ਏਹੁ ਹਮਾਰਾ ਜੀਵਣਾ ਹੈ-261

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸੁਖਜੀਤ ਸਰਕਾਰੀ ਅਧਿਆਪਕਾ ਸੀ। ਉਸ ਦਾ ਸਕੂਲ ਪਿੰਡ ਤੋਂ ਬਹੁਤ ਦੂਰ ਹੋਣ ਕਰਕੇ ਦੋ ਬੱਸਾਂ ਬਦਲਨੀਆਂ ਪੈਂਦੀਆਂ ਸਨ। ਆਮ ਤੌਰ ਤੇ ਰੋਜ਼ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਦੀ ਨਾਲ਼ ਦੀਆਂ ਆਪਣੇ ਵਰਗੀਆਂ ਹੋਰ ਮੁਲਾਜ਼ਮ ਸਵਾਰੀਆਂ ਨਾਲ ਜਾਣ ਪਛਾਣ ਹੋ ਹੀ ਜਾਂਦੀ ਹੈ ਕਿਉਂਕਿ ਡਿਊਟੀ ਵਾਲ਼ਿਆਂ ਦੀਆਂ ਬੱਸਾਂ ਦੇ ਸਮੇਂ ਅਤੇ ਰੂਟ ਕਰਕੇ ਅਕਸਰ ਸਵੇਰ ਨੂੰ ਡਿਊਟੀ ਜਾਣ ਸਮੇਂ ਇੱਕ ਦੂਜੇ ਨਾਲ ਪਹਿਲਾਂ ਚੁੱਪ ਵਾਲ਼ੀ ਤੱਕਣੀ ਦੇ ਨਾਲ ਅਤੇ ਜੇ ਸਵਾਰੀ ਲਗਾਤਾਰ ਜਾਣ ਆਉਣ ਲੱਗ ਪਏ ਤਾਂ ਮਾੜੀਮੋਟੀ ਹਾਂ – ਹੂੰ ਦੇ ਹੁੰਗਾਰੇ ਤੋਂ ਬਾਅਦ ਜਾਣ ਪਛਾਣ ਵਾਲ਼ੀ ਮੁਲਾਕਾਤ ਕਦ ਹੌਲ਼ੀ ਹੌਲ਼ੀ ਅਪਣੱਤ ਵਿੱਚ ਤਬਦੀਲ ਹੋ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ।

ਇਵੇਂ ਹੀ ਸੁਖਜੀਤ ਨਾਲ਼ ਵੀ ਬੱਸ ਵਿੱਚ ਸਫ਼ਰ ਕਰਦਿਆਂ ਕਈ ਪਿੱਛਿਓਂ ਚੜ੍ਹੀਆਂ ਸਵਾਰੀਆਂ ਨਾਲ ਉਸ ਦੇ ਚੜ੍ਹਦੇ ਸਾਰ ਹੀ ਇੱਕ ਦੂਜੇ ਨੂੰ,”ਸਤਿ ਸ੍ਰੀ ਆਕਾਲ ਭੈਣ ਜੀ ਜਾਂ ਵੀਰ ਜੀ” ਦੀ ਸਾਂਝ ਪਾ ਕੇ ਬੈਠ ਜਾਣਾ ਤੇ ਕਈ ਉਸ ਤੋਂ ਬਾਅਦ ਵਿੱਚ ਚੜ੍ਹਨ ਵਾਲ਼ੀਆਂ ਸਵਾਰੀਆਂ ਨਾਲ ਇਵੇਂ ਸਤਿ ਸ੍ਰੀ ਆਕਾਲ ਦੀ ਸਾਂਝ ਪਾ ਕੇ ਮੁਸਕਰਾ ਦੇਣਾ। ਕਈ ਵਾਰ ਸਰਕਾਰੀ ਛੁੱਟੀਆਂ, ਇਨਕ੍ਰੀਮੈਂਟ, ਭੱਤਿਆਂ ਜਾਂ ਬਜਟ ਵਿੱਚ ਮੁਲਾਜ਼ਮਾਂ ਨੂੰ ਦਿੱਤੇ ਫ਼ਾਇਦੇ ਜਾਂ ਨੁਕਸਾਨ ਬਾਰੇ ਰੋਜ਼ ਦੀਆਂ ਮੁਲਾਜ਼ਮ ਸਵਾਰੀਆਂ ਦੀ ਆਪਸ ਵਿੱਚ ਖ਼ੂਬ ਵਿਚਾਰ ਚਰਚਾ ਹੁੰਦੀ ਤੇ ਆਮ ਲੋਕ ਉਹਨਾਂ ਦੀਆਂ ਗੱਲਾਂ ਸੁਣ ਕੇ ਲੁਤਫ਼ ਉਠਾਉਂਦੇ ਹੋਏ ਆਪਣੇ ਸਫ਼ਰ ਦਾ ਸੋਹਣਾ ਅਨੰਦ ਮਾਣਦੇ।

