪਣਾ ਹੱਕ ਲੈ ਗਈ। ਇੱਕ ਦਿਨ ਹਰਨਾਮ ਸਿੰਘ ਸ਼ਾਮ ਸਿਉਂ ਕੋਲ਼ੇ ਆਇਆ ਤੇ ਆਖਣ ਲੱਗਿਆ,” ਸ਼ਾਮ ਸਿਉਂ ਬਾਈ ਜੀ….. ਮੈਂ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ ਤੇਰੇ ਨਾਲ ਗੱਲ ਕਰਾਂ…… ਦੇਖ਼ ਆਪਣਾ ਸਰੀਰ ਤਾਂ ਹੁਣ ਆਏ ਦਿਨ ਘਟਦਾ ਈ ਐ…… ਮੈਂ ਕਹਿਨਾਂ ਤਹਿਸੀਲਦਾਰ ਦੇ ਜਾ ਕੇ ਆਪਣੀ ਭੈਣ ਤੋਂ ਪਹਿਲਾਂ ਓਹਦੇ ਹਿੱਸੇ ਦੀ…. ਜ਼ਮੀਨ ਆਪਣੇ ਨਾਂ ਚੜ੍ਹਵਾ ਲੈ…… ਕੱਲ੍ਹ ਨੂੰ ਜਵਾਕਾਂ ਦਾ ਕੋਈ ਭਰੋਸਾ ਨੀ ਹੁੰਦਾ….. ਮਤਾ ਸਾਡੇ ਅੱਖਾਂ ਮੀਟਦਿਆਂ ਈ ਕੋਈ ਰੱਫੜ ਪਾ ਕੇ ਬਹਿ ਜਾਣ…..!” ਉਸ ਦੀ ਗੱਲ ਸ਼ਾਮ ਸਿਉਂ ਦੇ ਵੀ ਦਿਲ ਨੂੰ ਚੰਗੀ ਲੱਗੀ ਤੇ ਮੀਤੋ ਆਪਣੇ ਹਿੱਸੇ ਦੀ ਜ਼ਮੀਨ ਵੱਡੇ ਭਰਾ ਦੇ ਨਾਂ ਕਰਾ ਕੇ ਸੁਰਖ਼ਰੂ ਹੋ ਗਈ।
           ਓਧਰ ਅਮਰੋ ਵਿਉਂਤਾਂ ਘੜ ਰਹੀ ਸੀ ਤੇ ਆਪਣੇ ਮਨ ਵਿੱਚ ਹਿਸਾਬ ਕਿਤਾਬ ਲਾ ਰਹੀ ਸੀ ,” ਮੈਂ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਆਪਣੇ ਤਿੰਨਾਂ ਪੁੱਤਾਂ ਨੂੰ ਇੱਕ ਇੱਕ ਟਰੈਕਟਰ ਲੈ ਦਿਊਂਗੀ ਤੇ ਜਿਹੜਾ ਪੈਸਾ ਵਧੂਗਾ, ਓਹਨੂੰ ਆਪਣੀ ਬੈਂਕ ਵਾਲ਼ੀ ਕਾਪੀ ਤੇ ਚੜ੍ਹਾ ਲਊਂਗੀ  ….।”  ਇਸ ਤਰ੍ਹਾਂ ਉਹ ਜਦ ਵੀ ਵਿਹਲੀ ਬੈਠਦੀ ਇਸ ਤਰ੍ਹਾਂ ਦੀਆਂ ਘਾੜਤਾਂ ਹੀ ਘੜਦੀ ਰਹਿੰਦੀ ਸੀ। ਇੱਕ ਦਿਨ ਰਾਮ ਸਿਉਂ ਉਸ ਕੋਲ ਆਇਆ ਤੇ ਦੱਸਿਆ,” ਭੈਣੇ…… ਵੱਡੀ ਭੈਣ ਨੇ ਤਾਂ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਵੱਡੇ ਬਾਈ ਸ਼ਾਮ ਦੇ ਨਾਂ ਚੜ੍ਹਾਤੀ ਐ…… ਹੁਣ ਤੇਰਾ ਕੰਮ ਰਹਿ ਗਿਆ…… ਤੂੰ ਮੇਰੇ ਨਾਂ ਕਿੱਦਣ ਚੜ੍ਹਾਉਣੀ ਐ…… ਮੈਂ ਓਦਣ ਈ ਤੈਨੂੰ ਲੈਣ ਆ ਜਾਵਾਂਗਾ…..!”
