ਏਹੁ ਹਮਾਰਾ ਜੀਵਣਾ ਹੈ -308

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

(ਬਾਲ ਮਜ਼ਦੂਰੀ ਦਿਵਸ ਨੂੰ ਸਮਰਪਿਤ ਕਹਾਣੀ)

ਹਸਰਤ ਜਦੋਂ ਸ਼ੂਟਿੰਗ ਖ਼ਤਮ ਕਰਕੇ ਆਈ ਤਾਂ ਸ਼ਹਿਰ ਦੇ ਪਤਵੰਤੇ ਸੱਜਣ ਉਸ ਦੇ ਬੰਗਲੇ ਵਿੱਚ ਹੀ ਮਹਿਮਾਨਾਂ ਲਈ ਇੱਕ ਪਾਸੇ ਬਣੇ ਗੈਸਟ ਹਾਊਸ ਵਿੱਚ ਬੈਠੇ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਉਹ ਆਪਣੀ ਕਾਰ ਵਿੱਚੋਂ ਉੱਤਰੀ ਤਾਂ ਐਨੇ ਨੂੰ ਗੈਸਟ ਹਾਊਸ ਦੀ ਸਾਂਭ ਸੰਭਾਲ ਅਤੇ ਆਉਣ ਵਾਲੇ ਮਹਿਮਾਨਾਂ ਦੀ ਦੇਖ ਰੇਖ ਕਰਨ ਵਾਲਾ ਕਰਮਚਾਰੀ ਰਾਮਲਾਲ ਹੱਥ ਵਿੱਚ ਇੱਕ ਸਲਿੱਪ ਲੈ ਕੇ ਆਉਂਦਾ ਹੈ ਤੇ ਹਸਰਤ ਨੂੰ ਸਲਿੱਪ ਦਿੰਦਾ ਹੋਇਆ ਦੱਸਦਾ ਹੈ ,”ਮੈਡਮ ,ਇਹ ਮਹਿਮਾਨ ਤਕਰੀਬਨ ਇੱਕ ਘੰਟੇ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਹਨ।”
ਹਸਰਤ ਸਲਿੱਪ ਦੇਖਦੇ ਹੀ ਉਸ ਨੂੰ ਕਹਿੰਦੀ ਹੈ,”ਇਹਨਾਂ ਨੂੰ ਆਪਣੇ ਡਰਾਇੰਗ ਰੂਮ ਵਿੱਚ ਬਿਠਾ ਕੇ ਚਾਹ ਪਾਣੀ ਪਿਲਾਓ, ਮੈਂ ਚੇਂਜ ਕਰਕੇ ਆਉਂਦੀ ਹਾਂ।”

