ਏਹੁ ਹਮਾਰਾ ਜੀਵਣਾ ਹੈ -311

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸਰੋਜ ਆਪਣੇ ਪਤੀ ਰਜੇਸ਼ ਅਤੇ ਦੋ ਬੱਚਿਆਂ ਸੀਮਾ ਤੇ ਰਾਹੁਲ ਨਾਲ ਠੀਕ ਠਾਕ ਜਿਹਾ ਜੀਵਨ ਬਤੀਤ ਕਰ ਰਹੀ ਸੀ।ਉਂਝ ਤਾਂ ਚਾਹੇ ਆਪਸ ਵਿੱਚ ਸਾਰਾ ਪਰਿਵਾਰ ਬਹੁਤ ਪਿਆਰ ਨਾਲ ਰਹਿੰਦੇ ਸਨ ਪਰ ਉਹ ਕਦੇ ਨਾ ਤਾਂ ਬਹੁਤ ਮਹਿੰਗੇ ਮਹਿੰਗੇ ਕੱਪੜੇ ਪਾਉਂਦੀ ਸੀ ਤੇ ਨਾ ਹੀ ਉਹ ਬਹੁਤੀ ਫੂੰ -ਫਾਂ ਕਰਦੀ ਸੀ। ਉਹ ਸੁਭਾਅ ਪੱਖੋਂ ਬਹੁਤ ਸਾਊ ਅਤੇ ਸ਼ਰੀਫ਼ ਜਿਹੀ ਔਰਤ ਸੀ। ਉਹ ਧਾਰਮਿਕ ਵੀ ਹੱਦੋਂ ਵੱਧ ਸੀ। ਉਸ ਨੇ ਸਵੇਰੇ ਸਵੇਰੇ ਵੀ ਨ੍ਹਾ ਧੋ ਕੇ ਹੱਥ ਵਿੱਚ ਜੋਤ ਲਾਉਣ ਦਾ ਸਮਾਨ ਫੜੀ ਨੰਗੇ ਪੈਰੀਂ ਮੂੰਹ ਵਿੱਚ ਬੁੜ ਬੁੜ ਕਰਦੀ ਨੇ ਬਿਨਾਂ ਨਾਗਾ ਮੰਦਰ ਜਾਣਾ ,ਚਾਹੇ ਮੀਂਹ,ਨ੍ਹੇਰੀ ਜਾਂ ਕੜਾਕੇ ਦੀ ਠੰਢ,ਗਰਮੀ ਜਾਂ ਧੁੰਦ ਹੋਵੇ।

ਇਸੇ ਤਰ੍ਹਾਂ ਸ਼ਾਮ ਨੂੰ ਦਿਨ ਛਿਪਦਿਆਂ ਹੀ ਨੰਗੇ ਪੈਰੀਂ ਮੰਦਰ ਜਾਣਾ। ਇਹ ਤਾਂ ਹਰ ਔਰਤ ਦੇ ਸੁਭਾਅ ਵਿੱਚ ਹੀ ਹੁੰਦਾ ਹੈ ਕਿ ਸਾਰੇ ਘਰ ਦੀ ਖ਼ੈਰ ਸੁੱਖ ਮੰਗਣਾ, ਆਦਮੀ ਦੇ ਕਾਰੋਬਾਰ ਵਿੱਚ ਵਾਧੇ ਲਈ ਦੁਆਵਾਂ ਜਾਂ ਬੱਚਿਆਂ ਦੀ ਬਿਹਤਰ ਜ਼ਿੰਦਗੀ ਦੀਆਂ ਕਾਮਨਾਂ ਕਰਨੀਆਂ। ਉਹ ਵੀ ਕਿੰਨੀ ਭਾਵਨਾ ਨਾਲ ਜਾਂਦੀ ਸੀ। ਕਿੰਨੇ ਵਰ੍ਹੇ ਹੋ ਗਏ ਸਨ ਉਸ ਨੂੰ ਆਪਣੇ ਪਰਿਵਾਰ ਦੀ ਖੈਰ ਸੁੱਖ ਮੰਗਦੀ ਨੂੰ,ਪਰ ਪਰਿਵਾਰ ਦਾ ਹੋਰ ਕੋਈ ਜੀਅ ਤਾਂ ਬਹੁਤਾ ਕਦੇ ਇਸ ਤਰ੍ਹਾਂ ਸ਼ਿੱਦਤ ਨਾਲ ਮੰਦਰ ਜਾਂਦਾ ਵੇਖਿਆ ਨਹੀਂ ਸੀ, ਸ਼ਾਇਦ ਉਹਨਾਂ ਦੇ ਹਿੱਸੇ ਦੀਆਂ ਦੁਆਵਾਂ ਮੰਗਣ ਦਾ ਠੇਕਾ ਵੀ ਸਰੋਜ ਨੇ ਲੈ ਰੱਖਿਆ ਸੀ। ਬੱਚੇ ਇਮਤਿਹਾਨਾਂ ਵੇਲੇ ਜ਼ਰੂਰ ਮੱਥਾ ਟੇਕਣ ਜਾਂਦੇ ਸਨ।

ਇੱਕ ਦਿਨ ਸਰੋਜ ਨੂੰ ਬੁਖਾਰ ਹੋ ਗਿਆ। ਉਹ ਦੋ ਤਿੰਨ ਦਿਨ ਉਵੇਂ ਬੁਖਾਰ ਵਿੱਚ ਵੀ ਸਵੇਰੇ ਸ਼ਾਮ ਮੰਦਰ ਮੱਥਾ ਟੇਕਣ ਜਾਂਦੀ ਰਹੀ। ਪਰ ਬੁਖਾਰ ਵਿਗੜ ਜਾਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪਰ ਅੱਠਾਂ ਦਸਾਂ ਦਿਨਾਂ ਬਾਅਦ ਪਤਾ ਲੱਗਿਆ ਕਿ ਉਹ ਤਾਂ ਐਮਰਜੈਂਸੀ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ। ਉਹੀ ਗੱਲ ਹੋਈ ਕਿ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਪਤਾ ਲੱਗਿਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੀ ਫਾਈਲ ਉਸੇ ਨਾਂ ਦੀ ਹੋਰ ਭਿਆਨਕ ਬਿਮਾਰੀ ਵਾਲੀ ਔਰਤ ਨਾਲ ਬਦਲ ਗਈ ਸੀ ਜਿਸ ਕਰਕੇ ਉਸ ਬੀਮਾਰੀ ਵਾਲ਼ੇ ਸਖ਼ਤ ਟੀਕਿਆਂ ਅਤੇ ਦਵਾਈ ਕਾਰਨ ਉਸ ਦੀ ਮੌਤ ਹੋ ਗਈ ਸੀ।ਆਂਢ ਗੁਆਂਢ ਵੀ ਸਾਰਿਆਂ ਨੂੰ ਉਸ ਦੀ ਇਸ ਬੇਵਕਤੀ ਮੌਤ ਦਾ ਬਹੁਤ ਦੁੱਖ ਸੀ। ਉਸ ਦੀ ਧੀ ਸੀਮਾ ਨੇ ਬਾਹਰਲੇ ਦੇਸ਼ ਵਿੱਚ ਪੜ੍ਹਾਈ ਕਰਨ ਲਈ ਕਾਗਜ਼ ਭਰੇ ਹੋਏ ਸਨ ਜਿਸ ਕਰਕੇ ਉਸ ਦਾ ਵੀਜ਼ਾ ਵੀ ਮਾਂ ਦੇ ਬੀਮਾਰ ਹੋਣ ਤੋਂ ਦੋ ਦਿਨ ਪਹਿਲਾਂ ਹੀ ਆਇਆ ਸੀ। ਮਾਂ ਦੇ ਭੋਗ ਪੈਣ ਤੋਂ ਹਫਤਾ ਕੁ ਬਾਅਦ ਵਿਦੇਸ਼ ਚਲੇ ਗਈ। ਮੁੰਡਾ ਹਜੇ ਸਕੂਲ ਵਿੱਚ ਹੀ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ।