ਇਹ ਸੁਣ ਕੇ ਅਮਰੋ ਤਾਂ ਤੌਰ ਭੌਰ ਹੋ ਗਈ। ਉਸ ਨੂੰ ਤਾਂ ਇੰਝ ਲੱਗਿਆ ਜਿਵੇਂ ਉਸ ਦੇ ਉਸਾਰੇ ਮਹਿਲ ਢਹਿ ਗਏ ਹੋਣ…. ਕਿਉਂ ਕਿ ਹੁਣ ਉਹ ਆਪਣੇ ਹਿੱਸੇ ਦੀ ਜਾਇਦਾਦ ਲੈ ਕੇ ਨਾ ਤਾਂ ਬੁਰੀ ਪੈਣਾ ਚਾਹੁੰਦੀ ਸੀ ਤੇ ਨਾ ਹੀ ਭਰਾਵਾਂ ਨਾਲੋਂ ਟੁੱਟਣਾ ਚਾਹੁੰਦੀ ਸੀ। ਉਸ ਨੂੰ ਉਸ ਦੇ ਪਤੀ ਜਾਂ ਪੁੱਤਾਂ ਵੱਲੋਂ ਵੀ ਪੇਕਿਆਂ ਤੋਂ ਆਪਣਾ ਹੱਕ ਲੈਣ ਲਈ ਕਦੇ ਨਹੀਂ ਕਿਹਾ ਗਿਆ ਸੀ।ਇਹ ਤਾਂ ਉਸ ਦੇ ਆਪਣੇ ਲਾਲਚ ਦੇ ਮਨਸੂਬੇ ਸਨ। ਐਨੇ ਨੂੰ ਉਸ ਦਾ ਪਤੀ ਵੀ ਆ ਗਿਆ ਤੇ ਉਸ ਨੇ ਆਪਣੇ ਸਾਲ਼ੇ ਨੂੰ ਪਿਆਰ ਨਾਲ ਮਿਲ ਕੇ ਆਉਣ ਦਾ ਕਾਰਨ ਪੁੱਛਿਆ,” ਹੋਰ ਬਾਈ ਜੀ….. ਸਭ ਸੁੱਖ ਸਾਂਦ ਐ….? ਕਿਵੇਂ ਚੱਕਰ ਮਾਰਿਐ …..?” ਰਾਮ ਸਿਉਂ ਨੇ ਸਾਰੀ ਗੱਲ ਦੱਸੀ ਤਾਂ ਉਹ ਆਖਣ ਲੱਗਿਆ,” ਗੱਲ ਈ ਕੋਈ ਨੀ ਬਾਈ ਜੀ……. ਤੁਸੀਂ ਦੱਸੋ ਕਿੱਦਣ ਆਈਏ….. ਮੈਂ ਆਪ ਥੋਡੀ ਭੈਣ ਨੂੰ ਲੈ ਕੇ ਆ ਜਾਵਾਂਗਾ….ਇਹ ਜ਼ਮੀਨ ਤੁਹਾਡੇ ਨਾਂ ਕਰਾ ਦਊਗੀ…..ਯਾਰ ਥੋਡੀ ਜ਼ਮੀਨ ਆ…. ਥੋਡੇ ਨਾਂ ਚੜ੍ਹਾਉਂਦਿਆਂ ਦਾ ਸਾਡਾ ਕੀ ਜਾਂਦਾ…. ਇਹ ਰਿਸ਼ਤੇ ਨਾਤੇ ਤਾਂ ਮੋਹ ਦੀਆਂ ਤੰਦਾਂ ਹੁੰਦੇ ਨੇ…. ਇਹਨਾਂ ਨੂੰ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਆ ਕੇ ਉਲਝਾਉਣਾ ਥੋੜ੍ਹਾ ਚਾਹੀਦੈ…. ਨਾਲ਼ ਦੇ ਜੰਮੇ ਭੈਣ ਭਾਈ ਕਿਤੇ ਮਿਲ਼ਦੇ ਆ…..!” ਅਮਰੋ ਕੋਲ਼ ਬੈਠੀ ਆਪਣੇ ਪਤੀ ਦੇ ਮੂੰਹੋਂ ਇਹ ਸਭ ਸੁਣ ਕੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਹੋਈ ਸੋਚਦੀ ਹੈ,” …. ਮੈਂ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਲੱਗੀ ਸੀ… ਮੈਨੂੰ ਕਮੀ ਕਿਸ ਗੱਲ ਦੀ ਐ …. ਨਾਲ਼ੇ ਮੇਰੇ ਭਰਾਵਾਂ ਨੇ ਕਿਹੜਾ ਕਦੇ….. ਕੁਛ ਲੁਕੋ ਕੇ ਰੱਖਿਆ…. ਠੀਕ ਈ ਤਾਂ ਕਹਿੰਦਾ ਇਹ ….ਸੱਚਮੁੱਚ ਰਿਸ਼ਤੇ ਮੋਹ ਦੀਆਂ ਤੰਦਾਂ ਹੁੰਦੇ ਨੇ….. ਇਹਨਾਂ ਨੂੰ ਮੈਂ ਕਿਉਂ ਉਲਝਾਉਣ ਲੱਗੀ ਸੀ…. ਪਿਆਰ ਦੇ ਰਿਸ਼ਤਿਆਂ ਨੂੰ ਮੋਹ ਦੀਆਂ ਤੰਦਾਂ ਨਾਲ ਬੰਨ੍ਹ ਕੇ ਰੱਖਣਾ ਹੀ ਤਾਂ ਅਸਲੀ ਏਹੁ ਹਮਾਰਾ ਜੀਵਣਾ ਹੈ ।”
ਬਰਜਿੰਦਰ ਕੌਰ ਬਿਸਰਾਓ…
9988901324
Previous articleਮੰਦੀ ਦੇ ਕਾਲੇ ਪ੍ਰਛਾਵੇਂ ਹੇਠ ਜੀਅ ਰਹੇ ਹਨ ਕੈਨੇਡੀਅਨ !
Next articleਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀ ਚੋਣ ਵਿੱਚ ਕਾਂਗਰਸ ਦੀ ਜਿੱਤ ਪੰਜਾਬ ਲਈ ਸ਼ੁੱਭ ਸੰਕੇਤ-ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