(ਸਮਾਜ ਵੀਕਲੀ)
ਕਿਸੇ ਵੀ ਦੇਸ਼ ਦੇ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਸਾਡੇ ਦੇਸ਼ ਦੇ ਨੌਜਵਾਨ ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਬੇਰੁਜ਼ਗਾਰੀ ਦੀ ਮਾਰ ਝੱਲਦੇ ਹਨ।ਇਹ ਸਾਡੇ ਦੇਸ਼ ਦੀ ਬਦਕਿਸਮਤੀ ਨਹੀਂ ਤਾਂ ਹੋਰ ਕੀ ਹੈ? ਬੇਰੋਜ਼ਗਾਰਾਂ ਦੀ ਗਿਣਤੀ ’ਚ ਹਰ ਸਾਲ ਵੱਡਾ ਵਾਧਾ ਹੋ ਕੇ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਹੀ ਜਾਂਦੀ ਹੈ। ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਉਹਨਾਂ ਨੇ ਵਿਦੇਸ਼ਾਂ ਵੱਲ ਨੂੰ ਰੁਖ ਕਰ ਲਿਆ ਹੈ। ਜਦੋਂ ਤੋਂ ਨੌਜਵਾਨਾਂ ਅੰਦਰ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਵਧਣ ਲੱਗਿਆ ਹੈ ਉਦੋਂ ਤੋਂ ਹੀ ਸ਼ਹਿਰ ਸ਼ਹਿਰ-ਗਲੀ ਗਲ਼ੀ ਆਈਲੈਟਸ ਸੈਂਟਰਾਂ ਦੇ ਖੁੱਲ੍ਹਣ ਦਾ ਕਾਰੋਬਾਰ ਵੀ ਸ਼ੁਰੂ ਹੋ ਗਿਆ ਹੈ। ਅੱਜ ਦੇ ਨੌਜਵਾਨ ਜੇ ਲੱਖਾਂ ਰੁਪਏ ਖ਼ਰਚ ਕੇ ਕਾਲਜਾਂ ਵਿੱਚ ਜਾ ਕੇ ਉੱਚ ਵਿੱਦਿਆ ਪ੍ਰਾਪਤ ਕਰਦੇ ਹਨ ਤਾਂ ਅੱਗੇ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਹੀ ਦਿਖਾਈ ਦਿੰਦਾ ਹੈ ਕਿਉਂਕਿ ਉਹਨਾਂ ਨੂੰ ਨਾ ਸਰਕਾਰੀ ਨੌਕਰੀ ਮਿਲਦੀ ਹੈ ਅਤੇ ਨਾ ਹੀ ਕੋਈ ਢੁਕਵਾਂ ਰੁਜ਼ਗਾਰ ਮਿਲਦਾ ਹੈ। ਇਸ ਲਈ ਉਸ ਦੇ ਬਦਲੇ ਆਈਲੈਟਸ ਕਰਨ ’ਤੇ ਖਰਚ ਕਰ ਕੇ ਉਹ ਵਿਦੇਸ਼ਾਂ ਵੱਲ ਨੂੰ ਰੁਖ ਕਰਨ ਲੱਗ ਪਏ ਹਨ।
ਅੱਜ ਦੀ ਪੜ੍ਹੀ ਲਿਖੀ ਨੌਜਵਾਨੀ ਵਿੱਚ ਸਹਿਣਸ਼ੀਲਤਾ ਦੀ ਕਮੀ ਆ ਰਹੀ ਹੈ ਜਿਸ ਕਰਕੇ ਉਨ੍ਹਾਂ ਵਿੱਚ ਅਨੁਸ਼ਾਸਨਹੀਣਤਾ ਵਧਦੀ ਹੈ ਕਿਉਂਕਿ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਪਰ ਆਪਣੀ ਹੀ ਜਨਮ ਭੂਮੀ ਨੂੰ ਆਪਣੀ ਕਰਮ ਭੂਮੀ ਬਣਾਉਣ ਲਈ ਉਹਨਾਂ ਦੀ ਕੋਈ ਵਾਹ ਨਹੀਂ ਚੱਲਦੀ। ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਵੱਲ ਨੂੰ ਰੁਖ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਪੈਂਦੀ ਹੈ, ਸਤਿਕਾਰ ਸਹਿਤ ਕੰਮ ਲਿਆ ਜਾਂਦਾ ਹੈ ਤੇ ਕੀਤੀ ਮਿਹਨਤ ਦਾ ਮਿਹਨਤਾਨਾ ਸਹੀ ਮਿਲਦਾ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਬੇਰੁਜ਼ਗਾਰੀ ਜਾਂ ਨੌਜਵਾਨਾਂ ਵਿੱਚ ਭਵਿੱਖ ਨੂੰ ਲੈ ਕੇ ਵਧਦੀ ਅਸੰਜਮਤਾ ਨੇ ਉਨ੍ਹਾਂ ਨੂੰ ਕੁਰਾਹੇ ਤੋਰ ਦਿੱਤਾ ਹੈ ਜਿਸ ਕਾਰਨ ਪੰਜਾਬ ਦੀ ਧਰਤੀ ਤੇ ਬਚੀ ਹੋਈ ਜਵਾਨੀ ਨੂੰ ਨਸ਼ਿਆਂ ਨੇ ਖਾ ਲਿਆ ਹੈ। ਨਸ਼ਿਆਂ ਕਰਕੇ ਨਿੱਤ ਨਵੇਂ ਦਿਨ ਕੋਈ ਨਾ ਕੋਈ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ, ਜਿਸ ਕਾਰਨ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਇਸ ਕਰਕੇ ਵੀ ਨਸ਼ਿਆਂ ਦੇ ਕੋਹੜ ਤੋਂ ਡਰਦੇ ਮਾਪੇ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣ ਲਈ ਉਹਨਾਂ ਨੂੰ ਵਿਦੇਸ਼ਾਂ ਵੱਲ ਨੂੰ ਤੋਰ ਰਹੇ ਹਨ।
ਇਹ ਤਾਂ ਸੂਬਿਆਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਦੇਸ਼ ਵਿੱਚ ਹੀ ਚੰਗੇ ਰੋਜ਼ਗਾਰ ਦੇਵੇ ਤਾਂ ਜੋ ਉੱਠ ਰਹੀ ਨਵੀਂ ਪੀੜ੍ਹੀ ਨੂੰ ਵੀ ਉੱਜਵਲ ਭਵਿੱਖ ਦੀ ਆਸ ਹੋਵੇ ਤਾਂ ਹੀ ਉਹ ਆਪਣੀ ਜਨਮ ਭੂਮੀ ਨੂੰ ਅਪਣੀ ਕਰਮਭੂਮੀ ਬਣਾ ਸਕਣਗੇ। ਸਰਕਾਰਾਂ ਵੱਲੋਂ ਕੀਤੇ ਜਾਂਦੇ ਵਾਅਦਿਆਂ ਤੇ ਲਾਰਿਆਂ ਨੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਅੰਦਰ ਐਨੀ ਬੇਭਰੋਸਗੀ ਪੈਦਾ ਕਰ ਦਿੱਤੀ ਹੈ ਕਿ ਸਰਕਾਰਾਂ ਦੀਆਂ ਗੱਲਾਂ ਨੂੰ ਹਲਕੇ ਵਿੱਚ ਲੈਂਦੇ ਹੋਏ ਉਨ੍ਹਾਂ ਨੇ ਆਪਣੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਨੂੰ ਹੀ ਵਿਕਲਪ ਦੇ ਤੌਰ ਤੇ ਚੁਣ ਲਿਆ ਹੈ।
ਪੰਜਾਬ ਵਿੱਚ ਬੇਰੋਜ਼ਗਾਰੀ, ਨਸ਼ਾਖੋਰੀ, ਲੁੱਟ ਮਾਰ,ਭ੍ਰਿਸ਼ਟਾਚਾਰ , ਕਰਜ਼ੇ ਦੀ ਮਾਰ ਵਰਗੀਆਂ ਲਾਇਲਾਜ ਬਿਮਾਰੀਆਂ ਮੂੰਹ ਅੱਡੀ ਖੜ੍ਹੀਆਂ ਹਨ।ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਕਰਕੇ ਵੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣਾ ਚਾਹੁੰਦੇ ਹਨ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਮਿਹਨਤ ਦਾ ਐਨਾ ਮੁੱਲ ਇੱਥੇ ਨਹੀਂ ਪੈਣਾ ਜਿੰਨਾ ਉੱਥੇ ਜਾ ਕੇ ਪੈਣਾ ਹੈ।ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਓਨੀ ਮਿਹਨਤ ਨਾਲ ਡਾਲਰ-ਪਾਊਂਡ ਕਮਾ ਕੇ ਸੁਨਿਹਰੀ ਭਵਿੱਖ ਸਿਰਜਿਆ ਜਾ ਸਕਦਾ ਹੈ ।
