(ਸਮਾਜ ਵੀਕਲੀ)- ਕਿਤੇ ਮਾਂ ਬੋਲੀ ਦੇ ਕੌਮਾਂਤਰੀ ਦਿਹਾੜੇ ਮਨਾਏ ਜਾਣਾ, ਕਿਤੇ ਮਾਂ ਬੋਲੀ ਨੂੰ ਸਮਰਪਿਤ ਵੱਖ ਵੱਖ ਵਿਸ਼ਾਲ ਸਮਾਗਮ, ਮੁਕਾਬਲੇ, ਸਨਮਾਨ ਸਮਾਰੋਹ ਮਨਾਏ ਜਾਂਦੇ ਹਨ। ਇਸ ਲਈ ਮਾਂ ਬੋਲੀ ਨੂੰ ਸਮਰਪਿਤ ਭਾਵਨਾਵਾਂ ਨੂੰ ਸਲਾਮ ਕਰਦੀ ਹਾਂ, ਇਹ ਵੱਡੇ ਵੱਡੇ ਵਿੱਢਣ ਵਿੱਢਣ ਵਾਲ਼ਿਆਂ ਨੂੰ ਸਲਾਮ, ਉਪਰਾਲੇ ਕਰਨ ਵਾਲਿਆਂ ਨੂੰ ਸਲਾਮ ਕਰਦੀ ਹਾਂ। ਉਂਝ ਤਾਂ ਸਾਹਿਤਕ ਸਮਾਗਮਾਂ ਵਿੱਚ ਮੇਰੀ ਸ਼ਮੂਲੀਅਤ ਆਟੇ ਵਿੱਚ ਲੂਣ ਬਰਾਬਰ ਹੈ ਪਰ ਫਿਰ ਵੀ ਜਿੰਨੇ ਕੁ ਸਮਾਗਮਾਂ ਵਿੱਚ ਜਾਣ ਲਈ ਸਮਾਂ ਇਜਾਜ਼ਤ ਦਿੰਦਾ ਹੈ, ਉੱਥੇ ਜਾ ਕੇ ਇੰਜ ਲੱਗਦਾ ਹੈ ਜਿਵੇਂ ਕਿ ਵੱਖ ਵੱਖ ਸਾਹਿਤਕ ਸਮਾਗਮ ਕਰਵਾਉਣ ਵਾਲਿਆਂ ਦੀ ਇੱਕ ਆਪਣੀ ਹੀ ਨਿਵੇਕਲੀ ਜਿਹੀ ਦੁਨੀਆ ਹੋਵੇ, ਉੱਥੇ ਉਹਨਾਂ ਨੂੰ ਜਾਣਨ ਵਾਲੇ ਲੋਕਾਂ ਦੀ ਓਨੀ ਕੁ ਹੀ ਦੁਨੀਆਂ ਹੁੰਦੀ ਹੈ। ਕਿਸੇ ਦੂਜੇ ਸਮਾਗਮ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਉਹਨਾਂ ਦੀ ਦੁਨੀਆ ਓਨੇ ਕੁ ਦਾਇਰੇ ਦੀ ਹੀ ਹੈ। ਸਾਰੇ ਮੁਖੀ ਚੰਗੀਆਂ ਸੰਸਥਾਵਾਂ ਦੇ ਉੱਚ ਅਹੁਦੇਦਾਰ ਹੁੰਦੇ ਹਨ ਜੋ ਕਿ ਆਪਸ ਵਿੱਚ ਵੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ। ਉਹਨਾਂ ਵੱਲੋਂ ਕੀਤੇ ਜਾਣ ਵਾਲੇ ਉਪਰਾਲੇ ਤਾਂ ਬਹੁਤ ਸ਼ਲਾਘਾਯੋਗ ਕਦਮ ਹੈ ਪਰ ਉਹਨਾਂ ਸਮਾਗਮਾਂ ਦਾ ਹਿੱਸਾ ਸਿਰਫ਼ ਦੋ ਤਿੰਨ ਪਰਤਾਂ ਵਿੱਚ ਇੱਕ ਦੂਜੇ ਦੀ ਪਹਿਚਾਣ ਵਾਲ਼ੇ ਹੀ ਹੁੰਦੇ ਹਨ ਮਤਲਬ ਕਿ ਸਿੱਧੇ ਜਾਨਣ ਵਾਲੇ ਫੇਰ ਅੱਗੋਂ ਉਹਨਾਂ ਨੂੰ ਜਾਨਣ ਵਾਲੇ। ਕਦੇ ਕਿਸੇ ਸਮਾਗਮ ਵਿੱਚ ਸਨਮਾਨਿਤ ਕਰਨ ਲਈ ਕੋਈ ਵਧੀਆ ਵਧੀਆ ਸਾਹਿਤਕ ਲਿਖਤਾਂ ਲਿਖਣ ਵਾਲੇ, ਵਧੀਆ ਕਿਤਾਬਾਂ ਲਿਖਣ ਵਾਲੇ, ਵਧੀਆ ਕਹਾਣੀਆਂ ਲਿਖਣ ਵਾਲੇ ਜਾਂ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਵਾਲੇ ਬਿਲਕੁਲ ਨਹੀਂ ਬੁਲਾਏ ਜਾਂਦੇ ਤੇ ਨਾ ਹੀ ਇਹਨਾਂ ਲੋਕਾਂ ਨੂੰ ਉਹਨਾਂ ਬਾਰੇ ਕੋਈ ਬਹੁਤੀ ਜਾਣਕਾਰੀ ਹੁੰਦੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਅਖ਼ਬਾਰ, ਰਸਾਲੇ ਤਾਂ ਇਹਨਾਂ ਲੋਕਾਂ ਨੇ ਪੜ੍ਹੇ ਹੀ ਨਹੀਂ ਹੁੰਦੇ ਜਿਸ ਕਰਕੇ ਉਹਨਾਂ ਨਾਵਾਂ ਤੋਂ ਅਣਜਾਣ ਹੁੰਦੇ ਹਨ, ਪਰ ਅਫਸੋਸ ਦੀ ਗੱਲ ਕਿ ਉਹ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾ ਰਹੇ ਹੁੰਦੇ ਹਨ।
ਦੂਜੀ ਗੱਲ ਵਿਚਾਰਨ ਵਾਲੀ ਹੈ ਕਿ ਸਾਹਿਤ ਦਾ ਪਸਾਰਾ ਤਾਂ ਬਹੁਤ ਵਿਸ਼ਾਲ ਹੁੰਦਾ ਹੈ, ਫਿਰ ਆਲ਼ੇ ਦੁਆਲ਼ੇ ਦੇ ਹੋਰ ਨਵੇਂ ਸਾਹਿਤਕਾਰਾਂ ਦੀ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਨਾ ਹੋ ਕੇ ਸਿਰਫ਼ ਆਪਣੇ ਜਾਣ ਪਛਾਣ ਵਾਲਿਆਂ ਦਾ ਸ਼ਾਮਲ ਹੋਣਾ ਪੰਜਾਬੀ ਦੀ ਪ੍ਰਸਿੱਧ ਕਹਾਵਤ “ਅੰਨ੍ਹਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ” ਤੇ ਮੋਹਰ ਲਾਉਂਦਾ ਹੈ। ਕੁਛ ਕੁ ਦਾ ਤਾਂ ਸਾਹਿਤ ਵਿੱਚ ਯੋਗਦਾਨ ਗੁਜ਼ਾਰੇ ਜੋਗਾ ਹੁੰਦਾ ਹੈ ਪਰ ਉਹ ਫੇਰੇ ਤੋਰੇ ਵਾਲੇ ਹੋਣ ਕਰਕੇ ‘ਉਹ ਕਿਹੜੀ ਗਲ਼ੀ ਜਿੱਥੇ ਭਾਗੋ ਨੀ ਖਲੀ” ਵਾਂਗ ਨਾਂ ਵੱਡਾ ਬਣਾ ਲੈਂਦੇ ਹਨ। ਪੰਜਾਬੀ ਸਾਹਿਤ ਸਮਾਗਮਾਂ ਦੀਆਂ ਏਹੁ ਜਿਹੀਆਂ ਅੱਠ ਦਸ ਭਾਗੋਆਂ ਤੁਹਾਨੂੰ ਹਰ ਸਮਾਗਮ ਵਿੱਚ ਜ਼ਰੂਰ ਦੇਖਣ ਨੂੰ ਮਿਲ ਜਾਣਗੀਆਂ। ਮੇਰਾ ਇੱਥੇ ਇਹ ਗੱਲ ਦੱਸਣ ਦਾ ਮਤਲਬ ਇਹ ਹੈ ਕਿ ਕਈ ਵਿਚਾਰੇ ਅੱਠ ਦਸ ਵਧੀਆ ਵਧੀਆ ਰਚਨਾਵਾਂ ਭਰਪੂਰ ਕਿਤਾਬਾਂ ਛਪਵਾ ਕੇ ਵੀ ਓਨਾਂ ਨਾਂ ਨਹੀਂ ਕਮਾ ਸਕਦੇ ਜਿੰਨਾਂ ਇਹ ਪਿਆਰ ਦੀਆਂ ਦੇਵੀਆਂ ਪਿਆਰ ਮੁਹੱਬਤ ਦੀਆਂ ਚਾਰ ਕੁ ਸਤਰਾਂ ਪੜ੍ਹ ਕੇ ਨਾਂ ਕਮਾ ਜਾਂਦੀਆਂ ਹਨ। ਵਧੀਆ ਲੇਖਕ ਅਣਦੇਖੇ ਕਿਉਂ ਕੀਤੇ ਜਾਂਦੇ ਹਨ ਇਸ ਗੱਲ ਦੀ ਸਮਝ ਨਹੀਂ ਆਉਂਦੀ ਪਰ ਫਿਰ ਵੀ ਇਹਨਾਂ ਸਮਾਗਮਾਂ ਨੂੰ “ਮਾਂ ਬੋਲੀ ਨੂੰ ਸਮਰਪਿਤ” ਦਾ ਨਾਂ ਦੇ ਦਿੱਤਾ ਜਾਂਦਾ ਹੈ।
ਤੀਜੀ ਗੱਲ ਇਹ ਵਿਚਾਰਨਯੋਗ ਹੈ ਕਿ ਬਹੁਤੇ ਲੇਖਕ ਆਪਣਾ ਨਾਂ ਦੱਸ ਕੇ ਆਪਣੀ ਪਹਿਚਾਣ ਕਰਵਾਉਣ ਤੇ ਜ਼ੋਰ ਦਿੰਦੇ ਨਜ਼ਰ ਆਉਣਗੇ ਪਰ ਸਾਹਮਣੇ ਵਾਲਾ ਕਹਿੰਦਾ ਨਜ਼ਰ ਆਏਗਾ ਕਿ “ਕਦੇ ਸੁਣਿਆ ਨੀ” ਤੁਹਾਡਾ ਨਾਂ, ਫਿਰ ਆਪਣੀ ਕਿਤਾਬ ਜਾਂ ਰਚਨਾਵਾਂ ਦਾ ਵੇਰਵਾ ਦੱਸਕੇ, ਫਿਰ ਹੋਰ ਤੇ ਫਿਰ ਹੋਰ,ਪਰ ਇਹ ਗੱਲ ਸਾਬਤ ਕਰ ਦਿੰਦੀ ਹੈ ਕਿ ਜੇ ਸਾਰੇ ਲੇਖਕ ਚੰਗੇ ਪਾਠਕ ਹੋਣ ਤਾਂ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ, ਜ਼ੋਰ ਦੇ ਕੇ ਪਛਾਣ ਕਰਵਾਉਣ ਦੀ ਨੌਬਤ ਹੀ ਨਾ ਆਵੇ। ਅੱਜ ਕੱਲ੍ਹ ਲਿਖਾਰੀਆਂ ਦੀ ਪਛਾਣ ਸੋਸ਼ਲ ਮੀਡੀਆ ਰਾਹੀਂ ਵੱਧ ਸਥਾਪਿਤ ਕੀਤੀ ਜਾਂਦੀ ਹੈ ਲਿਖਤਾਂ ਰਾਹੀਂ ਘੱਟ। ਇਹ ਤਾਂ ਮਾਂ ਬੋਲੀ ਦੇ ਭਵਿੱਖ ਤੋਂ ਪਤਾ ਲੱਗੇਗਾ ਕਿ ਸੋਸ਼ਲ ਨੈੱਟਵਰਕਿੰਗ ਮਾਂ ਬੋਲੀ ਦੇ ਪਸਾਰੇ ਲਈ ਲਾਹੇਵੰਦ ਹੋ ਰਹੀ ਹੈ ਜਾਂ ਨਹੀਂ ਪਰ ਐਨਾ ਜ਼ਰੂਰ ਹੈ ਕਿ ਇਹ ਸਰੋਤ ਨਾਂ ਕਮਾਉਣ ਲਈ ਵੱਧ ਅਤੇ ਪਾਠਕ ਪੈਦਾ ਕਰਨ ਲਈ ਘੱਟ ਵਰਤਿਆ ਜਾਂਦਾ ਹੈ। ਸੋਸ਼ਲ ਨੈੱਟਵਰਕਿੰਗ ਤੇ ਲਿਖਾਰੀ ਤਾਂ ਬਹੁਤ ਜਨਮ ਲੈ ਰਹੇ ਹਨ ਪਾਠਕ ਬਹੁਤ ਘੱਟ ਲੱਭ ਰਹੇ ਹਨ।
