ਏਹੁ ਹਮਾਰਾ ਜੀਵਣਾ ਹੈ -374

ਬਰਜਿੰਦਰ-ਕੌਰ-ਬਿਸਰਾਓ-
 (ਸਮਾਜ ਵੀਕਲੀ)-  ਹਰਮੀਤ ਦਾ ਪਿਤਾ ਕਰਮ ਸਿੰਘ ਫ਼ੌਜ ਵਿੱਚੋਂ ਕਰਨਲ ਰਿਟਾਇਰ ਹੋਣ ਤੋਂ ਪਹਿਲਾਂ ਈ ਨੌਕਰੀ ਛੱਡ ਕੇ ਪੈਨਸ਼ਨ ਲੈ ਕੇ ਪਿੰਡ ਆ ਗਿਆ ਸੀ।ਉਸ ਦੀ ਮਾਂ ਤੇ ਇੱਕ ਛੋਟਾ ਭਰਾ ਕਰਨ ਸੀ। ਅਸਲ ਵਿੱਚ ਕਰਮ ਸਿੰਘ ਨੇ ਬੱਚਿਆਂ ਦੇ ਬਿਹਤਰ ਭਵਿੱਖ ਖਾਤਰ ਹੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਸੀ।ਉਹ ਆਪਣੇ ਪਿੰਡ ਖੇਤਾਂ ਵਿੱਚ ਵੱਡੀ ਸਾਰੀ ਕੋਠੀ ਪਾ ਕੇ ਰਹਿਣ ਲੱਗਿਆ ਤੇ ਨਾਲ਼ ਦੀ ਨਾਲ਼ ਉਹ ਆਪਣੀ ਜ਼ਮੀਨ ਵਿੱਚ ਖੇਤੀਬਾੜੀ ਅਤੇ ਵਾਹੀ ਦਾ ਕੰਮ ਆਪਣੀ ਨਿਗਰਾਨੀ ਹੇਠ ਕਰਵਾਉਣ ਲੱਗਿਆ ਸੀ। ਮਤਲਬ ਕਿ ਉਸ ਨੇ ਫ਼ਾਰਮ ਹਾਊਸ ਬਣਾ ਲਿਆ ਸੀ। ਹਰਮੀਤ ਦਸਵੀਂ ਜਮਾਤ ਵਿੱਚ ਤੇ ਕਰਨ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਪਿੰਡ ਵਿੱਚ ਉਹ ਬੜੀ ਸ਼ਾਨ ਨਾਲ ਰਹਿੰਦੇ ਸਨ। ਫੌਜ ਦੇ ਵੱਡੇ ਅਫਸਰ ਦੀ ਵੱਖਰੀ ਹੀ ਟੌਹਰ ਹੁੰਦੀ ਹੈ। ਉਹ ਸਮੇਂ ਸਮੇਂ ਤੇ ਪਿੰਡ ਦੇ ਪੜ੍ਹਾਕੂ ਮੁੰਡਿਆਂ ਨਾਲ ਵੀ ਗੱਲਬਾਤ ਕਰਦਾ ਰਹਿੰਦਾ ਸੀ। ਉਹਨਾਂ ਨੂੰ ਸਮੇਂ ਸਮੇਂ ਤੇ ਉਹਨਾਂ ਦੇ ਬਿਹਤਰ ਭਵਿੱਖ ਲਈ ਸਲਾਹ ਮਸ਼ਵਰਾ ਵੀ ਦੇ ਦਿੰਦਾ ਸੀ। ਪਿੰਡ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਕਈ ਨੌਜਵਾਨ ਤਾਂ ਉਸ ਤੋਂ ਸਲਾਹ ਮਸ਼ਵਰਾ ਵੀ ਲੈਣ ਆ ਜਾਂਦੇ ਸਨ।
           ਕਰਨਲ ਕਰਮ ਸਿੰਘ ਦੇ ਅੰਦਰਲੇ ਘਰ ਦੇ ਗੁਆਂਢ ਵਿੱਚ ਹੀ ਘੁਮਿਆਰਾਂ ਦਾ ਘਰ ਸੀ ਪਰ ਉਹ ਸ਼ਹਿਰ ਜਾ ਕੇ ਵਸ ਗਏ ਸਨ। ਉਹ ਕਦੇ ਕਦਾਈਂ ਹੀ ਪਿੰਡ ਗੇੜਾ ਮਾਰਦੇ ਤਾਂ ਉਹਨਾਂ ਦਾ ਬਜ਼ੁਰਗ ਕਰਮ ਸਿਉਂ ਨੂੰ ਜ਼ਰੂਰ ਮਿਲ਼ ਕੇ ਜਾਂਦਾ ਸੀ। ਇਸ ਵਾਰ ਜਦੋਂ ਬਜ਼ੁਰਗ ਪਿੰਡ ਆਇਆ ਸੀ ਤਾਂ ਉਸ ਨਾਲ਼ ਉਸ ਦਾ ਪੋਤਾ ਜੀਤਾ ਵੀ ਆਇਆ ਜੋ ਸ਼ਹਿਰ ਦੇ ਕਿਸੇ ਕਾਲਜ ਵਿੱਚ ਪੜ੍ਹਦਾ ਸੀ। ਹਰਮੀਤ ਸਕੂਲੋਂ ਆਈ ਤਾਂ ਆਮ ਵਾਂਗ ਮਹਿਮਾਨਾਂ ਨੂੰ ਸਤਿ ਸ੍ਰੀ ਆਕਾਲ ਬੁਲਾ ਕੇ ਅੰਦਰ ਤਾਂ ਚਲੀ ਗਈ ਪਰ ਅੱਲੜ੍ਹ ਉਮਰ ਵਿੱਚ ਹਾਣ ਨੂੰ ਹਾਣ ਪਿਆਰਾ ਹੋਣ ਕਰਕੇ ਉਹ ਵਾਰ ਵਾਰ ਬਹਾਨੇ ਨਾਲ ਇੱਧਰ ਉੱਧਰ ਨੂੰ ਚੱਕਰ ਕੱਢਦੀ ਤੇ ਜੀਤੇ ਵੱਲ ਨੂੰ ਚੋਰੀ ਅੱਖ ਨਾਲ ਵੇਖ ਕੇ ਮਿੰਨਾ ਜਿਹਾ ਬੁੱਲ੍ਹੀਆਂ ਵਿੱਚ ਮੁਸਕਰਾ ਦਿੰਦੀ। ਵੱਡੇ ਚਾਹੇ ਆਪਣੀਆਂ ਗੱਲਾਂ ਵਿੱਚ ਮਸਤ ਸਨ ਪਰ ਜੀਤੇ ਦਾ ਹਰਮੀਤ ਵੱਲ ਨੂੰ ਚੋਰੀ ਤੱਕਣਾ ਤੇ ਹਰਮੀਤ ਦਾ ਮੁਸਕਰਾਉਣਾ,ਇਸ ਗੱਲੋਂ ਸਭ ਬੇਖ਼ਬਰ ਸਨ। ਉਸ ਤੋਂ ਬਾਅਦ ਜਦ ਵੀ ਉਸ ਬਜ਼ੁਰਗ ਨੇ ਪਿੰਡ ਆਉਣਾ ਤਾਂ ਜੀਤੇ ਨੇ ਨਾਲ਼ ਜ਼ਰੂਰ ਆਉਣਾ ਤੇ ਦੋਵਾਂ ਦੀ ਅੰਦਰੋ ਅੰਦਰ ਵਾਲੀ ਪ੍ਰੇਮ ਕਹਾਣੀ ਨੂੰ ਅੰਜਾਮ ਦੇਣ ਵਾਲ਼ੀ ਖਿੱਚ ਫਿਰ ਤੋਂ ਜਿਊਂਦੀ ਹੋ ਜਾਣੀ। ਹਰਮੀਤ ਨੇ ਦਸਵੀਂ ਜਮਾਤ ਪਾਸ ਕਰ ਲਈ ਤਾਂ ਕਰਮ ਸਿੰਘ ਉਸ ਨੂੰ ਪੜ੍ਹਨ ਲਈ ਕਾਲਜ ਹੌਸਟਲ ਵਿੱਚ ਛੱਡਣਾ ਚਾਹੁੰਦਾ ਸੀ ਪਰ ਹਰਮੀਤ ਨੇ ਸ਼ਹਿਰ ਆਪਣੀ ਵੱਡੀ ਭੂਆ ਕੋਲ਼ ਰਹਿ ਕੇ ਪੜ੍ਹਨ ਦੀ ਜ਼ਿੱਦ ਫੜ ਲਈ। ਦਰ ਅਸਲ ਕਰਮ ਸਿੰਘ ਦੀ ਵੱਡੀ ਭੈਣ ਦੀ ਕੋਠੀ ਵੀ ਸ਼ਹਿਰ ਵਿੱਚ ਉੱਥੇ ਹੀ ਸੀ ਜਿੱਥੇ ਜੀਤਾ ਆਪਣੇ ਪਰਿਵਾਰ ਨਾਲ਼ ਰਹਿੰਦਾ ਸੀ। ਹਰਮੀਤ ਦਾ ਫੁੱਫੜ ਅਫਸਰ ਰਿਟਾਇਰ ਹੋਇਆ ਸੀ। ਉਹਨਾਂ ਦਾ ਇੱਕੋ ਪੁੱਤਰ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿੰਦਾ ਸੀ। ਇਸ ਕਰਕੇ ਉਹ ਦੋਵੇਂ ਜਣੇ ਹੀ ਵੱਡੀ ਸਾਰੀ ਕੋਠੀ ਵਿੱਚ ਰਹਿੰਦੇ ਸਨ। ਉਹਨਾਂ ਦੇ ਬੱਚੇ ਕਦੇ ਕਦਾਈਂ ਮਹੀਨਾ- ਦੋ ਮਹੀਨੇ ਲਈ ਇਹਨਾਂ ਨੂੰ ਮਿਲਣ ਆਉਂਦੇ ਸਨ।
               ਕਰਮ ਸਿੰਘ,ਹਰਮੀਤ ਦਾ ਕਾਲਜ ਵਿੱਚ ਦਾਖਲਾ ਕਰਵਾ ਕੇ ਉਸ ਨੂੰ ਭੂਆ ਫੁੱਫੜ ਕੋਲ਼ ਛੱਡ ਗਿਆ।ਉਹ ਆਪਣੀ ਵੱਡੀ ਭੈਣ ਕੋਲ ਹਰਮੀਤ ਨੂੰ ਛੱਡ ਕੇ ਬੇਫ਼ਿਕਰ ਹੋ ਗਿਆ ਸੀ ਤੇ ਉਸ ਦੀ ਭੈਣ ਵੀ ਖੁਸ਼ ਸੀ ਕਿ ਉਹਨਾਂ ਦੇ ਘਰ ਦੀ ਰੌਣਕ ਵਧੀ ,ਪਰ ਸਾਰੇ ਇਸ ਗੱਲੋਂ ਬੇਖ਼ਬਰ ਸਨ ਕਿ ਉਹ ਕਿਹੜੇ ਕਾਰਨ ਕਰਕੇ ਭੂਆ ਕੋਲ ਰਹਿਣ ਦੀ ਜ਼ਿੱਦ ਕਰ ਰਹੀ ਸੀ।  ਇੱਥੋਂ ਹੀ ਹਰਮੀਤ ਅਤੇ ਜੀਤੇ ਦੀ ਪ੍ਰੇਮ ਕਹਾਣੀ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਹੋ ਗਈ ਸੀ। ਦੋਵਾਂ ਦੀ ਆਪਸੀ ਦੂਰ ਦੀ ਖਿੱਚ ਹੁਣ ਰਾਹਾਂ ਵਿੱਚ ਮੁਲਾਕਾਤਾਂ ਵਿੱਚ ਤਬਦੀਲ ਹੋ ਗਈ। ਉਹਨਾਂ ਦੀ ਮੁਹੱਬਤ ਦਾ ਸਿਲਸਿਲਾ ਹੁਣ ਮੁਲਾਕਾਤਾਂ ਤੋਂ ਵਧ ਕੇ ਕਾਲਜ ਜਾਣ ਦੇ ਬਹਾਨੇ ਫਿਲਮਾਂ ਦੇਖਣਾ ਤੇ ਐਧਰ ਓਧਰ ਘੁੰਮਣ ਵਿੱਚ ਬਦਲਣ ਲੱਗਿਆ। ਜੀਤੇ ਦਾ ਸਾਰਾ ਪਰਿਵਾਰ ਉਹਨਾਂ ਦੀ ਪ੍ਰੇਮ ਕਹਾਣੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਪਰ ਉਹਨਾਂ ਨੇ ਉਸ ਨੂੰ ਸਮਝਾਉਣ ਦੀ ਬਜਾਏ ਹੱਲਾਸ਼ੇਰੀ ਦਿੱਤੀ।ਪਰ ਕਰਮ ਸਿੰਘ ਤੇ ਉਸ ਦੇ ਭੈਣ ਭਣੋਈਆ ਇਸ ਗੱਲੋਂ ਬੇਖ਼ਬਰ ਸਨ। ਜੀਤੇ ਦਾ ਪਰਿਵਾਰ ਉਸ ਦਿਨ ਦੀ ਤਾਕ ਵਿੱਚ ਸਨ ਕਿ ਕਦ ਹਰਮੀਤ ਅਠਾਰਾਂ ਸਾਲ ਦੀ ਹੋਏ ਤੇ ਉਹ ਹਰਮੀਤ ਲਈ ਆਪਣੇ ਘਰ ਦੇ ਦਰਵਾਜ਼ੇ ਸਦਾ ਲਈ ਖੋਲ੍ਹ ਦੇਣ।
            ਉਹ ਦਿਨ ਵੀ ਆ ਗਿਆ,ਹਰਮੀਤ ਅਠਾਰਵਾਂ ਸਾਲ ਪੂਰਾ ਹੁੰਦੇ ਹੀ ਜੀਤੇ ਨਾਲ ਘਰੋਂ ਭੱਜ ਗਈ। ਕਰਮ ਸਿੰਘ ਨੇ ਥਾਣੇ ਸ਼ਿਕਾਇਤ ਕੀਤੀ, ਉਹਨਾਂ ਨੂੰ ਬਥੇਰਾ ਡਰਾਇਆ ਧਮਕਾਇਆ ਪਰ ਹਰਮੀਤ ਨੂੰ ਆਪਣਾ ਨਵਾਂ ਸੰਸਾਰ ਹੀ ਪਿਆਰਾ ਲੱਗਦਾ ਸੀ। ਉਸ ਦੇ ਸਾਹਮਣੇ ਉਸ ਨੂੰ ਪਿਓ ਦਾ ਰੁਤਬਾ,ਸ਼ੋਹਰਤ, ਇੱਜ਼ਤ,ਪੈਸਾ ਅਤੇ ਮੋਹ ਸਭ ਫਿੱਕੇ ਲੱਗਦੇ ਸਨ ।ਉਸ ਨੇ ਥਾਣੇ ਪੇਸ਼ ਹੋ ਕੇ ਸਭ ਸਾਹਮਣੇ ਆਖ ਦਿੱਤਾ,” ਮੇਰੇ ਲਈ ਜੋ ਕੁਝ ਹੈ ਜੀਤਾ ਹੀ ਹੈ……. ਮੈਂ ਨਹੀਂ ਜਾਣਾ ਵਾਪਸ…..ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ…!” ਕਈ ਵਾਰ ਕਰਮ ਸਿੰਘ ਦਾ ਖੂਨ ਖੌਲਦਾ ਤੇ ਸੋਚਦਾ ਕਿ ਦੋਹਾਂ ਨੂੰ ਗੋਲੀਆਂ ਨਾਲ ਭੁੰਨ ਦੇਵੇ ਪਰ ਉਸ ਨੂੰ ਆਪਣੇ ਪੁੱਤ ਕਰਨ ਦੇ ਭਵਿੱਖ ਦੀ ਚਿੰਤਾ ਸੀ। ਇਸ ਕਰਕੇ ਉਸ ਨੇ ਹਰਮੀਤ ਨੂੰ ਕਾਨੂੰਨੀ ਤੌਰ ਤੇ ਬੇਦਖ਼ਲ ਕਰਵਾ ਦਿੱਤਾ।