ਪਿਛਲੇ ਕੁਝ ਦਿਨਾਂ ਤੋਂ ਬੱਸ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲ਼ੀ ਇੱਕ ਸਵਾਰੀ ਜੋ ਅੱਧਖੜ੍ਹ ਉਮਰ ਦੀ ਔਰਤ ਸੀ, ਪਿੱਛੋਂ ਹੀ ਆਉਂਦੀ ਸੀ। ਉਹ ਵੀ ਸਰਕਾਰੀ ਮੁਲਾਜ਼ਮ ਹੀ ਲੱਗਦੀ ਸੀ। ਇੱਕ ਦਿਨ ਅਚਾਨਕ ਸੁਖਜੀਤ ਵਾਲ਼ੀ ਸੀਟ ਅੱਧੀ ਖ਼ਾਲੀ ਹੋਣ ਕਰਕੇ ਉਹ ਉਸ ਨਾਲ ਹੀ ਬੈਠ ਗਈ। ਸੁਖਜੀਤ ਨੇ ਪੁੱਛਿਆ,” ਤੁਸੀਂ ਜੌਬ ਕਰਦੇ ਹੋ…..?”
“ਹਾਂ ਜੀ….!”
“ਸਰਕਾਰੀ….?”
“ਹਾਂਜੀ…..?”
“ਕਿਹੜੀ… ?”
“ਐਸ ਐਸ ਮਿਸਟ੍ਰੈਸ….!”
“ਕਿੱਥੇ…?”
“ਆਹੀ… ਜਿਹੜੇ ਪਿੰਡ ਇਹ ਬੱਸ ਅਖੀਰ ਵਿੱਚ ਰੁਕਦੀ ਹੈ, ਬਦਲੀ ਹੋ ਕੇ ਐਥੇ ਆਈ ਹਾਂ ….!”
“ਅੱਛਾ… ਤੁਹਾਡੇ ਹਸਬੈਂਡ ਵੀ ਸਰਕਾਰੀ ਨੌਕਰੀ ਕਰਦੇ ਨੇ…?”
“ਮੈਂ ਵਿਧਵਾ ਹਾਂ…!”

ਐਨੀ ਹੀ ਗੱਲ ਹੋਈ ਸੀ ਕਿ ਉਸ ਦੇ ਉਤਰਨ ਵਾਲ਼ਾ ਸਟੌਪੇਜ ਆ ਗਿਆ। ਉਸ ਦੇ ਹੱਥ ਵਿੱਚ ਇੱਕ ਡਾਇਰੀ ਫੜੀ ਹੋਈ ਸੀ ਜਿਸ ਉੱਪਰ ਉਸ ਦਾ ਨਾਂ ਸੁਰਿੰਦਰ ਲਿਖਿਆ ਹੋਇਆ ਸੀ। ਸੁਖਜੀਤ ਉਸ ਦੇ ਆਖ਼ਰੀ ਜਵਾਬ ਤੇ ਹੈਰਾਨ ਸੀ ਕਿ ਉਸ ਨੇ ਆਪਣੇ ਆਪ ਨੂੰ ਵਿਧਵਾ ਕਹਿਣ ਲੱਗੇ ਨਾ ਹੀ ਕੋਈ ਦੇਰੀ ਲਾਈ ਸੀ ਤੇ ਨਾ ਹੀ ਕੋਈ ਦੁਖੀ ਮਨ ਨਾਲ ਆਖਿਆ ਸੀ। ਉਸ ਦੇ ਚਿਹਰੇ ਤੇ ਕੀਤੇ ਮੇਕ ਅੱਪ ਤੋਂ ਵੀ ਉਹ ਵਿਧਵਾ ਤਾਂ ਨਹੀਂ ਲੱਗ ਰਹੀ ਸੀ। ਇਸੇ ਤਰ੍ਹਾਂ ਇੱਕੋ ਬੱਸ ਵਿੱਚ ਰੋਜ਼ਾਨਾ ਆਉਣਾ ਤੇ ਇੱਕ ਦੂਜੇ ਨੂੰ ਹੱਸ ਕੇ ਸਿਰ ਝੁਕਾ ਕੇ ਸਤਿ ਸ੍ਰੀ ਆਕਾਲ ਬੁਲਾ ਕੇ ਸਫ਼ਰ ਕਰਨਾ ਹੀ ਇਹਨਾਂ ਦਾ ਨਿਤਨੇਮ ਸੀ।

