ਏਹੁ ਹਮਾਰਾ ਜੀਵਣਾ ਹੈ -329

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)ਸੁਮਨ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਦੀ ਇੰਟਰਵਿਊ ਦੇਣ ਲਈ ਗਈ। ਉੱਥੇ ਕੋਈ ਵੀਹ ਕੁ ਜਣੇ ਆਪਣੇ ਆਪਣੇ ਕਾਗਜ਼ ਰਿਸੈਪਸ਼ਨਿਸਟ ਕੋਲ਼ ਜਮ੍ਹਾਂ ਕਰਵਾ ਰਹੇ ਸਨ। ਰਿਸੈਪਸ਼ਨਿਸਟ ਸਰੀਰਕ ਦਿੱਖ ਤੋਂ ਕਾਫ਼ੀ ਮੋਟੀ ਜਿਹੀ ਪਰ ਸੁਭਾਅ ਪੱਖੋਂ ਥੋੜ੍ਹੀ ਜਿਹੀ ਖੁਸ਼ਮਿਜ਼ਾਜ਼ ਲੱਗਦੀ ਸੀ। ਗੱਲ ਕਰਨ ਸਮੇਂ ਜਾਂ ਲਿਖਾ ਪੜ੍ਹੀ ਕਰਨ ਸਮੇਂ ਅੰਗਰੇਜ਼ੀ ਵੀ ਕੰਮ ਸਾਰਨ ਜਿੰਨੀ ਕੁ ਵਰਤਦੀ ਸੀ। ਸੁਮਨ ਸੋਚ ਰਹੀ ਸੀ ਕਿ ਆਮ ਤੌਰ ਤੇ ਪ੍ਰਾਈਵੇਟ ਕੰਪਨੀਆਂ ਵਾਲੇ ਰਿਸੈਪਸ਼ਨਿਸਟ ਇਸ ਤੋਂ ਉਲਟ ਖੂਬੀਆਂ ਵਾਲੇ ਨੂੰ ਹੀ ਰੱਖਦੇ ਹਨ ਜਿਸ ਤੋਂ ਉਸ ਨੂੰ ਲੱਗਿਆ ਕਿ  ਉਸ ਨੂੰ ਸਿਫਾਰਸ਼ ਤੇ ਰੱਖਿਆ ਹੋਇਆ ਹੋਵੇਗਾ ।ਉਸ ਨੂੰ ਦੇਖ ਕੇ ਉਹ ਇਹ ਵੀ ਸੋਚ ਰਹੀ ਸੀ ਕਿ ਪਤਾ ਨਹੀਂ ਉਸ ਨੂੰ ਨੌਕਰੀ ਮਿਲੇਗੀ ਜਾਂ ਨਹੀਂ , ਜਾਂ ਫਿਰ ਇੱਥੇ ਵੀ ਕੋਈ ਸਿਫਾਰਸ਼ ਵਾਲ਼ਾ ਹੀ ਰੱਖ ਲਿਆ ਜਾਵੇਗਾ।

           ਆਖ਼ਰ ਸੁਮਨ ਨੂੰ ਨੌਕਰੀ ਮਿਲ਼ ਹੀ ਗਈ,ਜੋ ਉਸ ਦੇ ਮਨ ਵਿੱਚ ਡਰ ਸੀ ਉਹ ਦੂਰ ਹੋ ਗਿਆ ਸੀ। ਸੁਮਨ ਹਰ ਰੋਜ਼ ਸਕੂਲ ਡਿਊਟੀ ਤੇ ਜਾਣ ਆਉਣ ਲੱਗੀ। ਰਿਸੈਪਸ਼ਨਿਸਟ ਤੱਕ ਉਸ ਦਾ ਵਾਹ ਸਿਰਫ਼ ਸਵੇਰੇ ਤੇ ਸ਼ਾਮ ਹਾਜ਼ਰੀ ਲਾਉਣ ਵੇਲੇ ‘ਗੁੱਡ ਮੋਰਨਿੰਗ ‘ ਜਿੰਨਾਂ ਹੀ ਪੈਂਦਾ ਸੀ। ਸੁਮਨ ਦੀ ਕਦੇ ਉਸ ਨਾਲ ਇਸ ਤੋਂ ਵੱਧ ਗੱਲ ਨਾ ਹੋਈ। ਨਾ ਹੀ ਉਸ ਨੇ ਉਸ ਨੂੰ ਕਦੇ ਸਕੂਲ ਨੂੰ ਆਉਂਦੇ ਜਾਂ ਜਾਂਦੇ ਦੇਖਿਆ ਸੀ ਕਿ ਜਿਸ ਤੋਂ ਪਤਾ ਲੱਗਦਾ ਕਿ ਉਹ ਆਪ ਆਉਂਦੀ ਸੀ ਜਾਂ ਉਸ ਦੇ ਹਸਬੈਂਡ ਛੱਡ ਕੇ ਜਾਂਦੇ ਸਨ। ਦੋ ਕੁ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਸ ਦਾ ਬੇਟਾ ਜਗਮੀਤ ਵੀ ਉਸੇ ਸਕੂਲ ਵਿੱਚ ਪੜ੍ਹਦਾ ਸੀ ਤੇ ਉਹ ਵੀ ਸੁਮਨ ਦੀ ਜਮਾਤ ਵਿੱਚ ਹੀ ਜਿਸ ਦੀ ਉਹ ਇੰਚਾਰਜ ਹੈ, ਜਦੋਂ ਉਹ ਆਪ ਅੱਧੀ ਛੁੱਟੀ ਵੇਲੇ ਕੱਲ੍ਹ ਨਾ ਆਉਣ ਲਈ ਉਸ ਦੀ ਛੁੱਟੀ ਲੈਣ ਲਈ ਅਰਜ਼ੀ ਦੇਣ ਆਈ ਸੀ। ਫਿਰ ਸੁਮਨ ਉਸ ਨਾਲ਼ ਥੋੜ੍ਹੀ ਬਹੁਤ ਹੋਰ ਗੱਲ ਕਰਨ ਲੱਗੀ।ਕਦੇ ਜਗਮੀਤ ਦੇ ਟੈਸਟ ਵਿੱਚੋਂ ਘੱਟ ਨੰਬਰ ਆਉਣ ਤੇ,ਕਦੇ ਜਮਾਤ ਵਿੱਚ ਸ਼ਰਾਰਤਾਂ ਕਰਨ ਤੇ ਜਾਂ ਫਿਰ ਉਸ ਨੂੰ ਕਿਸੇ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਆਖਣ ਬਾਰੇ।
              ਇੱਕ ਦਿਨ ਫਿਰ ਰਿਸੈਪਸ਼ਨਿਸਟ ਆਪਣੇ ਬੇਟੇ ਦੀ ਛੁੱਟੀ ਲਈ ਅਰਜ਼ੀ ਦੇਣ ਆਈ ਤਾਂ ਸੁਮਨ ਨੇ ਜਾਣ ਪਛਾਣ ਵਧਾਉਣ ਦੇ ਮਕਸਦ ਨਾਲ ਅਗਾਂਹ ਗੱਲ ਤੋਰੀ ,”ਪ੍ਰੀਤੀ ਮੈਡਮ, ਜਗਮੀਤ ਦੇ ਅੱਜ ਮੈਥ ਦੇ ਟੈਸਟ ਵਿੱਚੋਂ ਨੰਬਰ ਬਹੁਤ ਘੱਟ ਆਏ ਨੇ… ਹੁਣ ਪੇਪਰ ਆਉਣ ਵਾਲੇ ਨੇ … ਤੁਸੀਂ ਇਸਨੂੰ ਬਹੁਤੀਆਂ ਛੁੱਟੀਆਂ ਨਾ ਕਰਵਾਇਆ ਕਰੋ।”
