ਏਹੁ ਹਮਾਰਾ ਜੀਵਣਾ ਹੈ – 148

(ਸਮਾਜ ਵੀਕਲੀ)

ਕਦੇ ਸਮਾਂ ਹੁੰਦਾ ਸੀ ਜਦ ਕਈ ਕਈ ਦਿਨ ਪਹਿਲਾਂ ਵਿਆਹ ਵਾਲੇ ਘਰ ਵਿੱਚ ਮਹਿਮਾਨਾਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ। ਕਿੰਨੇ ਕਿੰਨੇ ਦਿਨ ਪਹਿਲਾਂ ਹੀ ਰਿਸ਼ਤੇਦਾਰੀ ਵਿੱਚੋਂ ਜਵਾਨ ਬੱਚੇ ਵਿਆਹ ਵਾਲੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਦੇ ਬਹਾਨੇ ਆ ਜਾਂਦੇ ਸਨ। ਕੁੜੀਆਂ ਕੁੜੀ ਦਾ ਦਾਜ ਬਣਾਉਣ ਵਿੱਚ ਮਦਦ ਕਰਦੀਆਂ ਸਨ ਤੇ ਮੁੰਡੇ ਖ਼ਰੀਦੋ ਫਰੋਖਤ ਵਿੱਚ ਹੱਥ ਵਟਾਉਂਦੇ ਸਨ। ਇਹ ਰੌਣਕ ਕਈ ਕਈ ਦਿਨ ਰਹਿੰਦੀ ਸੀ। ਵਿਆਹ ਤੋਂ ਬਾਅਦ ਵੀ ਕਈ ਦਿਨ ਤੱਕ ਰੌਣਕ ਮੇਲਾ ਲੱਗਿਆ ਰਹਿੰਦਾ ਸੀ। ਸਾਰੀਆਂ ਰੀਤਾਂ ਬਹੁਤ ਉਤਸ਼ਾਹ ਨਾਲ ਨਿਭਾਈਆਂ ਜਾਂਦੀਆਂ ਸਨ।

ਵਿਆਹ ਰੱਖਣਾ, ਵਿਆਹ ਤੋਰਨਾ ਤੇ ਫਿਰ ਵਿਆਹ ਤੋਂ ਸਵਾ ਮਹੀਨਾ ਪਹਿਲਾਂ ਹੀ ਵਿਆਹ ਵਾਲੇ ਮੁੰਡੇ ਜਾਂ ਕੁੜੀ ਨੂੰ ਸਾਹੇ ਬੰਨ੍ਹ ਕੇ ਮਾਈਆਂ ਲਾ ਦਿੱਤੀਆਂ ਜਾਂਦੀਆਂ ਸਨ। ਮਾਈਆਂ ਲੱਗਣ ਤੋਂ ਬਾਅਦ ਕੁੜੀ ਮੁੰਡੇ ਦਾ ਘਰੋਂ ਬਾਹਰ ਜਾਣਾ ਬੰਦ ਹੋ ਜਾਂਦਾ ਸੀ।ਪਰ ਜ਼ਮਾਨੇ ਨੇ ਆਪਣੀ ਰਫ਼ਤਾਰ ਕੀ ਵਧਾਈ ਕਿ ਸਾਰੇ ਰੀਤੀ ਰਿਵਾਜ਼ਾਂ ਨੂੰ ਵੀ ਨਾਲ ਲੈ ਕੇ ਉਡ ਗਿਆ। ਅੱਜ ਕੱਲ੍ਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਵਿਆਹ ਵਾਲ਼ਾ ਘਰ ਕਿਹੜਾ ਹੈ? ਜੇ ਕੋਈ ਮਹਿਮਾਨ ਭੁਲੇਖੇ ਨਾਲ ਵਿਆਹ ਵਾਲੇ ਦਿਨ ਪੈਲੇਸ ਵਿੱਚ ਪਹੁੰਚਣ ਦੀ ਥਾਂ ਘਰ ਆ ਜਾਵੇ ਤਾਂ ਗੇਟ ਨੂੰ ਤਾਲਾ ਲਟਕਦਾ ਹੀ ਮਿਲ਼ਦਾ ਹੈ।