ਇੱਕ ਦਿਨ ਸੁਖਜੀਤ ਆਪਣੇ ਪਤੀ ਨਾਲ ਨੇੜਲੇ ਸ਼ਹਿਰ ਗਈ। ਕੋਈ ਤਿਉਹਾਰ ਹੋਣ ਕਰਕੇ ਬਜ਼ਾਰ ਵਿੱਚ ਬਹੁਤ ਰੌਣਕ ਸੀ। ਸੁਖਜੀਤ ਵੀ ਆਪਣੇ ਘਰ ਲਈ ਸਮਾਨ ਦੀ ਖ਼ਰੀਦੋ ਫਰੋਖ਼ਤ ਕਰ ਰਹੀ ਸੀ ਕਿ ਦੂਰ ਸੜਕ ਕਿਨਾਰੇ ਇੱਕ ਕਾਰ ਵਿੱਚੋਂ ਉਸ ਨੂੰ ਸੁਰਿੰਦਰ ਤੇ ਇੱਕ ਉਸ ਦਾ ਹਮ ਉਮਰ ਬੰਦਾ ਉਤਰ ਕੇ ਖ਼ਰੀਦੋ ਫਰੋਖਤ ਕਰਨ ਲੱਗੇ। ਸੁਖਜੀਤ ਵੀ ਆਪਣੇ ਪਤੀ ਅਤੇ ਬੱਚਿਆਂ ਨਾਲ਼ ਹੋਣ ਕਰਕੇ ਤੇ ਦੂਜਾ ਥੋੜ੍ਹਾ ਦੂਰ ਹੋਣ ਕਰਕੇ ਉਸ ਕੋਲ ਜਾ ਕੇ ਉਸ ਨੂੰ ਮਿਲ਼ ਤਾਂ ਨਾ ਸਕੀ ਪਰ ਉਹਨਾਂ ਦਾ ਆਪਸ ਵਿੱਚ ਗੱਲਬਾਤ ਕਰਨ ਦਾ ਤਰੀਕਾ ਤੇ ਹੋਰ ਵਰਤਾਰਾ ਪਤੀ ਪਤਨੀ ਵਾਂਗ ਹੀ ਲੱਗਦਾ ਸੀ ਪਰ ਸੁਖਜੀਤ ਨੂੰ ਪਤਾ ਸੀ ਕਿ ਉਹ ਤਾਂ ਵਿਧਵਾ ਹੈ। ਫਿਰ ਆਪ ਹੀ ਸੋਚਦੀ ਹੈ ਕਿ ਕੀ ਪਤਾ ਉਸ ਦਾ ਭਰਾ ਹੀ ਹੋਵੇ ਜਾਂ ਕੋਈ ਹੋਰ….! ਐਨਾ ਸੋਚਦੇ ਸੋਚਦੇ ਉਹ ਬਜ਼ਾਰ ਦੇ ਦੂਜੇ ਪਾਸੇ ਨੂੰ ਨਿਕਲ਼ ਗਏ ਜਿੱਧਰ ਬਹੁਤ ਭੀੜ ਸੀ ਤੇ ਫਿਰ ਦਿਸਣੋਂ ਹੱਟ ਗਏ।