ਇਹ ਸੱਚ ਹੈ ਕਿ ਵਿਦੇਸ਼ਾਂ ਨੂੰ ਜਾਣਾ ਪੰਜਾਬੀਆਂ ਦਾ ਸ਼ੌਕ ਨਹੀਂ ਸਗੋਂ ਰੁਜ਼ਗਾਰ ਲਈ ਸਾਡੇ ਦੇਸ਼ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਇਸ ਕਾਰਨ ਸਾਡੇ ਦੇਸ਼ ਵਿੱਚ ਹਾਲਤ ਇਹ ਹਨ ਕਿ ਦੇਸ਼ ’ਚ ਜਿਹੜੇ ਕਾਲਜਾਂ ’ਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖਲ ਹੁੰਦੇ ਸਨ, ਹੁਣ ਇਨ੍ਹਾਂ ਕਾਲਜਾਂ ’ਚ ਸਿਰਫ਼ ਤਿੰਨ- ਚਾਰ ਸੌ ਵਿਦਿਆਰਥੀਆਂ ਦਾ ਹੀ ਦਾਖ਼ਲਾ ਹੋ ਰਿਹਾ ਹੈ। ਕਈ ਕਾਲਜਾਂ ਨੂੰ ਤਾਂ ਘਟ ਰਹੇ ਵਿਦਿਆਰਥੀਆਂ ਦੀ ਗਿਣਤੀ ਕਰਕੇ ਤਾਲੇ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਦੇ ਤਾਂ ਇਹ ਹਾਲਾਤ ਹਨ ਕਿ ਲੋਕ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਵਿਦੇਸ਼ ਜਾ ਰਹੇ ਹਨ। ਜਿੰਨਾਂ ਕੋਲ ਜ਼ਮੀਨਾਂ ਨਹੀਂ ਹਨ ਉਹ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ।
ਉਹ ਲੋਕ ਸੋਚਦੇ ਹਨ ਕਿ ਜੇ ਪਰਿਵਾਰ ਦਾ ਇੱਕ ਜੀਅ ਵੀ ਵਿਦੇਸ਼ ਚਲਾ ਗਿਆ ਤਾਂ ਕਰਜ਼ੇ ਵੀ ਲਹਿ ਜਾਣਗੇ ਅਤੇ ਘਰ ਦੀ ਗਰੀਬੀ ਵੀ ਦੂਰ ਹੋ ਜਾਵੇਗੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕਾਂ ਨੂੰ ਆਪਣੀਆਂ ਸਰਕਾਰਾਂ ਨਾਲੋਂ ਵੱਧ ਆਪਣੀ ਮਿਹਨਤ ਅਤੇ ਵਿਦੇਸ਼ਾਂ ਦੇ ਸਿਸਟਮ ਉੱਤੇ ਭਰੋਸਾ ਹੈ। ਪੰਜਾਬ ਵਿੱਚ ਹਾਲਾਤ ਇਹ ਬਣ ਰਹੇ ਹਨ ਕਿ ਜਿਸ ਹਿਸਾਬ ਨਾਲ ਸਾਰੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ ਉਸ ਹਿਸਾਬ ਨਾਲ ਤਾਂ ਹੋਰ ਆਉਂਦੇ ਕੁਝ ਵਰ੍ਹਿਆਂ ਵਿੱਚ ਇਸ ਧਰਤੀ ਤੇ ਸਿਰਫ਼ ਬਜ਼ੁਰਗ ਹੀ ਰਹਿ ਜਾਣਗੇ। ਪੰਜਾਬ ਦੇ ਚੰਗੇ ਭਵਿੱਖ ਦੇ ਨਿਰਮਾਣ ਲਈ ਵਿਦੇਸ਼ਾਂ ਵੱਲ ਨੂੰ ਜਾ ਰਹੀ ਜਵਾਨੀ ਨੂੰ ਰੋਕ ਕੇ ਇੱਥੇ ਹੀ ਚੰਗੇ ਰੁਜ਼ਗਾਰ ਮੁਹੱਈਆ ਕਰਵਾਉਣੇ ਪੈਣਗੇ ਕਿਉਂ ਕਿ ਹਜੇ ਵੀ ਜੇ ਨੌਜਵਾਨੀ ਰੂਪੀ ਸਰਮਾਏ ਨੂੰ ਨਾ ਸੰਭਾਲਿਆ ਗਿਆ ਤਾਂ ਸਾਡਾ ਸੂਬਾ ਵੀ ਇੱਕ ਬੁੱਢੇ ਬਾਪੂ ਵਰਗਾ ਲੜਖੜਾਉਂਦਾ ਕਮਜ਼ੋਰ ਜਿਹਾ ਨਜ਼ਰ ਆਵੇਗਾ। ਇਸ ਮੁੱਦੇ ਤੇ ਗੰਭੀਰਤਾ ਨਾਲ ਸੋਚਣਾ ਪਵੇਗਾ ਕਿਉਂਕਿ ਇਹ ਸਮੇਂ ਦੀ ਲੋੜ ਬਣ ਗਿਆ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly