ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਭਗਵੰਤ ਮਾਨ ਸਰਕਾਰ ਖਿਲਾਫ ਜਲੰਧਰ ‘ਚ ਵਿਸ਼ਾਲ ਰੋਹ ਭਰਪੂਰ ਮੁਜ਼ਾਹਰਾ

ਤਪਦੀ ਗਰਮੀ ‘ਚ ‘ਆਪ’ ਸਰਕਾਰ ਦੇ ਖਿਲਾਫ ਹਜ਼ਾਰਾਂ ਲੋਕ ਉਤਰੇ ਸੜਕਾਂ ‘ਤੇ
ਭਗਵੰਤ ਮਾਨ ਮੁਰਦਾਬਾਦ ਦੇ ਗੂੰਜੇ ਨਾਅਰੇ
ਸਿਆਸੀ, ਧਾਰਮਿਕ, ਸਮਾਜਿਕ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਹਰ ਵਰਗ ਦੇ ਲੋਕ ਹੋਏ ਸ਼ਾਮਿਲ
ਰਾਜਪਾਲ ਦੇ ਨਾਂਅ ਡੀ. ਸੀ.ਨੂੰ ਸੌਂਪਿਆ ਮੰਗ ਪੱਤਰ

ਜਲੰਧਰ- (Jatinder Rawat) (ਸਮਾਜ ਵੀਕਲੀ):  ਅਦਾਰਾ ‘ਅਜੀਤ’ ਦੇ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀਆਂ ਨਿੱਤ ਦਿਨ ਵਧ ਰਹੀਆਂ ਦਮਨਕਾਰੀ ਨੀਤੀਆਂ ਦੇ ਵਿਰੁੱਧ ਅੱਜ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਜਲੰਧਰ ‘ਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਤੋਂ ਆਏ ਵੱਡੀ ਗਿਣਤੀ ‘ਚ ਪੰਜਾਬੀਆਂ ਨੇ ਗਰਮਜੋਸ਼ੀ ਨਾਲ ਸ਼ਮੂਲੀਅਤ ਕਰਦੇ ਹੋਏ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਤੋਂ ਡੀ. ਸੀ. ਦਫਤਰ ਤੱਕ ਇਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ, ਜਿਸ ਵਿਚ ਸ਼ਾਮਿਲ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ‘ਆਪ’ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਤਖਤੀਆਂ ਤੇ ਬੈਨਰ ਹੱਥਾਂ ‘ਚ ਚੁੱਕੇ ਹੋਏ ਸਨ। ਇਸ ਰੋਸ ਮੁਜ਼ਾਹਰੇ ‘ਚ ਵੱਡੀ ਗਿਣਤੀ ‘ਚ ਨੌਜਵਾਨਾਂ ਅਤੇ ਬੀਬੀਆਂ ਨੇ ਵੀ ਸ਼ਮੂਲੀਅਤ ਕਰਕੇ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਦਮਨਕਾਰੀਆਂ ਨੀਤੀਆਂ ਤੋਂ ਬਾਜ਼ ਆਵੇ। ਇਸ ਰੋਹ ਭਰਪੂਰ ਮੁਜ਼ਾਹਰੇ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਮੁਜ਼ਾਹਰੇ ਦੌਰਾਨ ਲੋਕਾਂ ਵਲੋਂ ਭਗਵੰਤ ਮਾਨ ਸਰਕਾਰ ਦੀਆਂ ਅਦਾਰਾ ‘ਅਜੀਤ’ ਦੇ ਖ਼ਿਲਾਫ਼ ਦਮਨਕਾਰੀ ਨੀਤੀਆਂ ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਬਦਲੇ ਦੀ ਕਾਰਵਾਈ ਕਰਨ ਦੇ ਇਰਾਦੇ ਨਾਲ ਵਿਜੀਲੈਂਸ ਬਿਊਰੋ ਦੁਆਰਾ ਕੀਤੀ ਜਾ ਰਹੀ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੌਰਾਨ ਰੋਸ ਮਾਰਚ ‘ਚ ਸ਼ਾਮਿਲ ਲੋਕਾਂ ਅੰਦਰ ਭਗਵੰਤ ਮਾਨ ਸਰਕਾਰ ਖਿਲਾਫ ਐਨਾ ਗੁੱਸਾ ਸੀ ਕਿ ਉਹ ਅੱਤ ਦੀ ਗਰਮੀ ਦੇ ਬਾਵਜੂਦ ਦੇਸ਼ ਭਗਤ ਯਾਦਗਾਰ ਹਾਲ ਤੋਂ ਡੀ. ਸੀ. ਦਫਤਰ ਤੱਕ ਪੈਦਲ ਹੀ ਪਹੁੰਚੇ। ਪੱਤਰਕਾਰਾਂ, ਸਿਆਸੀ, ਸਮਾਜਿਕ ਅਤੇ ਹੋਰ ਵਰਗ ਦੇ ਮੋਹਰੀ ਆਗੂਆਂ ਨੇ ਮਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਬਾਰੇ ਡੀ. ਸੀ. ਨੂੰ ਰਾਜਪਾਲ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਸਵੇਰ ਤੋਂ ਹੀ ਦੇਸ਼ ਭਗਤ ਯਾਦਗਾਰ ਹਾਲ ਵਿਚ ਸਿਆਸੀ, ਸਮਾਜਿਕ, ਧਾਰਮਿਕ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜਣੇ ਸ਼ੁਰੂ ਹੋ ਗਏ ਸਨ।

