(ਸਮਾਜ ਵੀਕਲੀ)
ਮਨੀ ਤੇ ਦੀਪ ਦੋਵੇਂ ਪੱਕੀਆਂ ਸਹੇਲੀਆਂ ਸਨ। ਕਾਲਜ ਵਿੱਚੋਂ ਨਾ ਕਦੇ ਉਹਨਾਂ ਨੇ ਛੁੱਟੀ ਕੀਤੀ ਸੀ ਤੇ ਨਾ ਹੀ ਹੋਰ ਕੁੜੀਆਂ ਵਾਂਗ ਐਧਰ ਓਧਰ ਬਾਹਰ ਘੁੰਮਣ ਜਾਂਦੀਆਂ ਸਨ। ਚਾਰ ਸਾਲ ਕਾਲਜ ਵਿੱਚ ਕਿੰਝ ਬੀਤ ਗਏ ਪਤਾ ਈ ਨਾ ਚੱਲਿਆ। ਦੋਹਾਂ ਵਿੱਚ ਭੈਣਾਂ ਵਰਗਾ ਪਿਆਰ ਸੀ। ਡਿਗਰੀ ਕਰਨ ਤੋਂ ਬਾਅਦ ਦੀਪ ਕਦੇ ਕਦਾਈਂ ਮਨੀ ਦੇ ਘਰ ਉਸ ਨੂੰ ਮਿਲ਼ਣ ਆ ਜਾਂਦੀ। ਪਰ ਮਨੀ ਕਦੇ ਉਸ ਦੇ ਘਰ ਨਹੀਂ ਸੀ ਗਈ। ਅਸਲ ਵਿੱਚ ਦੀਪ ਦੇ ਮਾਂ ਬਾਪ ਦੀ ਕਬੀਲਦਾਰੀ ਭਾਰੀ ਸੀ ਕਿਉਂਕਿ ਉਹ ਪੰਜ ਭੈਣਾਂ ਤੇ ਦੋ ਭਰਾ ਸਨ। ਦੀਪ ਦੀਆਂ ਵੱਡੀਆਂ ਤਿੰਨ ਭੈਣਾਂ ਵਿਆਹੀਆਂ ਹੋਈਆਂ ਸਨ ਤੇ ਇੱਕ ਭੈਣ ਅਤੇ ਦੋ ਭਰਾ ਇਸ ਤੋਂ ਛੋਟੇ ਸਨ। ਉਂਝ ਉਸ ਦਾ ਪਿਤਾ ਸਰਕਾਰੀ ਨੌਕਰੀ ਕਰਦਾ ਸੀ ਤੇ ਸ਼ਹਿਰ ਵਿੱਚ ਸਰਕਾਰੀ ਕਵਾਟਰ ਵਿੱਚ ਰਹਿੰਦੇ ਸਨ ਪਰ ਹੁਣ ਰਿਟਾਇਰ ਹੋਣ ਤੋਂ ਬਾਅਦ ਉਹ ਪਿੰਡ ਚਲੇ ਗਏ ਸਨ ਤੇ ਉਸ ਦੇ ਪਿਤਾ ਦੀ ਉਸ ਤੋਂ ਦੋ ਕੁ ਮਹੀਨਿਆਂ ਬਾਅਦ ਮੌਤ ਹੋ ਗਈ ਸੀ।
ਉਹਨਾਂ ਦੀ ਆਰਥਿਕ ਹਾਲਤ ਹੁਣ ਪਹਿਲਾਂ ਜਿੰਨੀ ਵਧੀਆ ਨਹੀਂ ਰਹੀ ਸੀ। ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਸਾਲ ਕੁ ਬਾਅਦ ਜਦ ਦੀਪ ਮਨੀ ਨੂੰ ਮਿਲ਼ਣ ਆਈ ਤਾਂ ਇਹ ਸਭ ਉਦੋਂ ਉਸ ਨੇ ਦੱਸਿਆ। ਉਹ ਆਪਣੀ ਛੋਟੀ ਭੈਣ ਨਾਲ਼ ਸਵੇਰੇ ਹੀ ਪਿੰਡੋਂ ਪਹਿਲੀ ਬੱਸ ਆ ਗਈਆਂ ਸਨ ਤੇ ਸ਼ਹਿਰ ਇੱਕ ਦੋ ਕੰਮ ਕਰਕੇ ਮਨੀ ਦੇ ਘਰ ਆ ਗਈਆਂ ਸਨ । ਮਨੀ ਦੀ ਮੰਮੀ ਨੇ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਰੋਟੀ ਬਣਾ ਕੇ ਖਵਾਈ । ਰੋਟੀ ਖਾ ਕੇ ਉਹ ਬੈਠਕ ਵਿੱਚ ਬੈਠੀਆਂ ਗੱਲਾਂ ਕਰਦੀਆਂ ਸਨ ਤਾਂ ਦੀਪ ਨੇ ਮਨੀ ਨੂੰ ਸ਼ਹਿਰ ਆਉਣ ਦਾ ਕਾਰਨ ਦੱਸਿਆ,” ਅਸੀਂ ਤਾਂ ਇੱਥੇ ਅਨਾਥ ਆਸ਼ਰਮ ਬਾਰੇ ਪਤਾ ਕਰਨ ਆਈਆਂ ਸੀ….!” “ਹੈਂ ! ….. ਪਰ ਕਿਉਂ….?” ਮਨੀ ਇੱਕ ਦਮ ਚੌਂਕ ਕੇ ਬੋਲੀ।
” ਮੇਰੇ ਵੱਡੇ ਦੀਦੀ ਤੋਂ ਛੋਟੇ ਵਾਲ਼ੇ ਦੀਦੀ … (ਨਾਲ ਨਾਲ ਮਨੀ ਸਿਰ ਹਿਲਾ ਕੇ ‘ਹਾਂ’ ਦਾ ਹੁੰਗਾਰਾ ਦਿੰਦੀ ਹੈ, ਜਿਵੇਂ ਉਹ ਉਹਨਾਂ ਨੂੰ ਜਾਣਦੀ ਹੈ) ….. ਉਹਨਾਂ ਦੇ ਹਸਬੈਂਡ ਮਤਲਬ ਮੇਰੇ ਵੱਡੇ ਤੋਂ ਛੋਟੇ ਵਾਲ਼ੇ ਜੀਜਾ ਜੀ ਦੀ ਸੱਤ ਕੁ ਮਹੀਨੇ ਪਹਿਲਾਂ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੇ ਪਹਿਲਾਂ ਦੋ ਸਾਲ ਦੀ ਇੱਕ ਬੇਟੀ ਸੀ … ਪਰ ਜੀਜਾ ਜੀ ਦੀ ਮੌਤ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਦੀਦੀ ਦੀ ਪ੍ਰੈਗਨੈਂਟ ਨੇ…. ।”
“ਅੱਛਾ! ਫੇਰ ਕੀ ਹੋਇਆ…?” ਮਨੀ ਨੇ ਇਕਦਮ ਪੁੱਛਿਆ।