ਅਸਲ ਵਿੱਚ ਇਹ ਸਾਰੇ ਮਹਿਮਾਨਾਂ ਵਿੱਚ ਸ਼ਹਿਰ ਦੇ ਉੱਘੇ ਵਪਾਰੀ ਅਤੇ ਦਿਆਨਤਦਾਰ ਚੌਧਰੀ ਜਗਜੀਤ ਸਿੰਘ ਸਨ ਜੋ ਕਈ ਲੋਕ ਭਲਾਈ ਸੰਸਥਾਵਾਂ ਦੇ ਮੋਢੀ ਹੋਣ ਕਰਕੇ ਸ਼ਹਿਰ ਦੀ ਬਹੁਤ ਹੀ ਸਨਮਾਨਯੋਗ ਹਸਤੀ ਸਨ। ਉਹਨਾਂ ਨਾਲ ਦੇ ਬਾਕੀ ਲੋਕ ਵੀ ਮੰਨੀਆਂ ਪ੍ਰਮੰਨੀਆਂ ਹਸਤੀਆਂ ਹੀ ਸਨ। ਉਹਨਾਂ ਦੇ ਚਾਹ ਪੀਂਦੇ ਪੀਂਦੇ ਹੀ ਹਸਰਤ ਉਹਨਾਂ ਨੂੰ ਮਿਲ਼ਣ ਲਈ ਡਰਾਇੰਗ ਰੂਮ ਵਿੱਚ ਪਹੁੰਚਦੀ ਹੈ। ਉਹ ਸਾਰੇ ਸੱਜਣ ਅਸਲ ਵਿੱਚ ਸ਼ਹਿਰ ਵਿੱਚ ਗਰੀਬ ਅਤੇ ਮਜ਼ਦੂਰ ਬੱਚਿਆਂ ਦੀ ਭਲਾਈ ਲਈ ਕਰਵਾਏ ਜਾ ਰਹੇ ਸਮਾਗਮ ਵਿੱਚ ਹਸਰਤ ਨੂੰ ਮੁੱਖ ਮਹਿਮਾਨ ਵਜੋਂ ਨਿਮੰਤਰਣ ਦੇਣ ਲਈ ਪੁੱਜੇ ਸਨ। ਹਸਰਤ ਉਹਨਾਂ ਦਾ ਸੱਦਾ ਕਬੂਲ ਕਰਦੀ ਹੈ ਅਤੇ ਸਾਰਿਆਂ ਨੂੰ ਬੰਗਲੇ ਦੇ ਮੁੱਖ ਦੁਆਰ ਤੱਕ ਸਤਿਕਾਰ ਸਹਿਤ ਆਪ ਛੱਡਣ ਜਾਂਦੀ ਹੈ।

ਹਸਰਤ ਨੇ ਆਪਣੇ ਸੈਕਟਰੀ ਨੂੰ ਕਹਿ ਕੇ ਉਸ ਦਿਨ ਦੀ ਆਪਣੀ ਅਤੇ ਆਪਣੀ ਨੰਨ੍ਹੀ ਧੀ ਮਹਿਮਾ ਦੀ ਸ਼ੂਟਿੰਗ ਕੈਂਸਲ ਕਰਵਾਉਣ ਲਈ ਕਿਹਾ। ਹਸਰਤ ਦੀ ਧੀ ਮਹਿਮਾ ਪੰਜ ਵਰ੍ਹਿਆਂ ਦੀ ਬਹੁਤ ਸੋਹਣੀ ਬਾਲੜੀ ਸੀ ।ਮਹਿਮਾ ਤਿੰਨ ਵਰ੍ਹਿਆਂ ਦੀ ਉਮਰ ਤੋਂ ਹੀ ਬਾਲ ਕਲਾਕਾਰ ਦੇ ਰੂਪ ਵਿੱਚ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਸੀ। ਸਮਾਗਮ ਵਿੱਚ ਜਿਵੇਂ ਹੀ ਦੋਵੇਂ ਮਾਵਾਂ ਧੀਆਂ ਪਹੁੰਚੀਆਂ ਤਾਂ ਪ੍ਰਬੰਧਕਾਂ ਨੇ ਬਹੁਤ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ। ਸਾਰੇ ਬੁਲਾਰੇ ਬਾਲ ਮਜ਼ਦੂਰੀ ਖ਼ਤਮ ਕਰਨ ਦਾ ਸੰਦੇਸ਼ ਦਿੰਦੇ ਹੋਏ ਜਨਤਾ ਨੂੰ ਸੁਚੇਤ ਕਰ ਰਹੇ ਸਨ ਕਿ ਜੇ ਉਹਨਾਂ ਦੇ ਆਲ਼ੇ ਦੁਆਲ਼ੇ ਕਿਤੇ ਵੀ ਕੋਈ ਬੱਚਾ ਮਜ਼ਦੂਰੀ ਕਰਦਾ ਹੈ ਤਾਂ ਉਸ ਦੇ ਮਾਲਕ ਦੀ ਤੁਰੰਤ ਸ਼ਿਕਾਇਤ ਕਰਕੇ ਬੱਚੇ ਨੂੰ ਬਾਲ ਮਜ਼ਦੂਰੀ ਵਰਗੀ ਘਿਨਾਉਣੀ ਕੁਰੀਤੀ ਤੋਂ ਮੁਕਤ ਕਰਵਾਇਆ ਜਾਵੇ ਤਾਂ ਜੋ ਬੱਚਾ ਆਪਣੀ ਖੁੱਲ੍ਹ ਦੀ ਜ਼ਿੰਦਗੀ ਬਤੀਤ ਕਰ ਸਕੇ।

