ਏਹੁ ਹਮਾਰਾ ਜੀਵਣਾ ਹੈ – 241

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸ਼ਰਨੀ ਤੇ ਰਮਨਦੀਪ ਚੰਡੀਗੜ੍ਹ ਰਹਿੰਦੇ ਸਨ ਕਿਉਂਕਿ ਰਮਨਦੀਪ ਪਹਿਲਾਂ ਇੱਥੇ ਹੀ ਪੜ੍ਹਦਾ ਸੀ । ਪੜ੍ਹਾਈ ਪੂਰੀ ਕਰਕੇ ਉਸ ਨੇ ਆਪਣਾ ਕੋਈ ਕੰਮ ਖੋਲ੍ਹ ਲਿਆ ਸੀ। ਉਸ ਦਾ ਕੰਮ ਚੰਗਾ ਚੱਲਦਾ ਸੀ। ਵੈਸੇ ਉਸ ਦੀ ਮਾਂ ਅਤੇ ਉਸ ਦਾ ਛੋਟਾ ਭਰਾ ਪਟਿਆਲੇ ਰਹਿੰਦੇ ਸਨ। ਸ਼ਰਨੀ ਦੇ ਭਰਾ ਅਤੇ ਭਾਬੀ ਚੰਡੀਗੜ੍ਹ ਵਿੱਚ ਨੇੜੇ ਹੀ ਰਹਿੰਦੇ ਸਨ। ਸ਼ਰਨੀ ਦਾ ਪੇਕਿਆਂ ਦਾ ਪਿੰਡ ਮੋਗੇ ਕੋਲ ਸੀ। ਸ਼ਰਨੀ ਦਾ ਭਰਾ ਅਤੇ ਭਾਬੀ ਦੋਵੇਂ ਬੈਂਕ ਵਿੱਚ ਨੌਕਰੀ ਕਰਦੇ ਸਨ। ਉਹਨਾਂ ਦੇ ਇੱਕ ਚਾਰ ਸਾਲ ਦਾ ਪੁੱਤਰ ਅਤੇ ਪੰਜ ਕੁ ਮਹੀਨਿਆਂ ਦੀ ਕੁੜੀ ਸੀ। ਕੁੜੀ ਹੋਈ ਹੋਣ ਕਰਕੇ ਉਸ ਦੀ ਭਾਬੀ ਨੇ ਛੁੱਟੀ ਲਈ ਹੋਈ ਸੀ।

ਸ਼ਰਨੀ ਦੁਪਿਹਰ ਦਾ ਖਾਣਾ ਬਣਾ ਕੇ ਹਟੀ ਸੀ ਕਿ ਉਸ ਦੇ ਫੋਨ ਦੀ ਘੰਟੀ ਵੱਜੀ। ਸ਼ਰਨੀ ਨੇ ਜਲਦੀ ਨਾਲ ਜਾ ਕੇ ਫੋਨ ਚੁੱਕਿਆ ਤਾਂ ਉਸ ਦੀ ਮੰਮੀ ਦੀ ਕਾਲ ਸੀ।ਉਸ ਨੇ ਗੱਲ ਕੀਤੀ ਤੇ ਜਲਦੀ ਹੀ ਫੋਨ ਨੂੰ ਕੱਟ ਦਿੱਤਾ,ਮਸਾਂ ਇੱਕ ਮਿੰਟ ਹੀ ਗੱਲ ਕੀਤੀ ਹੋਵੇਗੀ । ਗੱਲ ਕਰਦੇ ਹੋਏ ਉਸ ਦੇ ਚਿਹਰੇ ਦੇ ਹਾਵ ਭਾਵ ਇੱਕਦਮ ਬਦਲ ਰਹੇ ਸਨ। ਫੋਨ ਕੱਟ ਕੇ ਉਸੇ ਸਮੇਂ ਉਹ ਆਪਣੇ ਪਤੀ ਨੂੰ ਕਾਲ ਲਾਉਣ ਲਈ ਨੰਬਰ ਮਿਲਾਉਂਦੀ ਹੈ ਤੇ ਘਬਰਾਈ ਹੋਈ ਕਹਿੰਦੀ ਹੈ,”ਜਲਦੀ ਆਓ ਘਰੇ….।

