ਏਹੁ ਹਮਾਰਾ ਜੀਵਣਾ ਹੈ -367

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)-ਸਵੇਰ ਦਾ ਵਕ਼ਤ ਸੀ।ਸੁਮਨ ਘਰੋਂ ਨਿਕਲਣ ਲੱਗੀ ਤਾਂ ਉਸ ਦੇ ਪੁੱਤਰ ਨੇ ਉਸ ਨੂੰ ਅਵਾਜ਼ ਮਾਰੀ ਤੇ ਕਿਹਾ,” ਮੰਮੀ , ਮੈਂ ਤੇਰੇ ਉੱਠਣ ਦੀ ਉਡੀਕ ਈ ਕਰਦਾ ਸੀ…. ਮੈਨੂੰ ਤਾਂ ਅੱਧੀ ਰਾਤ ਤੋਂ ਈ ਬਹੁਤ ਪਿਆਸ ਲੱਗੀ ਏ…. ਮੈਂ ਥੋਨੂੰ ਹਾਕ ਨੀ ਮਾਰੀ ….. ਮੈਂ ਸੋਚਿਆ ਕਾਹਨੂੰ ਨੀਂਦ ਖਰਾਬ ਕਰਨੀ ਆ……..ਔਹ! ਪਾਣੀ ਦਾ ਗਿਲਾਸ ਫੜਾ ਦਿਓ।” ਹਜੇ ਸੁਮਨ ਆਪਣੇ ਪੁੱਤਰ ਜੀਤੇ ਨੂੰ ਪਾਣੀ ਫੜਾ ਰਹੀ ਹੁੰਦੀ ਹੈ ਕਿ ਉਸ ਦਾ ਪਤੀ ਖੰਘਦਾ ਹੋਇਆ ਬੋਲਿਆ,” ਸੁਮਨ ਤੂੰ ਸੈਰ ਕਰਨ ਚੱਲੀ ਏਂ ….. ਚੱਲ ਆ ਕੇ ਚਾਹ ਬਣਾ ਦੇਵੀਂ ………ਮੇਰਾ ਸਰੀਰ ਬਹੁਤ ਟੁੱਟ ਰਿਹੈ…!” ਸੁਮਨ ਦੀ ਧੀ ਅੰਦਰ ਪਈ ਦਰਦ ਨਾਲ ਕੁਰਲਾ ਰਹੀ ਸੀ। ਉਹ ਉਸ ਨੂੰ ਦਵਾਈ ਦੇ ਕੇ ਜਲਦੀ ਨਾਲ ਬਾਹਰਲਾ ਦਰਵਾਜ਼ਾ ਖੋਲ੍ਹ ਕੇ ਬਾਹਰ ਚਲੀ ਜਾਂਦੀ ਹੈ।ਉਹ ਤੇਜ਼ ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਜਿਵੇਂ ਕਿਤੇ ਉਸ ਨੂੰ ਜਾਣ ਦੀ ਬਹੁਤ ਕਾਹਲੀ ਹੋਏ।
                    ਸਵੇਰ ਨੂੰ ਸੈਰ ਕਰਨ ਤਾਂ ਉਹ ਹਰ ਰੋਜ਼ ਹੀ ਜਾਂਦੀ ਸੀ ਪਰ ਅੱਜ ਉਹ ਕੁਝ ਉੱਖੜੀ ਉੱਖੜੀ, ਸੋਚਾਂ ਵਿੱਚ ਡੁੱਬੀ ਇੰਝ ਤੁਰੀ ਜਾ ਰਹੀ ਸੀ ਜਿਵੇਂ ਆਪਣੇ ਸਿਰੋਂ ਕੋਈ ਬੋਝ ਲਾਹੁਣ ਚੱਲੀ ਹੋਵੇ। ਉਸ ਦੇ ਤੁਰੀ ਜਾਂਦੀ ਦੇ ਉਸ ਦੀਆਂ ਸੋਚਾਂ ਦੇ ਨਾਲ ਨਾਲ਼ ਉਸ ਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਰਹੇ ਸਨ। ਉਹ ਨਹਿਰ ਤੇ ਪੁੱਜੀ ਤਾਂ ਨਹਿਰ ਸੁੱਕੀ ਪਈ ਸੀ।ਨਹਿਰ ਦੇ ਪੁਲ ਦੀ ਕੰਧੜੀ ਤੇ ਪੰਜ ਕੁ ਮਿੰਟ ਬੈਠ ਕੇ ਕੁਝ ਸੋਚਦੀ ਰਹੀ ਤੇ ਫਿਰ ਘਰ ਵੱਲ ਨੂੰ ਮੋੜੇ ਪਾਉਣ ਲੱਗੀ ਤੇ ਹਉਕਾ ਲੈ ਕੇ ਆਖਦੀ ਹੈ,”ਚੰਗਾ ਪਰਮਾਤਮਾ! ਜਿਵੇਂ ਤੇਰੀ ਮਰਜ਼ੀ…..ਖਬਰੈ ਹੋਰ ਕਿੰਨੇ ਕੁ ਇਮਤਿਹਾਨ ਲੈਣੇ ਆ……!”
                ਦਰ ਅਸਲ ਸੁਮਨ ਦਾ ਪਤੀ ਹਰਨਾਮ ਪਹਿਲਾਂ ਬੜਾ ਸੋਹਣਾ ਕੰਮ ਤੇ ਜਾਂਦਾ ਸੀ ਤੇ ਕਮਾਈ ਵੀ ਬਹੁਤ ਵਧੀਆ ਸੀ।ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਸੀ। ਜੀਤਾ ਕਾਲਜ ਪੜ੍ਹਦਾ ਸੀ।ਉਸ ਦਾ ਐਮ ਬੀ ਏ ਦਾ ਆਖਰੀ ਸਾਲ ਹੀ ਸੀ ਕਿ ਇੱਕ ਦਿਨ ਕਾਲਜ ਤੋਂ ਆਉਂਦੇ ਉਸ ਦੇ ਮੋਟਰਸਾਈਕਲ ਵਿੱਚ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਸੀ ਜਿਸ ਕਰਕੇ ਉਸ ਦੀ ਲੱਤ ਦੀ ਹੱਡੀ ਦੋ ਥਾਂ ਤੋਂ ਟੁੱਟ ਗਈ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਹਰਨਾਮ ਨੂੰ ਹਲਕਾ ਹਲਕਾ ਲਗਾਤਾਰ ਬੁਖਾਰ ਰਹਿਣ ਲੱਗਿਆ ਸੀ, ਡਾਕਟਰੀ ਰਿਪੋਰਟ ਵਿੱਚ ਉਸ ਨੂੰ ਕੈਂਸਰ ਨਿਕਲ ਆਇਆ ਸੀ ਤੇ ਓਧਰ ਉਸ ਦਾ ਇਲਾਜ ਕਰਵਾਉਣ ਲੱਗੀ। ਛੋਟੀ ਕੁੜੀ ਬਚਪਨ ਵਿੱਚ ਹੀ ਪੋਲੀਓ ਕਰਕੇ ਦੋਵੇਂ ਲੱਤਾਂ ਤੋਂ ਅਪਾਹਜ ਹੋਈ ਬੈਠੀ ਸੀ। ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਘਰੋਂ ਖੱਲਾਂ ਖੂੰਜਿਆਂ ਚੋਂ ਹੂੰਝ ਕੇ ਸਾਰੇ ਪੈਸੇ ਖ਼ਰਚ ਕਰਕੇ ਪੈਸੇ ਦੀ ਤੰਗੀ, ਉੱਤੋਂ ਤਿੰਨਾਂ ਦਾ ਬੋਝ ਇਸ ਨੂੰ ਹੀ ਉਠਾਉਣਾ ਪੈ ਰਿਹਾ ਸੀ। ਹੁਣ ਸਾਰਿਆਂ ਦੇ ਇਲਾਜ ਲਈ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ। ਇਸੇ ਲਈ ਉਹ ਬਹੁਤ ਪ੍ਰੇਸ਼ਾਨ ਸੀ ਤੇ ਉਹ ਆਤਮਹੱਤਿਆ ਕਰਨ ਲਈ ਨਹਿਰ ਤੇ ਪੁੱਜੀ ਸੀ।
