ਏਹੁ ਹਮਾਰਾ ਜੀਵਣਾ ਹੈ -372

ਬਰਜਿੰਦਰ ਕੌਰ ਬਿਸਰਾਓ‘

(ਸਮਾਜ ਵੀਕਲੀ)-  ਰੱਖੜੀ ਤੇ ਵਿਸ਼ੇਸ਼)

ਮਨੁੱਖ ਨੇ ਸਮਾਜ ਵਿੱਚ ਵਿਚਰਦਿਆਂ ਹੋਇਆਂ  ਰਿਸ਼ਤਿਆਂ ਦੇ ਕਈ ਮਾਪਦੰਡਾਂ ਅਨੁਸਾਰ ਇੱਕ ਵਿਸ਼ਾਲ ਤਾਣਾ ਬਾਣਾ ਬੁਣਿਆ ਹੋਇਆ ਹੈ। ਮਨੁੱਖ ਦੇ ਰਿਸ਼ਤਿਆਂ ਦੀ ਬੁਨਿਆਦ  ਇੱਕ ਪਰਿਵਾਰ ਹੀ ਹੁੰਦਾ ਹੈ ਭਾਵ ਮੂਲ ਰੂਪ ਵਿੱਚ ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਾ ਤੰਤਰ ਸਿੱਧੇ ਤੌਰ ਤੇ ਪਰਿਵਾਰ ਵਿੱਚੋਂ ਦੀ ਹੋ ਕੇ ਹੀ ਲੰਘਦਾ ਹੈ। ਬੱਚਾ ਪਰਿਵਾਰ ਵਿੱਚ ਹੀ ਜਨਮ ਲੈ ਕੇ ਵੱਖ ਵੱਖ ਕਿਸਮ ਦੇ ਰਿਸ਼ਤਿਆਂ ਨੂੰ ਮਾਨਸਿਕ ਅਤੇ ਸਮਾਜਿਕ ਤੌਰ ਤੇ ਸਮਝਦਾ ਹੈ। ਇਸ ਤਰ੍ਹਾਂ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਹੋਰ ਰਿਸ਼ਤਿਆਂ ਜਾਂ ਸੰਬੰਧਾਂ ਦੇ ਮੁਕਾਬਲੇ ਵਿੱਚ ਅਧਿਕ ਪੱਕੀਆਂ ਅਤੇ ਪੀਡੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹਨਾਂ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਇੱਕ ਤੰਦ ਭੈਣ ਤੇ ਭਰਾ ਦੇ ਰਿਸ਼ਤੇ ਵਾਲੀ ਹੁੰਦੀ ਹੈ। ਜੋ ਰੇਸ਼ਮ ਦੀ ਡੋਰੀ ਨਾਲ ਹਰ ਸਾਲ ਪੱਕੀ ਤੇ ਪੱਕੀ ਹੁੰਦੀ ਜਾਂਦੀ ਹੈ।  ਵੀਰਾ ਆਵੀਂ ਵੇ ਭੈਣ ਦੇ ਵਿਹੜੇ ਪੁੰਨਿਆ ਦਾ ਚੰਨ ਬਣਕੇ         ਵੀਰ ਦੀ ਤੁਲਨਾ ਪੁੰਨਿਆ ਦੇ ਚੰਨ ਨਾਲ ਕਰਨ ਵਾਲੀਆਂ ਭੈਣਾਂ ਵੱਲੋਂ, ਦੇਸੀ ਮਹੀਨੇ ਸਾਉਣ ਦੀ ਪੂਰਨਮਾਸ਼ੀ ਨੂੰ ਰੱਖੜੀਆਂ ਬੰਨ੍ਹਣ ਦਾ ਤਿਉਹਾਰ ਮਨਾਇਆ ਹੈ। ਇਹ ਤਿਉਹਾਰ ਰੱਖਿਆ ਨਾਲ ਸੰਬੰਧਤ ਹੈ। ਭੈਣਾਂ ਵੀਰਾਂ ਦੇ ਗੁੱਟਾਂ ਤੇ ਰੱਖੜੀਆਂ ਬੰਨ੍ਹਦੀਆਂ ਹਨ। ਤੋਹਫ਼ੇ ਵਜੋਂ ਭਰਾ ਭੈਣਾਂ ਨੂੰ ਕੋਈ ਨਾ ਕੋਈ ਭੇਟਾ ਜਾਂ ਸੌਗਾਤ ਦਿੰਦੇ ਹਨ । ਇੱਕ ਜਗ੍ਹਾ ਗਿਆਨੀ ਗੁਰਦਿੱਤ ਸਿੰਘ ਜੀ ਦੱਸਦੇ ਹਨ ਕਿ ਪੁਰਾਤਨ ਸਮੇਂ ਵਿੱਚ ਬ੍ਰਾਹਮਣ ਲੋਕ ਯੱਗ ਅਤੇ ਪੂਜਾ ਕਰਦੇ ਹਨ ਅਤੇ ਖੱਤਰੀ ਲੜਦੇ ਸਨ। ਇਸ ਦਿਨ ਖੱਤਰੀ ਦੇ ਗਾਨਾ ਬੰਨ੍ਹਿਆ ਜਾਂਦਾ ਸੀ ਤਾਂ ਜੋ ਮੈਦਾਨ ਵਿੱਚ ਲੜਦੇ ਸਮੇਂ ਉਹਨਾਂ ਦੀ ਰੱਖਿਆ ਹੋ ਸਕੇ।ਰੱਖੜੀ ਬੰਨ੍ਹਣ  ਦਾ ਵੀ ਅਸਲੀ ਭਾਵ ਇਹੀ ਹੁੰਦਾ ਹੈ ਕਿ ਵੀਰ ਭੈਣਾਂ ਦੀ ਰੱਖਿਆ ਕਰਨ। ਇਸ ਤਰ੍ਹਾਂ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਵੀ ਔਕੜ ਸਮੇਂ ਰੱਖਿਆ ਕਰਨ ਜਾਂ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ ਹੋਈਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਇਹ ਤਿਉਹਾਰ ਭੈਣਾਂ ਅਤੇ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਵੀ ਮੰਨਿਆ ਜਾ ਸਕਦਾ ਹੈ। ਰੱਖੜੀ ਬੰਨਣ ਦਾ ਅਸਲ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਦੋਵੇਂ ਧਿਰਾਂ ਇਕ ਦੂਜੇ ਸੱਚੇ ਦਿਲੋਂ ਨੁੰ ਪਿਆਰ ਅਤੇ ਸਤਿਕਾਰ ਦੇਣ। ਅੱਜ ਦੇ ਯੁੱਗ ਵਿਚ ਕਹਿ ਲਓ ਜਾਂ ਕਲਯੁੱਗ ਵਿਚ ਕਹਿ ਲਓ, ਭੈਣ ਭਰਾ ਦਾ ਪਾਕ ਪਵਿੱਤਰ ਰਿਸ਼ਤਾ ਵੀ ਤਿੜਕ ਗਿਆ ਹੈ।

