ਏਹੁ ਹਮਾਰਾ ਜੀਵਣਾ ਹੈ -289

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

‘ਸਿਆਸਤ ਵੀ ਬੜੀ ਵੱਡੀ ਚੀਜ਼ ਹੈ, ਇਹਨੂੰ ਹਰ ਕੋਈ ਨੀ ਖੇਡ ਸਕਦਾ…!’ ,’ਫਲਾਣਾ ਫ਼ਲਾਣੇ ਨਾਲ ਸਿਆਸਤ ਖੇਡ ਗਿਆ’ ਜਾਂ ਸਿਆਸਤ ਬਾਰੇ ਹੋਰ ਇਹੋ ਜਿਹੀਆਂ ਗੱਲਾਂ ਆਪਾਂ ਸਭ ਨੇ ਅਕਸਰ ਕਹੀਆਂ ਜਾਂ ਸੁਣੀਆਂ ਹੁੰਦੀਆਂ ਹਨ। ਆਖਿਰ ਇਹ ਸਿਆਸਤ ਹੈ ਕਿਸ ਬਲਾ ਦਾ ਨਾਂ। ਵੈਸੇ ਤਾਂ ਸਿਆਸਤ,ਸਿਆਸੀ ਪਾਰਟੀ, ਸਿਆਸਤਦਾਨ ਆਦਿਕ ਸ਼ਬਦ ਇੱਕੋ ਮੇਚੇ ਦੇ ਹਨ ਅਤੇ ਇਹਨਾਂ ਨੂੰ ਆਮ ਲੋਕ ਸਰਕਾਰਾਂ ਬਣਨ ਟੁੱਟਣ ਤੱਕ ਹੀ ਜੋੜ ਕੇ ਦੇਖਦੇ ਹਨ।

ਆਓ ਆਪਾਂ ਅੱਜ ਇਸ ਸ਼ਬਦ ਦੀ ਪੜਚੋਲ ਕਰਕੇ ਇਸ ਦੇ ਰੰਗ ਰੂਪ ਨੂੰ ਸਮਝੀਏ। “ਸਿਆਸਤ” ਸ਼ਬਦ ਦਾ ਸਮਾਨਾਰਥੀ ਸ਼ਬਦ ਰਾਜਨੀਤੀ ਹੈ ਜੋ ਯੂਨਾਨੀ ਭਾਸ਼ਾ ਦੇ ਸ਼ਬਦ ਪੋਲੀਟਿਕਸ ਤੋਂ ਬਣਿਆ ਹੋਇਆ ਹੈ। ਰਾਜਨੀਤੀ ਭਾਵ ਰਾਜ ਕਰਨ ਦੀ ਨੀਤੀ,ਮਤਲਬ ਕਿ ਦੂਜਿਆਂ ਉੱਪਰ ਰਾਜ ਕਰਨ ਲਈ ਜਿਹੜੀ ਨੀਤੀ ਅਪਣਾਈ ਜਾਂਦੀ ਹੈ ਉਸੇ ਨੂੰ ਰਾਜਨੀਤੀ ਜਾਂ ਸਿਆਸਤ ਆਖਿਆ ਜਾਂਦਾ ਹੈ। ਇਸ ਵਿੱਚ ਰਾਜ ਕਰਨ ਦੀ ਨੀਤੀ ਨੂੰ ਅਪਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਪੱਧਰ ਦੀ ਸੋਚ ਅਤੇ ਭਾਵਨਾ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਸਮਾਜ ਦੀ ਛੋਟੀ ਤੋਂ ਛੋਟੀ ਇਕਾਈ ਤੋਂ ਲੈਕੇ ਵੱਡੇ ਵੱਡੇ ਰਾਜ ਸਥਾਪਤ ਕਰਨ ਲਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਦਾ ਸਿਧਾਂਤ ਜਾਂ ਸਿਲਸਿਲੇ ਨੂੰ ਅਮਲ ਵਿੱਚ ਲਿਆਉਣਾ ਵੀ ਕਿਹਾ ਜਾ ਸਕਦਾ ਹੈ।
ਸਿਆਸਤ ਨੂੰ ਆਮ ਕਰਕੇ ਵਰਤੋਂ ਵਿੱਚ ਕਿਵੇਂ ਲਿਆਂਦਾ ਜਾਂਦਾ ਹੈ । ਅਸਲ ਵਿੱਚ ਸਿਆਸਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਈ ਢੰਗ ਤਰੀਕੇ ਅਪਣਾਏ ਜਾਂਦੇ ਹਨ । ਸਿਆਸਤ ਕਰਨ ਵਾਲਿਆਂ ਵੱਲੋਂ ਆਪਣੇ ਵਿਚਾਰਾਂ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਦੂਜਿਆਂ ਤੱਕ ਪਹੁੰਚਾਇਆ ਜਾਂਦਾ ਹੈ, ਦੂਜਿਆਂ ਨੂੰ ਆਪਣੇ ਪ੍ਰਭਾਵ ਵਿੱਚ ਲੈਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ,ਕਈ ਪੈਂਤੜੇ ਖੇਡੇ ਜਾਂਦੇ ਹਨ, ਜਿਸ ਖੇਤਰ ਵਿੱਚ ਵੀ ਸਿਆਸਤ ਰੂਪੀ ਖੇਡ ਖੇਡੀ ਜਾਂਦੀ ਹੈ ਉੱਥੇ ਦੀਆਂ ਤੰਗੀਆਂ ਤੁਰਸ਼ੀਆਂ, ਕਮਜ਼ੋਰੀਆਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੇ ਵਾਅਦੇ ਲਾਰੇ ਲਾਏ ਜਾਂਦੇ ਹਨ, ਸਬਜ਼ਬਾਗ਼ ਦਿਖਾਏ ਜਾਂਦੇ ਹਨ, ਵੱਡੇ ਵੱਡੇ ਹਵਾਈ ਮਹਿਲ ਉਸਾਰੇ ਜਾਂਦੇ ਹਨ, ਬਿਨਾਂ ਖੰਭਾਂ ਤੋਂ ਉਡਣ ਦੇ ਖੁਆਬ ਸਜਾਏ ਜਾਂਦੇ ਹਨ, ਫਿਰ ਇਹ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੀ ਹੈ।
ਸਿਆਸਤ ਕਿੱਥੇ ਕਿੱਥੇ ਖੇਡੀ ਜਾਂਦੀ ਹੈ?
