(ਸਮਾਜ ਵੀਕਲੀ) ਜਦੋਂ ਕੋਈ ਕੁੜੀ ਕਿਸੇ ਮੁੰਡੇ ਨੂੰ ਪਿਆਰ ਕਰਨ ਲਗਦੀ ਆ ਤੇ ਇਸ ਗੱਲ ਦਾ ਪਤਾ ਘਰ ਲੱਗ ਜਾਂਦਾ ਹੈ, ਤਾਂ ਘਰਦਿਆਂ ਵੱਲੋਂ ਇੱਕੋ ਸਵਾਲ ਹੁੰਦੈ,”ਸਾਡੇ ਪਿਆਰ ‘ਚ ਕੀ ਕਮੀ ਸੀ?”
ਘਰ ਵੱਲੋਂ ਮਿਲਿਆ ਪਿਆਰ,ਪਿਆਰ ਤਾਂ ਹੁੰਦੈ, ਪਰ ਇਸ਼ਕ ਨਹੀਂ ਹੁੰਦਾ। ਸਾਨੂੰ ਪਿਆਰ ਅਤੇ ਇਸ਼ਕ ਦਾ ਮਤਲਬ ਸਮਝਣਾ ਪੈਣੈ। ਦੂਸਰੀ ਗੱਲ, ਜਿਸਮ ਦੀ ਭੁੱਖ ਪਰਿਵਾਰਕ ਪਿਆਰ ‘ਚੋਂ ਨਹੀਂ ਮਿਟਾਈ ਜਾ ਸਕਦੀ। ਇਹ ਸੀ ਭੂਮਿਕਾ। 1991 ਵਿਚ ਸੁਣੀ ਸੀ ਇਹ ਘਟਨਾ ਤੇ ਸੁਣਾਉਣ ਵਾਲ਼ੇ ਦੇ ‘ਓਹ’ ਭੂਆ-ਫੁੱਫੜ ਸਨ।
ਸੰਗਰੂਰ ਸ਼ਹਿਰ ਨੇੜੇ ਦਾ ਪਿੰਡ। ਅੱਠ ਕਿੱਲੇ ਜ਼ਮੀਨ। ਇੱਕੋ-ਇੱਕ ਲਾਡਲੀ ਧੀ, ਜੋ ਰਣਬੀਰ ਕਾਲਜ਼ ਸੰਗਰੂਰ ਉਦੋਂ ਬੀ ਏ ਫਾਈਨਲ ਕਰ ਰਹੀ ਸੀ, ਜਦੋਂ ਅੱਧ ਵਿਚਕਾਰੋਂ ਹਟਾ ਉਸਦਾ ਵਿਆਹ ਕਰ ਦਿੱਤਾ।
ਕੁੜੀ ਦਾ ਪਿਉ ਸਟੇਟ ਬੈਂਕ ਆਫ਼ ਪਟਿਆਲਾ ਦੀ ਧੂਰੀ ਬ੍ਰਾਂਚ ਵਿਚ ‘ਬ੍ਰਾਂਚ ਮੈਨੇਜਰ’। ਕੁੜੀ ਦੀ ਮਾਂ ਸਰਕਾਰੀ ਅਧਿਆਪਕਾ। ਪਿੰਡ ਦਾ ਹੀ ਇੱਕ ਮੁੰਡਾ ਨੌਕਰ ਰੱਖਿਆ ਹੋਇਆ ਸੀ। ਇੱਕ ਆਥਣ ਬੰਦੇ ਦਾ ਛੋਟਾ ਭਰਾ ਘਰ ਆਉਂਦਾ। ਦੋਵਾਂ ਦਾ ਅੰਤਾਂ ਦਾ ਪਿਆਰ। ਇਹ ਸਾਰਾ ਲਾਣਾ ਈ ਸ਼ਰੀਫਾਂ ਦਾ ਵਜਦਾ ਸੀ। ਦੋਵੇਂ ਬੈਠਕ ਵਿੱਚ ਜਾ ਬੈਠਦੇ ਨੇ। ਛੋਟਾ ਭਰਾ ਗੱਲ ਦੱਸਦਾ;
“ਬਾਈ, ਊਂਅ ਦੱਸ ਤਾਂ ਮੈਨੂੰ ਦੀਪੀ ਦੀ ਚਾਚੀ ਨੇ ਵੀ ਦਿੱਤਾ ਤੀ, ਪਰ ਮੈਂ ਉਦੋਂ ਤੱਕ ਵਿਸ਼ਵਾਸ ਨ੍ਹੀਂ ਕੀਤਾ, ਜਦੋਂ ਤੱਕ ਖੁਦ ਆਪਣੇ ਅੱਖੀਂ ਨ੍ਹੀਂ ਦੇਖਿਆ। ਕੱਲ੍ਹ ਨੌਕਰ ਤੇ ਆਪਣੀ ਦੀਪੀ, ਮੈਂ ਰੰਗੇ ਹੱਥੀਂ ਫੜ ਲੇ ਦੋਵੇਂ। ਜੀਅ ਤਾਂ ਬੜਾ ਕੀਤਾ, ਬੀ ਗਾਟੇ ਲਾਹ ਦਾਂ, ਪਰ ਦੋਵਾਂ ਨੂੰ ਈ ਕੁਛ ਨ੍ਹੀ ਕਿਹਾ।”
“ਅੱਛਿਆ, ਤਾਂ ਹੀ ਕੱਲ੍ਹ ਦਾ ਓਹ ਆਇਆ ਨ੍ਹੀਂ। ਓਹਦੀ ਮਾਂ ਆਈ ਤੀ, ਓਹੀ ਦੱਸ ਕੇ ਗਈ ਆ ਬੀ ਜੈਲੇ ਨੂੰ ਰਿਸ਼ਤੇਦਾਰੀ ‘ਚ ਜਾਣਾ ਪੈ ਗਿਆ।” ਬੰਦੇ ਦੇ ਮੂੰਹ ‘ਤੇ ਕਈ ਰੰਗ ਆ ਤੇ ਜਾ ਰਹੇ ਸਨ।
ਦੂਸਰੇ ਦਿਨ ਐਤਵਾਰ ਸੀ। ਦੋਵੇਂ ਭਰਾ ਮੋਟਰਸਾਈਕਲ ਚੁੱਕ ਘਰੋਂ ਨਿੱਕਲ ਗਏ। ਆਥਣੇ ਪੱਕ-ਠੱਕ ਕਰਕੇ ਈ ਮੁੜੇ। ਅਗਲੇ ਐਤਵਾਰ ਦਾ ਦਿਨ ਮੁਕੱਰਰ ਕਰਤਾ।
“ਬੀਬੀ, ਐਡੀ ਕੀ ਕਾਹਲੀ ਤੀ। ਮੈਨੂੰ ਬੀ ਏ ਤਾਂ ਕਰਨ ਦਿੰਦੇ?” ਕੁੜੀ ਨੇ ਮਾਂ ਨੂੰ ਪੁੱਛਿਆ।
“ਤੈਨੂੰ ਪੁੱਤਾਂ ਤੋਂ ਵੱਧ ਲਾਡਾਂ ਨਾਲ਼ ਪਾਲ਼ਿਆ। ਤੇਰੀ ਹਰ ਖਾਹਿਸ਼ ਪੂਰੀ ਕੀਤੀ ਅਸੀਂ। ….ਪਰ ਤੇਰੀ “ਇਹ ਭੁੱਖ” ਅਸੀਂ ਪੂਰੀ ਨ੍ਹੀਂ ਸੀ ਕਰ ਸਕਦੇ। ਹੁਣ ਆਪਣੀ ਇਹ ਭੁੱਖ ਆਵਦੇ ਸਹੁਰੇ ਘਰ ਜਾ ਕੇ ਚੰਗੀ ਤਰ੍ਹਾਂ ਪੂਰੀ ਕਰੀਂ।” ਧੀ ਦੀ ਕੋਈ ਹੋਰ ਗੱਲ ਸੁਣੇ ਬਿਨਾਂ, ਮਾਂ ਉੱਠ ਕੇ ਬਾਹਰ ਚਲੀ ਗਈ।
ਸਮਾਂ ਗਿਆਰਾਂ ਬੰਦਿਆਂ ਦੀ ਬਰਾਤ ਵਾਲ਼ਾ ਸੀ। ਰਿਸ਼ਤੇਦਾਰੀ ‘ਚੋਂ ਕਿਸੇ ਨੂੰ ਸੱਦਿਆ ਨਹੀਂ ਗਿਆ। ਸ਼ਰੀਕਾ ਹੀ ਸੀ। ਐਨ ਸਾਦਾ ਪ੍ਰੋਗਰਾਮ ਕਰਕੇ ਤੋਰਤੀ ਦੀਪੀ, ਬਿਨਾਂ ਕਿਸੇ ਦਾਜ-ਦਹੇਜ ਦੇ। ਵਿਆਹ ਉਪਰੰਤ ਇੱਕ-ਦੋ ਜ਼ਰੂਰੀ ਰਸਮਾਂ ਹੋਈਆਂ। ਮਹੀਨੇ, ਸਵਾ ਮਹੀਨੇ ਕੁ ਅੰਦਰ ਦੋਵੇਂ ਜੀਆਂ ਨੇ ਰਿਟਾਇਰਮੈਂਟ ਲੈ ਲਈ। ਅੱਠ ਦੇ ਅੱਠ ਕਿੱਲੇ ਪੰਚਾਇਤ ਦੇ ਨਾਂ ਇਸ ਸ਼ਰਤ ‘ਤੇ ਲਿਖਵਾ ਦਿੱਤੇ ਕਿ ਪੰਚਾਇਤ ਇਸ ਜ਼ਮੀਨ ਨੂੰ ਠੇਕੇ ‘ਤੇ ਨਹੀਂ ਚਾੜ੍ਹੇਗੀ। ਸਕੂਲ, ਕਾਲਜ਼, ਸਟੇਡੀਅਮ, ਹਸਪਤਾਲ ਆਦਿ ਜੋ ਚਾਹੇ, ਬਣਾਵੇ। ਮਾੜਾ-ਮੋਟਾ ਜ਼ਰੂਰੀ ਸਮਾਨ ਚੁੱਕ ਤੇ ਮਕਾਨ ਦੀਆਂ ਚਾਬੀਆਂ ਛੋਟੇ ਨੂੰ ਫੜਾ ਦੋਵੇਂ ਜੀਅ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਰਹਿਣ ਲੱਗ ਪਏ, ਜਿਸਦਾ ਪਤਾ ਸਿਰਫ਼ ਛੋਟੇ ਨੂੰ ਸੀ।
ਸੱਤ ਭਰਾ ਸਨ। ਜ਼ਮੀਨ ਸਿਰਫ਼ ਸਾਢੇ ਤਿੰਨ ਕਿੱਲੇ। ਓਹਨਾਂ ਸਭਨਾਂ ‘ਚੋਂ ਸਭ ਤੋਂ ਛੋਟਾ ਸੀ, ਜਿਸਦੇ ਲੜ ਲਾਈ ਗਈ ਦੀਪੀ।
-ਜਸਵਿੰਦਰ ਪੰਜਾਬੀ
(ਨਾਂ ਕਾਲਪਨਿਕ ਹਨ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


