ਏਹੁ ਹਮਾਰਾ ਜੀਵਣਾ ਹੈ -255

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੱਜ ਕੱਲ੍ਹ ਵਧ ਰਹੀਆਂ ਬਿਮਾਰੀਆਂ ਵੀ ਮਨ ਦੀ ਘਟ ਰਹੀ ਸ਼ਕਤੀ ਕਾਰਨ ਹੀ ਪੈਦਾ ਹੋ ਰਹੀਆਂ ਹਨ। ਕਹਾਵਤ ਹੈ ਕਿ ਤੰਦਰੁਸਤ ਸਰੀਰ ਅੰਦਰ ਹੀ ਅਰੋਗ ਮਨ ਪੈਦਾ ਹੁੰਦਾ ਹੈ ਪਰ ਕਰੋਨਾ ਵਰਗੀ ਬਿਮਾਰੀ ਨੇ ਜਾਂ ਹੋਰ ਬਿਮਾਰੀਆਂ ਸਬੰਧੀ ਹੋ ਰਹੀਆਂ ਖੋਜਾਂ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਵੀ ਇਹੀ ਪਤਾ ਲੱਗਦਾ ਹੈ ਕਿ ਜੇ ਸਾਡਾ ਮਨ ਸ਼ਕਤੀਸ਼ਾਲੀ ਹੈ ਤਾਂ ਵੱਡੇ ਤੋਂ ਵੱਡੇ ਰੋਗ ਨੂੰ ਵੀ ਹਰਾਇਆ ਜਾ ਸਕਦਾ ਹੈ। ਪਰ ਸੋਚਣ ਦੀ ਗੱਲ ਇਹ ਹੈ ਕਿ ਮਨ ਦੀ ਸ਼ਕਤੀ ਨੂੰ ਕਿਵੇਂ ਵਧਾਇਆ ਜਾਵੇ? ਅਸਲ ਵਿੱਚ ਮਨ ਦੀ ਸ਼ਕਤੀ ਨੂੰ ਵਧਾਉਣ ਲਈ ਕੋਈ ਖ਼ਾਸ ਡਾਕਟਰ ਤੋਂ ਇਲਾਜ ਕਰਵਾਉਣ ਜਾਂ ਫਿਰ ਕੋਈ ਖ਼ਾਸ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਮਨ ਤਾਂ ਮਨੁੱਖ ਦੇ ਅੰਦਰ ਭੱਜਦਾ ਹੋਇਆ ਘੋੜਾ ਹੁੰਦਾ ਹੈ ਜਿਸ ਦੀ ਲਗਾਮ ਵੀ ਉਸੇ ਦੇ ਹੱਥ ਵਿੱਚ ਹੁੰਦੀ ਹੈ ,ਜਿਸ ਨੂੰ ਸਹੀ ਸਮੇਂ ਤੇ ਖਿੱਚ ਕੇ ਰੱਖਣ ਦੀ ਲੋੜ ਹੁੰਦੀ ਹੈ।

ਮਨ ਦੀ ਸ਼ਕਤੀ ਵਧਾਉਣ ਲਈ ਮਨੁੱਖ ਨੂੰ ਹਰ ਸਮੇਂ ਸੁਚੇਤ ਰਹਿ ਕੇ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਰਹਿਣਾ ਚਾਹੀਦਾ ਹੈ। ਉਹਨਾਂ ਵਿੱਚੋਂ ਧਿਆਨ ਰੱਖਣਯੋਗ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਅੰਨ੍ਹਾਧੁੰਦ ਆਪਣੇ ਕੰਮਾਂਕਾਰਾਂ ਜਾਂ ਭੱਜ ਦੌੜ ਦੀ ਜ਼ਿੰਦਗੀ ਵਿੱਚ ਉਲਝ ਕੇ ਮਨ ਦੀਆਂ ਸੋਚਾਂ ਦੇ ਤਾਣੇ ਬਾਣੇ ਨੂੰ ਉਲਝਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।