ਅੱਜ ਕੱਲ੍ਹ ਵਿਆਹਾਂ ਤੇ ਹੋਣ ਵਾਲੀ ਖ਼ਰਾਬੀ ਅਤੇ ਬਰਬਾਦੀ ਦੀ ਗੱਲ ਕਰੀਏ ਤਾਂ ਉਹ ਬੇਹਿਸਾਬੀ ਹੋ ਰਹੀ ਹੈ। ਉਹਨਾਂ ਵਿੱਚ ਕੁਝ ਨਵੀਆਂ ਰੀਤਾਂ ਤੇ ਝਾਤੀ ਮਾਰੀਏ ਤਾਂ ਪ੍ਰੀ ਅਤੇ ਪੋਸਟ ਵੈਡਿੰਗ ਸ਼ੂਟ, ਵਿਆਹ ਤੇ ਆਪਣੇ ਸਿਵਾਏ ਕੱਪੜੇ ਪਾਉਣ ਦੀ ਥਾਂ ਕਿਰਾਏ ਤੇ ਕੱਪੜੇ ਅਤੇ ਜਿਊਲਰੀ ਲਿਆ ਕੇ ਲੱਖਾਂ ਰੁਪਏ ਕਿਰਾਇਆ ਦੇਣਾ, ਵਟਣੇ ਦੀ ਥਾਂ ਬਿਊਟੀ ਪਾਰਲਰਾਂ ਤੇ ਰੰਗ ਰੂਪ ਵਿੱਚ ਨਿਖ਼ਾਰ ਲਿਆਉਣ ਲਈ ਕਈ ਕਈ ਦਿਨ ਪਹਿਲਾਂ ਹੀ ਜਾਣਾ ਸ਼ੁਰੂ ਕਰ ਦੇਣਾ ਅਤੇ ਵਿਆਹਾਂ ਦੇ ਛੋਟੇ ਛੋਟੇ ਸਮਾਗਮ ਜਿਵੇਂ ਮਹਿੰਦੀ , ਜਾਗੋ,ਰਿੰਗ ਸੈਰੇਮਨੀ ਆਦਿ ਸਮਾਗਮ ਘਰ ਵਿੱਚ ਕਰਨ ਦੀ ਥਾਂ ਪੈਲੇਸਾਂ ਵਿੱਚ ਲੱਖਾਂ ਰੁਪਏ ਖਰਚਣੇ। ਇਹ ਸਾਰੇ ਖਰਚੇ ਸਿਰਫ਼ ਸਮਾਜਿਕ ਦਿਖਾਵੇ ਦੀ ਖ਼ਾਤਰ ਹੀ ਕੀਤੇ ਜਾਂਦੇ ਹਨ। ਇਹਨਾਂ ਸਭਨਾਂ ਉੱਪਰ ਕਈ ਕਈ ਲੱਖਾਂ ਰੁਪਏ ਖ਼ਰਚ ਹੋ ਜਾਂਦਾ ਹੈ।

