ਏਹੁ ਹਮਾਰਾ ਜੀਵਣਾ ਹੈ -160

(ਸਮਾਜ ਵੀਕਲੀ)

ਨਰਿੰਦਰ ਹੁਣ ਰਿਟਾਇਰ ਹੋ ਚੁੱਕੀ ਸੀ। ਆਪਣੇ ਘਰ ਦੀ ਬਗੀਚੀ ਵਿੱਚ ਬੈਠੀ ਵਿਹਲੇ ਪਲਾਂ ਦਾ ਆਨੰਦ ਮਾਣ ਰਹੀ ਸੀ ਤੇ ਸਕੂਲ ਵਿੱਚ ਬਿਤਾਏ ਪਲਾਂ ਨੂੰ ਚੇਤੇ ਕਰਦਿਆਂ ਅਚਾਨਕ ਉਸ ਨੂੰ ਗੁਰਜੀਤ ਦੀ ਯਾਦ ਆ ਗਈ। ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਗੁਰਜੀਤ ਵੀ ਉਸ ਨਾਲ਼ ਸਕੂਲ ਵਿੱਚ ਗਣਿਤ ਦੀ ਅਧਿਆਪਕਾ ਸੀ।ਉਹ ਪੈਂਤੀ ਵਰ੍ਹਿਆਂ ਦੀ ਹੋ ਗਈ ਸੀ ਪਰ ਹਜੇ ਉਸ ਦਾ ਵਿਆਹ ਨਹੀਂ ਹੋਇਆ ਸੀ ਜਾਂ ਉਸ ਨੇ ਕਰਵਾਇਆ ਨਹੀਂ ਸੀ।ਉਹ ਮਾਪਿਆਂ ਦੀ ਇਕਲੌਤੀ ਧੀ ਸੀ।ਉਸ ਦੇ ਵਿਆਹ ਵਿੱਚ ਦੇਰੀ ਹੋਣ ਦਾ ਕਾਰਨ ਵੀ ਸ਼ਾਇਦ ਇਹੀ ਸੀ ਕਿ ਉਹ ਅਤੇ ਉਸ ਦੇ ਮਾਪੇ ਕੋਈ ਇਹੋ ਜਿਹਾ ਮੁੰਡਾ ਲੱਭਦੇ ਸਨ ਜੋ ਘਰ ਜਵਾਈ ਬਣ ਕੇ ਰਹਿ ਸਕੇ। ਵੈਸੇ ਵੀ ਕੁੜੀਆਂ ਵੱਧ ਪੜ੍ਹ ਲਿਖ ਜਾਣ ਤਾਂ ਵੀ ਬਰਾਬਰ ਦਾ ਪੜ੍ਹਿਆ ਮੁੰਡਾ ਲੱਭਣਾ ਔਖਾ ਹੁੰਦਾ ਹੈ। ਗੁਰਜੀਤ ਦੇ ਮਾਪੇ ਸਿੱਧੇ ਸਾਦੇ ਜਿਹੇ ਬੰਦੇ ਸਨ। ਉਹਨਾਂ ਨੂੰ ਕੋਈ ਬਹੁਤਾ ਵਲ਼ ਫੇਰ ਵੀ ਨਹੀਂ ਸੀ ਆਉਂਦਾ। ਉਹ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਬੰਦੇ ਸਨ। ਉਹਨਾਂ ਦੇ ਬੁਢਾਪੇ ਦਾ ਸਹਾਰਾ ਤਾਂ ਉਹੀ ਸੀ ,ਇਸ ਲਈ ਉਸ ਨੇ ਬਹੁਤ ਕੁਝ ਸੋਚ ਕੇ ਹੀ ਐਨੀ ਉਮਰ ਲੰਘਾ ਲਈ ਸੀ।