ਇਸ ਲਈ ਉਸ ਨੂੰ ਨਿਤਨੇਮ ਸਵੈ ਘੋਖ ਕਰਨ ਦੀ ਲੋੜ ਹੈ। ਆਪਣੇ ਮਨ ਨੂੰ ਸਿਰਫ਼ ਦਸ ਮਿੰਟ ਸਵੇਰੇ ਉੱਠਣ ਸਾਰ ਅਤੇ ਦਸ ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਦੇ ਕੇ ਉਸ ਨੂੰ ਰਿਸ਼ਟਪੁਸ਼ਟ ਬਣਾਇਆ ਜਾ ਸਕਦਾ ਹੈ। ਇਹਨਾਂ ਦਸਾਂ ਮਿੰਟਾਂ ਵਿੱਚ ਉਸ ਨੂੰ ਕੁਝ ਕੁ ਗੱਲਾਂ ਨੂੰ ਪੜਚੋਲਦੇ ਰਹਿਣਾ ਚਾਹੀਦਾ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਤੇ ਉਸ ਦਾ ਮਨ ਵਿਅਰਥ ਗੱਲਾਂ ਜਾਂ ਲੋਕਾਂ ਬਾਰੇ ਸੋਚ ਸੋਚ ਕੇ ਕਿਤੇ ਪ੍ਰੇਸ਼ਾਨ ਤਾਂ ਨਹੀਂ ਰਹਿੰਦਾ? ਜੇ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਫੌਰੀ ਤੌਰ ਤੇ ਇਸ ਵਿਅਰਥ ਸੋਚ ਉੱਤੇ ਕਾਬੂ ਪਾਉਣ ਦੇ ਨਾਲ ਦੀ ਨਾਲ ਹੀ ਯਤਨ ਕਰਦੇ ਰਹਿਣਾ ਚਾਹੀਦਾ ਹੈ। ਦੂਜੀ ਗੱਲ ਵਿਚਾਰਨਯੋਗ ਹੁੰਦੀ ਹੈ ਕਿ ਉਸ ਦੇ ਅੰਦਰ ਆਪਣੇ ਘਰ,ਬਾਹਰ,ਨੌਕਰੀ, ਪੈਸੇ ਅਤੇ ਹੋਰ ਨਿੱਜੀ ਗੱਲਾਂ ਤੋਂ ਅਸੰਤੁਸ਼ਟ ਤਾਂ ਨਹੀਂ ਰਹਿੰਦਾ ਹੈ? ਕਿਉਂਕਿ ਮਨੁੱਖ ਦੇ ਮਨ ਵਿੱਚ ਪੈਦਾ ਹੋਈ ਅਸੰਤੁਸ਼ਟਤਾ ਵੀ ਮਾਨਸਿਕ ਅਸੰਤੁਲਨ ਪੈਦਾ ਕਰਦੀ ਹੈ। ਉਸ ਲਈ ਉਸ ਨੂੰ ਸਬਰ ਸੰਤੋਖ ਵਰਗੇ ਗੁਣਾਂ ਦਾ ਧਾਰਨੀ ਬਣਨ ਲਈ ਯੋਗ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਆਪਣੇ ਆਪ ਦੀਆਂ ਪ੍ਰਾਪਤੀਆਂ ਨੂੰ ਵਾਰ ਵਾਰ ਯਾਦ ਕਰਕੇ ਮਨ ਨੂੰ ਨਾਲ਼ ਦੀ ਨਾਲ਼ ਤਸੱਲੀ ਦੇ ਕੇ ਖੁਸ਼ੀ ਅਨੁਭਵ ਕਰਨਾ ਵੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਬਲ ਵਧਾਉਣ ਲਈ ਸਹਾਈ ਹੋਵੇਗਾ। ਤੀਜਾ ਉਸ ਨੂੰ ਇਹ ਪੜਚੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਤੇ ਉਸ ਦਾ ਮਨ ਬੀਤ ਚੁੱਕੀਆਂ ਗੱਲਾਂ ਨੂੰ ਵਾਰ ਵਾਰ ਯਾਦ ਕਰਕੇ ਪ੍ਰੇਸ਼ਾਨ ਤਾਂ ਨਹੀਂ ਹੋ ਰਿਹਾ?

