ਏਹੁ ਹਮਾਰਾ ਜੀਵਣਾ ਹੈ -105

(ਸਮਾਜ ਵੀਕਲੀ)

ਘਰ ਦੇ ਲਾਗੇ ਖੇਤੀ ਬਾੜੀ ਯੂਨੀਵਰਸਿਟੀ ਸੀ। ਯੂਨੀਵਰਸਿਟੀ ਕਾਹਨੂੰ, ਸਮਝੋ ,ਸਾਡੇ ਲਈ ਤਾਂ ਬਾਹਰਲਾ ਘਰ ਈ ਸੀ। ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਤੋਂ ਲੈਕੇ ਛੇ ਨੰਬਰ ਗੇਟ ਤੱਕ ਕੋਨੇ ਕੋਨੇ ਤੋਂ ਵਾਕਿਫ਼ ਹਾਂ। ਅਕਸਰ ਨੂੰ ਸਾਡਾ ਸਾਰਾ ਬਚਪਨ ਉੱਥੇ ਨੱਸ ਖੇਡ ਕੇ ਬੀਤਿਆ ਸੀ।ਇਸ ਲਈ ਨਿੱਕੇ ਹੁੰਦਿਆਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹੋਣ ਕਰਕੇ, ਖੇਤੀਬਾੜੀ ਯੂਨੀਵਰਸਿਟੀ ਦਾ ਸਾਡੇ ਜੀਵਨ ਵਿੱਚ ਇੱਕ ਵੱਖਰਾ ਹੀ ਮਹੱਤਵ ਹੈ। ਬਚਪਨ ਵਿੱਚ ਸ਼ਾਮ ਨੂੰ ਉੱਥੇ ਜਾ ਕੇ ਝੂਲੇ ਝੂਲਣਾ ਅਤੇ ਫ਼ਰਵਰੀ ਦੇ ਮਹੀਨੇ ਵਿੱਚ ਇੱਥੇ ਲੱਗਣ ਵਾਲੇ ਕਿਸਾਨ ਮੇਲੇ ਦੀਆਂ ਕਈ ਅਹਿਮ ਯਾਦਾਂ ਜੁੜੀਆਂ ਹੋਈਆਂ ਹਨ ਜੋ ਅੱਜ ਦੇ ਬਚਪਨ ਸਾਹਮਣੇ ਬਹੁਤ ਹੀ ਰੌਚਿਕ ਅਤੇ ਰੰਗੀਨ ਲੱਗਦੀਆਂ ਹਨ।ਉੱਥੇ ਹਰੇਕ ਸਾਲ ਫ਼ਰਵਰੀ ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਕਿਸਾਨ ਮੇਲਾ ਲੱਗਦਾ ਸੀ ਜਿਸ ਦਾ ਸਾਨੂੰ ਬਹੁਤ ਚਾਅ ਹੁੰਦਾ ਸੀ।

ਅਸੀਂ ਕਈ ਦਿਨ ਪਹਿਲਾਂ ਹੀ ਉਡੀਕਣਾ ਸ਼ੁਰੂ ਕਰ ਦਿੰਦੇ। ਜਦ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਹੁੰਦਾ ਤਾਂ ਅੰਦਰ ਚੱਲ ਰਹੇ ਪ੍ਰੋਗਰਾਮਾਂ ਦੀਆਂ ਅਵਾਜ਼ਾਂ ਲਾਊਡ ਸਪੀਕਰਾਂ ਰਾਹੀਂ ਸਾਡੇ ਘਰ ਤੱਕ ਸਾਫ਼ ਪਹੁੰਚਦੀਆਂ ਜਿਸ ਦਾ ਅਸੀਂ ਜੀਅ ਭਰ ਕੇ ਅਨੰਦ ਮਾਣਦੇ। ਉਦੋਂ ਆਹ ਸਕੂਟਰਾਂ, ਕਾਰਾਂ, ਗੱਡੀਆਂ ਦੇ ਹੌਰਨਾਂ ਵਾਲ਼ੀ ਕਾਵਾਂ ਰੌਲੀ ਨਹੀਂ ਸੀ। ਉਦੋਂ ਲਾਊਡ ਸਪੀਕਰਾਂ ਦੇ ਵਿਰੋਧ ਕਰਨ ਵਾਲੇ ਅੱਜ ਦੇ ਤੰਗ ਦਿਲ ਤੇ ਮਾਨਸਿਕ ਤੌਰ ਤੇ ਬਿਮਾਰ ਜਿਹੇ ਲੋਕਾਂ ਦੀ ਉਪਜ ਵੀ ਨਹੀਂ ਹੋਈ ਸੀ ਜਿਨ੍ਹਾਂ ਨੂੰ ਲਾਊਡ ਸਪੀਕਰਾਂ ਦਾ ਰੌਲ਼ਾ ਤੰਗ ਕਰਦਾ ਹੋਵੇ। ਉਦੋਂ ਨਾ ਹੀ ਲਾਊਡ ਸਪੀਕਰਾਂ ਤੇ ਟੀਕਾ ਟਿੱਪਣੀ ਹੁੰਦੀ ਸੀ ਤੇ ਨਾ ਹੀ ਕੋਈ ਸਖ਼ਤ ਕਾਨੂੰਨਾਂ ਬਾਰੇ ਅਦਾਲਤਾਂ ਵੱਲੋਂ ਸਖ਼ਤ ਨੋਟਿਸ ਕੱਢੇ ਜਾਂਦੇ ਸਨ। ਮੇਲਾ ਤਾਂ ਹੁਣ ਵੀ ਲੱਗਦਾ ਹੈ ਪਰ ਦਿਲਾਂ ਅੰਦਰ ਖਿੜਾਓ ਪੈਦਾ ਕਰਨ ਵਾਲੀਆਂ ਲਾਊਡ ਸਪੀਕਰਾਂ ਦੀਆਂ ਅਵਾਜ਼ਾਂ ਜਾਂ ਤਾਂ ਟ੍ਰੈਫਿਕ ਦੇ ਰੌਲ਼ੇ ਹੇਠਾਂ ਦਬ ਕੇ ਰਹਿ ਜਾਂਦੀਆਂ ਹਨ ਜਾਂ ਫਿਰ ਕਾਨੂੰਨੀ ਕਾਰਵਾਈਆਂ ਦੇ ਡਰ ਕਾਰਨ ਘੱਟ ਅਵਾਜ਼ ਵਿੱਚ ਹੀ ਲਗਾਏ ਜਾਂਦੇ ਹੋਣਗੇ।