ਜਦੋਂ ਤੋਂ ਸੁਰਿੰਦਰ ਬਦਲੀ ਹੋ ਕੇ ਆਈ ਸੀ ਇਹਨਾਂ ਨੂੰ ਬੱਸ ਵਿੱਚ ਇਕੱਠੀਆਂ ਸਫ਼ਰ ਕਰਦਿਆਂ ਦੋ ਵਰ੍ਹੇ ਬੀਤ ਗਏ ਸਨ। ਸੁਖਜੀਤ ਤੇ ਸੁਰਿੰਦਰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਵੀ ਸਨ ਪਰ ਸਫ਼ਰ ਵਿੱਚ ਮੁੜ ਕੇ ਕਦੇ ਇੱਕ ਸੀਟ ਤੇ ਬੈਠਣ ਦਾ ਮੌਕਾ ਨਾ ਮਿਲਣ ਕਾਰਨ ਬਸ ਓਨੀ ਮੁਲਾਕਾਤ ਜਿੰਨਾਂ ਹੀ ਜਾਣਦੀਆਂ ਸਨ। ਇੱਕ ਦਿਨ ਸੁਖਜੀਤ ਦੇ ਪਤੀ ਨੇ ਉਸ ਨੂੰ ਇੱਕ ਦਿਨ ਦੀ ਛੁੱਟੀ ਕਰਨ ਲਈ ਆਖਿਆ ਕਿਉਂ ਕਿ ਉਸ ਦੇ ਦਫ਼ਤਰ ਦੇ ਕਿਸੇ ਦੋਸਤ ਦੇ ਘਰ ਪਾਠ ਦੇ ਭੋਗ ਤੇ ਜਾਣਾ ਸੀ ਕਿਉਂਕਿ ਉਸ ਦਾ ਪੁੱਤਰ ਵਿਦੇਸ਼ ਜਾ ਰਿਹਾ ਸੀ,ਇਸ ਖ਼ੁਸ਼ੀ ਵਿੱਚ ਉਹਨਾਂ ਨੇ ਪਾਠ ਰਖਵਾਇਆ ਹੋਇਆ ਸੀ। ਅਸਲ ਵਿੱਚ ਸੁਖਜੀਤ ਦਾ ਪਤੀ ਵੀ ਸਰਕਾਰੀ ਅਫ਼ਸਰ ਸੀ। ਸੁਖਜੀਤ ਨੇ ਸਕੂਲੋਂ ਛੁੱਟੀ ਕਰ ਲਈ ਤੇ ਆਪਣੇ ਬੱਚਿਆਂ ਅਤੇ ਪਤੀ ਨਾਲ਼ ਉਸ ਦੇ ਦੋਸਤ ਦੇ ਘਰ ਪਾਠ ਦੇ ਭੋਗ ਤੇ ਪਹੁੰਚ ਗਏ।