ਅਜਿਹੇ ਵਿੱਚ ਉਸ ਨੂੰ ਬੀਤ ਚੁੱਕੀਆਂ ਮਾੜੀਆਂ ਘਟਨਾਵਾਂ ਜਾਂ ਬੁਰੇ ਵਕਤ ਨੂੰ ਯਾਦ ਕਰਕੇ ਝੂਰਨ ਦੀ ਥਾਂ ਅੱਜ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਕੱਲ੍ਹ ਨੂੰ ਸੰਵਾਰਨ ਵਿੱਚ ਜੁਟ ਜਾਣਾ ਚਾਹੀਦਾ ਹੈ।ਇਸ ਨਾਲ ਬੀਤਿਆਂ ਸਮਿਆਂ ਵੱਲੋਂ ਧਿਆਨ ਹਟ ਕੇ ਵਿਅਸਥ ਹੋ ਜਾਵੇਗਾ। ਚੌਥੀ ਗੱਲ ਇਹ ਕਿ ਉਸ ਦੇ ਅੰਦਰ ਕਿਸੇ ਨਾਲ ਕਦੇ ਵੀ ਹੋਏ ਵਾਦ ਵਿਵਾਦ ਕਾਰਨ ਕਿਤੇ ਬਦਲਾ ਲੈਣ ਦੇ ਵਿਚਾਰ ਤਾਂ ਵਾਰ ਵਾਰ ਉਤਪੰਨ ਨਹੀਂ ਹੋ ਰਹੇ? ਜੇ ਅਜਿਹਾ ਹੁੰਦਾ ਹੈ ਤਾਂ ਉਸੇ ਸਮੇਂ ਉਸ ਵਾਦ ਵਿਵਾਦ ਬਾਰੇ ਸੋਚਣਾ ਛੱਡ ਕੇ ਬਦਲੇ ਦੀ ਭਾਵਨਾ ਦੀ ਥਾਂ ਦੂਜੇ ਨੂੰ ਮਾਫ਼ ਕਰਨ ਦੀ ਭਾਵਨਾ ਪੈਦਾ ਕਰ ਲਏ ਤਾਂ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣਾ ਆਪ ਵੱਡਾ ਜਾਪੇਗਾ ਤੇ ਮਾਨਸਿਕ ਤੌਰ ਤੇ ਸੰਤੁਸ਼ਟੀ ਅਤੇ ਖੁਸ਼ੀ ਹਾਸਲ ਹੋਵੇਗੀ। ਪੰਜਵਾਂ ਉਸ ਦੇ ਅੰਦਰ ਕਿਤੇ ਘਰ ਵਿੱਚ ਬਾਕੀ ਜੀਆਂ ਜਾਂ ਬਾਹਰ ਨਾਲ ਦੇ ਸਾਥੀਆਂ ਦੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਦੇਖ ਦੇਖ ਕੇ ਕ੍ਰੋਧ ਤਾਂ ਉਤਪੰਨ ਨਹੀਂ ਹੋ ਰਿਹਾ? ਇਸ ਸਥਿਤੀ ਵਿੱਚ ਉਸ ਨੂੰ ਕ੍ਰੋਧ ਤਿਆਗ ਕੇ ਸਮਝਾਉਣ ਵਾਲੀ ਸਥਿਤੀ ਪੈਦਾ ਕਰਨੀ ਚਾਹੀਦੀ ਹੈ ਨਹੀਂ ਤਾਂ ਦੂਜਿਆਂ ਦੀਆਂ ਗੱਲਾਂ ਜੋ ਉਸ ਅੰਦਰ ਖਿੱਝੂਪਣ ਪੈਦਾ ਕਰਦੀਆਂ ਹਨ ਉਨ੍ਹਾਂ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਜਦੋਂ ਮਨੁੱਖ ਦੇ ਮਨ ਵਿੱਚ ਉਸ ਦੇ ਮਨੋਬਲ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਆਉਂਦੀਆਂ ਹਨ ਤਾਂ ਉਸ ਅੰਦਰ ਨਾਕਾਰਾਤਮਕ ਸੋਚ ਪੈਦਾ ਹੁੰਦੀ ਹੈ।