ਕਹਿਰ ਦੀ ਗਰਮੀ ਵਿਚ ਵੀ ਹਜ਼ਾਰਾਂ ਦਾ ਇਕੱਠ ਜੁੜ ਗਿਆ ਸੀ। ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੀ ਕਰੜੀ ਨਿੰਦਾ ਕਰਦੇ ਹੋਏ ਕਿਹਾ ਕਿ ਹੰਕਾਰ ਨਾਲ ਭਰੀ ਭਗਵੰਤ ਮਾਨ ਸਰਕਾਰ ਨੂੰ ਕਿਸੇ ਤਰਾਂ ਨਾਲ ਵੀ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਅਦਾਰਾ ਅਜੀਤ ਦੇ ਖ਼ਿਲਾਫ਼ ਦਮਨਕਾਰੀ ਨੀਤੀਆਂ ਨੂੰ ਬੰਦ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਨੂੰ ਬੰਦ ਨਾ ਕੀਤਾ ਗਿਆ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਭਗਵੰਤ ਮਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖ਼ਿਲਾਫ਼ ਹੋਏ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਦੇ ਵਿਸ਼ਾਲ ਇਕੱਠ ਨਾਲ ਹੋਰ ਸ਼ਕਤੀ ਮਿਲੀ ਹੈ ਤੇ ਲੋਕਾਂ ਵਲੋਂ ਅਦਾਰੇ ਪ੍ਰਤੀ ਦਿਖਾਏ ਵਿਸ਼ਵਾਸ ਨੇ ਉਨ੍ਹਾਂ ਦੇ ਇਰਾਦੇ ਹੋਰ ਦ੍ਰਿੜ ਕੀਤੇ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਅਦਾਰਾ ਅਜੀਤ ਪਿਛਲੇ ਕਈ ਦਹਾਕਿਆਂ ਤੋ ਜਿਸ ਤਰਾਂ ਨਾਲ ਪੰਥ ਅਤੇ ਪੰਜਾਬ ਦੀ ਸੇਵਾ ਕਰਦਾ ਆ ਰਿਹਾ ਹੈ ਇਸੇ ਤਰਾਂ ਨਾਲ ਆਉਣ ਵਾਲੇ ਸਮੇਂ ਵਿਚ ਵੀ ਉਹ ਡੱਟ ਕੇ ਪੰਥ ਅਤੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰਦਾ ਰਹੇਗਾ ਅਤੇ ਕਿਸੇ ਵੀ ਰੂਪ ਵਿਚ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਅੱਗੇ ਗੋਡੇ ਨਹੀਂ ਟੇਕੇਗਾ।

