ਕੇਂਦਰ ਵੱਲੋਂ ਰਾਜਾਂ ਅਤੇ ਯੂਟੀਜ਼ ਨੂੰ ਕੋਵਿਡ ਪ੍ਰਬੰਧਾਂ ਬਾਰੇ ਨਵੀਆਂ ਹਦਾਇਤਾਂ

ਨਵੀਂ ਦਿੱਲੀ (ਸਮਾਜ ਵੀਕਲੀ):  ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਉਛਾਲ ਦੇ ਸ਼ੁਰੂਆਤੀ ਸੰਕੇਤਾਂ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਓਮੀਕਰੋਨ ਸਰੂਪ ਦੇ ਕੇਸ ਸਾਹਮਣੇ ਆਉਣ ਦਰਮਿਆਨ ਕੇਂਦਰ ਸਰਕਾਰ ਨੇ ਮਹਾਮਾਰੀ ਦੇ ਹਾਲਾਤ ਨਾਲ ਸਿੱਝਣ ਲਈ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਰਾਜਾਂ ਤੇ ਯੂਟੀਜ਼ ਨੂੰ ਜ਼ਰੂਰਤ ਮੁਤਾਬਕ ਸਥਾਨਕ ਪੱਧਰ ’ਤੇ ਪਾਬੰਦੀਆਂ ਲਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਆਗਾਮੀ ਤਿਓਹਾਰੀ ਸੀਜ਼ਨ ਦੌਰਾਨ ਭੀੜ-ਭੜੱਕੇ ਨੂੰ ਕੰਟਰੋਲ ਕੀਤਾ ਜਾ ਸਕੇ। ਸਰਕਾਰ ਨੇ ਕੋਵਿਡ-19 ਤੇ ਇਸ ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ ਦੀ ਹਦਾਇਤ ਕਰਦਿਆਂ ਪੰਜ ਪਰਤੀ ਰਣਨੀਤੀ ਟੈਸਟ-ਟਰੈਕ-ਟਰੀਟ-ਟੀਕਾਕਰਨ ਤੇ ਕੋਵਿਡ-19 ਤੋਂ ਸੁਰੱਖਿਆ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ’ਤੇ ਸਾਰਾ ਧਿਆਨ ਕੇਂਦਰਤ ਕਰਨ ’ਤੇ ਜ਼ੋਰ ਦਿੱਤਾ ਹੈ।

ਭੱਲਾ ਨੇ ਰਾਜਾਂ ਤੇ ਯੂਟੀਜ਼ ਨੂੰ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਹਦਾਇਤਾਂ ਜਾਰੀ ਕਰਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੱਤਰ ਵਿੱਚ ਉਨ੍ਹਾਂ ਕਿਹਾ, ‘‘ਕੁੱਲ ਮਿਲਾ ਕੇ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ’ਚ ਨਿਘਾਰ ਵੇਖਿਆ ਗਿਆ ਹੈ। ਹਾਲਾਂਕਿ ਕਰੋਨਾਵਾਇਰਸ ਦਾ ਨਵਾਂ ਸਰੂਪ ਓਮੀਕਰੋਨ, ਡੈਲਟਾ ਸਰੂਪ ਨਾਲੋਂ ਤਿੰਨ ਗੁਣਾ ਵੱਧ ਰਫ਼ਤਾਰ ਨਾਲ ਫੈਲਦਾ ਹੈ ਤੇ ਕੋਵਿਡ-19 ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਇਹ ਇਕ ਨਵੀਂ ਚੁਣੌਤੀ ਹੈ।’’

ਗ੍ਰਹਿ ਸਕੱਤਰ ਨੇ ਕਿਹਾ ਕਿ ਆਲਮੀ ਪੱਧਰ ’ਤੇ ਓਮੀਕਰੋਨ 116 ਮੁਲਕਾਂ ਵਿੱਚ ਦਸਤਕ ਦੇ ਚੁੱਕਾ ਹੈ ਤੇ ਭਾਰਤ ਵਿੱਚ ਹੁਣ ਤੱਕ 19 ਰਾਜਾਂ ਤੇ ਯੂਟੀਜ਼ ਤੋਂ 578 ਓਮੀਕਰੋਨ ਕੇਸ ਰਿਪੋਰਟ ਹੋਏ ਹਨ। ਭੱਲਾ ਨੇ ਕਿਹਾ ਕਿ ਸੂਬਾਈ ਐੱਨਫੋੋਰਸਮੈਂਟ ਮਸ਼ੀਨਰੀ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹੀ ਵੀ ਯਕੀਨੀ ਕੀਤਾ ਜਾਵੇ ਕਿ ਆਕਸੀਜਨ ਸਪਲਾਈ ਨਾਲ ਜੁੜਿਆ ਸਾਜ਼ੋ-ਸਾਮਾਨ ਤੇ ਹੋਰ ਯੰਤਰ ਮੁਕੰਮਲ ਰੂਪ ਵਿੱਚ ਕੰਮ ਕਰਦੇ ਹੋਣ ਤੇ ਜ਼ਰੂਰੀ ਦਵਾਈਆਂ ਦਾ ਬਫ਼ਰ ਸਟਾਕ ਮੌਜੂਦ ਹੋਵੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਲਈ ਪੇਸ਼ਬੰਦੀ
Next articleਓਮੀਕਰੋਨ: ਇਕ ਦਿਨ ’ਚ ਸਭ ਤੋਂ ਵੱਧ ਕੇਸ