ਇਹ ਸੋਚਾਂ ਦੀ ਲੜੀ ਇੱਕ ਦੂਜੇ ਨਾਲ ਜੁੜਦੀ ਜਾਂਦੀ ਹੈ ਤੇ ਆਪਣੇ ਬਾਰੇ ਘੱਟ ਤੇ ਹੋਰਾਂ ਬਾਰੇ ਵੱਧ ਸੋਚ ਕੇ ਭਟਕਣ ਵਧਦੀ ਜਾਂਦੀ ਹੈ।ਜਿਸ ਨਾਲ ਆਂਤਰਿਕ ਸ਼ਕਤੀਆਂ ਨਸ਼ਟ ਹੁੰਦੀਆਂ ਜਾਂਦੀਆਂ ਹਨ। ਇਸ ਲਈ ਆਪਣੇ ਅੰਦਰ ਝਾਤੀ ਮਾਰ ਕੇ ਮਨ ਨੂੰ ਪੱਕਾ ਕਰਕੇ ਮਨੁੱਖ ਨੂੰ ਵਿਅਰਥ ਗੱਲਾਂ ਤੋਂ ਮਨ ਨੂੰ ਮੁਕਤ ਕਰਨਾ ਚਾਹੀਦਾ ਹੈ। ਮਨ ਦੀ ਸ਼ਕਤੀ ਵਧਾਉਣ ਲਈ ਮਨੁੱਖ ਨੂੰ ਕਿਤੋਂ ਕੋਈ ਸਿੱਖਿਆ ਲੈਣ ਦੀ ਲੋੜ ਨਹੀਂ ਹੁੰਦੀ ਬਲਕਿ ਇਹ ਸ਼ਕਤੀਆਂ ਤਾਂ ਉਸ ਦੇ ਆਪਣੇ ਅੰਦਰ ਹੀ ਮੌਜੂਦ ਹੁੰਦੀਆਂ ਹਨ। ਮਨੁੱਖ ਆਪਣੇ ਅੰਦਰ ਦੀ ਸ਼ਕਤੀ ਉੱਪਰ ਜਦੋਂ ਬਾਹਰੀ ਵਿਚਾਰਾਂ ਦੀਆਂ ਪਰਤਾਂ ਲਪੇਟਦਾ ਹੋਇਆ ਸੋਚਾਂ ਦੇ ਗਹਿਰੇ ਸਾਗਰ ਵੱਲ ਨੂੰ ਵਧਦਾ ਤੁਰਿਆ ਜਾਂਦਾ ਹੈ ਤਾਂ ਉਸ ਵਿੱਚ ਗੋਤੇ ਖਾਂਦਾ ਡੁੱਬਦਾ ਡੁੱਬਦਾ ਅੰਦਰ ਵਾਲ਼ੀਆਂ ਸ਼ਕਤੀਆਂ ਨੂੰ ਬਲਹੀਣ ਕਰ ਲੈਂਦਾ ਹੈ।

ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰੀਰਕ ਕਿਰਿਆਵਾਂ ਦੇ ਅਭਿਆਸ ਕਰਨੇ ਪੈਂਦੇ ਹਨ ਅਤੇ ਰੋਜ਼ ਇਸ਼ਨਾਨ ਕਰਕੇ ਸਾਫ਼ ਕਰਨਾ ਪੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਮਨ ਦੀ ਸ਼ਕਤੀ ਨੂੰ ਸਰਗਰਮ ਰੱਖਣ ਲਈ ਰੋਜ਼ ਇਸ ਵਿੱਚ ਭਰ ਰਹੀਆਂ ਵਿਅਰਥ ਸੋਚਾਂ ਦਾ ਸਵੈ ਚਿੰਤਨ ਕਰਕੇ ਉਹਨਾਂ ਨੂੰ ਵਿਦਾ ਕਰਕੇ ਇਸ ਮੈਲ਼ ਨੂੰ ਉਤਾਰਨਾ ਪਵੇਗਾ।