ਅੱਜ ਦੇ ਮਸ਼ੀਨੀ ਯੁੱਗ ਵਿੱਚ ਰਿਸ਼ਤੇ ਤਿੜਕਦੇ ਘੜੇ ਦੇ ਪਾਣੀ ਵਾਂਗ ਵਿਅਰਥ ਹੀ ਸਮਾਪਤ ਹੋ ਰਹੇ ਹਨ। ਨਿੱਕੇ ਹੁੰਦਿਆਂ ਵੀਰਾਂ ਦੇ ਸਾਹੀਂ ਜਿਊਣ ਵਾਲੀਆਂ ਭੈਣਾਂ ਵੀ ਜਦੋਂ ਉਨ੍ਹਾਂ ਦੇ ਧੀਆਂ ਪੁੱਤਾਂ ਦੇ ਕਾਰਜ ਹੋ ਜਾਣ ਮਾਮੇ ਛੱਕਾਂ ਪੂਰ ਦੇਣ ਤੇ ਉਨ੍ਹਾਂ ਦੇ ਸੱਸ ਸਹੁਰੇ ਦੇ ਮਰਨੇ ਪਰਨੇ ਵੀ ਵੱਡੇ ਕਰ ਆਉਣ ਤਾਂ ਉਹ ਭਰਾਵਾਂ ਨੁੰ ਬੇਲੋੜੀਆਂ ਚੀਜ਼ਾਂ ਵਾਂਗ  ਛੱਡ  ਦਿੰਦੀਆਂ ਹਨ। ਜਾਂ ਫਿਰ ਕਈ ਭੈਣਾਂ ਨੂੰ ਸਿਰਫ਼ ਮਹਿੰਗੇ ਤੋਂ ਮਹਿੰਗੇ ਤੋਹਫ਼ੇ ਲੈਣ ਤੱਕ ਮਤਲਬ ਰਹਿ ਜਾਂਦਾ ਹੈ। ਇਸ ਤਰ੍ਹਾਂ ਦੀਆਂ ਭੈਣਾਂ ਵੱਲ ਦੇਖ ਕੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਇਹੋ ਜਿਹੀਆਂ ਬੋਲੀਆਂ ਵੀ ਝੂਠੀਆਂ ਪੈ ਕੇ ਸ਼ਰਮਾ ਜਾਂਦੀਆਂ ਹਨ  ਜਿਸ ਵਿੱਚ ਇੱਕ ਭੈਣ ਰੱਬ ਅੱਗੇ ਤਰਲਾ ਕਰਦੀ ਹੋਈ ਕਹਿੰਦੀ ਹੈ :-