ਇਸੇ ਤਰ੍ਹਾਂ ਹੀ ਹਸਰਤ ਨੇ ਵੀ ਬਾਲ ਮਜ਼ਦੂਰੀ ਦਾ ਵਿਰੋਧ ਕਰਨ ਲਈ ਜਨਤਾ ਨੂੰ ਪ੍ਰੇਰਿਤ ਕੀਤਾ। ਸਾਰੇ ਬੁਲਾਰੇ ਗਰਮ ਜੋਸ਼ੀ ਨਾਲ ਇਸੇ ਮਸਲੇ ਨੂੰ ਉਭਾਰਦੇ ਹੋਏ ਆਪਣੇ ਆਪਣੇ ਅੰਦਾਜ਼ ਵਿੱਚ ਭਾਸ਼ਣ ਦੇ ਕੇ ਲੋਕਾਂ ਨੂੰ ਜਾਗਰੂਕ ਕਰਕੇ ਕਾਨੂੰਨੀ ਕਾਰਵਾਈਆਂ ਤੋਂ ਜਾਣੂੰ ਕਰਵਾਉਂਦੇ ਰਹੇ। ਸ਼ਹਿਰ ਦੇ ਵੱਡੇ ਪੁਲਿਸ ਅਫਸਰ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਕਿ ਇਸ ਸਬੰਧੀ ਮੁਹਿੰਮ ਵਿੱਢੀ ਗਈ ਹੈ ਇਸ ਲਈ ਅਜਿਹੀ ਗਲਤੀ ਕਰਨ ਤੇ ਕਾਨੂੰਨ ਸਖ਼ਤ ਸਜ਼ਾ ਦੇਵੇਗਾ। ਸਮਾਗਮ ਖ਼ਤਮ ਹੋ ਗਿਆ। ਹਸਰਤ ਤੇ ਮਹਿਮਾ ਘਰ ਆ ਗਈਆਂ।