                ਉੱਥੋਂ ਤੁਰਨ ਲੱਗੀ ਦੇ ਮਨ ਵਿੱਚੋਂ ਆਪਣੇ ਅੰਦਰੋਂ ਹੀ ਅਵਾਜ਼ ਆਉਂਦੀ ਹੈ,” ਹੈਂ! ਮੈਂ ਇਹ ਕੀ ਕਰਨ ਲੱਗੀ ਸੀ…….. ਉਹ ਜਿਹੜੇ ਤਿੰਨੋਂ ਲਾਚਾਰ ਮੇਰੇ ਮੂੰਹ ਵੱਲ ਤੱਕਦੇ ਰਹਿੰਦੇ ਹਨ…… ਜਿਹਨਾਂ ਨੂੰ ਮੇਰੇ ਸਿਵਾਏ ਕੋਈ ਹੋਰ ਪੁੱਛਣ ਵਾਲ਼ਾ ਨਹੀਂ….. ਮੈਂ ਉਨ੍ਹਾਂ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ…..?. ‌‌…..ਮੇਰੀ ਤਾਂ ਮੱਤ ਮਾਰੀ ਗਈ ਸੀ…….! ਹੇ ਪਰਮਾਤਮਾ! ਤੂੰ ਬਹੁਤ ਬੇਅੰਤ ਹੈਂ…… ਜੇ ਨਹਿਰ ਚਲਦੀ ਹੁੰਦੀ….. ਤਾਂ…… ਤਾਂ………!”(ਸੋਚ ਕੇ ਚੀਕ ਮਾਰਦੀ ਹੈ) ਫਿਰ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਹ ਜ਼ਿੰਦਗੀ ਵਿੱਚ ਕਦੇ ਅਜਿਹਾ ਨਹੀਂ ਸੋਚੇਗੀ,ਚਾਹੇ ਉਸ ਨੂੰ ਕਿੰਨੇ ਵੀ ਸਖ਼ਤ ਹਾਲਾਤਾਂ ਵਿੱਚੋਂ ਲੰਘਣਾ ਪਵੇ। ਉਹ ਕਾਹਲੀ ਨਾਲ ਵਾਪਸ ਘਰ ਪਹੁੰਚਦੀ ਹੈ ਤਾਂ ਪਤੀ ਉਸ ਨੂੰ ਪੁੱਛਦਾ ਹੈ,” ਅੱਜ ਸੈਰ ਨੂੰ ਬੜੀ ਦੇਰ ਲੱਗ ਗਈ…. ਮੇਰੇ ਬੜਾ ਦਰਦ ਉੱਠਦਾ …. ਦਵਾਈ ਦੇ ਦੇ।” ਜੀਤਾ ਤੇ ਛੋਟੀ ਕੁੜੀ ਵੀ ਆਪਣੀ ਮਾਂ ਦੀ ਉਡੀਕ ਕਰ ਰਹੇ ਸਨ। ਮਾਂ ਦੇ ਅੰਦਰ ਸਾਰੇ ਲਾਚਾਰ ਜਿਹੇ ਆਪਣੇ ਪਰਿਵਾਰ ਦੇ ਜੀਆਂ ਦੇ ਚਿਹਰੇ ਤੇ ਇੱਕਦਮ ਖੁਸ਼ੀ ਆ ਗਈ।
(ਇਹ ਸਭ ਕੁਝ ਸੁਮਨ ਆਪਣੀ ਨਵੀਂ ਵਿਆਹੀ ਨੂੰਹ ਨੂੰ ਘਰ ਦੀ ਬਗੀਚੀ ਵਿੱਚ ਬੈਠੀ ਤਿੰਨ ਵਰ੍ਹੇ ਪਹਿਲਾਂ ਦੀ ਗੱਲ ਦੱਸ ਰਹੀ ਸੀ।)
ਉਸ ਦੀ ਨੂੰਹ ਪੁੱਛਦੀ ਹੈ,” ਫ਼ੇਰ ਕੀ ਹੋਇਆ ਮੰਮੀ ਜੀ…..?”