ਇੱਕ ਵੀਰ ਦੇਵੀਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ।        ਭੈਣ ਭਰਾ ਦੇ ਪਿਆਰ ਦੀ ਵਿਸ਼ਾਲਤਾ ਤਾਂ ਸਾਗਰਾਂ ਤੋਂ ਵੀ ਡੂੰਘੀ ਹੁੰਦੀ ਹੈ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦੇ ਪ੍ਰਗਟਾਵੇ ਦਾ ਰੂਪ ਹੁੰਦਾ ਹੈ ਜੋ ਕਿਸੇ ਵੀ ਸੰਦਰਭ ਤੋਂ ਬਹੁਤ ਮਹੱਤਵਪੂਰਨ ਮੌਕਾ ਹੁੰਦਾ ਹੈ। ਰੱਖੜੀ ਦੇ ਤਿਉਹਾਰ ਤੋਂ ਭੈਣਾਂ ਦੇ ਮਨਾਂ ਅੰਦਰ ਆਪਣੇ ਭਰਾਵਾਂ ਪ੍ਰਤੀ ਉੱਠਦੇ ਮੋਹ ਦੇ ਵਲਵਲੇ ਠਾਠਾਂ ਮਾਰਦੇ ਹੋਏ ਇਸ ਤਰ੍ਹਾਂ ਉਹਨਾਂ ਦੇ ਮੂੰਹੋਂ ਪ੍ਰਗਟ ਕੀਤੇ ਜਾਂਦੇ ਹਨ:-

ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ ,ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ।

ਅਜੋਕੇ ਸਮੇਂ ਵਿਚ ਲੋਭ ਨੇ ਪਦਾਰਥਕ ਲਾਲਸਾਵਾਂ ਕਾਰਨ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਕੁਝ ਤਰੇੜਾਂ ਅਤੇ ਸੌੜੀ ਸੋਚ ਅਤੇ ਉਹਨਾਂ ਵਿੱਚੋਂ ਉਸਰਦੀਆਂ ਨਕਾਰਾਤਮਕ ਭਾਵਨਾਵਾਂ ਇਸ ਕਦਰ ਭਰ ਦਿੱਤੀਆਂ ਹਨ ਕਿ ਕਈ ਵਾਰ ਸਹੁਰੇ ਘਰ ਮਜ਼ਬੂਰ ਬੈਠੀਆਂ ਭੈਣਾਂ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਆਉਂਦਾ ਹੈ:-