ਜੇ ਇਸ ਵਿੱਚ ਕੋਈ ਅਤਿਕਥਨੀ ਨਾ ਹੋਵੇ ਤਾਂ ਸ਼ਾਇਦ ਇਹ ਖ਼ਰਚੇ ਹਰ ਸਰਦੇ ਪੁੱਜਦੇ ਘਰ ਤੋਂ ਲੈਕੇ ਬਹੁਤ ਅਮੀਰ ਤੋਂ ਅਮੀਰ ਲੋਕਾਂ ਦੇ ਵਿਆਹਾਂ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਇਸ ਤੋਂ ਇਲਾਵਾ ‘ਨੱਕ’ ਰੱਖਣ ਲਈ ਅੱਜ ਕੱਲ੍ਹ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਦੀ ਹੋੜ ਲੱਗੀ ਹੋਈ ਹੈ। ਔਰਤਾਂ ਵਿੱਚ ਇਹ ਪ੍ਰਚਲਨ ਬਹੁਤ ਵਧ ਗਿਆ ਹੈ। ਇੱਕ ਸਮਾਗਮ ਵਿੱਚ ਮਹਿੰਗੀਆਂ ਮਹਿੰਗੀਆਂ ਦੋ ਤਿੰਨ ਪਾਈਆਂ ਪੁਸ਼ਾਕਾਂ ਦੂਜੀ ਵਾਰੀ ਪਾਉਣ ਵਿੱਚ ਹੇਠੀ ਸਮਝੀ ਜਾਂਦੀ ਹੈ।ਇਸ ਤਰ੍ਹਾਂ ਕੱਪੜਿਆਂ ਅਤੇ ਸਜਣ- ਧਜਣ ਤੇ ਲੱਖਾਂ ਰੁਪਿਆਂ ਦੀ ਖ਼ਰਾਬੀ ਕੀਤੀ ਜਾਂਦੀ ਹੈ। ਜੇ ਪਿਛਲੇ ਕੁਝ ਸਮੇਂ ਤੋਂ ਨਜ਼ਰ ਮਾਰੀਏ ਤਾਂ ਕੱਪੜੇ ਅਤੇ ਸੁਹੱਪਣ ਨੂੰ ਵਧਾਉਣ ਵਾਲੀਆਂ ਦੁਕਾਨਾਂ ਦੇ ਵਪਾਰ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।

ਹੁਣ ਵਿਆਹ ਸਮਾਗਮਾਂ ਵਿੱਚ ਹੋਣ ਵਾਲੀ ਬਰਬਾਦੀ ਵੱਲ ਨਜ਼ਰ ਮਾਰੀਏ ਤਾਂ ਦੇਖ ਕੇ ਲੱਗਦਾ ਹੈ ਕਿ ਜਿੰਨਾਂ ਖਾਣ ਪੀਣ ਦਾ ਸਮਾਨ ਇੱਕ ਸਮਾਗਮ ਵਿੱਚ ਬਰਬਾਦ ਕੀਤਾ ਜਾਂਦਾ ਹੈ ਜੇ ਉਹ ਕਿਸੇ ਗਰੀਬ ਗੁਰਬੇ ਦੇ ਮੂੰਹ ਪੈ ਜਾਵੇ ਤਾਂ ਸ਼ਾਇਦ ਸਾਡੇ ਦੇਸ਼ ਵਿੱਚ ਭੁੱਖਮਰੀ ਦਾ ਕੋਹੜ ਦੂਰ ਹੋ ਜਾਵੇ। ਸਮਾਗਮਾਂ ਵਿੱਚ ਵੇਟਰਾਂ ਦੁਆਰਾ ਟੇਬਲਾਂ ਤੇ ਜਾ ਜਾ ਕੇ ਪਰੋਸਿਆ ਜਾ ਰਿਹਾ ਖਾਣ ਪੀਣ ਦਾ ਸਮਾਨ ਮਹਿਮਾਨਾਂ ਵੱਲੋਂ ਮਹਿਜ਼ ਇੱਕ ਟੇਸਟ ਚੈੱਕਿੰਗ (ਸਵਾਦ ਚੱਖਣ) ਦਾ ਕੰਮ ਹੀ ਕਰਦਾ ਹੈ।