“ਹਜੇ ਓਹਦੀ ਗੱਲ ਵਿਚਾਲੇ ਹੀ ਹੁੰਦੀ ਹੈ ਤਾਂ ਉਸ ਦਾ ਪਤੀ ਰਮਨਦੀਪ ਉਸ ਨੂੰ ਪੁੱਛਦਾ ਹੈ,”ਹਾਂ,ਕੀ ਹੋਇਆ…..ਐਨੀ ਜਲਦੀ ਕੀ ਕੰਮ ਪੈ ਗਿਆ।ਹਜੇ ਇੱਕ ਘੰਟਾ ਤਾਂ ਹੋਇਆ ਘਰੋਂ ਆਏ ਨੂੰ……..।” “ਨਹੀਂ ਤੁਸੀਂ ਜਲਦੀ ਘਰੇ ਆਓ ਕੰਮ ਆ ਜ਼ਰੂਰੀ….!”ਕਹਿ ਕੇ ਫੋਨ ਕੱਟ ਦਿੰਦੀ ਹੈ। ਰਮਨਦੀਪ ਜਲਦੀ ਜਲਦੀ ਘਰ ਆਉਂਦਾ ਹੈ , ਉਹ ਪੰਦਰਾਂ ਕੁ ਮਿੰਟ ਦੇ ਅੰਦਰ-ਅੰਦਰ ਘਰ ਪਹੁੰਚ ਜਾਂਦਾ ਹੈ। ਸ਼ਰਨੀ ਦਾ ਮੂੰਹ ਉੱਤਰਿਆ ਹੋਇਆ ਸੀ। ਰਮਨਦੀਪ ਨੇ ਅੰਦਰ ਵੜਦਿਆਂ ਹੀ ਉਸ ਨੂੰ ਪੁੱਛਿਆ ,”ਕੀ ਹੋਇਆ….? ਸਭ ਠੀਕ ਤਾਂ ਹੈਂ…..?” “ਕੁਛ ਠੀਕ ਨਹੀਂ …..(ਕਹਿੰਦੇ ਹੋਏ ਉਸ ਦਾ ਗਲ਼ਾ ਭਰ ਆਇਆ) ਚਲੋ…ਜਲਦੀ , ਮੰਮੀ ਨੂੰ ਲੈਕੇ ਆਉਣਾ।”

ਕਹਿਕੇ ਉਹ ਰੋਣ ਲੱਗ ਪਈ। “ਕਿੱਥੋਂ ਲੈ ਕੇ ਆਉਣਾ ਮੰਮੀ ਨੂੰ….?” ਰਮਨਦੀਪ ਨੇ ਹੈਰਾਨ ਹੋ ਕੇ ਪੁੱਛਿਆ। “ਮੰਮੀ ਅੱਜ ਈ ਪਿੰਡੋਂ ਆਏ ਸੀ….ਵਿਚਾਰੇ…..ਨੀਟੇ ਵੱਲ…..ਓਹਦੀ ਤੀਵੀਂ ਦੀ ਮੰਮੀ ਨਾਲ਼ ਬਹਿਸ ਹੋ ਗਈ, ਦੋਨਾਂ ਦੀ ਤੂੰ-ਤੂੰ , ਮੈਂ -ਮੈਂ ਹੋਗੀ …….ਤੇ ਮੰਮੀ………….।”ਗੱਲ ਪੂਰੀ ਕੀਤੇ ਬਿਨਾਂ ਹੀ ਸ਼ਰਨੀ ਫੁੱਟ ਫੁੱਟ ਕੇ ਰੋ ਪਈ। ਸ਼ਰਨੀ ਦਾ ਦਿਲ ਆਪਣੀ ਮਾਂ ਲਈ ਤੜਫ਼ ਰਿਹਾ ਸੀ। “ਰਮਨ ਜਲਦੀ ਚਲੋ….. ਮੰਮੀ ਵਿਚਾਰੇ ਬਾਹਰ ਸੜਕ ਉੱਤੇ ਹੀ ਖੜ੍ਹੇ ਆ ਆਪਣਾ ਸੂਟਕੇਸ ਲਈ….।”