” ….. ਫੇਰ ਸਾਰੇ ਆਖਣ ਲੱਗੇ….. ਬਈ ਦੇਖ ਲਓ ਕਿ ਕਿਤੇ ਰੱਬ ਸੁਣ ਲਏ…. ਮੁੰਡਾ ਹੋ ਜਾਏ ਤਾਂ ਦੀਦੀ ਉਸਦੇ ਸਹਾਰੇ ਜ਼ਿੰਦਗੀ ਕੱਟ ਲਊ. … ਪਰ ਕੱਲ੍ਹ ਉਸ ਦੇ ਕੁੜੀ ਹੋ ਗਈ। ਉਸ ਦੀ ਜਠਾਣੀ ਤਾਂ ਓਹਨੂੰ ਕੁੱਤੇ ਲਾ ਰਹੀ ਹੈ ਕਿ ਮੈਂ ਨੀ ਘਰ ਚ ਰੱਖਣੀ…. ਉਹ ਕਹਿੰਦੀ ਮੈਂ ਨੀ ਹਿੱਕ ਤੇ ਦੀਵਾ ਬਾਲਣਾ….!” ਦੀਪ ਲਗਾਤਾਰ ਕਹਾਣੀ ਵਾਂਗੂੰ ਦੱਸ ਰਹੀ ਸੀ।
“ਫੇਰ….?” ਮਨੀ ਪੁੱਛਦੀ ਹੈ।
ਦੀਪ ਦੱਸਦੀ ਹੈ,” ਹੁਣ ਮੇਰੇ ਮੰਮੀ ਕਹਿੰਦੇ ਨੇ ਕਿ ਮੈਂ ਆਪਣੀਆਂ ਪੰਜ ਦਾ ਈ ਕਰ ਕਰ ਕੇ ਥੱਕੀ ਪਈ ਆਂ ….ਹੁਣ ਦੋ ਹੋਰ ਧੀਆਂ ਨੂੰ ਕਿਵੇਂ ਪਾਲਾਂ…. ਦੀਦੀ ਦੀ ਵੱਡੀ ਕੁੜੀ ਤਾਂ ਮੇਰੇ ਤੋਂ ਵੱਡੇ ਵਾਲ਼ੀ ਮੇਰੀ ਭੈਣ ਨੇ ਗੋਦ ਲੈ ਲਈ ਹੈ ਤੇ ਆਹ ਜਿਹੜੀ ਹੁਣ ਹੋਈ ਹੈ ਉਸ ਨੂੰ ਅਨਾਥ ਆਸ਼ਰਮ ਦੇਣ ਦੀ ਸੋਚ ਰਹੇ ਹਾਂ…..!”
ਮਨੀ ਦੀ ਸੁਣ ਕੇ ਤਰਾਹ ਨਿਕਲ ਗਈ ਤੇ ਉਹ ਉਦਾਸ ਹੋ ਗਈ । ਉਹ ਨਵਜੰਮੀ ਬੱਚੀ ਬਾਰੇ ਸੋਚਣ ਲੱਗੀ। ਉਸ ਨੇ ਇੱਕਦਮ ਆਪਣੀ ਮਾਂ ਨੂੰ ਹਾਕ ਮਾਰੀ ਤੇ ਸਾਰੀ ਗੱਲ ਦੱਸੀ ਤੇ ਆਖਣ ਲੱਗੀ,”ਮੰਮੀ….. ਵੱਡੇ ਮਾਮਾ ਜੀ ਹੋਰੀਂ ਵੀ ਨਿਆਣੇ ਨੂੰ ਤਰਸਦੇ ਹਨ ਜੇ…..!” ਕਹਿੰਦੀ ਕਹਿੰਦੀ ਇਕਦਮ ਰੁਕ ਗਈ।
ਉਸ ਦੀ ਮਾਂ ਗੱਲ ਸਮਝ ਗਈ ਸੀ ਤੇ ਉਸ ਨੇ ਦੀਪ ਨੂੰ ਕਿਹਾ,”ਦੀਪ ਤੂੰ ਕੱਲ੍ਹ ਨੂੰ ਆਪਣੀ ਮੰਮੀ ਨੂੰ ਲੈ ਕੇ ਆਈਂ…. ਨਾ ਨਾ….. ਆਪਾਂ ਨੇ ਨੀ ਇਹ ਪਾਪ ਹੋਣ ਦੇਣਾ…… ਵਿਚਾਰੀ ਸਾਰੀ ਉਮਰ ਪਤਾ ਨੀ ਕਿੱਥੇ ਕਿੱਥੇ ਧੱਕੇ ਖਾਊ….!”