ਆਖ਼ਰ ਵਿੱਚ ਮੈਂ ਮਾਂ ਬੋਲੀ ਦੇ ਘਟ ਰਹੇ ਨੌਜਵਾਨ ਪਾਠਕਾਂ ਦੀ ਨਿੱਜੀ ਤਜ਼ਰਬੇ ਦੀ ਗੱਲ ਸਾਂਝੀ ਕਰਦੀ ਹਾਂ ਜੋ ਸੱਚਮੁੱਚ ਇੱਕ ਚਿੰਤਾ ਦਾ ਵਿਸ਼ਾ ਹੈ। ਵੱਖ ਵੱਖ ਅਖ਼ਬਾਰਾਂ ਵਿੱਚ ਛਪਣ ਵਾਲੇ ਮੇਰੇ ਆਰਟੀਕਲ ਪੜ੍ਹ ਕੇ ਜ਼ਿਆਦਾਤਰ ਪਾਠਕ ਆਪਣੇ ਵਿਚਾਰ ਸਾਂਝੇ ਕਰਨ ਲਈ ਜਦ ਫ਼ੋਨ ਕਰਦੇ ਹਨ ਤਾਂ ਗੱਲ ਬਾਤ ਰਾਹੀਂ ਉਹਨਾਂ ਦੀ ਉਮਰ ਦਾ ਪਤਾ ਲੱਗਦਾ ਹੈ ਤਾਂ ਪਚਾਨਵੇਂ ਫੀ ਸਦੀ ਪਾਠਕ ਪੰਜਾਹ ਵਰ੍ਹਿਆਂ ਤੋਂ ਉੱਪਰ ਅਤੇ ਉਹਨਾਂ ਵਿੱਚ ਵੀ ਜ਼ਿਆਦਾ ਅੱਸੀ ਵਰਿਆਂ ਦੀ ਉਮਰ ਵਿੱਚ ਹੁੰਦੇ ਹਨ। ਇੱਕ ਦੋ ਪਾਠਕ ਹੀ ਪੱਚੀ ਤੀਹ ਵਰ੍ਹਿਆਂ ਦੀ ਉਮਰ ਦੇ ਹੁੰਦੇ ਹਨ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ ਕਿ ਨੌਜਵਾਨ ਵਰਗ ਵਿੱਚ ਮਾਂ ਬੋਲੀ ਨੂੰ ਪੜ੍ਹਨ ਦਾ ਰੁਝਾਨ ਨਾ ਮਾਤਰ ਹੀ ਹੈ। ਪਰ ਸਾਰੇ ਲੇਖਕ ਜੇ ਦੂਜੇ ਲੇਖਕਾਂ ਨੂੰ ਪੜ੍ਹਨ ਅਤੇ ਲਿਖਣ ਦੇ ਨਾਲ ਨਾਲ ਆਪਣੇ ਆਲ਼ੇ ਦੁਆਲ਼ੇ ਵਿਚਰ ਰਹੇ ਲੋਕਾਂ ਵਿੱਚ ਪੜ੍ਹਨ ਦੀ ਆਦਤ ਪਾਉਣ ਤਾਂ ਹੀ ਮਾਂ ਬੋਲੀ ਨੂੰ ਸਮਰਪਿਤ ਹਰ ਦਿਨ ਹੋਵੇਗਾ, ਫਿਰ ਸਨਮਾਨ ਚਿੰਨ੍ਹ ਜਾਂ ਟਰਾਫੀਆਂ ਇਕੱਠੀਆਂ ਕਰਕੇ ਮਾਂ ਬੋਲੀ ਦੇ ਸਿਰਫ਼ ਲਿਖਾਰੀ ਸੇਵਕ ਨਹੀਂ ਸਗੋਂ ਸੱੱਚੇ ਸਮਰਪਿਤ ਸੇਵਕ ਬਣ ਸਕਾਂਗੇ ਕਿਉਂ ਕਿ ਹਰ ਦਿਨ ਮਾਂ ਬੋਲੀ ਨੂੰ ਸਮਰਪਿਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324