ਸੁਖਜੀਤ ਦੇ ਪਤੀ ਦਾ ਦੋਸਤ ਸਾਹਮਣੇ ਹੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਖੜ੍ਹਾ ਸੀ। ਸੁਖਜੀਤ ਹੋਰੀਂ ਮੱਥਾ ਟੇਕ ਕੇ ਬੈਠ ਗਏ। ਅਰਦਾਸ ਸਮੇਂ ਸੁਖਜੀਤ ਦੇਖ਼ ਕੇ ਦੰਗ ਰਹਿ ਗਈ ਜਦੋਂ ਉਸ ਦੇ ਪਤੀ ਦੇ ਦੋਸਤ ਨਾਲ ਤਾਂ ਸੁਰਿੰਦਰ ਤੇ ਉਸ ਦਾ ਬੇਟਾ ਖੜ੍ਹੇ ਸਨ। ਭੋਗ ਤੋਂ ਬਾਅਦ ਸੁਰਿੰਦਰ ਤੇ ਸੁਖਜੀਤ ਦੇ ਪਤੀ ਦਾ ਦੋਸਤ ਮਹਿਮਾਨਾਂ ਨੂੰ ਖਾਣਾ ਖਾਣ ਲਈ ਬੇਨਤੀ ਤੇ ਮਹਿਮਾਨ ਨਿਵਾਜ਼ੀ ਕਰਨ ਲੱਗੇ। ਸੁਖਜੀਤ ਨੂੰ ਦੇਖਦੇ ਸਾਰ ਸੁਰਿੰਦਰ ਬਹੁਤ ਖੁਸ਼ ਹੋ ਕੇ ਮਿਲ਼ੀ ਤੇ ਆਪਣੇ ਬੇਟੇ ਅਤੇ ਬੇਟੀ ਨੂੰ ਵੀ ਉਹਨਾਂ ਨਾਲ਼ ਮਿਲਾਉਂਦੀ ਹੈ ਪਰ ਸੁਖਜੀਤ ਨੂੰ ਬਸ ਵਾਲ਼ੀ ਮੁਲਾਕਾਤ ਵਿਚਲਾ ਸੁਰਿੰਦਰ ਦਾ ਆਖਰੀ ਜਵਾਬ ਦਿਮਾਗ ਵਿੱਚ ਗੂੰਜਦਾ ਰਿਹਾ।ਉਹ ਸੋਚਦੀ ਹੈ ,” ਹੋ ਸਕਦਾ….. ਮੈਂ ਗ਼ਲਤ ਸੁਣਿਆ ਹੋਵੇ ਪਰ ….. ਨਹੀਂ… ਨਹੀਂ…..ਸੁਣਨ ਵਿੱਚ ਐਨੀ ਵੱਡੀ ਗਲਤੀ ਨਹੀਂ ਹੋ ਸਕਦੀ।”

ਸੁਖਜੀਤ ਨੇ ਘਰ ਆ ਕੇ ਆਪਣੇ ਪਤੀ ਨੂੰ ਐਨਾ ਹੀ ਪੁੱਛਿਆ,” ਇਹ….. ਤੁਹਾਡੇ ਦੋਸਤ ਦੀ ਪਹਿਲੀ ਪਤਨੀ ਹੈ ਕਿ ਦੂਜੀ…..?” ਉਸ ਦੇ ਪਤੀ ਨੇ ਹੱਸ ਕੇ ਜਵਾਬ ਦਿੱਤਾ,” ਤੈਨੂੰ ਕੋਈ ਸੁਪਨਾ ਆਇਆ…..? ਇਹਨਾਂ ਦੇ ਵਿਆਹ ਨੂੰ ਪੂਰੇ ਬਾਈ ਵਰੇ ਹੋ ਗਏ ਨੇ…… ਆਪਣੇ ਵਿਆਹ ਤੋਂ ਦੋ ਸਾਲ ਪਹਿਲਾਂ ਹੋਇਆ ਸੀ.. ‌‌… ਮੈਂ ਤਾਂ ਦਫ਼ਤਰ ਦੇ ਸਟਾਫ਼ ਨਾਲ਼ ਬਰਾਤ ਵੀ ਗਿਆ ਸੀ….. ।” ਸੁਖਜੀਤ ਦਾ ਇਸ ਤੋਂ ਅੱਗੇ ਕੁਝ ਹੋਰ ਪੁੱਛਣ ਦਾ ਹੀਆ ਈ ਨਾ ਪਿਆ। ਪਹਿਲਾਂ ਦੀ ਤਰ੍ਹਾਂ ਉਹ ਦੋਵੇਂ ਰੋਜ਼ ਬੱਸ ਵਿੱਚ ਇੱਕ ਦੂਜੇ ਨੂੰ ਮਿਲਦੀਆਂ ਪਰ ਹੁਣ ਥੋੜ੍ਹਾ ਜਿਹਾ ਅਪਣੱਤ ਨਾਲ ਮਿਲਦੀਆਂ। ਪਰ ਸੁਖਜੀਤ ਉਸ ਦੇ “ਵਿਧਵਾ” ਵਾਲੇ ਜਵਾਬ ਤੋਂ ਬਹੁਤ ਪ੍ਰੇਸ਼ਾਨ ਰਹਿੰਦੀ। ਇੱਕ ਦਿਨ ਸੁਖਜੀਤ ਨੇ ਆਪਣੇ ਪਤੀ ਨੂੰ ਸੁਰਿੰਦਰ ਨਾਲ਼ ਸਕੂਲ ਨਾਲ ਸਬੰਧਤ ਕੋਈ ਕੰਮ ਆਖ ਕੇ ਉਸ ਦੇ ਘਰ ਲਿਜਾਣ ਲਈ ਕਿਹਾ।

