ਏਹੁ ਹਮਾਰਾ ਜੀਵਣਾ ਹੈ -238

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਗਗਨ ਤੇ ਸਿਮਰਨ ਪੇਪਰ ਦੇ ਕੇ ਆਪਣੇ ਆਪਣੇ ਇਮਤਿਹਾਨ ਵਾਲੇ ਕਮਰੇ ਵਿੱਚੋਂ ਬਾਹਰ ਨਿਕਲਦੀਆਂ ਹਨ ਤਾਂ ਇੱਕ ਦੂਜੇ ਨੂੰ ਦੂਰੋਂ ਹੀ ਪੇਪਰ ਵਧੀਆ ਹੋਣ ਦਾ ਮੁਸਕਰਾਹਟ ਨਾਲ ਸੰਕੇਤ ਦਿੰਦੀਆਂ ਹਨ ।ਆਪਣਾ ਆਪਣਾ ਬੈਗ ਲੈ ਕੇ ਗਰਾਊਂਡ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ। ਹਜੇ ਭੀੜ ਜ਼ਿਆਦਾ ਹੋਣ ਕਰਕੇ ਉਹ ਗਰਾਊਂਡ ਵਿੱਚ ਇੱਕ ਸਾਈਡ ਤੇ ਦਰਖ਼ਤ ਹੇਠਾਂ ਬਣੇ ਸੀਮੈਂਟ ਦੇ ਬੈਂਚ ਤੇ ਬੈਠ ਜਾਂਦੀਆਂ ਹਨ।ਇੱਕ ਦੂਜੇ ਨਾਲ ਪ੍ਰਸ਼ਨ ਪੱਤਰੀ ਵਿੱਚੋਂ ਪੁੱਛੇ ਸਵਾਲਾਂ ਤੇ ਚਰਚਾ ਕਰਦੀਆਂ ਹਨ। ਨਾਲ਼ ਨਾਲ਼ ਫ਼ੋਨ ਤੇ ਪ੍ਰਸ਼ਨਾਂ ਦੇ ਉੱਤਰ ਲੱਭ ਲੱਭ ਕੇ ਖੁਸ਼ ਹੁੰਦੀਆਂ ਹਨ।

ਦੋਵਾਂ ਦੇ ਲਗਭਗ ਸਾਰੇ ਜਵਾਬ ਸਹੀ ਸਨ। ਦੋਵੇਂ ਬਹੁਤ ਖੁਸ਼ ਸਨ।ਅਸਲ ਵਿੱਚ ਦੋਵੇਂ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਨੌਕਰੀ ਪ੍ਰਾਪਤ ਕਰਨ ਲਈ ਪੇਪਰ ਦੇ ਰਹੀਆਂ ਸਨ।ਕਾਲਜ ਦੀ ਪੜ੍ਹਾਈ ਵੀ ਬਹੁਤ ਵਧੀਆ ਅੰਕਾਂ ਨਾਲ ਪੂਰੀ ਕੀਤੀ ਸੀ। ਅੱਜ ਉਹ ਬੈਂਕ ਦੀ ਨੌਕਰੀ ਲਈ ਪੇਪਰ ਦੇ ਕੇ ਆਈਆਂ ਸਨ। ਗਗਨ ਕਹਿੰਦੀ ਹੈ,” ਸਿਮਰਨ, ਆਪਾਂ ਲੈਕਚਰਾਰ ਦੀ ਪੋਸਟ ਲਈ ਵੀ ਸਾਰਾ ਪੇਪਰ ਸਹੀ ਕਰਕੇ ਆਈਆਂ ਸੀ।ਉਸ ਵਿੱਚ ਵੀ ਆਪਣੀ ਸਿਲੈਕਸ਼ਨ ਨਹੀਂ ਹੋਈ, ਆਪਾਂ ਟੀਚਰ ਲਈ ਅਪਲਾਈ ਕੀਤਾ ਸੀ,ਉਸ ਵਿੱਚ ਵੀ ਆਪਣੀ ਸਿਲੈਕਸ਼ਨ ਨਹੀਂ ਹੋਈ,ਪਤਾ ਨੀ ਕਿਹੜੇ ਲੋਕ ਹੁੰਦੇ ਹਨ ਜੋਂ ਸਰਕਾਰੀ ਨੌਕਰੀਆਂ ਹਾਸਲ ਕਰਨ ਲੈਂਦੇ ਹਨ?”

“ਹਾਂ, ਮੈਂ ਵੀ ਇਹੋ ਸੋਚਦੀ ਹੁੰਦੀ ਹਾਂ ਸਾਰਾ ਕੁਝ ਸਹੀ ਸਹੀ ਲਿਖ ਕੇ ਆਉਂਦੇ ਹਾਂ ਫਿਰ ਕਿਉਂ ਨਹੀਂ ਮਿਲਦੀ ਆਪਾਂ ਨੂੰ ਨੌਕਰੀ…(ਨਿਰਾਸ਼ ਹੋ ਕੇ)…. ਤੈਨੂੰ ਯਾਦ ਹੈ….ਆਪਣੇ ਨਾਲ ਨਲਾਇਕ ਜਿਹੀ ਮਨੀ ਹੁੰਦੀ ਸੀ?” ਸਿਮਰਨ ਨੇ ਗਗਨ ਨੂੰ ਯਾਦ ਕਰਾਉਂਦਿਆਂ ਪੁੱਛਿਆ, ਗਗਨ ਨੇ ਝੱਟ “ਹਾਂ” ਦਾ ਇਸ਼ਾਰਾ ਕੀਤਾ ਤਾਂ ਉਸ ਨੇ ਦੱਸਿਆ,” ਮੈਨੂੰ ਕਚਿਹਰੀਆਂ ਵਿੱਚ ਮਿਲੀ ਸੀ,ਉੱਥੇ ਸਰਕਾਰੀ ਨੌਕਰੀ ਤੇ ਲੱਗ ਗਈ।” ਸਿਮਰਨ ਇੱਕ ਦਮ ਚੌਂਕ ਕੇ ਕਹਿੰਦੀ, ….”ਹੈਂ….. ਸੱਚੀਂ….ਉਹ ਕਿਵੇਂ ਲੱਗ ਗਈ। ਆਪਾਂ ਤਾਂ ਪੇਪਰਾਂ ਦੀਆਂ ਫੀਸਾਂ ਭਰ ਭਰ ਕੇ ਵੀ ਥੱਕੀਆਂ ਪਈਆਂ। ਸੱਚ ਪੁੱਛੇਂ ਤਾਂ ਹੁਣ ਮੈਨੂੰ ਘਰਦਿਆਂ ਤੋਂ ਫ਼ੀਸ ਭਰਨ ਲਈ ਪੈਸੇ ਮੰਗਦੀ ਨੂੰ ਵੀ ਸ਼ਰਮ ਆਉਂਦੀ ਐ।”(ਇੰਨੇ ਨੂੰ ਉਸੇ ਬੈਂਚ ਤੇ ਦੋ ਕੁੜੀਆਂ ਆ ਕੇ ਬੈਠਦੀਆਂ ਹਨ, ਸ਼ਾਇਦ ਉਹਨਾਂ ਨੂੰ ਘਰੋਂ ਕਿਸੇ ਨੇ ਲੈਣ ਆਉਣਾ ਸੀ ਇਸ ਲਈ ਇੰਤਜ਼ਾਰ ਕਰਦੀਆਂ ਹਨ)

ਪਹਿਲੀ ਕੁੜੀ,”ਮੈਂ ਤਾਂ ਆਪਸ਼ਨ ਵਾਲੇ ਸਾਰੇ ਬਲੈਂਕ ਛੱਡ ਦਿੱਤੇ।” “ਮੈਂ ਤਾਂ ਸਬਜੈਕਟਿਵ ਵੀ ਨੀ ਲਿਖਿਆ,ਡੈਡ ਕਹਿੰਦੇ ਸੀ ਤੁਸੀਂ ਗਲਤ ਲਿਖ਼ਣ ਨਾਲੋਂ ਖ਼ਾਲੀ ਛੱਡ ਦਿਓ।ਉਹ ਆਪੇ ਭਰ ਲੈਣਗੇ ਰਾਈਟ ਆਂਸਰ। ਡੈਡ ਕਹਿ ਰਹੇ ਸੀ ਇਹ ਜੌਬ ਤਾਂ ਪੱਕਾ ਮਿਲ ਹੀ ਜਾਣੀ ਐਂ,ਚਲੋ ਤੁਹਾਡਾ ਟਾਈਮਪਾਸ ਅੱਛਾ ਹੋ ਜਾਇਆ ਕਰੇਗਾ , ” ਦੂਜੀ ਕੁੜੀ ਨੇ ਆਖਿਆ। ਸ਼ਾਇਦ ਉਹ ਦੋਵੇਂ ਸਕੀਆਂ ਭੈਣਾਂ ਸਨ।ਐਨੇ ਨੂੰ ਇੱਕ ਵੱਡੀ ਸਾਰੀ ਮਹਿੰਗੀ ਗੱਡੀ ਆਈ ਜਿਸ ਨੂੰ ਡਰਾਈਵਰ ਚਲਾ ਰਿਹਾ ਸੀ,ਉਸ ਨੇ ਉਤਰ ਕੇ ਪਿਛਲੀਆਂ ਖਿੜਕੀਆਂ ਖੋਲ੍ਹ ਕੇ ਕੁੜੀਆਂ ਨੂੰ ਗੱਡੀ ਵਿੱਚ ਬਿਠਾਇਆ ਤੇ ਚਲੇ ਗਏ। ਗਗਨ ਤੇ ਸਿਮਰਨ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਸਨ।ਗਗਨ ਨੇ ਸਿਮਰਨ ਨੂੰ ਕਿਹਾ,”ਸਿਮਰਨ ਇੱਥੇ ਟਾਈਮਪਾਸ ਵਾਲਿਆਂ ਨੂੰ ਨੌਕਰੀ ਮਿਲਦੀ ਹੈ, ਆਪਾਂ ਵੀ ਨੌਕਰੀਆਂ ਲੈਣ ਲਈ ਟੱਕਰਾਂ ਮਾਰਨੀਆਂ ਬੰਦ ਕਰੀਏ,ਚੱਲ ਕੱਲ੍ਹ ਤੋਂ ਹੀ ਆਈਲੈਟਸ ਕਰਨਾ ਸ਼ੁਰੂ ਕਰੀਏ। ਚੱਲੋ ਬਾਹਰ ਜਾਣ ਦੀ ਤਿਆਰੀ ਕਰੀਏ। ਹੁਣ ਤਾਂ ਆਪਣਾ ਮਿਡਲ ਕਲਾਸ ਲੋਕਾਂ ਦਾ ਏਹੁ ਹਮਾਰਾ ਜੀਵਣਾ ਹੈ।”

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -237
Next articleਡਾ. ਭੁਪਿੰਦਰ ਸਿੰਘ ਬੇਦੀ ਦੇ ਪਿਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