ਅਗਲੇ ਦਿਨ ਮਾਵਾਂ ਧੀਆਂ ਜਦ ਸ਼ੂਟਿੰਗ ਲਈ ਨਿਕਲੀਆਂ ਤਾਂ ਲਾਲ ਬੱਤੀਆਂ ਕਾਰਨ ਉਨ੍ਹਾਂ ਦੀ ਗੱਡੀ ਰੁਕੀ ਹੋਈ ਸੀ ਕਿ ਇੱਕ ਮਹਿਮਾ ਜਿੱਡੀ ਲੜਕੀ ਤੇ ਉਸ ਦੇ ਨਾਲ ਬਾਰਾਂ ਕੁ ਸਾਲ ਦੀ ਕੁੜੀ ਕਾਰਾਂ ਦੇ ਸ਼ੀਸ਼ੇ ਸਾਫ਼ ਕਰ ਰਹੀਆਂ ਸਨ ਤੇ ਹੱਥ ਅੱਡ ਕੇ ਪੈਸੇ ਮੰਗ ਰਹੀਆਂ ਸਨ। ਜਿਵੇਂ ਹੀ ਹਰੀ ਬੱਤੀ ਹੋਈ ਤਾਂ ਲੋਕਾਂ ਨੇ ਆਪਣੀਆਂ ਗੱਡੀਆਂ ਸਪੀਡ ਨਾਲ ਤੋਰ ਲਈਆਂ। ਸ਼ੀਸ਼ੇ ਸਾਫ਼ ਕਰਨ ਵਾਲੀ ਛੋਟੀ ਕੁੜੀ ਨੂੰ ਕਿਸੇ ਗੱਡੀ ਦੀ ਫੇਟ ਲੱਗਣ ਕਾਰਨ ਕੁੜੀ ਸੜਕ ਕਿਨਾਰੇ ਜਾ ਡਿੱਗੀ ਤੇ ਕੁੜੀ ਦਾ ਸਿਰ ਲਹੂ ਲੁਹਾਣ ਹੋ ਗਿਆ। ਸਾਰੇ ਲੋਕ ਆਪਣੀਆਂ ਤੇਜ਼ ਰਫ਼ਤਾਰ ਗੱਡੀਆਂ ਭਜਾਈ ਜਾ ਰਹੇ ਸਨ,ਵੱਡੀ ਕੁੜੀ ਚੀਕ ਚੀਕ ਕੇ ਮਦਦ ਦੀ ਗੁਹਾਰ ਲਾ ਰਹੀ ਸੀ। ਹਸਰਤ ਨੇ ਆਪਣੇ ਡਰਾਈਵਰ ਨੂੰ ਕਹਿ ਕੇ ਕੁੜੀ ਨੂੰ ਹਸਪਤਾਲ ਲਿਜਾਣ ਲਈ ਆਖਿਆ। ਕੁੜੀ ਉਸ ਦੀ ਧੀ ਜਿੰਨੀ ਕੁ ਉਮਰ ਦੀ ਹੋਣ ਕਰਕੇ ਉਸ ਦਾ ਸੀਨਾ ਪਸੀਜ ਗਿਆ ਸੀ।ਉਸ ਦੇ ਨਾਲ ਉਸ ਦੀ ਵੱਡੀ ਭੈਣ ਵੀ ਬੈਠ ਗਈ।

“ਕੀ ਗੱਲ,ਤੁਹਾਡਾ ਬਾਪ ਕੀ ਕਰਦਾ ਹੈ? ਤੁਸੀਂ ਮੰਗਦੀਆਂ ਕਿਉਂ ਫਿਰਦੀਆਂ……. ਆਪਣੇ ਪਿਓ ਨੂੰ ਆਖੋ ਕਿ ਤੁਹਾਡੇ ਲਈ ਕਮਾਈ ਕਰਕੇ ਲਿਆਵੇ…..ਤੂੰ ਆਪਣੇ ਨਾਲ ਐਨੀ ਛੋਟੀ ਕੁੜੀ ਨੂੰ ਕਿਉਂ ਲੈ ਕੇ ਆਈ ਹੈਂ ਮੰਗਣ ਲਈ…….ਇਹ ਕੀ ਲੱਗਦੀ ਹੈ ਤੇਰੀ…..?” ਹਸਰਤ ਨੇ ਵੱਡੀ ਕੁੜੀ ਨੂੰ ਗੁੱਸੇ ਨਾਲ ਇੱਕੋ ਸਾਹ ਕਈ ਸਵਾਲ ਪੁੱਛ ਲਏ ।

ਵੱਡੀ ਕੁੜੀ ਬੋਲੀ,”ਮੈਡਮ ਜੀ, ਅਸੀਂ ਪਹਿਲੇ ਦਿਨ ਹੀ ਮੰਗਣ ਆਈਆਂ ਸੀ ਜੀ…….ਇਹ ਮੇਰੀ ਛੋਟੀ ਭੈਣ ਏ।”

ਹਸਰਤ ਨੇ ਫੇਰ ਮੱਥੇ ਵਿੱਚ ਤਿਊੜੀ ਉਕਾਰ ਕੇ ਪੁੱਛਿਆ,”ਤੁਹਾਡੇ ਮਾਤਾ ਪਿਤਾ ਕਿੱਥੇ ਹਨ?