ਉਹ ਥੋੜ੍ਹਾ ਜਿਹਾ ਸੰਭਲਦੀ ਹੋਈ ਫਿਰ ਬੋਲੀ। ਰਮਨਦੀਪ ਨੇ ਜਲਦੀ ਦੇਣੇ ਗੱਡੀ ਸਟਾਰਟ ਕੀਤੀ ਤੇ ਸ਼ਰਨੀ ਨੂੰ ਨਾਲ਼ ਲੈ ਕੇ ਫਟਾਫਟ ਚਲਿਆ ਗਿਆ।ਅੱਧੇ ਕੁ ਘੰਟੇ ਬਾਅਦ ਉਹ ਦੋਵੇਂ ਜਣੇ ਸ਼ਰਨੀ ਦੀ ਮੰਮੀ ਨੂੰ ਲੈਕੇ ਆ ਗਏ। ਮੰਮੀ ਦਸ ਪੰਦਰਾਂ ਦਿਨ ਇਹਨਾਂ ਕੋਲ ਰਹਿ ਕੇ ‌‌‌‌‌‌‌‌ਵਾਪਸ ਪਿੰਡ ਚਲੀ ਗਈ। ਸ਼ਰਨੀ ਨੇ ਮੰਮੀ ਦੀ ਬਹੁਤ ਸੇਵਾ ਕੀਤੀ ਕਿਉਂਕਿ ਉਹ ਆਪਣੇ ਭਰਾ ਭਰਜਾਈ ਦੇ ਭੈੜੇ ਰਵੱਈਏ ਕਾਰਨ ਜ਼ਿਆਦਾ ਸੇਵਾ ਕਰਕੇ ਆਪਣੇ ਅਤੇ ਮੰਮੀ ਦੇ ਜ਼ਖ਼ਮਾਂ ਤੇ ਮੱਲ੍ਹਮ ਲਾ ਰਹੀ ਸੀ।

ਰਮਨਦੀਪ ਨੂੰ ਆਪਣੇ ਦਫਤਰ ਦੇ ਕੰਮ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਦਿੱਲੀ ਜਾਣਾ ਪੈ ਗਿਆ।ਉਹ ਸ਼ਰਨੀ ਨੂੰ ਆਪਣੀ ਮਾਂ ਕੋਲ ਪਟਿਆਲੇ ਛੱਡ ਗਿਆ। ਸ਼ਰਨੀ ਦੀ ਸੱਸ ਉਸ ਦੇ ਮੂੰਹੋਂ ਕੱਢੀ ਹਰ ਗੱਲ ਨੂੰ ਝੱਟ ਪੂਰਾ ਕਰਦੀ ਸੀ।ਉਸ ਤੋਂ ਕਦੇ ਘਰ ਦਾ ਕੋਈ ਹੋਰ ਕੰਮ ਕਰਵਾਉਣਾ ਤਾਂ ਦੂਰ ਦੀ ਗੱਲ ਸੀ, ਉਸ ਨੇ ਤਾਂ ਜਦੋਂ ਤੋਂ ਉਸ ਦਾ ਵਿਆਹ ਹੋਇਆ ਸੀ ਉਦੋਂ ਤੋਂ ਲੈਕੇ ਅੱਜ ਤੱਕ ਕਦੇ ਉਸ ਦੇ ਹੱਥ ਦੀ ਬਣੀ ਰੋਟੀ ਤੱਕ ਨਹੀਂ ਸੀ ਖਾਧੀ।ਪਰ ਸ਼ਰਨੀ ਦਾ ਰਵੱਈਆ ਆਪਣੀ ਸੱਸ ਪ੍ਰਤੀ ਬਹੁਤ ਰੁੱਖਾ ਅਤੇ ਘਟੀਆ ਸੀ। ਉਸ ਦਾ ਸਹੁਰਾ ਹੈ ਨਹੀਂ ਸੀ। ਘਰ ਵਿੱਚ ਹੀ ਉਸ ਦਾ ਦਿਓਰ ਰਹਿੰਦਾ ਸੀ ਜੋ ਉਮਰ ਵਿੱਚ ਰਮਨਦੀਪ ਤੋਂ ਦੋ ਕੁ ਸਾਲ ਛੋਟਾ ਸੀ ਤੇ ਉਸ ਦੀ ਮੰਗਣੀ ਕੀਤੀ ਹੋਈ ਸੀ।