ਏਹੁ ਹਮਾਰਾ ਜੀਵਣਾ ਹੈ -157

(ਸਮਾਜ ਵੀਕਲੀ)

ਅੱਜ ਆਪਾਂ ਗੱਲ ਦਿਨ ਬ ਦਿਨ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਜਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੋਈ ਅਵਾਜ਼ ਉਠਾਉਣ ਦੀ ਨਹੀਂ ਕਰਨੀ ‌‌। ਅੱਜ ਗੱਲ ਕਰਨੀ ਹੈ ਕਿ ਜਿੱਥੋਂ ਇਸ ਦਰਿੰਦਗੀ ਦਾ ਮੁੱਢ ਬੱਝਦਾ ਹੈ। ਗੱਲ ਕਰਨੀ ਹੈ ਉਹਨਾਂ ਦਰਿੰਦਿਆਂ ਦੀ ਜੋ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਬਲਾਤਕਾਰੀ ਕੋਈ ਮਾਂ ਦੇ ਢਿੱਡੋਂ ਹੀ ਜੰਮਦੇ ਨਹੀਂ ਬਣ ਜਾਂਦੇ ਤੇ ਨਾ ਹੀ ਬਲਾਤਕਾਰੀ ਕਿਸੇ ਵੱਖਰੇ ਸਮਾਜ ਨਾਲ਼ ਜੁੜੇ ਹੁੰਦੇ ਹਨ। ਕੋਈ ਵੀ ਮਾਂ ਆਪਣੇ ਪੁੱਤ ਨੂੰ ਇਹੋ ਜਿਹੇ ਸੰਸਕਾਰ ਨਹੀਂ ਦਿੰਦੀ ਕਿ ਉਹ ਬਲਾਤਕਾਰੀ ਬਣੇ। ਕਈ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਕਈ ਬਲਾਤਕਾਰੀਆਂ ਦੇ ਪਰਿਵਾਰਿਕ ਮੈਂਬਰ ਬਹੁਤ ਹੀ ਨਿਮਾਣੇ ਜਿਹੇ ਅਤੇ ਸਾਊ ਹੁੰਦੇ ਹਨ। ਪਰ ਉਹ ਕਾਂਗਿਆਰੀ ਪਤਾ ਨਹੀਂ ਕਿੱਥੋਂ ਉੱਗ ਪੈਂਦੀ ਹੈ।

ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਨੇ ਸ਼ਰਾਫ਼ਤ ਦਾ ਬੁਰਕਾ ਪਹਿਨਿਆ ਹੋਇਆ ਹੈ।ਉਸ ਹੇਠਾਂ ਉਹ ਆਪਣੀ ਕਿਹੜੀ ਸੋਚ ਲੁਕਾਈ ਬੈਠਾ ਹੈ ਇਸ ਬਾਰੇ ਉਸ ਦਾ ਕੋਈ ਬਹੁਤਾ ਕਰੀਬੀ ਵੀ ਨਹੀਂ ਜਾਣ ਸਕਦਾ। ਅਕਸਰ ਬਲਾਤਕਾਰ ਦੀਆਂ ਘਟਨਾਵਾਂ ਕਰਨ ਵਾਲੇ ਇਕੱਲੀ ਲੜਕੀ ਜਾਂ ਔਰਤ ਨੂੰ ਦੇਖ਼ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਉਹਨਾਂ ਲੋਕਾਂ ਦੀ ਮਾਨਸਿਕਤਾ ਐਨੀ ਕਮਜ਼ੋਰ ਹੁੰਦੀ ਹੈ ਕਿ ਉਹ ਔਰਤ ਨੂੰ ਇਕੱਲੀ ਦੇਖ਼ ਕੇ ਉਸ ਵਿੱਚੋਂ ਆਪਣੀ ਮਾਂ ਜਾਂ ਭੈਣ ਦਾ ਰੂਪ ਨਾ ਦੇਖ ਕੇ ਸਿਰਫ਼ ਕਾਮ ਵਾਸਨਾ ਤਿ੍ਪਤ ਕਰਨ ਦਾ ਸਾਧਨ ਸਮਝਦੇ ਹਨ। ਇਹ ਪ੍ਰਵਰਿਤੀ ਕਿਉਂ ਉਤਪੰਨ ਹੁੰਦੀ ਹੈ? ਇਸ ਲਈ ਪਹਿਲਾ ਪਰਿਵਾਰਕ ਮਾਹੌਲ ਅਤੇ ਜਿਸ ਸਮਾਜ ਵਿੱਚ ਉਹ ਵਿਚਰ ਰਿਹਾ ਹੁੰਦਾ ਹੈ ਉਹ ਮਾਹੌਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੇ ਹਨ।

