ਏਹੁ ਹਮਾਰਾ ਜੀਵਣਾ ਹੈ – 240

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਪੰਜਾਬੀ ਮਿਹਨਤੀ ਸੁਭਾਅ ਦੇ ਮਾਲਕ ਹੁੰਦੇ ਹਨ।ਉਹ ਜਿੱਥੇ “ਕਿਰਤ ਕਰਨ” ਲਈ ਦੁਨੀਆ ਭਰ ਵਿੱਚ ਮੰਨੇ ਜਾਂਦੇ ਹਨ ਉੱਥੇ ਹੀ ਉਹ “ਵੰਡ ਕੇ ਛਕਣ” ਲਈ ਵੀ ਮੰਨੇ ਜਾਂਦੇ ਹਨ। ਪੰਜਾਬੀਆਂ ਦੀ ਮਿਹਨਤ ਦਾ ਫ਼ਲਸਫ਼ਾ”ਦੱਬ ਕੇ ਵਾਹ ਤੇ ਰੱਜ ਕੇ ਖਾਹ” ਦੇ ਅਧਾਰ ਤੇ ਕੰਮ ਕਰਦਾ ਹੈ। ਇਹ “ਦਸਾਂ ਨਹੁੰਆਂ ਦੀ ਕਿਰਤ” ਕਰਨ ਅਤੇ ਦਸਵੰਧ ਕੱਢਣ ਲਈ ਜਾਣੇ ਜਾਂਦੇ ਹਨ। ਇਹਨਾਂ ਗੱਲਾਂ ਕਰਕੇ ਹੀ ਪੰਜਾਬੀ ਦੁਨੀਆਂ ਭਰ ਵਿੱਚ ਮੰਨੇ ਜਾਂਦੇ ਹਨ। ਸੰਸਾਰ ਦਾ ਕਿਹੜਾ ਕੋਨਾ ਹੈ ਜਿੱਥੇ ਇਹਨਾਂ ਨੇ ਆਪਣੀ ਮਿਹਨਤ ਦੇ ਝੰਡੇ ਨਹੀਂ ਗੱਡੇ…? ਆਪਣੀ ਮਿਹਨਤ ਸਦਕਾ ਵੱਡੇ ਵੱਡੇ ਮੁਕਾਮ ਹਾਸਿਲ ਨਹੀਂ ਕੀਤੇ? ਫਿਰ ਇਹ ਪੰਜਾਬ ਵਿੱਚ ਮੁਫ਼ਤਖੋਰੀ ਦਾ ਬੀਜ ਕਿਸ ਨੇ ਬੀਜਿਆ? ਸਾਡੇ ਗੁਰੂ ਸਾਹਿਬਾਨਾਂ ਵੱਲੋਂ ਕਿਰਤ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ ਤੇ ਲੋਕ ਉਸ ਰਾਹ ਤੇ ਤੁਰ ਵੀ ਰਹੇ ਸਨ। ਪਰ ਅਚਾਨਕ ਫ੍ਰੀ ਭਾਵ ਮੁਫ਼ਤਖੋਰੀ ਦੀ ਸਿਊਂਕ ਕਿਵੇਂ ਅਤੇ ਕਦੋਂ ਲੱਗ ਗਈ।

ਅਸੀਂ ਇੱਕ ਲੋਕਤੰਤਰਿਕ ਦੇਸ਼ ਦੇ ਵਾਸੀ ਹਾਂ। ਸਾਨੂੰ ਆਪਣੇ ਦੇਸ਼ ਦੇ ਨੇਤਾਵਾਂ ਨੂੰ ਚੁਣਨਾ ਸਾਡਾ ਜਮਹੂਰੀ ਹੱਕ ਹੈ ਤੇ ਸਾਨੂੰ ਆਪਣੇ ਹੱਕ ਨੂੰ ਸ਼ਾਨ ਨਾਲ ਵਰਤਣਾ ਚਾਹੀਦਾ ਹੈ।ਪਰ ਹੋ ਇਸ ਤੋਂ ਉਲਟ ਰਿਹਾ ਹੈ। ਪਹਿਲਾਂ ਪਹਿਲ ਜਾਤੀਵਾਦ ਦੇ ਅਧਾਰ ਤੇ ਬਣੇ ਕਾਨੂੰਨਾਂ ਅਨੁਸਾਰ ਸਵਰਨ ਜਾਤੀਆਂ ਨੂੰ ਛੱਡ ਕੇ ਬਾਕੀ ਜਾਤੀਆਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦੇ ਨਾਲ਼ ਵਜ਼ੀਫ਼ੇ ਮਿਲਣੇ , ਨੌਕਰੀਆਂ ਵਿੱਚ ਰਾਖਵਾਂਕਰਨ ਆਦਿ ਹੀ ਸੀ। ਜਦ ਰਾਜਨੀਤਕ ਪਾਰਟੀਆਂ ਨੂੰ ਸਮਝ ਆਈ ਕਿ ਲੋਕ ਮੁਫ਼ਤ ਖਾ ਕੇ ਖੁਸ਼ ਹੁੰਦੇ ਹਨ ਤਾਂ ਵੋਟਾਂ ਬਟੋਰਨ ਖ਼ਾਤਰ ਫ੍ਰੀ ਦੀਆਂ ਬੁਰਕੀਆਂ ਨੂੰ ਲੋਕਾਂ ਅੱਗੇ ਸੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਕਿਸੇ ਕਿਸੇ ਰਾਜਨੀਤਕ ਪਾਰਟੀਆਂ ਵੱਲੋਂ ਆਟਾ, ਦਾਲ਼ ਜਾਂ ਹੋਰ ਰਾਸ਼ਨ ਕੁਝ ਲੋਕਾਂ ਜਾਂ ਜਾਤਾਂ ਲਈ ਨਾ ਮਾਤਰ ਕੀਮਤ ਤੇ ਦਿੱਤੇ ਜਾਣ ਲਈ ਵਾਅਦੇ ਕਰਕੇ ਵੋਟਾਂ ਲੈਣ ਦਾ ਦੌਰ ਸ਼ੁਰੂ ਹੋਇਆ ਤੇ ਉਸ ਨੂੰ ਮੁਹੱਈਆ ਵੀ ਕਰਵਾਇਆ ਗਿਆ।

ਫਿਰ ਇਹ ਮੁਫ਼ਤ ਦੇਣ ਅਤੇ ਫਿਰ ਜਿਵੇਂ ਮੰਡੀਆਂ ਵਿੱਚ ਜਾਂ ਸੇਲ ਵਿੱਚ ਉੱਚੀ ਉੱਚੀ ਬੋਲੀਆਂ ਲਾ ਲਾ ਕੇ ਨੀਲਾਮੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਵੋਟਾਂ ਦੇ ਦਿਨਾਂ ਵਿੱਚ ਸਾਡੇ ਦੇਸ਼ ਜਾਂ ਸਾਡੇ ਸੂਬੇ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਫ੍ਰੀ ਵਾਲ਼ੀਆਂ ਸਹੂਲਤਾਂ ਦੀ ਬੋਲੀ ਲਾਉਣੀ ਸ਼ੁਰੂ ਕੀਤੀ, ਇੱਕ ਦੂਜੇ ਤੋਂ ਵੱਧ ਮੁਫ਼ਤਖੋਰੀ ਦੀ ਬੋਲੀ ਲਾਈ ਜਾਂਦੀ ਹੈ, ਵੋਟਾਂ ਲੈਣ ਲਈ।

ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਬੱਸ ਸਫ਼ਰ ਤੇ ਹੋਰ ਪਤਾ ਨਹੀਂ ਕੀ ਕੀ ਮੁਫ਼ਤ ਕਰਨ ਲਈ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਹਨ। ਇਹ ਵੋਟਾਂ ਦੀ ਮੰਡੀ ਵਿੱਚ ਸਾਡੀ ਅਣਖ ਦੀ ਬੋਲੀ ਲਾਈ ਜਾਂਦੀ ਹੈ। ਸਾਡੀ ਸੋਚ ਨੂੰ ਅਪਾਹਜ ਕੀਤਾ ਜਾਂਦਾ ਹੈ, ਸਾਡੇ ਜਜ਼ਬੀ ਇਰਾਦਿਆਂ ਨੂੰ ਲੰਗੜਾ ਕੀਤਾ ਜਾਂਦਾ ਹੈ। ਇਸ ਦੇ ਸਬੂਤ ਪਿਛਲੇ ਕੁਝ ਸਮਿਆਂ ਤੋਂ ਜਨਤਾ ਦੇ ਸਾਹਮਣੇ ਆ ਰਹੇ ਹਨ। ਇਸ ਮੁਫ਼ਤਖੋਰੀ ਕਾਰਨ ਪੰਜਾਬ ਇੱਕ ਘੁਣ ਲੱਗੇ ਸ਼ਤੀਰ ਵਾਂਗ ਖੋਖਲਾ ਹੁੰਦਾ ਜਾ ਰਿਹਾ ਹੈ। ਪੰਜਾਬੀਆਂ ਵਿੱਚ ਮਿਹਨਤ ਦੀ ਆਦਤ ਘਟ ਰਹੀ ਹੈ। ਜਿਵੇਂ ਮੰਦਰ ਦੇ ਬਾਹਰ ਬੈਠੇ ਮੰਗਤੇ ਹਰੇਕ ਦਾਨੀ ਸੱਜਣ ਦੇ ਹੱਥ ਵੱਲ ਲਾਲਸਾ ਨਾਲ ਦੇਖਦੇ ਹਨ ਕਿ ਹੁਣ ਸਾਨੂੰ ਦੇਣ ਲਈ ਇਹ ਕੀ ਲਿਆਇਆ ਹੈ, ਬਿਲਕੁਲ ਇਸੇ ਤਰ੍ਹਾਂ ਸਾਡੇ ਸੂਬੇ ਵਿੱਚ ਲੋਕਾਂ ਦੀ ਆਦਤ ਬਣਦੀ ਜਾ ਰਹੀ ਹੈ ਕਿ ਇਹ ਪਾਰਟੀ ਸਾਡੇ ਲਈ ਕੀ ਕੀ ਮੁਫ਼ਤ ਲੈ ਕੇ ਆਵੇਗੀ।