ਸ਼ਰਨੀ ਆਪਣੀ ਸੱਸ ਨੂੰ ਤਾਂ ਕੁਝ ਸਮਝਦੀ ਹੀ ਨਹੀਂ ਸੀ। ਉਸ ਦੇ ਦਿਓਰ ਨੂੰ ਨਸ਼ੇ ਦੀ ਆਦਤ ਹੋਣ ਕਰਕੇ ਰੌਲ਼ਾ ਪਾਉਣ ਦੀ ਆਦਤ ਵੀ ਸੀ । ਇੱਕ ਸ਼ਾਮ ਉਹ ਨਸ਼ਾ ਕਰਕੇ ਆਪਣੀ ਮਾਂ ਨਾਲ ਉੱਚੀ ਉੱਚੀ ਬਹਿਸਣ ਲੱਗਾ ਤਾਂ ਸ਼ਰਨੀ ਨੇ ਬਲਦੀ ‘ਤੇ ਤੇਲ ਪਾਉਣ ਵਾਲੀ ਗੱਲ ਕੀਤੀ।

ਝੱਟ ਉਸ ਨੇ ਫੋਨ ਕਰਕੇ ਰਮਨਦੀਪ ਦੇ ਉਸ ਖਿਲਾਫ ਕੰਨ ਭਰ ਦਿੱਤੇ।”ਦੇਖ ਰਮਨ, ਤੇਰੇ ਭਰਾ ਨੂੰ ਤਾਂ ਅਕਲ ਹੈ ਨਹੀਂ , ਉਹ ਹੁਣ ਉੱਚੀ ਉੱਚੀ ਬੋਲ ਰਿਹੈ, ਮੈਂ ਤਾਂ ਆਪਣੇ ਕਮਰੇ ਵਿੱਚੋਂ ਬਾਹਰ ਜਾਣਾ ਨਹੀਂ,ਜੋ ਮਰਜ਼ੀ ਹੋਈ ਜਾਏ।” ਸ਼ਰਨੀ ਨੇ ਐਨੀ ਗੱਲ ਕਹਿ ਕੇ ਰਮਨਦੀਪ ਨੂੰ ਚੱਕ ਦਿੱਤਾ। ਉਧਰੋਂ ਰਮਨਦੀਪ ਦਾ ਭਰਾ ਆਪਣੀ ਮਾਂ ਨਾਲ ਬਹਿਸ ਕੇ ਆਪਣੇ ਕਮਰੇ ਵਿੱਚ ਟਿਕ ਗਿਆ ਸੀ ਕਿ ਐਨੇ ਨੂੰ ਰਮਨਦੀਪ ਦਾ ਭਰੇ ਪੀਤੇ ਦਾ ਆਪਣੇ ਭਰਾ ਨੂੰ ਫੋਨ ਆਇਆ ਤੇ ਆਪਣੇ ਭਰਾ ਨੂੰ ਬਹੁਤ ਗੁੱਸੇ ਵਿੱਚ ਬੁਰਾ ਭਲਾ ਬੋਲ ਕੇ ਫੋਨ ਕੱਟ ਦਿੱਤਾ। ਰਮਨਦੀਪ ਦੇ ਭਰਾ ਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਆਇਆ। ਉਸ ਨੇ ਸੋਚਿਆ ਕਿਤੇ ਮਾਂ ਨੇ ਭਰਾ ਤੋਂ ਉਸ ਨੂੰ ਫੋਨ ਕਰਵਾਕੇ ਉਸ ਦੀ ਬੇਜ਼ਤੀ ਕਰਵਾਈ ਹੈ। ਉਹ ਬਾਹਰ ਆ ਕੇ ਫ਼ਿਰ ਉੱਚੀ ਉੱਚੀ ਬੋਲਣ ਲੱਗਾ। ਸ਼ਰਨੀ ਦੀ ਸੱਸ ਸ਼ਰਨੀ ਨੂੰ ਹਾਕਾਂ ਮਾਰ ਮਾਰ ਕੇ ਕਮਰੇ ਵਿੱਚੋਂ ਬਾਹਰ ਬੁਲਾਉਂਦੀ ਰਹੀ ਕਿਉਂਕਿ ਕਿ ਸ਼ਰਨੀ ਦਾ ਦਿਓਰ ਆਪਣੀ ਭਾਬੀ ਦੀ ਸ਼ਰਮ ਮੰਨਦਾ ਸੀ,ਉਹ ਜੇ ਚਾਹੁੰਦੀ ਤਾਂ ਉਸ ਨੂੰ ਸਮਝਾ ਕੇ ਚੁੱਪ ਕਰਵਾ ਸਕਦੀ ਸੀ ।ਪਰ ਉਸ ਨੂੰ ਤਾਂ ਆਪਣੀ ਸੱਸ ਦੀ ਬੇਜ਼ਤੀ ਹੁੰਦੀ ਦੇਖ ਕੇ ਖੁਸ਼ੀ ਹੁੰਦੀ ਸੀ।

ਸ਼ਰਨੀ ਦੀ ਸੱਸ ਨੇ ਦੂਜੇ ਦਿਨ ਕਿਹਾ,” ਬੇਟਾ, ਮੈਂ ਤੈਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ, ਤੂੰ ਆਈ ਕਿਉਂ ਨਹੀਂ…?”ਸ਼ਰਨੀ ਹੱਸ ਕੇ ਬੋਲੀ,”ਮੰਮੀ ਜੀ ਮੈਂ ਕਿਉਂ ਬੁਰੀ ਬਣਾਂ ਤੁਹਾਡੀ ਲੜਾਈ ਵਿੱਚ, ਨਾਲ਼ੇ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ…!”ਉਸ ਦੀ ਸੱਸ ਨੇ ਉਸੇ ਸਮੇਂ ਆਪਣੇ ਬੁੱਲ੍ਹ ਸਿਉਂ ਲਏ ਤੇ ਇੱਕ ਹਉਕਾ ਜਿਹਾ ਲੈ ਕੇ ਕੰਮ ਵਿੱਚ ਰੁੱਝ ਗਈ।ਉਹ ਸੋਚ ਰਹੀ ਸੀ ਕਿ ਸ਼ਰਨੀ ਨੂੰ ਉਸ ਦਾ ਦਰਦ ਆਪਣੀ ਮਾਂ ਦੇ ਦਰਦ ਵਾਂਗ ਕਿਉਂ ਨਹੀਂ ਮਹਿਸੂਸ ਹੋਇਆ?ਉਹ ਨਿਰਾਸ਼ ਹੋ ਕੇ ਸੋਚ ਰਹੀ ਸੀ ਕਿ ਸਦੀਆਂ ਤੋਂ ਪੈਦਾ ਹੋਈ ਇਹ ਸੱਸ ਨੂੰਹ ਦੇ ਰਿਸ਼ਤੇ ਵਿਚਲੀ ਲਕੀਰ ਸ਼ਾਇਦ ਕਦੇ ਨਹੀਂ ਮਿਟ ਸਕੇਗੀ ਕਿਉਂ ਕਿ ਇਹ ਸਭ ਕੁਝ ਸਾਡੇ ਸਮਾਜ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਤੇ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKenya’s investors lobby faults products boycott call by opposition
Next articleਬਚਪਨ ਦੀਆਂ ਯਾਦਾਂ ਸਮੋਈ ਬੈਠੀ ਪੁਸਤਕ-‘ਉਮਰ ਲੰਘਦੀ ਗਈ’