ਮੇਜ਼ਬਾਨਾਂ ਦਾ ਜਿੰਨਾਂ ਉੱਚਾ ‘ਨੱਕ’ ਹੁੰਦਾ ਹੈ ਓਨੇ ਹੀ ਖਾਣੇ ਦੀਆਂ ਕਿਸਮਾਂ ਵੱਧ ਹੁੰਦੀਆਂ ਹਨ,ਓਨੇ ਹੀ ‘ਸਟੋਲ’ ਜ਼ਿਆਦਾ ਲੱਗੇ ਹੁੰਦੇ ਹਨ। ਮਹਿਮਾਨਾਂ ਨੇ ਹਰ ‘ਸਟੋਲ’ ਤੋਂ ਸਵਾਦ ਜ਼ਰੂਰ ਚੱਖਣਾ ਹੁੰਦਾ ਹੈ। ਜਿਹੜਾ ਸਵਾਦ ਨਹੀਂ ਲੱਗਦਾ, ਉਸ ਜੂਠੇ ਖਾਣੇ ਨੂੰ ਮਲਕੜੇ ਜਿਹੇ ਕੋਲ਼ ਪਏ ਟੱਬ ਜਾਂ ਟੇਬਲ ਥੱਲੇ ਰੱਖ ਦਿੱਤਾ ਜਾਂਦਾ ਹੈ। ਮੰਨਿਆ ਕਿ ਢਿੱਡ ਤਾਂ ਆਪਣਾ ਹੀ ਹੁੰਦਾ ਹੈ ਪਰ ਅਗਲਿਆਂ ਨੇ ਦਿੱਤੇ ਜਾਣ ਵਾਲੇ ਸ਼ਗਨ ਦੀ ਕੀਮਤ ਵੀ ਤਾਂ ਵਸੂਲਣੀ ਹੁੰਦੀ ਹੈ। ਬੱਚੇ ਪੋਪਕੋਰਨ (ਮੱਕੀ ਦੇ ਦਾਣੇ) ਵਾਰ ਵਾਰ ਲਿਆ ਕੇ ਅੱਧ ਪਚੱਧੇ ਪੈਕੇਟ ਇਧਰ ਉਧਰ ਸੁੱਟ ਕੇ ਹੋਰ ਨਵਾਂ ਪੈਕੇਟ ਲੈਣ ਚਲੇ ਜਾਂਦੇ ਹਨ।

ਇਹ ਤਾਂ ਸਮਾਗਮ ਦੇ ਸ਼ੁਰੂਆਤੀ ਦੌਰ ਤੱਕ ਦਾ ਸਫ਼ਰ ਹੀ ਹੁੰਦਾ ਹੈ। ਫਿਰ ਖਾਣੇ ਦੇ ਟੇਬਲਾਂ ਤੇ ਭਿੰਨ ਭਿੰਨ ਤਰ੍ਹਾਂ ਦੇ ਪਕਵਾਨ,ਜਦ ਪਲੇਟਾਂ ਵਿੱਚ ਸਾਰਾ ਕੁਝ ਥੋੜਾ ਥੋੜਾ ਪਾ ਕੇ ਪਲੇਟਾਂ ਨੂੰ ਉੱਪਰ ਤੱਕ ਭਰ ਕੇ ਖਾਣਾ ਸ਼ੁਰੂ ਕਰ ਦਿੰਦੇ ਹਨ ਤਾਂ ਥੋੜੀਆਂ ਬਹੁਤੀਆਂ ਠੁੰਗਾਂ ਜਿਹੀਆਂ ਮਾਰ ਮਾਰ ਕੇ ਭਰੀਆਂ ਹੋਈਆਂ ਪਲੇਟਾਂ ਨੂੰ ਟੇਬਲਾਂ ਥੱਲੇ ਰੱਖ ਕੇ ਖਿਸਕਦੇ ਹਨ।ਐਨੇ ਮਸਾਲਿਆਂ ਵਾਲ਼ਾ ਖਾਣਾ ਖਾ ਕੇ ਸ਼ਗਨ ਦੇ ਪੈਸੇ ਵਸੂਲਣ ਦੇ ਚੱਕਰ ਵਿੱਚ ਚਾਹੇ ਅਗਲੇ ਦਿਨ ਪੇਟ ਨੂੰ ਤੰਦਰੁਸਤ ਕਰਨ ਲਈ ਼਼ਅਗਲੇ ਦਿਨ ਦਵਾਈ ਤੇ ਪੈਸੇ ਖਰਚਣੇ ਪੈਣ ਪਰ ਖਾਣੇ ਦੀ ਕਿਸਮ ਚੈੱਕ ਕਰਨੀ ਜ਼ਰੂਰੀ ਹੁੰਦੀ ਹੈ।