ਇੱਕ ਦਿਨ ਗੁਰਜੀਤ ਸਕੂਲ ਮਠਿਆਈ ਦਾ ਡੱਬਾ ਲੈ ਕੇ ਆਈ ਤੇ ਉਹ ਸਾਰੇ ਸਟਾਫ ਦਾ ਮੂੰਹ ਮਿੱਠਾ ਕਰਵਾ ਰਹੀ ਸੀ ਕਿਉਂਕਿ ਉਸ ਦੀ ਮੰਗਣੀ ਹੋ ਗਈ ਸੀ ।ਉਸ ਦੇ ਸਾਰੇ ਸਹਿ ਅਧਿਆਪਕ ਜਿਵੇਂ ਮਠਿਆਈ ਦਾ ਪੀਸ ਚੁੱਕਦੇ ਤੇ ਵਧਾਈਆਂ ਦੇ ਕੇ ਨਾਲ ਹੀ ਪੁੱਛਦੇ,”ਹੁਣ ਮੈਡਮ , ਵਿਆਹ ਕਦੋਂ ਦਿਖਾਉਣਾ…?” “ਵਿਆਹ ਅਗਲੇ ਸਾਲ ਫਰਵਰੀ ਵਿੱਚ ਕਰਨਾ…” ਕਹਿ ਕੇ ਉਹ ਅਗਾਂਹ ਅਗਾਂਹ ਮੂੰਹ ਮਿੱਠਾ ਕਰਵਾਈ ਤੁਰੀ ਜਾਂਦੀ।ਹੁਣ ਮਾਰਚ ਦਾ ਮਹੀਨਾ ਸੀ , ਸਾਰੀਆਂ ਆਧਿਆਪਕਾਂ ਨਾਲ਼ੇ ਮੂੰਹ ਮਿੱਠਾ ਕਰੀ ਜਾਂਦੀਆਂ ਨਾਲ਼ੇ ਆਪਸ ਵਿੱਚ ਘੁਸਰ ਮੁਸਰ ਕਰਦੀਆਂ,”ਹਜੇ ਸਾਲ ਪਿਆ,ਕੋਈ ਕਸਰ ਸੀ ਹੋਰ ਲੇਟ ਕਰਨ ਦੀ…?”ਗੁਰਜੀਤ ਨੇ ਵੀ ਮੁੰਡੇ ਜਾਂ ਉਸ ਦੇ ਪਰਿਵਾਰ ਬਾਰੇ ਕੋਈ ਬਹੁਤਾ ਕੁਛ ਨਾ ਦੱਸਿਆ।

ਸਕੂਲ ਦਾ ਚਪੜਾਸੀ ਵੀ ਉਹਨਾਂ ਦੀ ਗਲ਼ੀ ਵਿੱਚ ਰਹਿੰਦਾ ਸੀ। ਕੋਈ ਕੋਈ ਟੀਚਰਾਂ ਉਹਦੇ ਤੋਂ ਭੇਦ ਲੈਣ ਲਈ ਪੁੱਛਦੀਆਂ,”ਬੰਤਿਆ, ਤੂੰ ਤਾਂ ਮੁੰਡਾ ਦੇਖਿਆ ਹੋਊ,ਕਿਹੇ ਜਿਹਾ?” ਉਹ ਵੀ ਦੱਸਦਾ,” ਗਲ਼ੀ ਵਿੱਚ ਤਾਂ ਕਿਸੇ ਨੂੰ ਪਤਾ ਹੀ ਨਹੀਂ ਉਸ ਦੇ ਰਿਸ਼ਤੇ ਬਾਰੇ ,ਸਾਡੇ ਘਰ ਚਾਰ ਲੱਡੂ ਦੇਣ ਜ਼ਰੂਰ ਆਈ ਸੀ ਮੈਡਮ ਜੀ ਦੀ ਮਾਤਾ। ਇੱਕ ਢਿੱਡਲ ਜਿਹਾ ਅੱਧਖੜ੍ਹ ਉਮਰ ਦਾ ਬੰਦਾ ਜ਼ਰੂਰ ਅੱਜ ਕੱਲ੍ਹ ਇਹਨਾਂ ਦੇ ਘਰੇ ਆਉਂਦਾ।ਉਹਦੇ ਬਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ।” ਗੁਰਜੀਤ ਨੇ ਵੀ ਉਸ ਦੀ ਕੋਈ ਫੋਟੋ ਤੱਕ ਕਿਸੇ ਨੂੰ ਨਹੀਂ ਸੀ ਦਿਖਾਈ ਜਿਸ ਨਾਲ ਉਹ ਮੰਗੀ ਸੀ।