ਅਕਸਰ ਅਸੀਂ ਤਿਆਰ ਹੋ ਕੇ ਦੋ ਤਿੰਨ ਘਰਾਂ ਦੇ ਬੱਚੇ ਇਕੱਠੇ ਹੋ ਕੇ ਦਿਨੇ ਕਿਸਾਨ ਮੇਲਾ ਦੇਖਣ ਆਪਣੀਆਂ ਮਾਂਵਾਂ ਨਾਲ ਪੈਦਲ ਹੀ ਜਾਂਦੇ ਹੁੰਦੇ ਸੀ‌ । ਉੱਥੇ ਜਾ ਕੇ ਸਾਰਾ ਮੇਲਾ ਘੁੰਮ ਕੇ ਲਾਇਬਰੇਰੀ ਵਾਲੀ ਸੜਕ ਉਤੇ ਖਾਣ ਪੀਣ ਦੀਆਂ ਰੇਹੜੀਆਂ ਤੋਂ ਟਿੱਕੀਆਂ, ਗੋਲਗੱਪੇ ਜਾਂ ਸਮੋਸੇ ਬਗੈਰਾ ਖਾ ਕੇ ਪੂਰਾ ਆਨੰਦ ਮਾਣ ਕੇ ਖੁਸ਼ੀ ਖੁਸ਼ੀ ਘਰ ਪਰਤਦੇ। ਇੱਕ ਵਾਰੀ ਦੀ ਗੱਲ ਹੈ ਕਿ ਸਾਡੇ ਵੱਡੇ ਭਰਾ ਅਤੇ ਉਸ ਦੇ ਤਿੰਨ ਚਾਰ ਆੜੀਆਂ ਨੇ ਇਕੱਠੇ ਹੋ ਕੇ ਮੇਲਾ ਦੇਖਣ ਦਾ ਪ੍ਰੋਗਰਾਮ ਬਣਾਇਆ, ਮਾਵਾਂ ਨੇ ਕਹਿ ਦਿੱਤਾ ਕਿ ਛੋਟੇ ਜਵਾਕਾਂ ਨੂੰ ਵੀ ਨਾਲ ਹੀ ਲੈ ਜਾਓ , ਅਸੀਂ ਵੀ ਉਹਨਾਂ ਨਾਲ ਹੀ ਮੇਲਾ ਦੇਖਣ ਤੁਰ ਪਏ। ਅਸੀਂ ਸਾਰੇ ਪੰਜ ਛੇ ਸਾਲ ਦੀ ਉਮਰ ਤੋਂ ਲੈਕੇ ਪੰਦਰਾਂ ਸੋਲ਼ਾਂ ਸਾਲ ਦੀ ਉਮਰ ਤੱਕ ਦੇ ਦਸ ਬਾਰਾਂ ਜਵਾਕ ਛਲਾਂਗਾਂ ਲਾਉਂਦੇ ਚਾਈਂ ਚਾਈਂ ਮੇਲੇ ਕਦ ਪਹੁੰਚ ਗਏ ਪਤਾ ਵੀ ਨਹੀਂ ਚੱਲਿਆ। ਸਾਰੇ ਮੇਲੇ ਵਿੱਚ ਘੁੰਮ ਕੇ ਕਿਸਾਨਾਂ ਦੀਆਂ ਪ੍ਰਦਰਸ਼ਨੀ ਵਾਲ਼ੀਆਂ ਮਸ਼ੀਨਾਂ ,ਬੀਜ , ਖਾਦਾਂ, ਨਵੇਂ ਨਵੇਂ ਟਰੈਕਟਰ ਆਦਿ ਦੇਖ ਕੇ ਕਨਾਤਾਂ ਵਿੱਚ ਦੀ ਪਿੱਛੇ ਜਾਣ ਵਾਲੇ ਰਸਤੇ ਕੋਲ਼ ਅਖੀਰਲੇ ਮੇਜ਼ਾਂ ਤੇ ਦੇਖਿਆ ਉੱਥੇ ਨੁਮਾਇਸ਼ ਵਿੱਚ ਇੱਕ ਬਹੁਤ ਵੱਡਾ ਪੀਲ਼ਾ ਪੀਲ਼ਾ ਪਪੀਤਾ ਪਿਆ ਸੀ,ਉਸ ਕੋਲ ਨਿਗਰਾਨੀ ਕਰਨ ਵਾਲ਼ਾ ਕੋਈ ਨਹੀਂ ਬੈਠਾ ਸੀ।

ਅਚਾਨਕ ਸਭ ਤੋਂ ਵੱਡੇ, ਮਾਣੇ‌ ਨਾਂ ਦੇ ਮੁੰਡੇ ਦੇ ਮਨ ਵਿੱਚ ਪਤਾ ਨਹੀਂ ਕੀ ਆਈ,ਉਹ ਪਪੀਤਾ ਚੁੱਕ ਕੇ ਭੱਜ ਲਿਆ, ਅਸੀਂ ਦਸ ਬਾਰਾਂ ਜਵਾਕ ਉਸ ਦੇ ਮਗਰੇ ਨੱਠ ਲਏ । ਲਾਇਬ੍ਰੇਰੀ ਦੇ ਸਾਹਮਣੇ ਬਣੇ ਤਲਾਅ ਦੇ ਕਿਨਾਰੇ ਆ ਕੇ ਅਸੀਂ ਸਾਰੇ ਜਾਣੇ ਸਾਹੋ ਸਾਹ ਹੋਏ ਹੋਏ ,ਗੋਲਧਾਰਾ ਬਣਾ ਕੇ ਬੈਠ ਗਏ। ਸਾਡਾ ਕਿਸੇ ਨੇ ਪਿੱਛਾ ਵੀ ਨਹੀਂ ਕੀਤਾ ਸੀ। ਵੱਡੇ ਮੁੰਡੇ ਨੇ ਦੋਵੇਂ ਹੱਥਾਂ ਦੀ ਹਥੌੜੀ ਬਣਾ ਕੇ ਪਪੀਤੇ ਉੱਤੇ ਮਾਰੀ ,ਉਹ ਦੋ ਤਿੰਨ ਫਾੜ ਹੋ ਗਿਆ।ਉਸ ਨੇ “ਸਿਆਣੇ” ਹੋਣ ਦੇ ਨਾਤੇ ਸਾਰੇ ਜਵਾਕਾਂ ਨੂੰ ਇਸੇ ਤਰ੍ਹਾਂ ਉਂਗਲਾਂ ਨਾਲ ਤੋੜ ਤੋੜ ਫਾੜੀਆਂ ਬਣਾਕੇ ਖਾਣ ਨੂੰ ਦਿੱਤੀਆਂ। ਪੀਲ਼ੇ ਪੀਲ਼ੇ ਵੱਡੇ ਸਾਰੇ ਪਪੀਤੇ ਦੀ ਸ਼ਕਲ ਅੱਜ ਵੀ ਹੂ ਬਹੂ ਤਰੋ ਤਾਜ਼ਾ ਹੈ ਅਤੇ ਉਸ ਦਾ ਸਵਾਦ ਅੱਜ ਵੀ ਮੇਰੇ ਮੂੰਹ ਵਿੱਚ ਪਾਣੀ ਭਰ ਦਿੰਦਾ ਹੈ । ਅਸੀਂ ਸਾਰਿਆਂ ਨੇ ਰੱਜ ਕੇ ਖਾਧਾ ਤੇ ਬਚਿਆ ਹੋਇਆ ਤਲਾਅ ਵਿੱਚ ਵਗਾਹ ਕੇ ਮਾਰਿਆ।