ਜੇ ਇਹ ਮੈਲ ਨਾਲ ਦੀ ਨਾਲ ਨਾ ਉਤਾਰੀ ਜਾਵੇਗੀ ਤਾਂ ਇਸ ਵਿਅਰਥ ਸੋਚਾਂ ਵਾਲੀ ਪਰਤ ਮੋਟੀ ਹੁੰਦੀ ਜਾਵੇਗੀ।ਜਿਸ ਨਾਲ ਮਨ ਦੀਆਂ ਸ਼ਕਤੀਆਂ ਉਸ ਬੋਝ ਹੇਠ ਦਬ ਕੇ ਕਮਜ਼ੋਰ ਹੋ ਜਾਂਦੀਆਂ ਹਨ।ਜਿਸ ਨਾਲ ਪਹਿਲਾਂ ਮਾਨਸਿਕਤਾ ਨੂੰ ਕਮਜ਼ੋਰ ਹੁੰਦੀ ਹੈ, ਫ਼ਿਰ ਮਨ ਰੋਗੀ ਹੁੰਦਾ ਹੈ,ਤੇ ਫਿਰ ਸਰੀਰ ਰੋਗੀ ਹੁੰਦਾ ਹੈ।

ਅੱਜ ਕੱਲ੍ਹ ਮਾਨਸਿਕ ਰੋਗੀਆਂ ਦੀ ਗਿਣਤੀ ਵੀ ਇਸੇ ਕਰਕੇ ਵਧਦੀ ਜਾ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਵਿਅਕਤੀ, ਅਮੀਰ ਅਮੀਰ ਲੋਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਹੋਇਆਂ ਨੂੰ, ਉਹਨਾਂ ਦੀ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਕੇ ਨਵੀਂ ਜ਼ਿੰਦਗੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜੇ ਉਹ ਮਾਨਸਿਕ ਰੋਗੀਆਂ ਨੇ ਵੀ ਸਮੇਂ ਸਿਰ ਵਿਅਰਥ ਸੋਚਾਂ ਤੇ ਕਾਬੂ ਪਾਇਆ ਹੁੰਦਾ ਅਤੇ ਵਿਅਰਥ ਗੱਲਾਂ ਨੂੰ ਦਿਮਾਗ ਉੱਤੇ ਭਾਰੂ ਨਾ ਹੋਣ ਦਿੱਤਾ ਹੁੰਦਾ ਤਾਂ ਉਹਨਾਂ ਦੀ ਜ਼ਿੰਦਗੀ ਵੀ ਨਰਕ ਭਰੀ ਨਾ ਬਣਦੀ। ਸੋ ਅੱਜ ਦੇ ਹਰ ਮਨੁੱਖ ਦੀ ਇੱਕ ਬਹੁਤ ਵੱਡੀ ਲੋੜ ਹੈ ਵਿਅਰਥ ਸੋਚ ਤੋਂ ਬਚਣਾ।ਹਰ ਮਨੁੱਖ ਨੂੰ ਆਪਣੇ ਹਰ ਦਿਨ,ਹਰ ਪਲ ਵਿਅਰਥ ਸੋਚਾਂ ਵਾਲੇ ਘੋੜੇ ਦੀ ਲਗਾਮ ਕੱਸ ਕੇ ਆਪਣੇ ਮਨ ਅਤੇ ਆਲ਼ੇ ਦੁਆਲ਼ੇ ਨੂੰ ਖੁਸ਼ ਰੱਖਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਦਾ 5ਵੀਂ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
Next articleਕੌਣ ਸਮਝਾਵੇ