“ਮੈਡਮ ਜੀ…… ਮੰਮੀ ਦੋ ਸਾਲ ਪਹਿਲਾਂ ਬੀਮਾਰ ਹੋ ਕੇ ਮਰ ਗਏ ਸਨ……..ਸਾਡੇ ਡੈਡੀ ਦੀ ਉਸ ਤੋਂ ਪਹਿਲਾਂ ਐਕਸੀਡੈਂਟ ਹੋ ਕੇ‌ ਮੌਤ ਹੋ ਗਈ ਸੀ ਜੀ ਜਦੋਂ ਉਹ ਰਾਤ ਨੂੰ ਫੈਕਟਰੀ ਵਿੱਚ ਕੰਮ ਕਰਕੇ ਆ ਰਹੇ ਸਨ।”ਵੱਡੀ ਕੁੜੀ ਬੋਲੀ।

“ਹੁਣ ਤੁਸੀਂ ਕੀਹਦੇ ਕੋਲ ਰਹਿੰਦੀਆਂ ਹੋ…..?” ਹਸਰਤ ਨੇ ਪੁੱਛਿਆ।

(ਡਰਾਈਵਰ ਕਾਰ ਵਿੱਚੋਂ ਛੋਟੀ ਕੁੜੀ ਦੇ ਪੱਟੀ ਕਰਵਾਉਣ ਲਈ ਗੋਦੀ ਚੁੱਕ ਕੇ ਡਾਕਟਰ ਦੀ ਕਲੀਨਿਕ ਵਿੱਚ ਲੈ ਕੇ ਜਾਂਦਾ ਹੈ।)

“ਮੈਡਮ ਜੀ……. ਮੇਰੇ ਮੰਮੀ ਜਿਨ੍ਹਾਂ ਦੇ ਘਰ ਕੰਮ ਕਰਦੇ ਸਨ…. ਉਹਨਾਂ ਨੇ ਸਾਨੂੰ ਇੱਕ ਕਮਰਾ ਦਿੱਤਾ ਹੋਇਆ ਸੀ। ਮੰਮੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਸਾਡੇ ਤੇ ਤਰਸ ਖਾ ਕੇ ਆਪਣੇ ਘਰੇ ਹੀ ਕੰਮ ਤੇ ਰੱਖ ਲਿਆ ਸੀ ਤੇ ਕਮਰੇ ਵਿੱਚ ਰਹੀ ਜਾਣ ਲਈ ਆਖ ਦਿੱਤਾ ਸੀ…….. ਕੱਲ੍ਹ ਉਹ ਅੰਕਲ ਆਂਟੀ ਨੇ ਸਾਨੂੰ ਕਹਿ ਦਿੱਤਾ ਕਿ ਕਾਨੂੰਨ ਦੀ ਸਖਤੀ ਕਰਕੇ ਉਹ ਸਾਨੂੰ ਕੰਮ ਤੇ ਨੀ ਰੱਖ ਸਕਦੇ…….ਇਸ ਲਈ ਅਗਲੇ ਹਫਤੇ ਕਮਰਾ ਖਾਲੀ ਕਰਨ ਲਈ ਵੀ ਆਖ ਦਿੱਤਾ।” ਵੱਡੀ ਕੁੜੀ ਅੱਖਾਂ ਵਿੱਚ ਅੱਥਰੂ ਭਰ ਕੇ ਲਾਚਾਰ ਤੇ ਸਹਿਮੀ ਅਵਾਜ਼ ਵਿੱਚ ਬੋਲੀ।