ਹੋਟਲ ਵਿੱਚ ਖਾਣਾ ਖਾ ਕੇ ਦੋ ਚਾਰ ਹਜ਼ਾਰ ਰੁਪਏ ਉਡਾਉਣ ਵਾਲੇ ਛੇ ਸੌ ਯੂਨਿਟਾਂ ਦਾ ਬਿਲ ਮੁਆਫ਼ ਹੋਣ ਤੇ ਜਸ਼ਨ ਮਨਾਉਂਦੇ ਦੇਖੇ ਜਾਂਦੇ ਹਨ, ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚ ਵਿਆਹ ਆਉਣ ਤੇ ਪੰਜ ਸੱਤ ਹਜ਼ਾਰ ਦਾ ਸੂਟ ਸਵਾਉਣ ਵਾਲੀ ਔਰਤ ਬੱਸ ਵਿੱਚ ਵੀਹ ਪੱਚੀ ਰੁਪਏ ਦਾ ਫ੍ਰੀ ਸਫ਼ਰ ਕਰਕੇ ਆਪਣੇ ਆਪ ਨੂੰ ਵੱਡੀ ਜੇਤੂ ਸਮਝਣ ਲੱਗਦੀ ਹੈ। ਪਿਛਲੇ ਦਿਨੀਂ ਮੁਫ਼ਤਖੋਰੀ ਨਾਲ ਸਬੰਧਤ ਕੁਝ ਅਜਿਹੀਆਂ ਘਟਨਾਵਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ ਜੋ ਸਭ ਨੂੰ ਹੈਰਾਨ ਕਰ ਦੇਣ। ਇੱਕ ਔਰਤ ਆਪਣਾ ਸਫ਼ਰ ਫ੍ਰੀ ਕਰ ਰਹੀ ਹੁੰਦੀ ਹੈ ਪਰ ਨਾਲ ਗਿਆਰਾਂ ਸਾਲ ਦੇ ਬੱਚੇ ਦੀ ਟਿਕਟ ਨਾ ਲੈਣ ਲਈ ਕੰਡਕਟਰ ਨਾਲ਼ ਲੜਦੀ ਹੋਈ ਫ਼ੋਨ ਕਰਕੇ ਦੋ ਤਿੰਨ ਕਾਰਾਂ ਤੇ ਦੋ ਤਿੰਨ ਮੋਟਰਸਾਈਕਲਾਂ ਤੇ ਪੰਦਰਾਂ ਵੀਹ ਗੁੰਡਿਆਂ ਨੂੰ ਬੁਲਾ ਕੇ ਕੰਡਕਟਰ ਨੂੰ ਜਾਨੋਂ ਮਰਵਾਉਣ ਲੱਗਦੀ ਹੈ। ਪਰ ਸੋਚਣ ਦੀ ਗੱਲ ਹੈ ਕਿ ਜੇ ਉਸ ਦੀ ਐਡੀ ਪਹੁੰਚ ਸੀ ਤਾਂ ਉਹ ਬੱਚੇ ਦੀ ਅੱਧੀ ਟਿਕਟ ਕਿਉਂ ਨਹੀਂ ਖਰੀਦਦੀ? ਗੱਲ ਤਾਂ ਮੁਫ਼ਤਖੋਰੀ ਕਾਰਨ ਹੋ ਰਹੀ ਅਪਾਹਜ ਸੋਚ ਦੀ ਹੈ।