ਅਗਲਾ ਸਾਲ ਵੀ ਚੜ੍ਹ ਗਿਆ। ਜਗਜੀਤ ਨੇ ਜਨਵਰੀ ਵਿੱਚ ਹੀ ਸਭ ਨੂੰ ਮੂੰਹ ਜ਼ਬਾਨੀ ਸੱਦਾ ਦਿੱਤਾ ਕਿ ਪੰਦਰਾਂ ਫਰਵਰੀ ਨੂੰ ਉਸ ਦਾ ਵਿਆਹ ਹੈ। ਘਰ ਵਿੱਚ ਹੀ ਵਿਆਹ ਦਾ ਪ੍ਰੋਗਰਾਮ ਹੋਣਾ ਸੀ ਕਿਉਂਕਿ ਉਦੋਂ ਪੈਲੇਸਾਂ ਵਿੱਚ ਵਿਆਹ ਕਰਨ ਦਾ ਰਿਵਾਜ ਨਹੀਂ ਸੀ। ਕੁੜੀ ਦੇ ਘਰ ਹੀ ਆਨੰਦ ਕਾਰਜ ਕਰਵਾ ਕੇ ਘਰ ਵਿੱਚ ਹੀ ਟੈਂਟ ਲਾ ਕੇ ਜਾਂ ਨੇੜੇ ਤੇੜੇ ਦੀ ਧਰਮਸ਼ਾਲਾ ਵਿੱਚ ਹੀ ਬਰਾਤੀਆਂ ਦੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਟੀਚਰਾਂ ਇਕੱਠੀਆਂ ਹੋ ਕੇ ਸ਼ਾਮ ਨੂੰ ਸ਼ਗਨ ਦੇਣ ਗਈਆਂ ਤਾਂ ਸਾਰੀਆਂ ਇਹ ਦੇਖ ਕੇ ਹੱਕੀਆਂ ਬੱਕੀਆਂ ਰਹਿ ਗਈਆਂ ਕਿ ਉਹਨਾਂ ਦੇ ਘਰ ਤਾਂ ਕੋਈ ਵਿਆਹ ਵਾਲ਼ਾ ਮਾਹੌਲ ਨਹੀਂ ਸੀ।ਨਾ ਟੈਂਟ ਲੱਗੇ ਹੋਏ ਸਨ ਨਾ ਕੋਈ ਭੱਠੀ ਚੜ੍ਹੀ ਹੋਈ ਸੀ। ਉਹ ਝਿਜਕਦੇ ਝਿਜਕਦੇ ਘਰ ਅੰਦਰ ਦਾਖਲ ਹੋਈਆਂ ਤਾਂ ਸਾਹਮਣੇ ਓਹਦੀ ਮਾਂ ਇੱਕ ਪੀੜ੍ਹੀ ਤੇ ਬੈਠੀ ਸੀ ਤੇ ਗੁਰਜੀਤ ਸਾਹਮਣੇ ਹੀ ਇੱਕ ਕਮਰੇ ਵਿੱਚ ਉਦਾਸ ਬੈਠੀ ਡੁਸਕੀਆਂ ਲੈ ਰਹੀ ਸੀ। ਗੁਰਜੀਤ ਦੀ ਮੰਮੀ ਨੇ ਸਾਰਿਆਂ ਦੇ ਬੈਠਣ ਲਈ ਵਿਹੜੇ ਵਿੱਚ ਈ ਮੰਜਾ ਡਾਹਿਆ। ਗੁਰਜੀਤ ਵੀ ਉੱਠ ਕੇ ਉੱਥੇ ਹੀ ਆ ਗਈ।

ਮਾਹੌਲ ਇਸ ਤਰ੍ਹਾਂ ਦਾ ਸੀ ਕਿ ਇੰਝ ਲੱਗਦਾ ਸੀ ਕਿ ਉਹ ਸਭ ਵਿਆਹ ਤੇ ਨਾ ਸਗੋਂ ਅਫ਼ਸੋਸ ਕਰਨ ਆਈਆਂ ਹੋਣ। ਵਿੱਚੋਂ ਹੀ ਇੱਕ ਸਿਆਣੀ ਉਮਰ ਦੀ ਅਧਿਆਪਕਾ ਨੇ ਪੁੱਛਿਆ,”ਸੁੱਖ ਤਾਂ ਹੈ?” ਕੁਛ ਦੇਰ ਗਹਿਰੀ ਚੁੱਪ ਰਹੀ ,ਸਾਰੇ ਨੀਵੀਂ ਪਾਈ ਬੈਠੇ ਉਸ ਬੁਝਾਰਤ ਦੇ ਜਵਾਬ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਸੇ ਚੁੱਪ ਦੇ ਦੌਰਾਨ ਚਾਰ ਪੰਜ ਤ੍ਰੀਮਤਾਂ ਹੋਰ ਆ ਗਈਆਂ। ਉਹਨਾਂ ਦੇ ਵੀ ਨਵੇਂ ਸੂਟ ਪਾਏ ਹੋਏ ਸਨ। ਉਹਨਾਂ ਦਾ ਵੀ ਉਹੀ ਸਵਾਲ ਸੀ ਜੋ ਹੁਣੇ ਇਹ ਪੁੱਛ ਕੇ ਹਟੀਆਂ ਸਨ। ਗੁਰਜੀਤ ਦੀ ਮੰਮੀ ਨੇ ਆਪਣੀ ਚੁੱਪ ਤੋੜਦਿਆਂ ਆਖਿਆ,” ਪਰਸੋਂ ਮੁੰਡੇ ਦਾ ਐਕਸੀਡੈਂਟ ਹੋ ਗਿਆ,ਉਹ ਸਕੂਟਰ ਤੇ ਜਾਂਦਾ ਸੀ, ਡਿੱਗ ਕੇ ਦੋਵੇਂ ਲੱਤਾਂ ਟੁੱਟ ਗਈਆਂ। ਪਲਸਤਰ ਲੱਗਿਆ ਦੋਵੇਂ ਲੱਤਾਂ ਤੇ,ਛੇ ਮਹੀਨੇ ਲੱਗ ਜਾਣੇ ਆ, ਡਾਕਟਰ ਕਹਿੰਦੇ”ਕਹਿਕੇ ਚੁੱਪ ਕਰ ਗਈ।

ਇਸ ਕਹਾਣੀ ਵਿੱਚ ਉਹਨਾਂ ਨੂੰ ਦਰਦ ਘੱਟ ਇੱਜ਼ਤ ਬਚਾਉਣ ਦਾ ਪੈਂਤੜਾ ਵੱਧ ਨਜ਼ਰ ਆ ਰਿਹਾ ਸੀ। ਇੱਕ ਹੋਰ ਮਹਿਮਾਨ ਆਈ ਓਹਨਾਂ ਦੀ ਕੋਈ ਰਿਸ਼ਤੇਦਾਰ ਔਰਤ ਨੇ ਸਟੀਲ ਦੇ ਗਲਾਸਾਂ ਵਿੱਚ ਥੋੜ੍ਹੀ ਥੋੜ੍ਹੀ ਚਾਹ ਉਹਨਾਂ ਸਭ ਨੂੰ ਲਿਆ ਕੇ ਦਿੱਤੀ। ਕਿਸੇ ਨੇ ਚਾਹ ਪੀਤੀ ਤੇ ਕਿਸੇ ਨੇ ਅੱਧ ਪਚੱਧੀ ਪੀਤੀ।ਇਸੇ ਦਰਮਿਆਨ ਕਿਸੇ ਕੋਲ਼ ਵੀ ਬਹੁਤਾ ਕੁਝ ਬੋਲਣ ਨੂੰ ਹੈ ਵੀ ਨਹੀਂ ਸੀ।ਸਭ ਸਤਿ ਸ੍ਰੀ ਆਕਾਲ ਬੁਲਾ ਕੇ ਮੂੰਹ ਲਟਕਾਈ ਤੁਰ ਪਈਆਂ, ਰਸਤੇ ਵਿੱਚ ਵੀ ਉਹ ਚੁੱਪ ਹੀ ਰਹੀਆਂ। ਆਪਸ ਵਿੱਚ ਇੱਕ ਦੋ ਅਧਿਆਪਕਾਂ ਨੇ ਤੁਰੇ ਜਾਂਦਿਆਂ ਘੁਸਰ ਮੁਸਰ ਜਿਹੀ ਕੀਤੀ , ਬਾਕੀ ਸਾਰਿਆਂ ਦੇ ਦਿਲ ਵਿੱਚ ਆਪਣੀ ਆਪਣੀ ਸੋਚ ਮੁਤਾਬਕ ਖਿਆਲ ਚੱਲ ਰਹੇ ਹੋਣਗੇ। ਵੈਸੇ ਵੀ ਜਿਸ ਤੇ ਬੀਤਦੀ ਹੈ ਉਸੇ ਨੂੰ ਪਤਾ ਹੁੰਦਾ ਹੈ ਬਾਕੀ ਸਭ ਤਾਂ ਤਮਾਸ਼ਾ ਵੇਖਣ ਵਾਲੇ ਹੁੰਦੇ ਨੇ।

ਅਗਲੇ ਦਿਨ ਸਕੂਲ ਆਏ ਚਪੜਾਸੀ ਨੂੰ ਸਾਰੀਆਂ ਟੀਚਰਾਂ ਘੇਰ ਕੇ ਖੜ੍ਹ ਗਈਆਂ। ਹਰਦੇਵ ਸਿੰਘ ਤੈਨੂੰ ਤਾਂ ਪੱਕਾ ਪਤਾ ਹੋਊ ਅਸਲੀ ਕੀ ਗੱਲ ਹੈ? ਚਪੜਾਸੀ ਕਹਿੰਦਾ , “ਜੀ ਉਸ ਦਿਨ ਉਹ ਢਿੱਡਲ਼ ਜਿਹਾ ਬੰਦਾ ਸ਼ਾਮ ਨੂੰ ਮੂੰਹ ਨੇਰ੍ਹੇ ਜਿਹੇ ਰਿਕਸ਼ੇ ਵਿੱਚ ਬੈਠ ਕੇ ਆਇਆ ਸੀ ਤੇ ਜਵਾਬ ਦੇ ਕੇ ਚਲੇ ਗਿਆ ਸੀ। ਰਿਕਸ਼ਾ ਵੀ ਆਉਣ ਜਾਣ ਦਾ ਈ ਕੀਤਾ ਹੋਇਆ ਸੀ।ਮੈਡਮ ਜੀ ਦੇ ਘਰੇ ਭੱਠੀਆਂ,ਕਨਾਤਾਂ ਸਭ ਕੁਛ ਆਇਆ ਹੋਇਆ ਸੀ। ਫਿਰ ਓਦਣ ਈ ਰਾਤ ਨੂੰ ਸਭ ਕੁਛ ਚਕਾਤਾ ਜੀ।” ਹਜੇ ਸਾਰੇ ਜੁੱਟ ਬਣਾਈ ਉਸ ਦੀਆਂ ਗੱਲਾਂ ਕਰ ਰਹੇ ਸਨ ਕਿ ਗੁਰਜੀਤ ਆਪਣੀ ਨੌਕਰੀ ਤੇ ਵਾਪਸ ਆ ਗਈ, ਜਿਵੇਂ ਹੀ ਉਹ ਮੂੰਹ ਲਟਕਾਈ ਹੌਲੀ ਹੌਲੀ ਅੰਦਰ ਆਈ ਤਾਂ ਸਾਰੇ ਇੱਕ ਦਮ ਚੁੱਪ ਕਰ ਗਏ। ਗੁਰਜੀਤ ਤੋਂ ਇੱਕ ਮਰਿਆ ਈ ਨਹੀਂ ਜਾ ਰਿਹਾ ਸੀ। ਇਕੱਲੀ ਬੈਠੀ ਅੰਦਰੋਂ ਅੰਦਰ ਗ਼ਰਕ ਰਹੀ ਸੀ।ਪਰ ਮਾਪੇ ਵੀ ਤਾਂ ਉਸ ਦੇ ਸਹਾਰੇ ਹੀ ਸਨ। ਉਹ ਉਹਨਾਂ ਬਾਰੇ ਵੀ ਸੋਚ ਰਹੀ ਸੀ, ਨਹੀਂ ਤਾਂ ਇਹੋ ਜਿਹੀ ਘਟਨਾ ਤੋਂ ਨਿਰਾਸ਼ ਹੋ ਕੇ ਕੋਈ ਵੀ ਕਦਮ ਚੁੱਕਿਆ ਜਾ ਸਕਦਾ ਸੀ।

ਨਰਿੰਦਰ ਮੈਡਮ ਨੂੰ ਇਨਸਾਨੀਅਤ ਦੇ ਨਾਤੇ ਉਸ ਉੱਤੇ ਬਹੁਤ ਤਰਸ ਆ ਰਿਹਾ ਸੀ।ਉਹ ਉਸ ਨੂੰ ਇੱਕ ਪਾਸੇ ਸਕੂਲ ਦੇ ਦਫ਼ਤਰ ਵਾਲੇ ਕਮਰੇ ਵਿੱਚ ਲੈ ਗਈ।ਉਸ ਨੇ ਧਰਵਾਸਾ ਦਿੰਦਿਆਂ ਕਿਹਾ,”ਕੋਈ ਗੱਲ ਨਹੀਂ, ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਨੇ,ਕਦੇ ਹਿੰਮਤ ਨਹੀਂ ਹਾਰੀਦੀ। ਗੁਰਜੀਤ,ਜੇ ਤੁਸੀਂ ਮੈਨੂੰ ਆਪਣਾ ਸਮਝਦੇ ਹੋ ਤਾਂ ਆਪਣੀ ਇਸ ਔਖੀ ਘੜੀ ਦਾ ਦਰਦ ਮੇਰੇ ਨਾਲ ਸਾਂਝਾ ਕਰ ਸਕਦੇ ਹੋ।” ਗੁਰਜੀਤ ਇੱਕ ਬੇਬਸ ਅਬਲਾ ਵਾਂਗ ਅੱਖਾਂ ਝੁਕਾਈ ਖੜ੍ਹੀ ਸੀ। ਨਰਿੰਦਰ ਨੇ ਉਸ ਨੂੰ ਹੌਂਸਲਾ ਦਿੰਦੇ ਹੋਏ ਕਿਹਾ ,”ਗੁਰਜੀਤ ਇਹ ਤੁਹਾਡੀ ਜ਼ਿੰਦਗੀ ਦੀ ਇੱਕ ਦੁਖਦਾਈ ਘਟਨਾ ਹੈ,ਇਸ ਵਿੱਚ ਤੁਹਾਡਾ ਤਾਂ ਕੋਈ ਕਸੂਰ ਨਹੀਂ ਹੈ,ਜੋ ਵੀ ਵਾਪਰਿਆ, ਹਕੀਕਤ ਤੁਹਾਨੂੰ ਪਤਾ ਹੈ ਪਰ ਉਸ ਨੂੰ ਭੁਲਾ ਕੇ ਅੱਗੇ ਵਧਣਾ ਹੀ ਜ਼ਿੰਦਗੀ ਹੈ।”

ਗੁਰਜੀਤ ਨੇ ਕਿਹਾ,”ਨਹੀਂ ਨਰਿੰਦਰ, ਮੈਂ ਜ਼ਿੰਦਗੀ ਤੋਂ ਹਾਰ ਮੰਨਣ ਵਾਲੀ ਨਹੀਂ,ਇਸੇ ਲਈ ਅੱਜ ਮੈਂ ਸਕੂਲ ਵਿੱਚ ਹਾਜ਼ਰ ਹਾਂ। ਮੈਂ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹਾਂ, ਕੋਈ ਕੁਝ ਵੀ ਆਖੇ।”ਉਹ ਅੱਗੇ ਬੋਲੀ,” ਨਰਿੰਦਰ ਤੁਹਾਨੂੰ ਪਤਾ ਹੈ ਮੇਰੀ ਉਮਰ ਤੁਹਾਡੇ ਜਿੰਨੀ ਹੈ ਤੇ ਤੁਸੀਂ ਦੋ ਬੱਚਿਆਂ ਦੀ ਮਾਂ ਹੋ। ਮੇਰੇ ਮਾਪਿਆਂ ਦੇ ਮੱਦੇਨਜ਼ਰ ਕੋਈ ਰਿਸ਼ਤਾ ਢੰਗ ਦਾ ਨਾ ਮਿਲਣ ਕਰਕੇ ਅਸੀਂ ਅਖ਼ਬਾਰ ਰਾਹੀਂ ਰਿਸ਼ਤਾ ਲੱਭਿਆ ਸੀ। ਹੁਣ ਵਿਆਹ ਤੋਂ ਤਿੰਨ ਦਿਨ ਪਹਿਲਾਂ ਉਹ ਆਪ ਆ ਕੇ ਦੱਸ ਕੇ ਗਿਆ ਕਿ ਉਹ ਤਾਂ ਵਿਆਹਿਆ ਹੋਇਆ ਹੈ ਅਤੇ ਉਸ ਦੇ ਤਿੰਨ ਬੱਚੇ ਹਨ।ਉਸ ਦੀ ਪਤਨੀ ਨੂੰ ਪਤਾ ਲੱਗ ਗਿਆ ਸੀ ਕਿ ਉਹ ਹੋਰ ਵਿਆਹ ਕਰਾਉਣ ਲੱਗਿਆ ਹੈ, ਜਿਸ ਕਰਕੇ ਉਸ ਨੇ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਉਸ ਨੂੰ ਇਹ ਵਿਆਹ ਕਰਨ ਤੋਂ ਰੋਕ ਦਿੱਤਾ।