ਸਿਆਸਤ ਆਮ ਕਰਕੇ ਸਾਡੇ ਸਮਾਜ ਦੀ ਸਭ ਤੋਂ ਛੋਟੀ ਇਕਾਈ ਇੱਕ ਘਰ ਪਰਿਵਾਰ ਤੋਂ ਹੁੰਦੀ ਹੋਈ, ਗਲ਼ੀਆਂ, ਮੁਹੱਲਿਆਂ,ਪਿੰਡਾਂ, ਨਗਰਾਂ ਵਿੱਚ, ਕੰਪਨੀਆਂ ਵਿੱਚ, ਛੋਟੇ ਤੋਂ ਵੱਡੇ ਲੋਕਤੰਤਰਿਕ ਅਦਾਰਿਆਂ ਵਿੱਚ, ਸਮਾਜਿਕ, ਧਾਰਮਿਕ, ਰਾਜਨੀਤਕ ਜਥੇਬੰਦੀਆਂ ਅਤੇ ਸੰਸਥਾਵਾਂ ਵਿੱਚ , ਖੇਡਾਂ ਵਿੱਚ, ਰਾਜਾਂ ਵਿੱਚੋਂ ਦੀ ਹੁੰਦੀ ਹੋਈ ਦੇਸ਼ਾਂ ਦੀਆਂ ਸਰਕਾਰਾਂ ਬਣਾਉਣ ਲਈ ਕੌਮਾਂਤਰੀ ਪੱਧਰ ਤੱਕ ਸਿਆਸਤ ਖੇਡੀ ਜਾਂਦੀ ਹੈ।ਇਹ ਇੱਕ ਖੇਡ ਦੀ ਤਰ੍ਹਾਂ ਹੈ‌ ਜਿਸ ਨੂੰ ਜਿੱਤਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ। ਸਿਆਸਤ ਬਾਰੇ ਅਕਸਰ ਇਹ ਗੱਲ ਆਮ ਹੀ ਆਖੀ ਜਾਂਦੀ ਹੈ,” ਸਿਆਸਤ ਅਤੇ ਮੁਹੱਬਤ ਵਿੱਚ ਜਿੱਤਦਾ ਉਹੀ ਹੈ ਜੋ ਫ਼ਰੇਬੀ ਹੋਵੇ।” ਬਾਕੀ ਤੁਸੀਂ ਆਪ ਸਮਝਦਾਰ ਹੋ। ਆਮ ਤੌਰ ਤੇ ਘਰਾਂ ਵਿੱਚ ਸਿਆਸਤ ਕਰਨ ਵਾਲਾ ਦੂਜਿਆਂ ਦੀ ਪੂੰਜੀ ਜਾਂ ਜਾਇਦਾਦ ਉੱਪਰ ਬੜੀ ਅਸਾਨੀ ਨਾਲ ਕਬਜ਼ਾ ਕਰ ਬੈਠਦਾ ਹੈ, ਛੋਟੇ ਵੱਡੇ – ਸਰਕਾਰੀ ਗੈਰਸਰਕਾਰੀ ਅਦਾਰਿਆਂ ਵਿੱਚ ਸਿਆਸਤ ਕਰਨ ਵਾਲਿਆਂ ਦੀ ਪੂਰੀ ਧਾਂਕ ਜਮਾਈ ਹੁੰਦੀ ਹੈ। ਸਿਆਸਤ ਕਰਨ ਵਾਲੇ ਹੱਕਦਾਰਾਂ ਤੋਂ ਅੱਗੇ ਨਿਕਲ ਜਾਂਦੇ ਹਨ। ਹੱਕਾਂ ਵਾਲੇ ਹੱਕਾਂ ਦੀ ਰਾਖੀ  ਲਈ ਲੜਦੇ ਰਹਿ ਜਾਂਦੇ ਹਨ ਅਤੇ ਸਿਆਸਤ ਕਰਨ ਵਾਲੇ ਉਹਨਾਂ ਤੋਂ ਦੋ ਕਦਮ ਉੱਪਰ ਪਹੁੰਚ ਕੇ ਉਹਨਾਂ ਨੂੰ ਅੰਗੂਠਾ ਦਿਖਾ ਰਹੇ ਹੁੰਦੇ ਹਨ।
ਸਿਆਸਤ ਵੱਡੇ ਰਾਜਨੀਤਕ ਪੱਧਰ ਤੇ ਜਦ ਖੇਡੀ ਜਾਂਦੀ ਹੈ ਤਾਂ ਉਸ ਵਿੱਚ ਆਮ ਲੋਕਾਂ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਕਿਉਂ ਕਿ ਸਰਕਾਰਾਂ ਬਣਨੀਆਂ ਜਾਂ ਉਤਾਰਨੀਆਂ ਵੀ ਇੱਕ ਸਿਆਸਤ ਦੀ ਦਿਲਚਸਪ ਖੇਡ ਹੁੰਦੀ ਹੈ। ਜਿਹੜੀਆਂ ਪਾਰਟੀਆਂ ਆਮ ਲੋਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਹੋ ਜਾਂਦੀਆਂ ਹਨ ਉਹ ਸਿਆਸਤ ਕਰਨ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਆਮ ਲੋਕ ਚਾਹੇ ਸਿਆਸਤ ਨੂੰ ਸਿਰਫ਼ ਰਾਜਾਂ, ਪਾਰਟੀਆਂ, ਨੇਤਾਵਾਂ,ਸਰਕਾਰਾਂ ਜਾਂ ਦੇਸ਼ ਨੂੰ ਚਲਾਉਣ ਲਈ ਉਹਨਾਂ ਦੁਆਰਾ ਚੁਣੇ ਜਾਣ ਵਾਲੇ ਪ੍ਰਬੰਧਾਂ ਜਾਂ ਪ੍ਰਬੰਧਕਾਂ ਨੂੰ ਹੀ ਸਮਝਦੇ ਹਨ ਪਰ ਉਹ ਆਪਣੇ ਆਲ਼ੇ ਦੁਆਲ਼ੇ ਹੋ ਰਹੀ ਹਰ ਵੱਡੀ ਛੋਟੀ ਸਿਆਸਤ ਤੋਂ ਬੇਖ਼ਬਰ ਹੁੰਦੇ ਹਨ।

ਸਮਝ ਲਓ ਸਿਆਸਤ ਇੱਕ ਸ਼ਤਰੰਜ ਦੀ ਖੇਡ ਹੁੰਦੀ ਹੈ,ਜਿਹੜਾ ਚਲਾਕੀ ਨਾਲ ਚਾਲ ਖੇਡ ਜਾਂਦਾ ਉਹੀ ਕਾਮਯਾਬ ਸਿਆਸਤਦਾਨ ਬਣ ਜਾਂਦਾ ਹੈ ਚਾਹੇ ਉਹ ਘਰ,ਸਮਾਜ,ਕੰਮਕਾਜੀ ਖ਼ੇਤਰ, ਪ੍ਰਬੰਧ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪੱਧਰ ਦੀ ਸਿਆਸਤ ਕਿਉਂ ਨਾ ਹੋਵੇ। ਇਸ ਤਰ੍ਹਾਂ ਹਰ ਮਨੁੱਖ ਜ਼ਿੰਦਗੀ ਵਿੱਚ ਜਾਂ ਤਾਂ ਸਿਆਸਤ ਕਰ ਰਿਹਾ ਹੁੰਦਾ ਹੈ ਜਾਂ ਫਿਰ ਸਿਆਸਤ ਦਾ ਸ਼ਿਕਾਰ ਹੋ ਰਿਹਾ ਹੁੰਦਾ ਹੈ। ਮਨੁੱਖੀ ਜੀਵਨ ਵਿੱਚ “ਸਿਆਸਤ” ਸ਼ਬਦ ਦਾ ਪ੍ਰਯੋਗ ਨਿੱਜੀ ਪੱਧਰ ਤੋਂ ਲੈਕੇ ਜਨਸਮੂਹ ਤੱਕ ਹਰ ਸਮੇਂ ਕਿਸੇ ਨਾ ਕਿਸੇ ਰੂਪ ਵਿੱਚ ਹੋ ਹੀ ਰਿਹਾ ਹੁੰਦਾ ਹੈ । ਇਹ ਹਰ ਕਿਸੇ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕਿਆ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਟਰੈਕਟ 2211 ਹੈੱਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਐਸੋਸੀਏਸ਼ਨ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ
Next articleਰਿਸ਼ਤਿਆਂ ਦਾ ਨਿਭਾਉਣਾ