ਅਸੀਂ ਸਾਰੇ ਮੇਲੇ ਦਾ ਆਨੰਦ ਮਾਣ ਕੇ ਘਰ ਨੂੰ ਐਦਾਂ ਮੁੜੇ ਆ ਰਹੇ ਸੀ ਜਿਵੇਂ ਕੋਈ ਫੌਜ ਦੀ ਟੁਕੜੀ ਬਾਰਡਰ ਤੋਂ ਲੜਾਈ ਜਿੱਤ ਕੇ ਖੁਸ਼ੀ ਖੁਸ਼ੀ ਮੁੜ ਰਹੀ ਹੁੰਦੀ ਹੈ। ਸਾਰੇ ਆਪਣੇ ਆਪਣੇ ਘਰੀਂ ਚਲੇ ਗਏ ਅਸੀਂ ਵੀ ਅੰਦਰ ਵੜਦਿਆਂ ਹੀ ਆਪਣੀ ਬਹਾਦਰੀ ਦੀ ਕਹਾਣੀ ਆਪਣੀ ਮਾਂ ਨੂੰ ਸਾਰੇ ਜਾਣੇ ਵਾਰੋ ਵਾਰੀ ਬੋਲ ਬੋਲ ਕੇ ਦੱਸ ਰਹੇ ਸੀ , ਮਾਂ ਨੇ ਸੁਣਦੇ ਹੀ ਆਖਿਆ,”ਦੁਰ ਫਿੱਟੇ ਮੂੰਹ ਥੋਡੇ ਐਹੋ ਜਿਹਿਆਂ ਦੇ…….ਇਹਦੇ ਚ ਕਿਹੜੀ ਬਹਾਦਰੀ ਆਲ਼ੀ ਗੱਲ ਆ…… ਖਸਮਾਂ ਨੂੰ ਖਾਣਿਓ…! ….ਜੇ ਥੋਨੂੰ ਕੋਈ ਫੜ ਲੈਂਦਾ…….ਕੁੱਟ ਕੁੱਟ ਕੇ ਤੁਹਾਡਾ ਦੂੰਬੜ ਬਣਾ ਦੇਣਾ ਸੀ…..ਸਾਡੀ ਮਾਪਿਆਂ ਦੀ ਬਦਨਾਮੀ ਅੱਡ‌ ਕਰਾਉਣੀ ਸੀ…….ਆਏਂ ਦੱਸਣ ਲੱਗੇ ਆ ਜਿਵੇਂ ਕੋਈ ਇਨਾਮ ਜਿੱਤ ਕੇ ਲਿਆਏ ਹੁੰਦੇ ਆ…….ਆਹ ਜਿਹੜੇ ਪੈਸੇ ਦਿੱਤੇ ਸੀ ,ਮੇਲੇ ਵਿੱਚ ਇਹਨਾਂ ਨਾਲ ਕੁਛ ਖਰੀਦ ਕੇ ਖਾ ਲੈਣਾ ਸੀ……!”

ਬੱਸ , ਮਾਂ ਦੀ ਐਨੀ ਕੁ ਗੱਲ ਆਖਣ ਦੀ ਦੇਰੀ ਸੀ ਕਿ ਆ ਗਿਆ ਸਿਰ ਦੋਵੇਂ ਕੰਨਾਂ ਦੇ ਵਿਚਾਲ਼ੇ। ਅੱਗੇ ਤੋਂ ਪ੍ਰਣ ਕੀਤਾ ਕਿ ਇਹੋ ਜਿਹੀ ਗਲਤੀ ਅੱਗੇ ਤੋਂ ਨਹੀਂ ਕਰਨੀ। ਪਰ ਇਹ ਗ਼ਲਤੀ ਐਨੀ ਮਿੱਠੀ ਜਿਹੀ ਤੇ ਪਿਆਰੀ ਜਿਹੀ ਸੀ ਕਿ ਅੱਜ ਵੀ ਯਾਦ ਆਉਂਦਿਆਂ ਚਿਹਰੇ ਤੇ ਕੁਛ ਪਲ ਲਈ ਮੁਸਕਰਾਹਟ ਲਿਆ ਦਿੰਦੀ ਹੈ। ਅਕਸਰ ਬੰਦਾ ਹੈ ਈ ਗ਼ਲਤੀਆਂ ਦਾ ਪੁਤਲਾ, ਗ਼ਲਤੀ ਕਰਕੇ ਈ ਤਾਂ ਜੀਵਨ ਜਾਚ ਸਿੱਖਦਾ ਹੈ। ਅਸਲ ਵਿੱਚ ਏਹੁ ਹੀ ਤਾਂ ਹਮਾਰਾ ਜੀਵਣਾ ਹੈ ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੇਂ ਦੀ ਲੋੜ ਹੈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣਾ ।।
Next articleਧੂੰਆਂ