ਭੈਣ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਬਹਿਜੀਂ ਵੀਰਨਾ

ਸਮੇਂ ਦੀ ਤੇਜ਼ੀ ਅਤੇ ਪੈਸੇ ਦੀ ਦੌੜ ਕਾਰਨ ਅੱਜਕਲ ਰਿਸ਼ਤਿਆਂ ਵਿਚ ਪਹਿਲਾਂ ਵਾਲ਼ਾ ਨਿੱਘ ਤੇ ਨਜ਼ਦੀਕੀਆਂ ਨਹੀਂ ਰਹੀਆਂ ਹਨ।ਕਿਤੇ ਭਰਾ ਉੱਤੇ ਸਵਾਰਥ ਭਾਰੂ ਹੁੰਦਾ ਹੈ ਕਿਤੇ ਭੈਣ ਰਿਸ਼ਤੇ ਨਾਲੋਂ ਵੱਧ ਪਦਾਰਥਾਂ ਨੂੰ ਤਰਜੀਹ ਦਿੰਦੀ ਹੈ।ਪਰ ਭੈਣ ਅਤੇ ਭਰਾ ਵਾਲੇ ਇਸ ਪਵਿੱਤਰ ਰਿਸ਼ਤੇ ਉੱਤੇ ਸਵਾਰਥ ਅਤੇ ਪਦਾਰਥਾਂ ਦਾ ਭਾਰ ਸੁੱਟ ਕੇ ਇਸ ਨੂੰ ਦਫ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮਾਂ ਜਾਏ ਭੈਣ ਭਰਾ ਤਾਂ ਕਿਤੋਂ ਹੋਰ ਨਹੀਂ ਲੱਭ ਸਕਦੇ। ਭੈਣਾਂ ਦੇ ਮੂੰਹੋਂ ਇਹੋ ਜਿਹੀਆਂ ਭਾਵੁਕ ਭਾਵਨਾਵਾਂ ਗਿੱਧਿਆਂ ਵਿੱਚ ਵੀ ਸਹਿਜੇ ਹੀ ਜ਼ੁਬਾਨ ਤੇ ਆ ਜਾਂਦੀਆਂ ਹਨ:-

ਇੱਕ ਵੀਰ ਦੇਈਂ ਵੇ ਰੱਬਾ , ਸੌਂਹ ਖਾਣ ਨੂੰ ਬੜਾ ਚਿੱਤ ਕਰਦਾ”

ਇਸ ਤਰ੍ਹਾਂ ਸਾਰੀਆਂ ਭੈਣਾਂ ਅਤੇ ਭਰਾ ਇਸ ਪਵਿੱਤਰ ਰਿਸ਼ਤੇ ਨੂੰ ਸਿਰਫ਼ ਇਕ ਰਸਮ ਸਮਝ ਕੇ ਨਾ‌ ਮਨਾਉਣ ਬਲਕਿ ਇਸ ਦੇ ਪਿੱਛੇ ਛੁਪੀ ਹੋਈ ਪਰੰਪਰਾ ਨੂੰ ਜਿਊਂਦਿਆਂ ਰੱਖਣ ਲਈ ਵੀ ਤੱਤਪਰ ਰਹਿਣ। ਦੋ ਚਾਰ ਦਿਨ ਬਾਅਦ ਟੁੱਟ ਜਾਣ ਵਾਲੀ ਡੋਰ ਵਾਲਾ ਨਾਤਾ ਸਮਝਣ ਨਾਲੋਂ ਜ਼ਿਆਦਾ ਜ਼ੋਰ ਇਸ ਸੱਚੇ ਪਿਆਰ ਦੀ ਛਾਪ ਆਉਣ ਵਾਲੀਆਂ ਪੀੜ੍ਹੀਆਂ ਤੇ ਪਾਈ ਜਾਵੇ । ਇਸ ਤਰ੍ਹਾਂ ਭੈਣ ਅਤੇ ਭਰਾ ਦੇ ਪਿਆਰ ਦੀਆਂ ਮੋਹ ਵਾਲ਼ੀਆਂ ਤੰਦਾਂ ਪੀਡੀਆਂ ਤੇ ਪੀਡੀਆਂ ਹੀ ਕੀਤੀਆਂ ਜਾਣ। ਐਨੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਰੱਖਣ ਵਾਸਤੇ ਭੈਣ ਭਰਾ ਰੱਖੜੀ ਦੇ ਤਿਉਹਾਰ ਦੀ ਅਸਲੀ ਅਹਿਮੀਅਤ ਨੂੰ ਸਮਝਦੇ ਹੋਏ ਮਨਾਉਣ ਕਿਉਂ ਕਿ ਤਿਉਹਾਰਾਂ ਰਾਹੀਂ ਰਿਸ਼ਤਿਆਂ ਨੂੰ ਸਤਿਕਾਰਨਾ ਅਤੇ ਮਜ਼ਬੂਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…

9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article      ਭੇਦ
Next articleਭੂਟਾਨ ਵਿੱਚ ਰੋਮੀ ਨੇ ਜਿੱਤੇ ਦੋ ਸੋਨੇ ਤੇ ਇੱਕ ਚਾਂਦੀ ਦਾ ਤਮਗਾ