“ਜਿਸ ਦਿਨ ਫਿਰ ਮੈਂ ਨਾ ਆਉਣਾ ਹੋਵੇ…… ਉਸ ਦਿਨ ਔਖਾ ਹੋ ਜਾਂਦਾ ਹੈ…. ਮਜ਼ਬੂਰੀ ਵਿੱਚ ਹੀ ਕਰਵਾਉਣੀ ਪੈਂਦੀ ਹੈ….!” ਉਸ ਨੇ ਜਵਾਬ ਦਿੱਤਾ।
“ਤੁਹਾਡੇ ਹਸਬੈਂਡ ਛੱਡ ਜਾਇਆ ਕਰਨ….!” ਸੁਮਨ ਨੇ ਸਲਾਹ ਦਿੱਤੀ।
“ਉਹ…..ਹੈ ਨਹੀਂ…..।” ਰਿਸੈਪਸ਼ਨਿਸਟ ਨੇ ਤਿੰਨ ਅੱਖਰਾਂ ਵਿੱਚ ਗੱਲ ਸਪਸ਼ਟ ਕੀਤੀ।
ਸੁਮਨ ਵੀ ਚੁੱਪ ਕਰ ਗਈ ਤੇ ਉਹ ਵੀ ਕੱਲ੍ਹ ਦੀ ਅਰਜ਼ੀ ਫੜਾ ਕੇ ਚਲੀ ਗਈ। ਸੁਮਨ ਦੇ ਦਿਮਾਗ ਵਿੱਚ ਉਸ ਦੇ ਮੇਕ ਅੱਪ ਅਤੇ ਕੱਪੜੇ ਪਹਿਨਣ ਦੇ ਤੌਰ ਤਰੀਕਿਆਂ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਉੱਠਦੇ ਹਨ।
          ਇੱਕ ਦਿਨ ਉਸ ਨੇ ਸਵੇਰੇ ਸਵੇਰੇ ਹੀ ਸੁਮਨ ਨੂੰ ਹਾਜ਼ਰੀ ਲਾਉਂਦੇ ਵੇਲੇ ਹੀ ਕਹਿ ਦਿੱਤਾ ਕਿ ਉਹ ਜਗਮੀਤ ਦਾ ਪੇਪਰ ਘੰਟੇ ਕੁ ਚ ਲੈ ਲਵੇ ਤਾਂ ਜੋ ਉਸ ਨੇ ਛੁੱਟੀ ਲੈ ਕੇ ਜਾਣਾ ਹੈ। ਸੁਮਨ ਨੇ ਜਮਾਤ ਦੀ ਇੰਚਾਰਜ ਹੋਣ ਦੇ ਨਾਤੇ ਕਿਹਾ ,”ਮੈਡਮ …. ਅੱਜ ਅੰਗਰੇਜ਼ੀ ਦਾ ਪੇਪਰ ਐ ….. ਤੁਸੀਂ ਅੱਜ ਤਾਂ ਇਸ ਨੂੰ ਛੁੱਟੀ ਨਾ ਕਰਵਾਉਂਦੇ…. ।”
“ਕੀ ਕਰਾਂ ਬਹੁਤ ਵੱਡੀ ਮਜ਼ਬੂਰੀ ਹੈ…..!”
“ਇਸ ਦਾ ਫਾਈਨਲ ਪੇਪਰ ਐ….. ਬੱਚਿਆਂ ਦੇ ਭਵਿੱਖ ਤੋਂ ਵੱਡੀ ਤਾਂ ਮੈਡਮ ਕੋਈ ਮਜ਼ਬੂਰੀ ਨਹੀਂ ਹੋ ਸਕਦੀ…।”
” ਕਚਹਿਰੀ….ਤਰੀਕ ਤੇ ਜਾਣਾ…..।”
“ਇਸ ਨੂੰ ਨਾਲ਼ ਲੈ ਕੇ…..?” ਸੁਮਨ ਹੈਰਾਨ ਹੋ ਕੇ ਪੁੱਛਦੀ ਹੈ।
“ਹਾਂ….. ਇਹਦਾ ਜਾਣਾ ਵੀ ਜ਼ਰੂਰੀ ਹੈ।”
“ਕਿਸ ਕੇਸ ਵਿੱਚ ਮੈਮ….?”