ਉਹ ਆਪ ਆ ਕੇ ਜਵਾਬ ਦੇ ਕੇ ਗਿਆ। ਨਰਿੰਦਰ ਤੁਸੀਂ ਦੱਸੋ ਇਸ ਵਿੱਚ ਸਾਡਾ ਕੀ ਕਸੂਰ ਹੈ?”ਨਰਿੰਦਰ ਨੇ ਹੌਂਸਲਾ ਦਿੰਦੇ ਹੋਏ ਆਖਿਆ,”ਗੁਰਜੀਤ ਤੁਸੀਂ ਤਾਂ ਰੱਬ ਦਾ ਸ਼ੁਕਰ ਮਨਾਓ ਕਿ ਵਿਆਹ ਤੋਂ ਪਹਿਲਾਂ ਹੀ ਸਚਾਈ ਪਤਾ ਚੱਲ ਗਈ। ਬਾਅਦ ਵਿੱਚ ਪਤਾ ਲੱਗਦਾ ਤਾਂ ਤੁਸੀਂ ਕੀ ਕਰ ਲੈਂਦੇ? ਇਸ ਨੂੰ ਤੁਸੀਂ ਰੱਬ ਦਾ ਫੈਸਲਾ ਮੰਨ ਕੇ ਅਗਾਂਹ ਵਧੋ।”

ਇਹ ਘਟਨਾ ਵਾਪਰੀ ਨੂੰ ਛੇ ਮਹੀਨੇ ਹੋ ਗਏ ਸਨ । ਨਰਿੰਦਰ ਦੀ ਰਿਸ਼ਤੇਦਾਰੀ ਵਿੱਚ ਉਚੇ ਅਹੁਦੇ ਤੇ ਲੱਗਿਆ ਚਾਲ਼ੀ ਕੁ ਸਾਲਾਂ ਦਾ ਲੜਕਾ ਸੀ ਕਿ ਦੋ ਕੁ ਮਹੀਨੇ ਪਹਿਲਾਂ ਉਸ ਦੀ ਘਰਵਾਲੀ ਦੀ ਬੱਚੇ ਨੂੰ ਜਨਮ ਦੇਣ ਸਮੇਂ ਮੌਤ ਹੋ ਗਈ ਸੀ ਪਰ ਬੱਚਾ ਠੀਕ ਸੀ। ਉਸ ਨੂੰ ਬੱਚਾ ਪਾਲਣ ਅਤੇ ਨੌਕਰੀ ਕਰਨ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ।ਨਰਿੰਦਰ ਨੇ ਉਸ ਨਾਲ਼ ਗੱਲ ਕੀਤੀ ਕਿ ਉਸ ਲਈ ਬੱਚਾ ਪਾਲਣਾ ਅਤੇ ਨੌਕਰੀ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ।ਉਸ ਨੇ ਉਸ ਨੂੰ ਦੂਜਾ ਵਿਆਹ ਕਰਨ ਦੀ ਸਲਾਹ ਦਿੱਤੀ ਤਾਂ ਜ਼ੋ ਨਵਜਾਤ ਬੱਚੇ ਦੀ ਪਰਵਰਿਸ਼ ਢੰਗ ਨਾਲ ਹੋ ਸਕੇ। ਗੁਰਜੀਤ ਨਾਲ ਵਿਆਹ ਦੀ ਗੱਲ ਤੋਰੀ ਤਾਂ ਗੁਰਜੀਤ ਅਤੇ ਉਸ ਦੇ ਮਾਪੇ ਵੀ ਮੰਨ ਗਏ। ਉਸ ਨੂੰ ਉਸੇ ਸ਼ਹਿਰ ਵਿੱਚ ਸਰਕਾਰੀ ਕੋਠੀ ਅਤੇ ਨੌਕਰ ਮਿਲ਼ੇ ਹੋਏ ਸਨ। ਸਾਦਾ ਜਿਹਾ ਵਿਆਹ ਕਰਕੇ ਗੁਰਜੀਤ ਨੂੰ ਉਸ ਦੇ ਮਾਪਿਆਂ ਨੇ ਤੋਰ ਦਿੱਤਾ। ਗੁਰਜੀਤ ਨੇ ਬੱਚਾ ਪਾਲਣ ਲਈ ਨੌਕਰੀ ਛੱਡ ਦਿੱਤੀ ਸੀ। ਵੈਸੇ ਵੀ ਘਰ ਵਿੱਚ ਕੋਈ ਕਮੀ ਨਹੀਂ ਸੀ। ਨਾਲ ਨਾਲ ਉਹ ਹਫਤੇ ਵਿੱਚ ਦੋ ਤਿੰਨ ਵਾਰ ਜਾ ਕੇ ਆਪਣੇ ਮਾਪਿਆਂ ਨੂੰ ਦੇਖ ਆਉਂਦੀ।ਜਵਾਈ ਵੀ ਉਹਨਾਂ ਦੀ ਦਵਾਈ ਬੂਟੀ ਜਾਂ ਹੋਰ ਜ਼ਰੂਰਤਾਂ ਦਾ ਧਿਆਨ ਰੱਖਦਾ ਸੀ।ਉਹ ਬਹੁਤ ਖ਼ੁਸ਼ਹਾਲ ਜੀਵਨ ਬਤੀਤ ਕਰਨ ਲੱਗੀ। ਦੋ ਸਾਲ ਬਾਅਦ ਇੱਕ ਬੱਚੇ ਨੂੰ ਉਸ ਨੇ ਆਪਣੀ ਕੁੱਖ ਤੋਂ ਜਨਮ ਦਿੱਤਾ ਸੀ।

ਹੁਣ ਥੋੜੇ ਦਿਨ ਪਹਿਲਾਂ ਹੀ ਗੁਰਜੀਤ ਅਤੇ ਉਸ ਦਾ ਪਤੀ ਨਰਿੰਦਰ ਨੂੰ ਮਿਲਣ ਆਏ ਸਨ। ਉਹਨਾਂ ਦੇ ਦੋਵੇਂ ਬੱਚੇ ਵਿਦੇਸ਼ ਵਿੱਚ ਪੜ੍ਹ ਕੇ ਨੌਕਰੀਆਂ ਕਰਨ ਲੱਗ ਪਏ ਸਨ। ਗੁਰਜੀਤ ਦੇ ਮਾਤਾ ਪਿਤਾ ਬਹੁਤ ਬਜ਼ੁਰਗ ਹੋਣ ਕਰਕੇ ਇਹ ਉਹਨਾਂ ਨੂੰ ਆਪਣੇ ਕੋਲ ਲੈ ਆਏ ਸਨ। ਗੁਰਜੀਤ ਦੋ ਵਾਰ ਵਿਦੇਸ਼ ਜਾ ਕੇ ਆਪਣੇ ਬੱਚਿਆਂ ਨੂੰ ਮਿਲ ਆਈ ਸੀ। ਨਰਿੰਦਰ ਉਸ ਦਾ ਖ਼ੁਸ਼ਹਾਲ ਜੀਵਨ ਦੇਖ ਕੇ ਸੋਚ ਰਹੀ ਸੀ ਕਿ ਰੱਬ ਦਾ ਫੈਸਲਾ ਹਮੇਸ਼ਾ ਫਲਦਾਇਕ ਹੁੰਦਾ ਹੈ ਕਿਉਂਕਿ ਜੇ ਬੁਰੇ ਵਕਤ ਵਿੱਚ ਘਬਰਾ ਕੇ ਉਹ ਡੋਲ ਜਾਂਦੀ ਤਾਂ ਸ਼ਾਇਦ ਅੱਜ ਉਸ ਦਾ ਐਨਾ ਖੁਸ਼ਹਾਲ ਜੀਵਨ ਨਾ ਹੁੰਦਾ। ਇਸ ਲਈ ਬੁਰੇ ਵਕਤ ਵਿੱਚ ਵੀ ਸਥਿਰ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਲਿਆ ਫੈਸਲਾ ਬਹੁਤ ਸ਼ਲਾਘਾਯੋਗ – ਸੁਖਦੀਪ ਸਿੰਘ ਅੱਪਰਾ
Next articleਜ਼ਿਲ੍ਹਾ ਪੱਧਰੀ ਕਵਿੱਜ਼ ਅਤੇ ਟਾਈਪਿੰਗ ਮੁਕਾਬਲਾ