ਉਹਨਾਂ ਦੀ ਸੋਚ ਤੋਂ ਉਪਜੀ ਹੋਈ ਉਸ ਦੀ ਪ੍ਰਵਿਰਤੀ ਉਸ ਦਾ ਧਿਆਨ ਉਹਨਾਂ ਗੱਲਾਂ ਵੱਲ ਆਕਰਸ਼ਿਤ ਕਰਦੀ ਹੈ ਜੋ ਉਸ ਨੂੰ ਮਾੜੀਆਂ ਗੱਲਾਂ ਸੋਚਣ ਅਤੇ ਵਿਚਾਰਨ ਤੇ ਮਜਬੂਰ ਹੋ ਜਾਵੇ। ਜਿਸ ਘਰ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਬਾਰੇ ਵਿਚਾਰ ਚਰਚਾ ਹੋਵੇਗੀ ਉਸ ਘਰ ਦੇ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਦੇ ਬੀਜ ਆਪਣੇ ਆਪ ਪੁੰਗਰਨ ਲੱਗ ਪੈਣਗੇ। ਜੇ ਬਹੁਤਾ ਪ੍ਰਭਾਵ ਨਹੀਂ ਤਾਂ ਥੋੜ੍ਹਾ ਬਹੁਤ ਪ੍ਰਭਾਵ ਤਾਂ ਜ਼ਰੂਰ ਪੈਂਦਾ ਹੈ। ਮਾਪਿਆਂ ਅਤੇ ਭੈਣਾਂ ਭਰਾਵਾਂ ਵਿੱਚ ਬੈਠ ਕੇ ਕੀਤੀਆਂ ਗਈਆਂ ਚੰਗੀਆਂ ਗੱਲਾਂ ਮਨੁੱਖ ਦੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਜ਼ਰੂਰ ਕਰਦੀਆਂ ਹਨ। ਇਹੋ ਜਿਹਾ ਮਨੁੱਖ ਨਾ ਤਾਂ ਕਿਸੇ ਬਾਰੇ ਗ਼ਲਤ ਸੋਚ ਸਕਦਾ ਹੈ ਤੇ ਨਾ ਹੀ ਉਹ ਇਹੋ ਜਿਹੀਆਂ ਗੱਲਾਂ ਦਾ ਭਾਗੀਦਾਰ ਬਣ ਸਕਦਾ ਹੈ।ਇਹੋ ਜਿਹੇ ਬੱਚਿਆਂ ਦੀ ਦੋਸਤ ਮਿੱਤਰ ਚੁਣਨ ਦੀ ਪਸੰਦ ਵੀ ਚੰਗੇ ਲੋਕ ਹੀ ਹੁੰਦੇ ਹਨ। ਜੇ ਕਿਤੇ ਗ਼ਲਤ ਮੁੰਡਿਆਂ ਨਾਲ ਦੋਸਤੀ ਹੋ ਵੀ ਜਾਵੇ ਤਾਂ ਮਾਪੇ ਸਮਝਣ ਵਿੱਚ ਦੇਰੀ ਨਹੀਂ ਕਰਦੇ ਤੇ ਸਮਝਾ ਬੁਝਾ ਕੇ ਉਸ ਦੋਸਤੀ ਤੋਂ ਕਿਨਾਰਾ ਕਰਵਾ ਦਿੰਦੇ ਹਨ।

ਪਰ ਅੱਜ ਕੱਲ੍ਹ ਕੰਮਕਾਜੀ ਮਾਪੇ,ਮਾਡਰਨ ਜੀਵਨਸ਼ੈਲੀ ਦੇ ਧਾਰਨੀ ਮਾਪੇ ਨਾ ਤਾਂ ਬੱਚਿਆਂ ਨੂੰ ਸਮਾਂ ਦਿੰਦੇ ਹਨ ਤੇ ਨਾ ਹੀ ਉਹਨਾਂ ਨੂੰ ਸਕੂਲੀ ਸਿਲੇਬਸ ਤੋਂ ਇਲਾਵਾ ਕੁਝ ਹੋਰ ਨਵਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਮਾਪਿਆਂ ਦੀ ਨਜ਼ਰ ਅੰਦਾਜ਼ੀ ਬੱਚਿਆਂ ਨੂੰ ਕੁਰਾਹੇ ਪਾ ਰਹੀ ਹੈ।ਉਹ ਸੋਸ਼ਲ ਮੀਡੀਆ ਤੇ ਉਹ ਸਭ ਕੁਝ ਲੱਭ ਕੇ ਦੇਖਦੇ ਹਨ ਜੋ ਉਹਨਾਂ ਅੰਦਰ ਕਾਮ ਵਾਸਨਾ ਉਤੇਜਿਤ ਕਰਕੇ ਇਹੋ ਜਿਹੀ ਪ੍ਰਵਰਿਤੀ ਪੈਦਾ ਕਰਦੀ ਹੈ।