ਕੁੜੀ ਜਿਵੇਂ ਹੀ ਵਿਦੇਸ਼ ਗਈ, ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿਦੇਸ਼ੀ ਰੰਗ ਢੰਗ ਵਿੱਚ ਢਾਲ ਲਿਆ।ਉਸ ਦੀਆਂ ਫੋਟੋਆਂ ਜਾਂ ਹੋਰ ਗੱਲਾਂ ਬਾਤਾਂ ਤੋਂ ਇੱਕ ਵਾਰ ਵੀ ਜ਼ਾਹਿਰ ਨਾ ਹੋਣਾ ਕਿ ਉਸ ਨੂੰ ਮਾਂ ਦੀ ਯਾਦ ਆਉਂਦੀ ਹੋਵੇਗੀ। ਉਹ ਦੋਸਤਾਂ ਨਾਲ਼ ਘੁੰਮਣ ਜਾਂਦੀ,ਕਲੱਬਾਂ ਵਿੱਚ ਨੱਚਦੀ ਟੱਪਦੀ ਬਹੁਤ ਖੁਸ਼ ਜੀਵਨ ਬਿਤਾ ਰਹੀ ਸੀ। ਓਧਰ ਇੱਕ ਦਿਨ ਉਹਨਾਂ ਦੀ ਗੁਆਂਢਣ ਦੀ ਸਹੇਲੀ ਨੇ ਉਸ ਨੂੰ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਵਿਆਹ ਲਈ ਕਿਸੇ ਮੈਰਿਜ ਬਿਊਰੋ ਤੇ ਮੈਟਰੀਮੋਰੀਅਲ ਲਈ ਨਾਂ ਲਿਖਵਾਉਣ ਗਈ ਤਾਂ ਸਰੋਜ ਦਾ ਪਤੀ ਵੀ ਉੱਥੋਂ ਬਾਹਰ ਨਿਕਲ਼ ਰਿਹਾ ਸੀ। ਉਸ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਇਹ ਬੰਦਾ ਆਪਣੀ ਧੀ ਦਾ ਮੈਟਰੀਮੋਰੀਅਲ ਦੇਣ ਆਇਆ ਸੀ ਤਾਂ ਉਹਨਾਂ ਨੇ ਦੱਸਿਆ ਕਿ ਨਹੀਂ ਉਹ ਤਾਂ ਆਪਣਾ ਦੇਣ ਆਇਆ ਸੀ। ਉਹਨਾਂ ਦੀ ਗੁਆਂਢਣ ਇਹ ਸੁਣ ਕੇ ਹੈਰਾਨ ਹੋ ਗਈ ਸੀ ਕਿਉਂਕਿ ਸਰੋਜ ਨੂੰ ਮਰੀ ਨੂੰ ਤਾਂ ਹਜੇ ਛੇ ਮਹੀਨੇ ਵੀ ਨੀ ਹੋਏ ਸਨ।

ਡੇਢ ਕੁ ਸਾਲ ਬਾਅਦ ਉਸ ਨੇ ਮੁੰਡੇ ਨੂੰ ਵੀ ਆਪਣੀ ਧੀ ਕੋਲ਼ ਹੀ ਪੜ੍ਹਾਈ ਕਰਨ ਲਈ ਭੇਜ ਦਿੱਤਾ। ਉਹ ਭੈਣ ਭਰਾ ਉੱਥੇ ਬਹੁਤ ਖੁਸ਼ ਸਨ ਤੇ ਇੱਥੇ ਰਜੇਸ਼ ਨੇ ਦੂਜਾ ਵਿਆਹ ਕਰਵਾ ਲਿਆ ਸੀ। ਇੱਕ ਦਿਨ ਉਹਨਾਂ ਦੀ ਗੁਆਂਢਣ ਆਪਣੀ ਬਾਲਕੋਨੀ ਵਿੱਚੋਂ ਦੇਖਦੀ ਹੈ ਕਿ ਰਜੇਸ਼ ਤੇ ਉਸ ਦੀ ਦੂਜੀ ਨਵੀਂ ਵਿਆਹੀ ਪਤਨੀ ਖੁਸ਼ੀ ਖੁਸ਼ੀ ਕਾਰ ਵਿੱਚ ਸਮਾਨ ਰੱਖ ਕੇ ਪਹਾੜਾਂ ਵਿੱਚ ਘੁੰਮਣ ਫਿਰਨ ਲਈ ਜਾ ਰਹੇ ਸਨ। ਗੁਆਂਢਣ ਬੈਠੀ ਬੈਠੀ ਸੋਚੀਂ ਪੈ ਗਈ। ਉਹ ਸੋਚਦੀ ਹੈ ਕਿ ਸਰੋਜ ਨੇ ਆਪਣੇ ਪਤੀ ਅਤੇ ਬੱਚਿਆਂ ਦੀ ਖੁਸ਼ਹਾਲੀ ਲਈ ਰੱਬ ਅੱਗੇ ਨੱਕ ਰਗੜਨ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ ,ਨਾ ਉਸ ਨੇ ਚੰਗਾ ਹੰਢਾਇਆ ਸੀ,ਨਾ ਖਾਇਆ ਸੀ ਤੇ ਨਾ ਕਿਧਰੇ ਘੁੰਮਣ ਜਾਂਦੀ ਸੀ, ਸਾਰਾ ਦਿਨ ਕੰਜੂਸੀਆਂ ਕਰਦੀ ਕਰਦੀ ਨੇ ਆਪਣਾ ਵਕਤ ਲੰਘਾਇਆ ਸੀ।

ਜਿਹਨਾਂ ਲੋਕਾਂ ਲਈ ਉਸ ਨੇ ਆਪਣੀ ਜ਼ਿੰਦਗੀ ਖ਼ਰਚ ਦਿੱਤੀ ਉਹਨਾਂ ਲੋਕਾਂ ਦੀਆਂ ਤਾਂ ਉਹ ਯਾਦਾਂ ਵਿੱਚ ਵੀ ਨੇੜੇ ਤੇੜੇ ਨਹੀਂ ਸੀ।ਉਹ ਸੋਚਦੀ ਸੋਚਦੀ ਉਦਾਸ ਹੋ ਗਈ ਤੇ ਆਖਦੀ ਹੈ ਕਿੰਨੇ ਨਿਰਮੋਹੇ ਰਿਸ਼ਤੇ ਹੁੰਦੇ ਨੇ ,ਜੋ ਮੋਇਆਂ ਦੇ ਨਾਲ ਹੀ ਮਰ ਜਾਂਦੇ ਹਨ ਹਰ ਇਨਸਾਨ ਨੂੰ ਪਹਿਲਾਂ ਆਪਣੀ ਜ਼ਿੰਦਗੀ ਰੱਜ ਕੇ ਹੰਢਾਉਣੀ ਚਾਹੀਦੀ ਹੈ ਨਾ ਕਿ ਦੂਜਿਆਂ ਖ਼ਾਤਰ ਆਪਣੀਆਂ ਖਵਾਹਿਸ਼ਾਂ ਨੂੰ ਮਾਰ ਮਾਰ ਕੇ, ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਜਰਖੜ ਦੇ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਅਤੇ ਛੋਲਿਆਂ ਦੀ ਲਾਈ ਛਬੀਲ
Next articleਰਵਿਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ 108 ਸੰਤ ਰਾਮਾ ਨੰਦ ਜੀ ਦਾ 14 ਵਾਂ ਸ਼ਹੀਦੀ ਦਿਵਸ ਆਸਟਰੀਆ (ਵਿਆਨਾ )ਵਿੱਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।