        ” ਬੱਸ ਫੇਰ ਕੀ ਸੀ, ਮੈਂ ਘਰ ਵੇਚ ਦਿੱਤਾ, ਇਲਾਜ ਕਰਵਾ ਕੇ ਮਹੀਨੇ ਬਾਅਦ ਜੀਤਾ ਠੀਕ ਹੋ ਗਿਆ ਤੇ ਅਸੀਂ ਦੋਨੋਂ ਜਾਣੇ ਤੁਹਾਡੇ ਪਾਪਾ ਦਾ ਇਲਾਜ ਕਰਵਾਉਂਦੇ ਰਹੇ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ, ਤਿੰਨ ਕੁ ਮਹੀਨੇ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ । ਜੀਤੇ ਦੀ ਐਮ ਬੀ ਏ ਪੂਰੀ ਹੋ ਕੇ ਨੌਕਰੀ ਮਿਲ ਗਈ। ਜਿਹੜੇ ਪੈਸੇ ਬਚਦੇ ਸਨ ਉਹਨਾਂ ਦਾ ਪਲਾਟ ਲੈ ਲਿਆ ਸੀ ਤੇ ਜੀਤੇ ਨੇ ਇਹ ਘਰ ਬਣਾ ਲਿਆ। ਛੋਟੀ ਕੁੜੀ ਨੂੰ ਤੂੰ ਆਪਣੀ ਮਾਂ ਵਰਗੀ ਪਿਆਰੀ ਭਾਬੀ ਮਿਲ਼ ਗਈ ਹੈਂ ,ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ….. ਹੋਰ ਪਰਮਾਤਮਾ ਤੋਂ ਸਾਨੂੰ ਕੀ‌ ਚਾਹੀਦਾ!”
          “ਬੇਟਾ !ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਔਖਾ ਸਮਾਂ ਆ ਜਾਏ, ਕਦੇ ਉਹ ਗਲਤ ਕਦਮ ਨਹੀਂ ਉਠਾਉਣਾ  ਚਾਹੀਦਾ ਜੋ ਮੈਂ ਉਸ ਵੇਲੇ ਉਠਾਉਣ ਲੱਗੀ ਸੀ। ਉਹ ਸਭ ਸੋਚ ਕੇ ਮੇਰੀ ਰੂਹ ਕੰਬ ਜਾਂਦੀ ਹੈ ਕਿ ਮੈਂ ਇਹਨਾਂ ਸਭ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ। ਜਿਵੇਂ ਹਰ ਰਾਤ ਤੋਂ ਬਾਅਦ ਦਿਨ ਨੇ ਚੜ੍ਹਨਾ ਹੀ ਹੁੰਦਾ ਹੈ, ਉਸੇ ਤਰ੍ਹਾਂ ਔਖੇ ਵੇਲੇ ਤੋਂ ਬਾਅਦ ਚੰਗੇ ਦਿਨ ਵੀ ਆਉਂਦੇ ਹੀ ਹਨ। ਬੱਸ ਔਖ਼ੇ ਵੇਲ਼ੇ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ  ਕਿਉਂਕਿ ਅਸਲੀ ਏਹੁ ਹਮਾਰਾ ਜੀਵਣਾ ਹੈ।”
ਬਰਜਿੰਦਰ ਕੌਰ ਬਿਸਰਾਓ
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMoonstruck! From US to South Africa — a ‘proud day’ for Indian diaspora
Next articleਪੱਤਰਕਾਰ ‘ਜਗੀਰ ਸਿੰਘ ਜਗਤਾਰ ਦੀਆਂ ਸੰਪਾਦਕੀ ਰਚਨਾਵਾਂ’ ਪੁਸਤਕ ਹੋਈ ਲੋਕ ਅਰਪਣ