ਫਿਰ ਗੱਲ ਇੱਥੇ ਵੀ ਨਹੀਂ ਮੁੱਕਦੀ , ਮੂੰਹ ਨੂੰ ਮਿੱਠਾ ਕਰਨਾ ਤਾਂ ਜ਼ਰੂਰੀ ਹੁੰਦਾ ਹੈ।ਤਿੰਨ ਚਾਰ ਤਰ੍ਹਾਂ ਦੀਆਂ ਤੱਤੀਆਂ ਠੰਢੀਆਂ ਮਿੱਠੇ ਦੀਆਂ ਕਿਸਮਾਂ ਵੀ ਪਵਾ ਪਵਾ ਕੇ ਅੱਧ ਪਚੱਦੀਆਂ ਖਾ ਕੇ ਕੂੜੇਦਾਨ ਦਾ ਸ਼ਿੰਗਾਰ ਬਣਾਈਆਂ ਜਾਂਦੀਆਂ ਹਨ। ਖਾ ਪੀ ਕੇ ਘਰ ਨੂੰ ਵਾਪਸ ਪਰਤਦੇ ਸਮੇਂ ਖਾਣੇ ਅਤੇ ਸਜਾਵਟ ਦਾ ਮੁਲਾਂਕਣ ਕਰਦੇ ਹੋਏ ਜੇ ਕਿਤੇ ਗੱਲਾਂ ਸੁਣੋ ਤਾਂ ਲੱਗਦਾ ਹੈ ਕਿ ਉੱਥੇ ਤਾਂ ਕੁਝ ਵੀ ‘ਚੱਜਦਾ’ ਨਹੀਂ ਸੀ ,ਸਵਾਦ ਜਿਹਾ ਨਹੀਂ ਆਇਆ ਤਾਂ ਲੱਗਦਾ ਹੈ ਜਿਵੇਂ ਮਹਿਮਾਨ ਵਿਚਾਰੇ ਭੁੱਖੇ ਹੀ ਮੁੜ ਰਹੇ ਹੋਣ। ਮੇਜ਼ਬਾਨਾਂ ਨੇ ਜਿਹੜੇ ਮਹਿਮਾਨਾਂ ਖਾਤਰ ਆਪਣਾ “ਨੱਕ” ਰੱਖਣ ਲਈ ਐਨਾ ਪੈਸਾ ਖਰਚਿਆ ਹੁੰਦਾ ਹੈ ਉਹੀ ਉਸ ਨੂੰ ਵੱਢ ਕੇ ਤੁਰਦੇ ਬਣਦੇ ਹਨ।

ਇਸ ਸਭ ਕੁਝ ਦੀ ਖ਼ਰਾਬੀ ਦੇਖ਼ ਕੇ ਮੈਨੂੰ ਕਹਾਵਤ ਯਾਦ ਆਉਂਦੀ ਹੈ ਕਿ ” ਰੱਜੀ ਮੈਂਹ ਵਿੱਘੇ ਦਾ ਉਜਾੜਾ “। ਸਾਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ,ਹਰ ਵਿਅਕਤੀ ਨੂੰ ਐਨਾ ਖਾਣਾ ਬਰਬਾਦ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਿਖਾਵੇ ਦੀ ਹੋੜ ਵਿੱਚ ਕਰਜ਼ੇ ਚੁੱਕ ਕੇ ਫਜ਼ੂਲ ਖਰਚੀ ਤੇ ਪੈਸਾ ਬਰਬਾਦ ਕਰਨਾ ਨਿਰੀ ਮੂਰਖਤਾ ਹੀ ਹੁੰਦੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian-origin investor livid after losing $2 million in FTX crash
Next articleRussian, UAE presidents discuss bilateral cooperation over phone