ਇਹਦੇ ਪਿਓ ਦਾ ਸਿਆਪਾ ਕਰਨਾ….।” ਰਿਸੈਪਸ਼ਨਿਸਟ ਬੋਲੀ।
ਸੁਮਨ ਉਸ ਦੀ ਇਹ ਬੋਲੀ ਸੁਣ ਕੇ ਇੱਕ ਦਮ ਬੋਲੀ,”ਮੈਮ….ਇਹ ਕੀ ਕਹਿ ਰਹੇ ਹੋ….।”
“ਤਿੰਨ ਸਾਲ ਪਹਿਲਾਂ…..ਮੇਰਾ ਘਰ ਬਹੁਤ ਵਧੀਆ ਵਸਿਆ ਹੋਇਆ ਸੀ….ਪਰ ਅਚਾਨਕ ਮੇਰੇ ਦਿਓਰ ਦੀ ਡੈਥ ਹੋ ਗਈ  ….. ਸਾਰਿਆਂ ਨੇ ਆਪਣੀ ਰਜ਼ਾਮੰਦੀ ਨਾਲ ਮੈਨੂੰ ਬਿਨਾਂ ਪੁੱਛੇ…. ਮੇਰੀ ਦਰਾਣੀ ਨੂੰ ਮੇਰੇ ਆਦਮੀ ਦੇ ਸਿਰ ਧਰ ਦਿੱਤਾ…. ਉਸ ਤੋਂ ਬਾਅਦ ਮੈਂ ਪੇਕੇ ਆ ਗਈ….. ਉਹਨਾਂ ਨੇ ਮੈਨੂੰ ਇੱਥੇ ਨੌਕਰੀ ਤੇ ਲਾ ਦਿੱਤਾ….. ਕਿਉਂ ਕਿ ਸਕੂਲ ਦੇ ਮਾਲਕ ਮੇਰੇ ਮਾਮਾ ਜੀ ਨੇ…. ਤੇ ….ਜਗਮੀਤ ਦਾ ਹੱਕ ਲੈਣ ਲਈ ਕਾਨੂੰਨੀ ਲੜਾਈ ਲੜ ਰਹੀ ਆਂ….. ਵਿਧਵਾ ਮੇਰੀ ਦਰਾਣੀ ਥੋੜ੍ਹਾ ਨਾ ਹੋਈ….. ਵਿਧਵਾ ਤਾਂ ਮੈਂ ਹੋ ਗਈ….ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਇਸ ਸਮਾਜ ਦੀਆਂ ਪੁੱਠੀਆਂ ਰੀਤਾਂ ਨੇ…..।” ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ।
ਸੁਮਨ ਉਸ ਦੀ ਗੱਲ ਸੁਣ ਕੇ ਇੱਕ ਦਮ ਚੁੱਪ ਹੋ ਗਈ….ਤੇ ਬਹੁਤ ਦੇਰ “ਪੁੱਠੀਆਂ ਰੀਤਾਂ” ਸ਼ਬਦ ਉਸ ਦੇ ਦਿਮਾਗ਼ ਵਿੱਚ ਗੂੰਜਦਾ ਰਿਹਾ ਤੇ ਸਮਾਜ ਦੀ ਚਲਾਈ ਇਸ ਪੁੱਠੀ ਰੀਤ ਬਾਰੇ ਸੋਚਦੀ ਰਹੀ ਕਿ ਕੀ ਏਹੁ ਹਮਾਰਾ ਜੀਵਣਾ ਹੈ ਕਿ ਇੱਕ ਔਰਤ ਨੂੰ ਵਸਾਉਣ ਲਈ ਦੂਜੀ ਨੂੰ ਉਜਾੜ ਦਿੱਤਾ ਜਾਵੇ?
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਰਾ ਹਲਕਾ ਮੇਰੇ ਲੋਕ’ ਮੁਹਿੰਮ ਤਹਿਤ ਡੇਂਗੂ ਜਾਗਰੂਕਤਾ ਰੈਲੀ ਕੱਢੀ
Next articleਮੈਂ ਕਿਉਂ ਰੋਵਾਂ?