ਏਹੁ ਹਮਾਰਾ ਜੀਵਣਾ ਹੈ-203

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)

ਹਰ ਵਿਅਕਤੀ ਦੇ ਮਨ ਅੰਦਰ ਮੌਕਿਆਂ ਦੇ ਮੁਤਾਬਿਕ ਸੁੰਦਰ ਦਿਖਣ ਦੀ ਲਾਲਸਾ ਹੁੰਦੀ ਹੈ। ਮੰਨਿਆ ਕਿ ਫੈਸ਼ਨ ਅਤੇ ਸਮਾਜ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਪਰ ਫਿਰ ਵੀ ਫੈਸ਼ਨ ਦਾ ਦਾਇਰਾ ਸਮਾਜ ਮੁਤਾਬਿਕ ਢੁਕਵਾਂ ਹੀ ਚੰਗਾ ਲੱਗਦਾ ਹੈ। ਫੈਸ਼ਨ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜੋ ਕਦੇ ਖਤਮ ਨਹੀਂ ਹੁੰਦੀ ਪ੍ਰਤੂੰ ਸਮੇਂ ਸਮੇਂ ਤੇ ਇਸ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ।ਫੈਸ਼ਨ ਕਿਸੇ ਵਿਅਕਤੀ ਦੁਆਰਾ ਅਪਣਾਈ ਜਾਣ ਵਾਲੀ ਕੱਪੜਿਆਂ ਅਤੇ ਰਹਿਣ-ਸਹਿਣ ਦੀ ਸਭ ਤੋਂ ਨਵੀਂ ਅਤੇ ਪ੍ਰਚਲਿਤ ਸ਼ੈਲੀ ਹੁੰਦੀ ਹੈ ਜੋ ਹਰ ਵਿਅਕਤੀ ਦੇ ਸਮਾਜਿਕ ਵਰਤਾਰੇ ਮੁਤਾਬਿਕ ਉਚਿਤ ਅਤੇ ਢੁਕਵੀਂ ਹੋਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਦੀ ਸੋਚ,ਉਸ ਦੇ ਅੰਦਰ ਦੀਆਂ ਭਾਵਨਾਵਾਂ ਅਤੇ ਉਸ ਦੇ ਵਿਚਾਰਾਂ ਦਾ ਅੰਦਾਜ਼ਾ ਉਸ ਦੇ ਪਹਿਰਾਵੇ ਤੋਂ ਲਗਾਇਆ ਜਾ ਸਕਦਾ ਹੈ।ਇਸ ਤਰ੍ਹਾਂ ਕਿਸੇ ਵੀ ਵਿਅਕਤੀ ਦਾ ਪਹਿਰਾਵਾ ਉਸ ਦੀ ਸ਼ਖ਼ਸੀਅਤ ਨੂੰ ਵੀ ਉਜਾਗਰ ਕਰਦਾ ਹੈ।

ਸਮਾਜ ਵਿੱਚ ਵਿਚਰਦਿਆਂ ਸਾਨੂੰ ਸਮਾਜਿਕ ਤੌਰ ਤਰੀਕੇ ਅਪਣਾਉਣੇ ਪੈਂਦੇ ਹਨ। ਅਸੀਂ ਕਿਸ ਤਰ੍ਹਾਂ ਰਹਿੰਦੇ ਹਾਂ,ਕੀ ਪਹਿਨਦੇ ਹਾਂ, ਕਿਸ ਤਰ੍ਹਾਂ ਦੇ ਲੱਗਦੇ ਹਾਂ ,ਸਾਡੇ ਰਹਿਣ-ਸਹਿਣ ਦੇ ਤੌਰ ਤਰੀਕੇ ਕੀ ਹਨ ?ਇਹ ਸਭ ਫੈਸ਼ਨ ਹੀ ਤਾਂ ਹੈ।ਅੱਜ ਦੇ ਦੌਰ ਵਿੱਚ ਭਾਰਤੀ ਸੰਸਕ੍ਰਿਤੀ ਉੱਤੇ ਪੱਛਮੀ ਸੱਭਿਅਤਾ ਨੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ। ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਨਾਲ ਫ਼ਾਸਲੇ ਘਟਣ ਕਰਕੇ ਫੈਸ਼ਨ ਦਾ ਪ੍ਰਸਾਰ ਵੀ ਝਟਪਟ ਹੋ ਜਾਂਦਾ ਹੈ। ਅਸਲ ਵਿੱਚ ਫੈਸ਼ਨ ਅਤੇ ਸਮਾਜ ਨੂੰ ਕਈ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾਂ ਪਹਿਲ ਫੈਸ਼ਨ ਉੱਚ ਘਰਾਣਿਆਂ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਮੱਧਵਰਗੀ ਦਰਜੇ ਦੇ ਪਰਿਵਾਰਾਂ ਤੱਕ ਪਹੁੰਚਦਾ ਸੀ। ਸਮਾਜਿਕ ਦਾਇਰੇ ਨੂੰ ਦੇਖਦੇ ਹੋਏ ਆਮ ਵਰਗ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਫੈਸ਼ਨ ਅਪਣਾਉਣ ਦੀ ਜਾਂ ਤਾਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤੇ ਜਾਂ ਫਿਰ ਘਰਾਂ ਵਿੱਚ ਬਜ਼ੁਰਗਾਂ ਦੀ ਸ਼ਰਮ-ਹਯਾ ਨੂੰ ਮੁੱਖ ਰੱਖਦੇ ਹੋਏ ਬਹੁਤੇ ਫੈਸ਼ਨ ਦਾ ਪ੍ਰਗਟਾਵਾ ਨਹੀਂ ਕੀਤਾ ਜਾਂਦਾ ਸੀ।ਪਰ ਅੱਜ ਕੱਲ੍ਹ ਫੈਸ਼ਨ ਸਿਨੇਮਾ ਅਤੇ ਟੀਵੀ ਕਲਾਕਾਰਾਂ ਦੁਆਰਾ ਬਹੁਤ ਛੇਤੀ ਛੇਤੀ ਪ੍ਰਚਲਿਤ ਹੋ ਕੇ ਸਮਾਜ ਦੇ ਹਰ ਵਰਗ ਤੱਕ ਪਹੁੰਚ ਜਾਂਦਾ ਹੈ ਜਿਸ ਕਰਕੇ ਸਾਡੇ ਸਮਾਜ ਵਿੱਚ ਫੈਸ਼ਨ ਦੀ ਇੱਕ ਹੋੜ ਜਿਹੀ ਲੱਗ ਗਈ ਹੈ।

ਸਾਡੇ ਅੱਜ ਦੇ ਸਮਾਜ ਉੱਪਰ ਵਿਸ਼ਵੀਕਰਨ ਅਤੇ ਆਧੁਨਿਕੀਕਰਨ ਨੇ ਬਹੁਤਾ ਸਾਰਥਕ ਪ੍ਰਭਾਵ ਨਹੀਂ ਪਾਇਆ ।ਕਈ ਕੁੜੀਆਂ ਇੰਨੇ ਤੰਗ ਅਤੇ ਛੋਟੇ ਕੱਪੜੇ ਪਾਉਂਦੀਆਂ ਹਨ ਕਿ ਵੇਖਣ ਵਾਲੇ ਨੂੰ ਸ਼ਰਮ ਆ ਜ਼ਾਂਦੀ ਹੈ।ਦੁੱਪਟਾ ਲੈਣ ਦਾ ਫੈਸ਼ਨ ਤਾਂ ਅੱਜ ਕੱਲ ਰਿਹਾ ਹੀ ਨਹੀਂ । ਕੁੜੀਆਂ ਜ਼ਿਆਦਾਤਰ ਜੀਨ ਪਾਉਂਦੀਆਂ ਹਨ।ਸੂਟ ਪਾਉਣਾ ਤਾਂ ਉਹਨਾਂ ਨੂੰ ਸ਼ਾਨ ਦੇ ਖ਼ਿਲਾਫ ਲੱਗਦਾ ਹੈ। ਫੈਸ਼ਨ ਦੀ ਸੀਮਾ ਸੀਮਤ ਰੱਖਣ ਵਿੱਚ ਸਮਾਜ ਦਾ ਇੱਕ ਮਹੱਤਵਪੂਰਨ ਵਰਗ ਬਹੁਤ ਵਧੀਆ ਯੋਗਦਾਨ ਪਾ ਸਕਦਾ ਹੈ- ਉਹ ਹੈ ਦਰਜੀ ਜਾਂ ਜਿਸ ਨੂੰ ਅੱਜਕਲ੍ਹ ਬੂਟੀਕ ਦਾ ਨਾਮ ਦਿੱਤਾ ਗਿਆ ਹੈ।ਪੈਸੇ ਬਟੋਰਨ ਦੇ ਚੱਕਰ ਵਿੱਚ ਕੁਝ ਵੀ ਵਿੰਗਾ ਟੇਢਾ ਡਿਜ਼ਾਇਨ ਬਣਾ ਕੇ ਦੇਣ ਦੀ ਬਜਾਏ ਜੇ ਉਹ ਕੱਪੜੇ ਸਵਾਉਣ ਆਏ ਲੜਕੇ ਲੜਕੀਆਂ ਨੂੰ ਉਚਿਤ ਮਸ਼ਵਰਾ ਦੇ ਕੇ ਕੁਝ ਇਹੋ ਜਿਹੇ ਡਿਜ਼ਾਇਨ ਤਿਆਰ ਕਰਨ ਜੋ ਉਹਨਾਂ ਦੇ ਕਿਰਦਾਰ ਨੂੰ ਉਭਾਰਨ ਵਿੱਚ ਸਹਾਈ ਹੋਣ।ਇਹ ਉਹਨਾਂ ਦੇ ਕਾਰੋਬਾਰ ਨੂੰ ਇੱਕ ਵਰਦਾਨ ਬਣਾਉਣ ਵਿੱਚ ਸਿੱਧ ਹੋਵੇਗਾ।

ਮਾਪਿਆਂ ਵੱਲੋਂ ਵੀ ਬੱਚਿਆਂ ਦੇ ਪਹਿਰਾਵੇ ਵੱਲ ਧਿਆਨ ਦੇ ਕੇ ਸੁਚੇਤ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਸਮੇਂ-ਸਮੇਂ ਤੇ ਸਹੀ ਸਲਾਹ ਦੇ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਸਹੀ ਦਿਸ਼ਾ ਦਿਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਹਨਾਂ ਵੱਲੋਂ ਬਾਹਰੀ ਦਿਖਾਵੇ ਦੀ ਥਾਂ ਸਦਾਚਾਰਕ ਕਦਰਾਂ-ਕੀਮਤਾਂ ਅਤੇ ਸੰਸਕਾਰ ਅਪਣਾਉਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ। ਸਮਾਜ ਵਿੱਚੋਂ ਚੰਗੀਆਂ ਸ਼ਖ਼ਸੀਅਤਾਂ ਦੀਆਂ ਉਦਾਹਰਣਾਂ ਦੇ ਕੇ ਸੇਧ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਰਿਆਦਾ ਵਿੱਚ ਰਹਿ ਕੇ ਕੀਤਾ ਫੈਸ਼ਨ ਸੁੰਦਰਤਾ ਵਧਾਏਗਾ ਪਰ ਮਰਿਆਦਾ ਤੋਂ ਬਾਹਰ ਹੋ ਕੇ ਕੀਤਾ ਫੈਸ਼ਨ ਨਿਰਾ ਜਲੂਸ ਹੀ ਹੁੰਦਾ ਹੈ।ਸੀਰਤ ਨੂੰ ਸੰਵਾਰਿਆਂ ਸੂਰਤਾਂ ਆਪੇ ਨਿੱਖਰ ਆਉਂਦੀਆਂ ਹਨ। ਸੋ ਕਿਸੇ ਨੂੰ ਵੀ ਆਪਣੇ ਸਮਾਜ ਦੀਆਂ ਧਾਰਮਿਕ, ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸ਼ਨ ਉਹ ਕਰਨਾ ਚਾਹੀਦਾ ਹੈ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਚੰਗਾ ਲੱਗੇ,ਜਿਸ ਨਾਲ ਮਨੁੱਖ ਦੀ ਸ਼ਖ਼ਸੀਅਤ ਨਿੱਖਰ ਕੇ ਸਾਹਮਣੇ ਆਵੇ ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleਪ੍ਰੀਪੇਡ ਮੀਟਰ
Next articleਐੱਨ. ਆਰ. ਆਈ. ਜਸਵਿੰਦਰ ਸਿੰਘ (ਅਮਰੀਕਾ ) ਨੇ ਸਰਕਾਰੀ ਪ੍ਰਾਇਮਰੀ ਸਕੂਲ ਲੱਲੀਆਂ ਦੇ ਸਮੂਹ ਵਿਦਿਆਰਥੀਆਂ ਨੂੰ ਟ੍ਰੈਕ-ਸੂਟ ਵੰਡੇ