ਅੱਜ ਕੱਲ੍ਹ ਕੋਈ ਬਲਾਤਕਾਰੀ ਆਪਣੀ ਮਾਂ ਦਾ ਚੰਗਾ ਪੁੱਤਰ,ਭੈਣ ਦਾ ਚੰਗਾ ਭਰਾ , ਇੱਕ ਚੰਗਾ ਸਮਾਜ ਸੇਵੀ, ਚੰਗਾ ਨੇਤਾ ਭਾਵ ਕੋਈ ਵੀ “ਇੱਜ਼ਤਦਾਰ” ਵਿਅਕਤੀ ਹੋ ਸਕਦਾ ਹੈ। ਉਸ ਦੀ ਕਿਸ ਵੇਲੇ ਕਿਸੇ ਓਪਰੀ ਬਾਲੜੀ,ਕੁੜੀ ਜਾਂ ਔਰਤ ਨੂੰ ਦੇਖ਼ ਕੇ ਨੀਅਤ ਵਿੱਚ ਖੋਟ ਆ ਜਾਣੀ ਹੈ ਕੀ ਪਤਾ…? ਆਮ ਜਿਹੇ ਦਿਖਣ ਵਾਲੇ ਸਿੱਧੇ ਸਾਦੇ ਲੋਕ ਸੋਸ਼ਲ ਮੀਡੀਆ ਉੱਪਰ ਇਹੋ ਜਿਹੇ ਗ਼ਲਤ ਗੱਲਾਂ ਖੋਜਦੇ ਪਾਏ ਜਾਂਦੇ ਹਨ ਜੋ ਕੋਈ ਚਰਿੱਤਰਵਾਨ ਵਿਅਕਤੀ ਨਹੀਂ ਖੋਜ ਸਕਦਾ।ਉੱਚੇ ਅਹੁਦਿਆਂ, ਉਮਰਾਂ, ਧਰਮਾਂ, ਰਾਜਨੀਤੀਆਂ ਦੀ ਆੜ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਬੈਠੇ ਹੁੰਦੇ ਹਨ।

ਇੱਥੇ ਮੈਂ ਇੱਕ ਸੱਚੀ ਘਟਨਾ ਦਾ ਜ਼ਿਕਰ ਕਰਦੀ ਹਾਂ। ਇੱਕ ਲੜਕੀ ਨੇ ਆਪਣੀ ਗੱਲ ਸਾਂਝੀ ਕਰਦਿਆਂ ਮੈਨੂੰ ਇੱਕ ਬਜ਼ੁਰਗ ਦੀ ਫੇਸਬੁੱਕ ਪ੍ਰੋਫਾਈਲ ਦਿਖਾਈ ਜਿਸ ਦੇ ਮੁੱਖ ਪੰਨੇ ਤੇ ਕਵਰ ਫੋਟੋ ਧਾਰਮਿਕ ਗੁਰੂਆਂ ਦੀ ਲੱਗੀ ਹੋਈ ਸੀ। ਉਸ ਨੇ ਬੜੀਆਂ ਹੀ ਧਾਰਮਿਕ ਪੋਸਟਾਂ ਸ਼ੇਅਰ ਕੀਤੀਆਂ ਹੋਈਆਂ ਸਨ। ਉਸ ਨੂੰ ਲੱਗਿਆ ਕਿ ਸ਼ਾਇਦ ਉਸ ਦਾ ਕੋਈ ਰਿਸ਼ਤੇਦਾਰ ਹੋਵੇਗਾ। ਉਸ ਨੇ ਦੱਸਿਆ ਕਿ ਉਸ ਨੇ ਜਦ ਉਸ ਦੇ ਮੈਸੇਜ ਖੋਲ੍ਹ ਕੇ ਦੇਖੇ ਤਾਂ ਹੈਰਾਨ ਹੋ ਗਈ ਕਿ ਉਸ ਵਿੱਚ ਬਿਲਕੁਲ ਨਗਨ ਅਵਸਥਾ ਵਾਲ਼ੀਆਂ ਫੋਟੋਆਂ ਤੇ ਵੀਡੀਓ ਭੇਜੀਆਂ ਹੋਈਆਂ ਸਨ। ਉਸ ਲੜਕੀ ਨੇ ਸ਼ਰਮ ਦੇ ਮਾਰੇ ਸਭ ਕੁਝ ਮਿਟਾ ਕੇ ਉਸ ਬੁੱਢੇ ਨੂੰ ਬਲੌਕ ਕਰ ਦਿੱਤਾ।