                  ਹੁਣ ਕਰਨਲ ਕਰਮ ਸਿੰਘ ਦਾ ਪਿੰਡ ਵਿੱਚ ਪਹਿਲਾਂ ਜਿਹਾ ਸਤਿਕਾਰ ਨਾ ਰਿਹਾ। ਜਿਹੜੇ ਲੋਕ ਉਸ ਨੂੰ ਦੂਰੋਂ ਈ ਵੇਖ ਕੇ ਸਲਾਮਾਂ ਕਰਦੇ ਸਨ ਉਹ ਉਸ ਦਾ ਮਜ਼ਾਕ ਉਡਾਉਂਦੇ…. ਜਿਹੜਾ ਕਰਮ ਸਿੰਘ ਪਿੰਡ ਵਿੱਚ ਹਿੱਕ ਤਾਣ ਕੇ ਚੱਲਦਾ ਸੀ ਉਸ ਦੇ ਮਹਿਲ ਦਾ ਦਰਵਾਜ਼ਾ ਬੰਦ ਰਹਿੰਦਾ…. ਉਹ ਇੱਕ ਤਰ੍ਹਾਂ ਨਾਲ ਮਰਿਆ ਹੀ ਨਹੀਂ ਸੀ ਪਰ ਮਰਨ ਨਾਲੋਂ ਘੱਟ ਵੀ ਨਹੀਂ ਸੀ।ਉਸ ਨੇ ਆਪਣੇ ਅਤੇ ਆਪਣੇ ਪੁੱਤ ਦੇ ਮੱਥੇ ਤੋਂ ਕਲੰਕ ਦਾ ਜੂਲਾ ਲਾਹੁਣ ਲਈ ਵਿਦੇਸ਼ ਜਾਣ ਦਾ ਫੈਸਲਾ ਕਰ ਲਿਆ।ਉਹ ਆਪਣੀ ਸਾਰੀ ਜਾਇਦਾਦ ਵੇਚ ਕੇ ਪਰਿਵਾਰ ਸਮੇਤ ਵਿਦੇਸ਼ ਜਾ ਕੇ ਵਸ ਗਿਆ। ਪਿੰਡ ਦੇ ਕਿਸੇ ਇੱਕ ਜਣੇ ਨੂੰ ਵੀ ਉਸ ਦਾ ਥਹੁ ਟਿਕਾਣਾ ਨਹੀਂ ਪਤਾ ਸੀ। ਮਤਲਬ ਕਿ ਇੱਕ ਤਰ੍ਹਾਂ ਨਾਲ ਪਿੰਡ ਵਿੱਚੋਂ ਉਸ ਦਾ ਨਾਮ ਨਿਸ਼ਾਨ ਹੀ ਮਿਟ ਗਿਆ ।
            ਓਧਰ ਜੀਤੇ ਤੇ ਹਰਮੀਤ ਨੂੰ ਵੀ ਘਰਦਿਆਂ ਨੇ ਕਿਸੇ ਅਣਹੋਣੀ ਵਾਪਰਨ ਤੋਂ ਡਰਦੇ ਅਸਟ੍ਰੇਲੀਆ ਦੀ ਫਾਈਲ ਲਾ ਕੇ ਬਾਹਰ ਭੇਜ ਦਿੱਤਾ ਸੀ। ਉੱਥੇ ਜਾ ਕੇ ਉਹਨਾਂ ਦੇ ਦੋ ਪੁੱਤਰ ਹੋਏ। ਉਹ ਆਪਣੇ ਬੱਚਿਆਂ ਸਮੇਤ ਡੇਢ਼ ਕੁ ਦਹਾਕੇ ਬਾਅਦ ਇੰਡੀਆ ਆਏ । ਇੱਥੇ ਆ ਕੇ ਕੁਝ ਦਿਨ ਬਾਅਦ ਉਹ ਗੁਆਂਢੀਆਂ ਦੇ ਪੋਤੇ ਦੀ ਲੋਹੜੀ ਦੇ ਪ੍ਰੋਗਰਾਮ ਤੇ ਗਈ ਤਾਂ ਉੱਥੇ ਉਸ ਨੂੰ ਉਹਨਾਂ ਦੀ ਕੁੜੀ ਸਿਮਰਨ ਵੀ ਮਿਲ਼ੀ ਜੋ ਕਾਲਜ ਵਿੱਚ ਉਸ ਦੀ ਸਹੇਲੀ ਤਾਂ ਨਹੀਂ ਸੀ ਪਰ ਉਸ ਦੀ ਜਮਾਤਣ ਸੀ। ਸਿਮਰਨ ਨੂੰ ਦੇਖ਼ ਕੇ ਉਹ ਇਸ ਤਰ੍ਹਾਂ ਮਿਲ਼ੀ ਜਿਵੇਂ ਚਿਰਾਂ ਦੀ ਵਿਛੜੀ ਪੱਕੀ ਸਹੇਲੀ ਨੂੰ ਮਿਲ਼ੀ ਹੋਵੇ। ਸਿਮਰਨ ਨੇ ਹਰਮੀਤ ਨੂੰ ਪੁੱਛਿਆ,” ਹਰਮੀਤ ਕਿਵੇਂ ਚੱਲਦੀ ਆ ਜ਼ਿੰਦਗੀ…?” ਬੱਸ ਐਨਾ ਪੁੱਛਣ ਦੀ ਲੋੜ ਸੀ ਕਿ ਹਰਮੀਤ ਗਲੋਟੇ ਵਾਂਗੂੰ ਉੱਧੜ ਪਈ,” ਹਾਏ….. ਅੱਜ ਮੈਨੂੰ ਕਿਸੇ ਨੇ ਐਨੀ ਅਪਣੱਤ ਵਿੱਚ ਮੇਰਾ ਹਾਲ ਪੁੱਛਿਆ ਹੈ……. ਮੈਂ ਆਪਣੇ ਘਰੇ ਬਹੁਤ ਹੀ ਸੌਖੀ ਹਾਂ….. ਮੇਰੇ ਕੋਲ਼ ਸਭ ਕੁਝ ਹੈ…… ਜੀਤੇ ਦਾ ਸੁਭਾਅ ਵੀ ਬਹੁਤ ਹੀ ਚੰਗਾ ਹੈ…… ਪਰ ਮੈਂ ਅੰਦਰੋਂ ਬਹੁਤ ਔਖੀ ਹਾਂ…. ਮੇਰੇ ਘਰ ਵਿੱਚ ਸਕੂਨ ਹੈ ਪਰ ਮੇਰੇ ਅੰਦਰ ਹਰ ਵੇਲੇ ਕਲੇਸ਼ ਚੱਲਦਾ ਰਹਿੰਦਾ ਹੈ…… ਤੈਨੂੰ ਦੇਖ ਕੇ ਮੇਰੇ ਅੰਦਰ ਵਾਲ਼ਾ ਕਲੇਸ਼ ਹੋਰ ਵਧ ਗਿਆ ਹੈ…..ਮੇਰੇ ਕੋਲ਼ ਜਾਣ ਲਈ ਪੇਕੇ ਨਹੀਂ ਹਨ……ਮੇਰੇ ਨਾਲ ਵਰਤਣ ਲਈ ਮੇਰਾ ਕੋਈ ਵੀ ਆਪਣਾ ਨਹੀਂ ਹੈ….. ਮੇਰਾ ਕਰਨਲ ਪਿਓ ਪਤਾ ਨਹੀਂ ਕਿੱਥੇ ਹੋਣੈਂ…..ਉਹ ਜਿਊਂਦਾ ਵੀ ਹੈ ਜਾਂ ਨਹੀਂ….. ਲੋਕ ਦੱਸਦੇ ਨੇ…..ਭੂਆ ਜੀ ਆਪਣੇ ਵੱਲੋਂ ਹੋਈ ਅਮਾਨਤ ਵਿੱਚ ਖ਼ਿਆਨਤ ਸਮਝਦੇ ਹੋਏ ਦੋ ਸਾਲ ਵਿੱਚ ਈ ਦਮ ਛੱਡ ਗਏ….. ਫੁੱਫੜ ਜੀ ਨੂੰ ਮਜਬੂਰੀ ਵਿੱਚ ਆਪਣੇ ਪੁੱਤਰ ਕੋਲ ਜਾਣਾ ਪਿਆ….. ਕੋਠੀ ਵੇਚ ਦਿੱਤੀ….