ਰੋਸ ਮਾਰਚ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅਦਾਰਾ ‘ਅਜੀਤ’ ਦੇ ਹੱਕ ‘ਚ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਬਰਜਿੰਦਰ ਸਿੰਘ ਹਮਦਰਦ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਬੈਠੇ ਆਕਾਵਾਂ ਦੁਆਰਾ ਚਲਾਇਆ ਜਾ ਰਿਹਾ ਹੈ ਤੇ ਪਾਰਟੀ ਦਾ ਲੁਕਵਾਂ ਏਜੰਡਾ ਲਾਗੂ ਕਰਨ ਲਈ ਮੀਡੀਆ ਨੂੰ ਹਰ ਤਰ੍ਹਾਂ ਨਾਲ ਡਰਾਇਆ, ਧਮਕਾਇਆ ਅਤੇ ਦਬਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਅੱਜ ਦੇ ਰੋਸ ਮਾਰਚ ‘ਚ ਸ਼ਾਮਿਲ ਹੋਏ ਵੱਖ-ਵੱਖ ਰਾਜਸੀ, ਧਾਰਮਿਕ, ਸਮਾਜਿਕ, ਕਿਸਾਨ, ਮਜ਼ਦੂਰ ਤੇ ਦਲਿਤ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹੋਰਨਾਂ ‘ਅਜੀਤ’ ਪ੍ਰੇਮੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਿਆਰ ਤੇ ਵਿਸ਼ਵਾਸ ਹੀ ‘ਅਜੀਤ’ ਦੀ ਅਸਲ ਤਾਕਤ ਹੈ। ਉਨ੍ਹਾਂ ਕਿਹਾ ਕਿ ‘ਅਜੀਤ’ ‘ਤੇ ਜਦੋਂ ਵੀ ਕੋਈ ਭੀੜ ਪਈ ਹੈ ਤਾਂ ਪੰਜਾਬੀਆਂ ਨੇ ਹਮੇਸ਼ਾ ਅੱਗੇ ਹੋ ਕੇ ਅਦਾਰੇ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਹਮੇਸ਼ਾ ‘ਅਜੀਤ’ ‘ਤੇ ਵਿਸ਼ਵਾਸ ਬਣਿਆ ਰਿਹਾ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਹ ਭਰੋਸਾ ਹਮੇਸ਼ਾ ਇਸੇ ਤਰ੍ਹਾਂ ਕਾਇਮ ਰਹੇ। ਇਸ ਮੌਕੇ ਉੱਘੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਤੇ ਨੌਜਵਾਨ ਸੂਫੀ ਗਾਇਕ ਯਾਕੂਬ ਨੇ ਆਪਣੀ ਗਾਇਕੀ ਰਾਹੀਂ ਪੰਜਾਬ ਦੇ ਅਸਲ ਹਾਲਾਤ ਤੋਂ ਜਾਣੂ ਕਰਵਾਇਆ। ਇਸ ਦੌਰਾਨ ਮੰਚ ਦਾ ਸੰਚਾਲਨ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਵਲੋਂ ਕੀਤਾ ਗਿਆ, ਜਦਕਿ ਡਾ. ਲਖਵਿੰਦਰ ਸਿੰਘ ਜੌਹਲ ਨੇ ਡੀ.ਸੀ. ਨੂੰ ਦਿੱਤਾ ਗਿਆ ਮੰਗ ਪੱਤਰ ਪੜ੍ਹ ਕੇ ਸੁਣਾਇਆ।

ਇਸ ਰੋਸ ਮਾਰਚ ‘ਚ ਪ੍ਰਮੁੱਖ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਪ੍ਰੋ. ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਪ੍ਰੇਮ ਸਿੰਘ ਐਡਵੋਕੇਟ, ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹੀਰਾ ਸਿੰਘ ਗਾਬੜੀਆ, ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂੰ, ਜਥੇਦਾਰ ਕੁਲਵੰਤ ਸਿੰਘ ਮੰਨਣ, ਰਵੀਕਰਨ ਸਿੰਘ ਕਾਹਲੋਂ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਬਲਦੇਵ ਸਿੰਘ ਖਹਿਰਾ, ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਵਲਾ, ਪਰਮਿੰਦਰ ਸਿੰਘ ਢੀਂਡਸਾ, ਗੁਰਚਰਨ ਸਿੰਘ ਚੰਨੀ, ਦੈਨਿਕ ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਸਤੀਸ਼ ਜੈਨ (ਚੇਅਰਮੈਨ ਹਵੇਲੀ ਗਰੁੱਪ), ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਡਾ. ਨਵਜੋਤ ਸਿੰਘ ਦਾਹੀਆ, ਵਿਧਾਇਕ ਡਾ. ਰਾਜ ਕੁਮਾਰ ਸੁੱਖੀ, ਵਿਧਾਇਕ ਡਾ. ਨਛੱਤਰਪਾਲ, ਭਾਜਪਾ ਆਗੂ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ ਮੇਤ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸ਼ਾਮਿਲ ਹੋਏ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article24 ਜੂਨ ਨੂੰ ਰੋਪੜ੍ਹ ਪੁੱਜਣ ਦੀ ਅਪੀਲ ਪ੍ਰਵੀਨ ਬੰਗਾ
Next articleਸੁਖਜੀਤ ਕੌਰ ਨਮਿਤ ਅੰਤਿਮ ਅਰਦਾਸ 22 ਨੂੰ