ਸੁਖਜੀਤ ਆਪਣੇ ਪਤੀ ਨਾਲ ਉਸ ਦੇ ਘਰ ਗਈ ਤਾਂ ਉਨ੍ਹਾਂ ਦੇ ਪਤੀ ਦੋਵੇਂ ਦੋਸਤ ਡਰਾਇੰਗ ਰੂਮ ਵਿੱਚ ਗੱਲਾਂ ਬਾਤਾਂ ਕਰਨ ਲੱਗੇ ਤੇ ਇਹ ਦੋਵੇਂ ਹੋਰ ਕਮਰੇ ਵਿੱਚ ਬੈਠ ਗਈਆਂ। ਇਸ ਤੋਂ ਪਹਿਲਾਂ ਕਿ ਸੁਖਜੀਤ ਸੁਰਿੰਦਰ ਨੂੰ ਕੋਈ ਪ੍ਰਸ਼ਨ ਪੁੱਛਦੀ,ਉਸ ਨੇ ਪਹਿਲਾਂ ਹੀ ਆਖ ਦਿੱਤਾ,”ਸੁਖਜੀਤ…… ਤੁਹਾਡੇ ਮਨ ਵਿੱਚ ਮੇਰੇ ਵਿਧਵਾ ਵਾਲ਼ਾ ਸਵਾਲ ਉੱਠ ਰਿਹਾ ਹੋਵੇਗਾ……?” ਸੁਖਜੀਤ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਉਸ ਤੋਂ ਵਾਜਿਬ ਜਵਾਬ ਦੀ ਆਸ ਕੀਤੀ।

ਸੁਰਿੰਦਰ ਨੇ ਆਖਿਆ,” ਸੁਖਜੀਤ… ‌‌‌ਕਈ ਵਾਰੀ ਜਦ ਜ਼ਿੰਦਗੀ ਸਮਝੌਤੇ ਕਰਕੇ ਕੱਟਣੀ ਪਏ ਤਾਂ ਉਹ ਜ਼ਿੰਦਗੀ ਨੂੰ ਫਿਰ ਆਪਾਂ ਆਪਣੇ ਨਜ਼ਰੀਏ ਨਾਲ ਕੱਟਦੇ ਹਾਂ….. ਨਾ ਕਿ ਦੁਨੀਆਂ ਦੇ ਹਿਸਾਬ ਨਾਲ…..!”

“ਮੈਂ ਸਮਝੀ ਨੀ ਸੁਰਿੰਦਰ… ?” ਸੁਖਜੀਤ ਨੇ ਪੁੱਛਿਆ।

” ਦੇਖ਼….ਹੁਣ ਤੇਰੇ ਤੋਂ ਕੀ ਲੁਕੋ….. ਇਹਨਾਂ ਦੀ ਆਦਤ ਸੀ ਕਿ…. ਇਹ ਬਹੁਤ ਜਲਦੀ ਹੋਰ ਔਰਤਾਂ ਦੇ ਜਾਲ਼ ਵਿੱਚ ਫਸ ਜਾਂਦੇ ਸਨ… ਕਦੇ ਕਿਸੇ ਦਾ ਫੋਨ…. ਕਦੇ ਕਿਸੇ ਦੀ ਫੋਟੋ….ਕਦੇ ਕਿਸੇ ਨਾਲ਼ ਗੱਲ ਕਰਦੇ ਫੜੇ ਜਾਣਾ…..ਤੇ ਜੇ ਮੈਂ ਵਿਰੋਧ ਕਰਨਾ….. ਘਰ ਵਿੱਚ ਕਲੇਸ਼… ਕੁੱਟ ਕੁਟਾਪੇ…. ਬੱਚਿਆਂ ਨੇ ਘਬਰਾਏ ਰਹਿਣਾ…… ਉਹਨਾਂ ਦੀ ਪੜ੍ਹਾਈ ਤੇ ਅਸਰ….. ਸਾਡੀ ਸਮਾਜਿਕ ਦਾਇਰੇ ਵਿੱਚ ਬਦਨਾਮੀ…..!”

“ਤੁਸੀਂ ਤਲਾਕ ਲੈ ਲੈਂਦੇ….!”

“ਫਿਰ ਬੱਚੇ ਵੰਡੇ ਜਾਂਦੇ… ਬੱਚਿਆਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ…… ਫਿਰ…. ਹੋਰ ਬਹੁਤ ਕੁਝ ਹੁੰਦਾ…..ਇਸ ਲਈ ਮੈਂ ਮਨੋਂ ਇਸ ਨੂੰ ਤਲਾਕ ਦੇ ਦਿੱਤਾ….. ਅਤੇ ਅਣਜਾਣ ਲੋਕਾਂ ਵਿੱਚ ਆਪਣੇ ਆਪ ਨੂੰ ਵਿਧਵਾ ਦੱਸ ਕੇ ਮੈਨੂੰ ਤਸੱਲੀ ਮਿਲਦੀ….. ਮੇਰਾ ਧਿਆਨ ਪਰਾਈਆਂ ਔਰਤਾਂ ਵੱਲ ਜਾਣ ਦੀ ਬਿਜਾਏ ਆਪਣੇ ਘਰ ਦੀ ਸਾਂਭ ਸੰਭਾਲ ਤੇ ਲੱਗਣ ਲੱਗਾ….. ਮੇਰੀ ਸੋਚ ਵਿੱਚ ਮੈਂ ਤੇ ਮੇਰੇ ਬੱਚੇ ਰਹਿੰਦੇ…. ਮੈਂ ਆਪਣੇ ਬੱਚਿਆਂ ਨਾਲ ਤੇ ਆਪਣੇ ਆਪ ਵਿੱਚ ਖੁਸ਼ ਰਹਿੰਦੀ…..ਇਸ ਨਾਲ ਮੈਨੂੰ ਕੋਈ ਮਤਲਬ ਨਾ ਰਿਹਾ… ਇਹ ਕਿੱਥੇ ਜਾਂਦਾ…. ਕਿੱਥੇ ਰਹਿੰਦਾ….ਇਹਨਾਂ ਨਾਲ਼ ਮੈਂ ਸਿਰਫ਼ ਦੁਨਿਆਵੀ ਰਿਸ਼ਤਾ ਨਿਭਾਉਂਦੀ ….. ਪਰ ਇਸ ਦੀਆਂ ਬੇਵਫਾਈਆਂ ਕਾਰਨ ਇਸ ਨਾਲ ਮੇਰੇ ਅੰਦਰਲੇ ਮੋਹ ਦੀ ਤੰਦ ਟੁੱਟ ਚੁੱਕੀ ਸੀ….!”

ਸੁਖਜੀਤ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਉਸ ਦੇ ਇਸ ਸਹੀ ਫ਼ੈਸਲੇ ਦਾ ਸਵਾਗਤ ਕਰਦੀ ਹੈ ਤੇ ਕਹਿੰਦੀ ਹੈ,”ਆਪਣਾ ਘਰ ਵਸਾਉਣ ਲਈ ਅਤੇ ਆਪਣੀ ਤੇ ਬੱਚਿਆਂ ਦੀ ਖੁਸ਼ੀ ਲਈ ਤੂੰ ਜੋ ਵੀ ਕੀਤਾ,ਸਹੀ ਹੈ, ਕਿਉਂਕਿ ਅਸਲ ਵਿੱਚ ਸਾਰਿਆਂ ਦੀ ਖੁਸ਼ੀ ਕਾਇਮ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।”

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਗਾ ਦੇ ਬੀ ਏ ਭਾਗ ਤੀਜਾ ਦਾ ਨਤੀਜਾ ਸੌ ਫੀਸਦੀ ਦੇ ਸ਼ਾਨਦਾਰ ਰਿਹਾ
Next articleਗੀਤ