ਪਰ ਗੱਲ ਐਥੇ ਇਹ ਉੱਠਦੀ ਹੈ ਕਿ ਇਕੱਲੇ ਬਲੌਕ ਕਰ ਕੇ ਤਾਂ ਉਸ ਦੀ ਗੰਦੀ ਨੀਅਤ ਨੂੰ ਨਹੀਂ ਸੁਧਾਰਿਆ ਜਾ ਸਕਦਾ। ਉਸ ਦੀਆਂ ਧੀਆਂ ਵੀ ਹੋਣਗੀਆਂ ਤੇ ਨੂੰਹਾਂ ਵੀ ਤੇ ਪੋਤੀਆਂ ਵੀ ਹੋਣਗੀਆਂ। ਜੇ ਇਹੋ ਜਿਹੇ ਲੋਕ ਹੋਰਾਂ ਦੀਆਂ ਧੀਆਂ ਨਾਲ ਇਹੋ ਜਿਹੀਆਂ ਹਰਕਤਾਂ ਕਰ ਸਕਦੇ ਹਨ ਤਾਂ ਉਹਨਾਂ ਦੇ ਘਰਾਂ ਵਿੱਚ ਬਿਗਾਨੀਆਂ ਧੀਆਂ ਜੋ ਨੂੰਹਾਂ ਬਣ ਕੇ ਆਈਆਂ ਹੁੰਦੀਆਂ ਹਨ ਉਹ ਵੀ ਸੁਰੱਖਿਅਤ ਨਹੀਂ ਹੋ ਸਕਦੀਆਂ।ਉਹੋ ਜਿਹੇ ਬੁੱਢਿਆਂ ਕੋਲ ਗੁਆਂਢੀਆਂ ਦੀ ਚਾਰ ਮਹੀਨੇ ਦੀ ਬਾਲੜੀ ਵੀ ਸੁਰੱਖਿਅਤ ਨਹੀਂ ਹੋ ਸਕਦੀ। ਉਹੋ ਜਿਹੇ ਸਮਾਜ ਵਿੱਚ ਵਿਚਰਦਿਆਂ ਆਪਣੇ ਆਪ ਨੂੰ ਬਹੁਤ ਹੀ ਇੱਜ਼ਤਦਾਰ ਸਮਾਜਿਕ ਪ੍ਰਾਣੀ ਬਣਦੇ ਹਨ। ਪਰ ਕੀ ਉਹ ਬਲਾਤਕਾਰੀ ਨਹੀਂ ਹੋ ਸਕਦਾ?

ਮੁੱਕਦੀ ਗੱਲ ਇਹ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਨੂੰ ਦਲੇਰ ਬਣਨ ਦੀ ਲੋੜ ਹੈ ਕਿਉਂਕਿ ਜੇ ਕੋਈ ਵੀ ਵਿਅਕਤੀ ਉਹਨਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀਆਂ ਕਰਤੂਤਾਂ ਨੂੰ ਉਸ ਦੇ ਸਬੂਤਾਂ ਸਮੇਤ ਉਸ ਦੇ ਘਰ ਪਰਿਵਾਰ ਅਤੇ ਸਮਾਜ ਵਿੱਚ ਨੰਗਾ ਕਰੋ ਤਾਂ ਜੋ ਛੋਟੀਆਂ ਬੱਚੀਆਂ ਅਤੇ ਹਰ ਵਰਗ ਦੀਆਂ ਔਰਤਾਂ ਨੂੰ ਇਹੋ ਜਿਹੇ ਦਰਿੰਦਿਆਂ ਦੀ ਦਰਿੰਦਗੀ ਤੋਂ ਬਚਾਇਆ ਜਾ ਸਕੇ। ਹਰ ਓਪਰੇ ਵਿਅਕਤੀ ਦੀ ਉਮਰ ਨੂੰ ਦੇਖ ਕੇ ਭੁਲੇਖਾ ਖਾਣ ਦੀ ਬਜਾਏ ਚੇਤੰਨ ਅਤੇ ਜਾਗਰੂਕ ਹੋ ਕੇ ਸੀਮਤ ਫ਼ਾਸਲਾ ਬਣਾ ਕੇ ਜ਼ਿੰਦਗੀ ਅਗਾਂਹ ਤੋਰੀ ਜਾਏ ਕਿਉਂ ਕਿ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫਲ ਗ੍ਰਹਿਸਥ ਜੀਵਨ ਦਾ ਰਾਜ਼
Next article‘ਮੀਟ ਸ਼ਰਾਬ ਛੱਡਕੇ’