ਹਸਰਤ ਉਸ ਦੀ ਗੱਲ ਸੁਣ ਕੇ ਸੋਚੀਂ ਪੈ ਗਈ ਤੇ ਕਦੇ ਮਹਿਮਾ ਵੱਲ ਦੇਖਦੀ ਹੈ ਤੇ ਕਦੇ ਉਸ ਲੜਕੀ ਵੱਲ। ਉਹ ਆਪਣੇ ਆਪ ਨੂੰ ਕਹਿੰਦੀ ਹੈ ,”ਮਹਿਮਾ ਵੀ ਤਾਂ ਫਿਲਮਾਂ ਵਿੱਚ ਕੰਮ ਕਰਦੀ ਹੈ ,ਇਸ ਨੂੰ ਬਾਲ ਮਜ਼ਦੂਰੀ ਦਾ ਨਾਂ ਕਿਉਂ ਨਹੀਂ ਦਿੱਤਾ ਗਿਆ…..ਹਰ ਵਾਰ ਗਰੀਬ ਨਾਲ ਹੀ ਧੱਕਾ ਕਿਉਂ ਹੁੰਦਾ ਹੈ…..ਪਤਾ ਨਹੀਂ ਕਿੰਨੇ……ਲਾਵਾਰਸ ਬੱਚੇ ਮਜ਼ਦੂਰਾਂ ਤੋਂ ਮੰਗਤੇ ਬਣੇ ਗਏ ਹੋਣਗੇ…… ਸਟੇਜਾਂ ਤੇ ਭਾਸ਼ਨ ਦੇਣੇ ਸੌਖੇ ਹਨ…..( ਜਦ ਨੂੰ ਡਰਾਈਵਰ ਛੋਟੀ ਕੁੜੀ ਦੇ ਸਿਰ ਤੇ ਪੱਟੀ ਕਰਵਾ ਕੇ ਲਿਆਉਂਦਾ ਹੈ) ਤੇ ਪੁੱਛਦਾ ਹੈ,”ਮੈਡਮ ਜੀ, ਬੱਚਿਆਂ ਨੂੰ ਕਿੱਥੇ ਛੱਡਣਾ….?” ਹਸਰਤ ਇੱਕ ਦਮ ਤ੍ਰਬਕ ਕੇ ਉਸ ਨੂੰ ਕਹਿੰਦੀ ਹੈ,”ਇਹਨਾਂ ਬੱਚੀਆਂ ਨੂੰ ਆਪਣੇ ਬੰਗਲੇ ਵਿੱਚ ਬਣੇ ਕੁਆਰਟਰਾਂ ਵਿੱਚ ਇੱਕ ਕਮਰਾ ਦੇ ਦੇਵੋ।”

ਹਸਰਤ ਨੇ ਚਾਹੇ ਉਹਨਾਂ ਨੂੰ ਆਪਣੇ ਬੰਗਲੇ ਵਿੱਚ ਰਿਹਾਇਸ਼ ਦੇ ਕੇ ਰੋਟੀ ਪਾਣੀ ਅਤੇ ਪੜ੍ਹਾਈ ਦਾ ਪ੍ਰਬੰਧ ਕਰਨ ਬਾਰੇ ਸੋਚ ਲਿਆ ਸੀ ਪਰ ਉਹ ਦੇਸ਼ ਵਿੱਚ ਅਜਿਹੇ ਰੁਲ਼ ਰਹੇ ਬੱਚਿਆਂ ਬਾਰੇ ਸੋਚਦੀ ਹੈ ਕਿ ਬਾਲ ਮਜ਼ਦੂਰੀ ਅਸਲ ਵਿੱਚ ਮਜ਼ਦੂਰੀ ਨਹੀਂ ਬਲਕਿ ਬਹੁਤ ਵੱਡੀ ਮਜ਼ਬੂਰੀ ਹੈ ,ਕਿਉਂ ਕਿ ਅਸਲ ਵਿੱਚ ਸਾਡੇ ਤੰਤਰ ਦੀ ਇਹੋ ਸਚਾਈ ਹੈ ਤੇ ਇਸ ਵਿੱਚੋਂ ਬੇਸੁਧ ਗੁਜ਼ਰਦੇ ਜਾਣਾ,ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਪੁੱਤਰਾਂ ਨੂੰ ਨੀਹਾਂ ਚ ਚਿਣਾਉਣ ਵਾਲਿਆ*
Next articleਠੇਕੇਦਾਰ