ਐਥੇ ਕੋਈ ਹੋਰ ਰਹਿ ਰਿਹਾ…… ਮੇਰੇ ਪਿਓ ਭਰਾ ਦਾ ਪਿੰਡ ਵਿੱਚੋਂ ਨਾਂ ਨਿਸ਼ਾਨ ਮਿਟ ਗਿਆ ਹੈ….. ਮੇਰਾ ਅੰਦਰ ਰਿਸ਼ਤਿਆਂ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦਾ ਹੈ…. ਉਹਨਾਂ ਰਿਸ਼ਤਿਆਂ ਦੀ ਤਲਾਸ਼ ਕਰਨਾ ਕਰਨਾ ਚਾਹੁੰਦੀ ਹਾਂ……ਪਰ ਜਿਹੜੇ ਰਿਸ਼ਤਿਆਂ ਨੂੰ ਮੈਂ ਆਪ ਬਰਬਾਦ ਕੀਤਾ ਹੈ….. ਉਹਨਾਂ ਨੂੰ ਮੈਂ ਕਿੱਥੋਂ ਲੱਭਾਂ…….ਮੈਂ ਕਿੰਨੀ ਬਦਨਸੀਬ ਹਾਂ……ਜਨਮ ਦੇਣ ਵਾਲ਼ਿਆਂ ਨੂੰ ਜਿਊਂਦੇ ਜੀਅ ਮਾਰ ਦਿੱਤਾ….. ਉਹਨਾਂ ਦੀ ਕਮੀ ਕਿਵੇਂ ਪੂਰੀ ਹੋ ਸਕਦੀ ਹੈ…… ਮੇਰਾ ਗੁਆਚਿਆ ਸੰਸਾਰ ਮੈਂ ਕਿੱਥੋਂ ਲੱਭਾਂ…..?” ਹਰਮੀਤ ਦੇ  ਗੱਲਾਂ ਕਰਦੀ ਕਰਦੀ ਦੀਆਂ ਅੱਖਾਂ ਦੇ ਪਾਣੀ ਵਿੱਚ ਅਠਾਰਾਂ ਵਰ੍ਹੇ ਪੁਰਾਣਾ ਆਪਣਾ ਪਰਿਵਾਰ ਘੁੰਮਦਾ ਸਾਫ਼ ਨਜ਼ਰ ਆ ਰਿਹਾ ਸੀ ਜਿਸ ਨੂੰ ਉਹ ਆਪਣੀਆਂ ਪਲਕਾਂ ਵਿੱਚ ਬੰਦ ਕਰਨਾ ਚਾਹੁੰਦੀ ਸੀ ਪਰ ਪਲਕਾਂ ਬੰਦ ਕਰਦੇ ਹੀ ਉਹ ਅੱਥਰੂ ਬਣ ਕੇ ਵਹਿ ਗਏ। ਸਿਮਰਨ ਸੋਚ ਰਹੀ ਸੀ ਕਿ ਸਮੇਂ ਤੇ ਰਿਸ਼ਤਿਆਂ ਦੀ ਕਦਰ ਨਾ ਕਰਨਾ ਤੇ ਫਿਰ ਉਹਨਾਂ ਨੂੰ ਪਾਉਣ ਲਈ ਪਛਤਾਉਣਾ ਮਨੁੱਖੀ ਸੁਭਾਅ ਬਣ ਚੁੱਕਿਆ ਹੈ ਕਿਉਂਕਿ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -373
Next articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਜਨਤਕ ਲਾਮਬੰਦੀ ਤਹਿਤ ਪਿੰਡ ਮਨਸੂਰਪੁਰ, ਹਰੀਪੁਰ ਖਾਸਲਾ ਅਤੇ ਕੰਗ ਅਰਾਈਆਂ ਵਿਖੇ ਹੋਈਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