ਕਿਉਂ ਕਿ ਮੁਫ਼ਤਖੋਰੀ ਵਾਲ਼ਾ ਕੀੜਾ ਦਿਮਾਗ ਵਿੱਚ ਐਨੀ ਬੁਰੀ ਤਰ੍ਹਾਂ ਘਰ ਕਰ ਚੁੱਕਿਆ ਹੈ ਕਿ ਮੁਫਤ ਚੀਜ਼ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਮਰਸਡੀਜ਼ ਵਰਗੀ ਕੀਮਤੀ ਗੱਡੀ ਵਿੱਚ ਫ੍ਰੀ ਦਾ ਅਨਾਜ ਲੈਣ ਜਾਂਦੇ ਲੋਕ ਵੇਖੇ ਜਾ ਸਕਦੇ ਹਨ। ਇਹੋ ਜਿਹੇ ਦਿ੍ਸ਼ ਸਾਡੇ ਸਮਾਜ ਵਿੱਚ ਆਮ ਦੇਖੇ ਜਾ ਸਕਦੇ ਹਨ। ਮੇਰੇ ਖਿਆਲ ਨਾਲ ਕੋਈ ਦਿਨ ਹੀ ਅਜਿਹਾ ਹੁੰਦਾ ਹੋਵੇਗਾ ਜਿਸ ਦਿਨ ਬੱਸਾਂ ਵਿੱਚ ਔਰਤਾਂ ਦੀ ਫ੍ਰੀ ਟਿਕਟ ਪਿੱਛੇ ਲੜਾਈ ਹੁੰਦੀ ਦੀ ਕੋਈ ਖ਼ਬਰ ਨਾ ਆਉਂਦੀ ਹੋਵੇ। ਮੁਫ਼ਤਖੋਰੀ ਨੇ ਲੋਕਾਂ ਨੂੰ ਐਨੇ ਅੰਨ੍ਹੇ ਕਰ ਦਿੱਤਾ ਹੈ ਕਿ ਔਰਤਾਂ ਬੱਸਾਂ ਦੇ ਕੰਡਕਟਰਾਂ ਨਾਲ਼ ਲੜਨ ਲੱਗੀਆਂ ਸਮਾਜ ਦੀ ਸ਼ਰਮ ਵੀ ਨਹੀਂ ਮੰਨਦੀਆਂ ਤੇ ਸ਼ਰੇਆਮ ਬਜ਼ਾਰਾਂ ਵਿੱਚ ਕੁੱਟਮਾਰ ਕਰਦੀਆਂ ਨਜ਼ਰ ਆਉਂਦੀਆਂ ਹਨ ਜੋ ਸਮਾਜ ਵਿੱਚ ਅਨੈਤਿਕਤਾ ਫੈਲਾਉਂਦੀਆਂ ਹਨ।

ਇਹੋ ਜਿਹੀਆਂ ਘਟਨਾਵਾਂ ਵਿੱਚ ਦਿਨ ਬ ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਸੋ ਮੁੱਕਦੀ ਗੱਲ ਇਹ ਹੈ ਕਿ ਪੰਜਾਬੀਓ ਜਾਗੋ! ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਵਾਲੇ ਰਸਤੇ ਨੂੰ ਅਪਣਾਉਂਦੇ ਹੋਏ ਦਸਵੰਧ ਕੱਢਣ ਦੀ ਮੰਜ਼ਿਲ ਵੱਲ ਨੂੰ ਵਧੋ। ਤੁਸੀਂ ਸਰਕਾਰਾਂ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਰੋਜ਼ਗਾਰਾਂ ਦੇ ਅਧਾਰ ਤੇ ਉਹਨਾਂ ਨੂੰ ਚੁਣੋ ਨਾ ਕਿ ਮੁਫ਼ਤ ਵਾਲੇ ਲਾਲਚ ਤੇ, ਤਾਂ ਜੋ ਆਪਣਾ ਜੀਵਨ ਸਦਾਚਾਰਕ ਗੁਣਾਂ ਨਾਲ ਭਰਪੂਰ ਅਣਖ ਨਾਲ ਜੀ ਸਕੋ ਕਿਉਂਕਿ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਦੀ ’ਚ ਫੈਲਿਆ ਕਲਾਤਮਿਕ ਟੇਲਰ ਮਾਸਟਰ – ਸ. ਜਸਵੰਤ ਸਿੰਘ ਬੇਦੀ
Next articleਅੰਤਰਰਾਸ਼ਟਰੀ ਕਬੱਡੀ ਕੂਮੈਟੇਟਰ ਜੱਸਾ ਮਾਨ ਘਰਖਣਾ ਨਿਊਜ਼ੀਲੈਂਡ ਲਈ ਰਵਾਨਾ