ਦੀਪ ਪਿੰਡ ਨੂੰ ਚਲੀ ਗਈ ਤੇ ਮਨੀ ਦੀ ਮੰਮੀ ਆਪਣੇ ਭਰਾ ਕੋਲ਼ ਨੂੰ…. ਕਾਫ਼ੀ ਹਨ੍ਹੇਰੇ ਹੋਏ ਵਾਪਸ ਆਈ ਕਿਉਂਕਿ ਪੇਕੇ ਬਹੁਤੀ ਦੂਰ ਨਾ ਹੋਣ ਕਰਕੇ ਉਹ ਗੱਲ ਕਰਕੇ ਓਹਨੀਂ ਪੈਰੀਂ ਵਾਪਸ ਆ ਗਈ ਸੀ।
ਮਨੀ ਨੇ ਆਪਣੀ ਮਾਂ ਨੂੰ ਉਤਸੁਕਤਾ ਨਾਲ ਪੁੱਛਿਆ,” ਕੀ ਕਹਿੰਦੇ ਮਾਮਾ ਜੀ ਤੇ ਮਾਮੀ ਜੀ….?”
“ਹੋ ਗਈ ਗੱਲ…… ਉਹ ਮੰਨ ਗਏ ਹਨ…..!”
ਇਹ ਸੁਣ ਕੇ ਮਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਦੂਜੇ ਦਿਨ ਦੀਪ ਤੇ ਉਸ ਦੀ ਮੰਮੀ ਆਈਆਂ ਤਾਂ ਉਹਨਾਂ ਨੂੰ ਕਹਿ ਦਿੱਤਾ ਕਿ ਕੁੜੀ ਅਸੀਂ ਆਪਣੇ ਘਰ ਹੋਈ ਹੀ ਲਿਖਵਾ ਲੈਣੀ ਹੈ। ਓਧਰ ਦੀਪ ਦੀ ਮਾਂ ਨੇ ਆਪਣੀ ਧੀ ਨੂੰ ਸਮਝਾ ਕੇ ਆਪ ਆਪਣੀ ਧੀ ਨੂੰ ਹੱਥੀਂ ਕੰਨਿਆ ਦਾਨ ਕਰਨ ਨੂੰ ਆਖ ਦਿੱਤਾ। ਦੀਪ ਦੀ ਭੈਣ ਨੇ ਆਪਣੇ ਮਾਪਿਆਂ ਦੀ ਮਜ਼ਬੂਰੀ ਤੇ ਆਪਣੇ ਤੇ ਪਈ ਵਕਤ ਦੀ ਮਾਰ ਨਾਲ਼ ਬਣੇ ਹਾਲਾਤਾਂ ਨਾਲ ਸਮਝੌਤਾ ਕਰਦੇ ਹੋਏ ਆਪਣੇ ਕਾਲਜੇ ਤੇ ਪੱਥਰ ਰੱਖ ਕੇ ਆਪਣੀ ਨਵਜੰਮੀ ਧੀ ਦਾ ਕੰਨਿਆ ਦਾਨ ਕਰ ਦਿੱਤਾ ਤੇ ਮਨੀ ਦੇ ਮਾਮਾ ਮਾਮੀ ਨੇ ਧੀ ਆਪਣੀ ਝੋਲ਼ੀ ਵਿੱਚ ਪਵਾ ਕੇ ਉਸ ਦੀ ਸੁੰਨੀ ਹੋਈ ਝੋਲੀ ਵਿੱਚ ਫ਼ਲ ਪਾ ਕੇ ਉਸ ਨੂੰ ਸਦਾ ਵਸਦੀ ਰਹਿਣ ਦੀ ਅਸੀਸ ਦਿੱਤੀ ।
ਮਨੀ ਦੇ ਮਾਮਾ ਮਾਮੀ ਬਹੁਤ ਖੁਸ਼ ਸਨ, ਉਹਨਾਂ ਦੇ ਸੁੰਨੇ ਵਿਹੜੇ ਵਿੱਚ ਕਿਲਕਾਰੀਆਂ ਗੂੰਜਣ ਲੱਗੀਆਂ ਸਨ। ਉਹਨਾਂ ਨੇ ਅਗਲੇ ਦਿਨ ਹੀ ਚੌਂਕੀਦਾਰ ਕੋਲ਼ ਆਪਣੇ ਘਰ ਧੀ ਹੋਣ ਦਾ ਰਿਕਾਰਡ ਦਰਜ ਕਰਵਾ ਦਿੱਤਾ ਤੇ ਓਧਰ ਸੀਨੇ ਤੇ ਪੱਥਰ ਰੱਖ ਕੇ ਅਸਲੀ ਮਾਂ ਨੇ ਚੌਂਕੀਦਾਰ ਕੋਲ਼ ਆਪਣੀ ਨਵਜੰਮੀ ਧੀ ਦੇ ਬੀਮਾਰ ਹੋ ਕੇ ਮਰਨ ਦਾ ਰਿਕਾਰਡ ਦਰਜ ਕਰਵਾ ਦਿੱਤਾ ਸੀ।
ਮਨੀ , ਦੀਪ ਤੇ ਉਹਨਾਂ ਦੀਆਂ ਮਾਵਾਂ ਤੇ ਮਨੀ ਦੇ ਮਾਮਾ ਮਾਮੀ ਤੋਂ ਇਲਾਵਾ ਕਿਸੇ ਨੂੰ ਇਸ ਗੱਲ ਦੀ ਭਿਣਕ ਤੱਕ ਨਾ ਪਈ। ਮਨੀ ਤੇ ਦੀਪ ਦੀ ਦੋਸਤੀ ਦਾ ਹੁਣ ਇੱਕ ਐਸਾ ਰਿਸ਼ਤਾ ਬਣ ਗਿਆ ਸੀ ਜਿਸ ਵਿੱਚ ਡੂੰਘਾ ਰਾਜ਼ ਛਿਪਿਆ ਹੋਇਆ ਸੀ। ਉਹ ਉਸ ਨਵਜੰਮੀ ਧੀ ਦਾ ਕੰਨਿਆ ਦਾਨ ਕਰਵਾ ਕੇ ਖੁਸ਼ ਸਨ ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਸ ਨੰਨੀ ਬੱਚੀ ਨੂੰ ਇੱਕ ਚੰਗਾ ਘਰ ਤੇ ਪਰਿਵਾਰ ਮਿਲ਼ ਗਿਆ ਸੀ ਜਿੱਥੇ ਉਸ ਦੀ ਬਹੁਤ ਜ਼ਰੂਰਤ ਸੀ ।
ਹੁਣ ਉਸ ਨੂੰ ਅਣਚਾਹੀ ਔਲਾਦ ਦਾ ਸੰਤਾਪ ਨਹੀਂ ਹੰਢਾਉਣਾ ਪੈਣਾ ਸੀ। ਇਸ ਤਰ੍ਹਾਂ ਉਹਨਾਂ ਦੋਵਾਂ ਨੇ ਸਮੇਂ ਸਿਰ ਸਹੀ ਫ਼ੈਸਲਾ ਲੈ ਕੇ ਜੋ ਕੰਮ ਕੀਤਾ ਸੀ ਉਹ ਸ਼ਾਇਦ ਕੋਈ ਸਿਆਣਾ ਵਿਅਕਤੀ ਵੀ ਨਾ ਕਰ ਸਕਦਾ ਸੀ। ਸਮਾਂ ਰਹਿੰਦੇ ਹੀ ਸਹੀ ਫ਼ੈਸਲਾ ਲੈ ਲੈਣਾ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly