ਏਹੁ ਹਮਾਰਾ ਜੀਵਣਾ ਹੈ -272

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਹਰ ਦਿਨ ਅਤੇ ਤਿਉਹਾਰ ਮਨਾਏ ਜਾਣ ਪਿੱਛੇ ਕੋਈ ਨਾ ਕੋਈ ਇਤਿਹਾਸਕ ਪਿਛੋਕੜ ਹੁੰਦਾ ਹੈ ਅਤੇ ਨਾਲ਼ ਹੀ ਉਹ ਦਿਨ ਸਾਡੇ ਲਈ ਕੋਈ ਵਿਸ਼ੇਸ਼ ਸੰਦੇਸ਼ ਛੱਡ ਕੇ ਜਾਂਦਾ ਹੈ ਪਰ ਉਸ ਦਿਨ ਤਿਉਹਾਰ ਨੂੰ ਮਨਾਉਣਾ ਅਤੇ ਉਸ ਮਕਸਦ ਲਈ ਉਪਰਾਲੇ ਕਰਨਾ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਉਸ ਨੂੰ ਕਿੰਨੀ ਇਮਾਨਦਾਰੀ ਨਾਲ ਨਿਭਾਅ ਰਹੇ ਹਾਂ। ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਇੱਕ ਮਈ ਨੂੰ ਮਜ਼ਦੂਰਾਂ ਦੇ ਸਨਮਾਨ ਵਿੱਚ ਮਨਾਏ ਜਾਣ ਵਾਲੇ ‘ਲੇਬਰ ਡੇਅ ‘ ਭਾਵ ਮਜ਼ਦੂਰ ਦਿਵਸ ਬਾਰੇ ਕਈ ਪੂੰਜੀਵਾਦੀ ਲੋਕਾਂ ਦਾ ਮਕਸਦ ਕੀ ਹੁੰਦਾ ਹੈ ,ਉਹ ਕਿੰਨੀ ਇਮਾਨਦਾਰੀ ਨਾਲ ਇਸ ਨੂੰ ਮਨਾਉਂਦੇ ਹਨ ਇਹ ਉਨ੍ਹਾਂ ਦੀ ਸੋਚ ਤੇ ਨਿਰਭਰ ਕਰਦਾ ਹੈ।

ਸ਼ਹਿਰ ਦੇ ਇੱਕ ਨਾਮੀ ਸੇਠ ਜਨਕ ਰਾਜ ਦੀ ਪਹਿਲਾਂ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਸੀ ਪਰ ਹੁਣ ਦੁਕਾਨ ਨਹੀਂ ਰਹੀ ਸੀ ਬਲਕਿ ਸ਼ਹਿਰ ਦਾ ਇੱਕ ਵੱਡਾ ਸ਼ੋਅ ਰੂਮ ਬਣ ਗਿਆ ਸੀ ਜਿਸ ਵਿੱਚ ਲੱਗ ਭੱਗ ਘਰੇਲੂ ਵਰਤੋਂ ਦਾ ਹਰ ਕਿਸਮ ਦਾ ਸਮਾਨ ਸੀ।ਉਸ ਵਿੱਚ ਤਕਰੀਬਨ ਪੱਚੀ ਤੀਹ ਕਰਿੰਦੇ ਕੰਮ ਕਰਦੇ ਸਨ। ਉਸ ਵਿੱਚ ਅਠਾਰਾਂ ਸਾਲ ਦੇ ਕਿਸ਼ੋਰ ਤੋਂ ਲੈਕੇ ਪੈਂਹਠ ਸੱਤਰ ਸਾਲ ਦੇ ਬਜ਼ੁਰਗ ਤੱਕ ਕੰਮ ਕਰਦੇ ਸਨ। ਸੇਠ ਦੇ ਨਾਲ ਉਸ ਦਾ ਪੁੱਤਰ ਵੀ ਬੈਠਦਾ ਸੀ।ਪਰ ਉਹ ਦੋਵੇਂ ਪਿਓ ਪੁੱਤ ਤਾਂ ਅਲੱਗ ਬਣੇ ਕੈਬਿਨ ਵਿੱਚ ਹਿਸਾਬ ਕਿਤਾਬ ਕਰਨ ਵਾਲੇ ਕਰਮਚਾਰੀ ਤੇ ਨਿਗਾਹ ਰੱਖਦੇ ਸਨ। ਕਰਿੰਦਿਆਂ ਵਿੱਚ ਵੀ ਜਿਹੜੇ ਦਸ ਜਮਾਤਾਂ ਪੜ੍ਹੇ ਹੋਏ ਸਨ ਤੇ ਹੱਟੇ ਕੱਟੇ ਸਨ ਉਹ ਵਿਚਾਰੇ ਗ਼ਰੀਬ ਤੇ ਮਜ਼ਬੂਰ ਮਰੀਅਲ ਜਿਹੇ ਮਜ਼ਦੂਰਾਂ ਤੇ ਰੋਹਬ ਪਾ ਕੇ ਰੱਖਦੇ ਤੇ ਉਹਨਾਂ ਤੋਂ ਆਪਣੇ ਹਿੱਸੇ ਦਾ ਕੰਮ ਵੀ ਕਰਵਾਈ ਜਾਂਦੇ।

ਸੇਠ ਜਨਕ ਰਾਜ ਨੇ ਇੱਕ ਮਈ ਨੂੰ ਸ਼ਾਮ ਨੂੰ ਮਜ਼ਦੂਰਾਂ ਨੂੰ ਪਾਰਟੀ ਕੀਤੀ ਜਿਸ ਵਿੱਚ ਚਾਹ ਦੇ ਨਾਲ ਇੱਕ ਇੱਕ ਸਮੋਸਾ ਅਤੇ ਬਰਫ਼ੀ ਦੀ ਟੁਕੜੀ ਪੁਰਾਣੇ ਅਖ਼ਬਾਰਾਂ ਦੇ ਟੁਕੜਿਆਂ ਤੇ ਰੱਖ ਕੇ ਪਰੋਸੇ ਗਏ। ਉਪਰਲੇ ਦਰਜੇ ਦੇ ਕਰਮਚਾਰੀਆਂ ਨੂੰ ਤਾਂ ਸਮਝ ਸੀ ,ਵਿਚਾਰੇ ਹੇਠਲੇ ਪੱਧਰ ਦੇ ਮਜ਼ਦੂਰ ਇਸ ਗੱਲੋਂ ਅਣਜਾਣ ਸਨ ਕਿ ਅੱਜ ਉਹਨਾਂ ਦੇ ਮਾਲਕ ਨੇ ਕਿਹੜੀ ਖੁਸ਼ੀ ਵਿੱਚ ਪਾਰਟੀ ਦਿੱਤੀ ਸੀ। ਸੇਠ ਨੇ ਇਸ “ਪਾਰਟੀ” ਵਿੱਚ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਵੀ ਬੁਲਾਏ। ਉਹਨਾਂ ਸਭ ਲਈ ਹੋਰ ਤਰ੍ਹਾਂ ਦੀਆਂ ਮਹਿੰਗੀਆਂ ਮਠਿਆਈਆਂ ਅਤੇ ਹੋਰ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਵੱਖ਼ਰੇ ਤੌਰ ਤੇ ਸਜਾ ਕੇ ਪਰੋਸੀਆਂ ਗਈਆਂ। ਕੁਝ ਪੱਤਰਕਾਰ ਬੁਲਾਏ ਗਏ। ਕੁਛ ਮਜ਼ਦੂਰਾਂ ਨੂੰ ਛੋਟੇ ਛੋਟੇ ਪੈਕੇਟ ਰੰਗਦਾਰ ਕਾਗਜ਼ ਵਿੱਚ ਲਪੇਟ ਕੇ ਵੰਡਦਿਆਂ ਦੀਆਂ ਫੋਟੋਆਂ ਖਿੱਚੀਆਂ ਗਈਆਂ।ਜਦ ਸਾਰੇ ਚਲੇ ਗਏ , ਮੂਹਰਲੇ ਕਰਿੰਦਿਆਂ ਨੇ ਉਹ ਸਾਰੇ ਪੈਕੇਟ ਉਹਨਾਂ ਮਜ਼ਦੂਰਾਂ ਤੋਂ ਫੜ ਕੇ ਇੱਕ ਪਾਸੇ ਰੱਖ ਦਿੱਤੇ ਕਿਉਂਕਿ ਉਹ ਖਾਲੀ ਡੱਬਿਆਂ ਤੇ ਰੰਗਲਾ ਕਾਗਜ਼ ਚੜ੍ਹਾ ਕੇ ਸਿਰਫ਼ ਫੋਟੋਆਂ ਖਿਚਾਉਣ ਲਈ ਤਿਆਰ ਕੀਤੇ ਗਏ ਸਨ।

ਅਗਲੇ ਦਿਨ ਸੇਠ ਵੱਲੋਂ ਮਨਾਏ ਗਏ ‘ਲੇਬਰ ਡੇਅ’ ਦੀਆਂ ਖ਼ਬਰਾਂ, ਅਖ਼ਬਾਰਾਂ ਦੇ ਪੰਨਿਆਂ ‘ਤੇ ਫੋਟੋਆਂ ਸਮੇਤ ਛਪੀਆਂ। ਸੇਠ ਨੂੰ ਸਵੇਰ ਤੋਂ ਹੀ ਲੋਕਾਂ ਦੇ ਵਧਾਈਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ। “ਵਾਹ ! ਜਨਕ ਰਾਜ ਜੀ ,ਅੱਜ ਤਾਂ ਸਾਰੇ ਪਾਸੇ ਛਾਏ ਪਏ ਹੋ। ਮੁਬਾਰਕਾਂ ਜੀ , ਬਹੁਤ ਬਹੁਤ ਮੁਬਾਰਕਾਂ।”ਸੇਠ ਨੂੰ ਉਸ ਦੇ ਇੱਕ ਹੋਰ ਸੇਠ ਮਿੱਤਰ ਦਾ ਫ਼ੋਨ ਆਇਆ।ਸੇਠ ਦਫ਼ਤਰ ਵਿੱਚ ਆਪਣੀ ਉੱਚੀ ਢੋਅ ਵਾਲੀ ਕੁਰਸੀ ਤੇ ਗੋਗੜ ਉੱਪਰ ਨੂੰ ਕੱਢੀ ਐਦਾਂ ਬੈਠਾ ਸੀ ਜਿਵੇਂ ਅੱਧਾ ਲੇਟਿਆ ਹੋਵੇ। ਮੂਹਰੇ ਸ਼ੀਸ਼ੇ ਵਾਲ਼ੇ ਚਮਕਦੇ ਮੇਜ਼ ਉੱਤੇ ਅੱਜ ਦੀਆਂ “ਲੇਬਰ ਡੇਅ” ਦੀਆਂ ਫੋਟੋਆਂ ਵਾਲੇ ਅਖ਼ਬਾਰ ਪਏ ਸਨ। ਫੋਨ ਕੰਨ ਨੂੰ ਲਾਏ ਹੋਏ ਹੱਸਦਾ ਹੋਇਆ ਸੇਠ ਬੋਲਿਆ,”ਹਾ ..ਹਾ… ਹਾ …ਹਾ ….ਹਾ…….ਭਾਈ ਸਾਹਿਬ ਜੀ…. ਇਹ ਲੇਬਰ ਡੇਅ… ਸਾਡੇ ਪੂਰਾ ਸਾਲ ਬਹੁਤ ਕੰਮ ਆਉਂਦਾ।ਹਾ ਹਾ ਹਾ…….ਸਾਰੀ ਲੇਬਰ ਆਪਣੀ ਫੋਟੋ ਅਖ਼ਬਾਰ ਵਿੱਚ ਦੇਖ ਕੇ ਖੁਸ਼ ਹੋਈ ਪਈ ਆ। ਸਾਰਾ ਸਾਲ ਇਹਨਾਂ ਤੋਂ ਕੰਮ ਲੈਣ ਲਈ ਇੱਕ ਸਮੋਸਾ ਤੇ ਇਹ ਫੋਟੋ ਬਹੁਤ ਕੰਮ ਆਉਂਦੀ ਆ।”

“ਹਾ ਹਾ ਹਾ ਹਾ…ਸਮਝ ਗਏ ਜਨਕ ਰਾਜ ਜੀ….ਤੁਹਾਡੀ ਕਾਮਯਾਬੀ ਦਾ ਰਾਜ਼….ਹਾ ਹਾ ਹਾ ਹਾ… !”

“ਦੇਖਿਓ ਕਿਤੇ ਤੁਸੀਂ ਵੀ ਸਾਡੀ ਨਕਲ ਨਾ ਕਰਨ ਲੱਗ ਜਾਇਓ… ?” ਉੱਚੀ ਦੇਣੀ ਓਪਰਾ ਜਿਹਾ ਠਹਾਕਾ ਲਾ ਕੇ ਸੇਠ ਬੋਲਿਆ।

ਮਿੱਤਰ ਸੇਠ ਹੱਸਦਾ ਹੋਇਆ ਬੋਲਿਆ,” ਜਨਕ ਰਾਜ ਜੀ… ਸਾਡੇ ਅਸੂਲ ਵੱਖਰੇ ਨੇ… ਅਸੀਂ ਤਾਂ ਜੀ ਉਹਨਾਂ ਨੂੰ ਇਹ ਦਿਨ ਸਨਮਾਨ ਵਜੋਂ ਇਸ ਦਿਨ ਦੀ ਤਨਖਾਹ ਨਕਦੀ ਦੇ ਕੇ…. ਉਹਨਾਂ ਨੂੰ ਆਪਣੇ ਆਪਣੇ ਬੱਚਿਆਂ ਨਾਲ ਇਹ ਦਿਨ ਬਿਤਾਉਣ ਲਈ ਆਖਦੇ ਹਾਂ… ਤਾਂ ਜੋ ਆਪਣੇ ਹਿੱਸੇ ਆਏ ‌‌‌‌‌ਇਸ ਖਾਸ ਦਿਨ ਦੀ ਖੁਸ਼ੀ ਆਪਣੇ ਪਰਿਵਾਰ ਨਾਲ਼ ਸਾਂਝੀ ਕਰ ਸਕਣ….. ਸਾਡੇ ਬਜ਼ੁਰਗ ਕਹਿੰਦੇ ਹਨ…. ਕਿ ਉਨ੍ਹਾਂ ਨੂੰ ਸੱਚੇ ਦਿਲੋਂ ਸਤਿਕਾਰ ਦੇਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ,” ਕਹਿਕੇ ਉਸ ਨੇ ਫ਼ੋਨ ਕੱਟ ਦਿੱਤਾ।

ਜਨਕ ਰਾਜ ਉਸ ਦੀ ਗੱਲ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਤੇ ਕੋਲ਼ ਖੜ੍ਹੇ ਕਰਿੰਦੇ ਨੂੰ ਗੁੱਸੇ ਵਿੱਚ ਉਂਗਲ਼ ਨਾਲ਼ ਬਾਹਰ ਨੂੰ ਇਸ਼ਾਰਾ ਕਰਦਾ ਹੋਇਆ ਕੈਬਿਨ ਤੋਂ ਬਾਹਰ ਜਾਣ ਲਈ ਆਖਦਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleखिरिया बाग के आंदोलनकारियों के ऊपर झूठे मुकदमे के खिलाफ नागर समाज का साझा बयान
Next articleਸੰਵੇਦਨਾ ਅਤੇ ਗੰਭੀਰਤਾ ਨਾਲ ਰੰਗੀ ਹੋਈ ਹੈ ਕਾਵਿ ਪੁਸਤਕ – ‘ਕੱਕੀਆਂ ਕਣੀਆਂ’